ਲੜਕੀ ਨਾਲ ਦੋਸਤੀ ਟੁੱਟਣ ’ਤੇ ਨੌਜਵਾਨ ਨੇ ਜਾਨ ਦਿੱਤੀ
ਹਰਜੀਤ ਸਿੰਘ
ਡੇਰਾਬੱਸੀ, 30 ਜਨਵਰੀ
ਇੱਥੋਂ ਦੀ ਗੁਲਾਬਗੜ੍ਹ ਰੋਡ ’ਤੇ ਲੜਕੀ ਨਾਲ ਦੋਸਤੀ ਟੁੱਟਣ ਮਗਰੋਂ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ (25) ਵਾਸੀ ਪਿੰਡ ਜਵਾਹਰਪੁਰ ਵਜੋਂ ਹੋਈ।
ਹਰਪ੍ਰੀਤ ਸਿੰਘ ਗੁਲਾਬਗੜ੍ਹ ਸੜਕ ’ਤੇ ਵਾਟਰ ਫਿਲਟਰ ਸੀ। ਲੰਘੀ ਰਾਤ ਉਸ ਨੇ ਆਪਣੇ ਇੰਸਟਾਗ੍ਰਾਮ ਆਈਡੀ ’ਤੇ ਲੜਕੀ ਨਾਲ ਦੋਸਤੀ ਟੁੱਟਣ ਦੀ ਪੋਸਟ ਸਾਂਝੀ ਕੀਤੀ ਸੀ, ਜਿਸ ਮਗਰੋਂ ਸਵੇਰ ਵੇਲੇ ਉਸ ਦੀ ਦੁਕਾਨ ਦੀ ਤੀਜੀ ਮੰਜ਼ਿਲ ’ਤੇ ਲਾਸ਼ ਲਟਕਦੀ ਮਿਲੀ। ਇਸ ਤੋਂ ਬਾਅਦ ਲੋਕਾਂ ਨੇ ਇਸ ਮਾਮਲੇ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਉਸ ਤੋਂ ਮਿਲੇ ਖ਼ੁਦਕੁਸ਼ੀ ਨੋਟ ਵਿੱਚ ਉਸ ਨੇ ਕੁੜੀ ਨਾਲ ਪਿਆਰ ਦਾ ਇਜ਼ਹਾਰ ਕਰਦਿਆਂ ਉਸ ਦੇ ਨਾ ਮਿਲਣ ’ਤੇ ਜ਼ਿੰਦਾ ਨਾ ਰਹਿਣ ਦੀ ਗੱਲ ਆਖੀ ਅਤੇ ਕੁੜੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਉਹ ਤਾਂ ਆਪਣਾ ਵਾਅਦਾ ਪੂਰਾ ਕਰ ਰਿਹਾ ਹੈ ਤੇ ਹੁਣ ਉਸ ਤੋਂ ਬਾਅਦ ਉਹ ਵੀ ਖ਼ੁਦਕੁਸ਼ੀ ਕਰ ਕੇ ਦਿਖਾਏ ਅਤੇ ਉਹ ਉਸ ਦੀ ਉੱਪਰ ਉਡੀਕ ਕਰੇਗਾ। ਇਹ ਪਤਾ ਲੱਗਿਆ ਹੈ ਕਿ ਕੁੜੀ-ਮੁੰਡਾ ਦੋਵੇਂ ਜਣੇ ਇਕ-ਦੂਜੇ ਨੂੰ ਜਾਣਦੇ ਸਨ ਤੇ ਕਿਸੇ ਕਾਰਨ ਉਨ੍ਹਾਂ ਦੀ ਦੋਸਤੀ ਟੁੱਟ ਗਈ ਸੀ। ਥਾਣਾ ਮੁਖੀ ਇੰਸਪੈਕਟਰ ਮਨਦੀਪ ਸਿੰਘ ਨੇ ਕਿਹਾ ਕਿ ਪੁਲੀਸ, ਖ਼ੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।