ਟ੍ਰਿਬਿਊਨ ਨਿਊਜ਼ ਸਰਵਿਸਅੰਮ੍ਰਿਤਸਰ, 21 ਮਈਜੂਆ ਖੇਡਣ ਦੇ ਆਦੀ ਇੱਕ ਨੌਜਵਾਨ ਨੇ ਆਪਣੇ ਚਾਚੇ ਦੀ ਧੀ ਦਾ ਉਦੋਂ ਕਤਲ ਕਰ ਦਿੱਤਾ, ਜਦੋਂ ਲੜਕੀ ਨੇ ਉਸ ਨੂੰ ਕਮਰੇ ਵਿੱਚ ਚੋਰੀ ਕਰਦਿਆਂ ਦੇਖ ਲਿਆ। ਪਛਾਣ ਜੱਗ ਜ਼ਾਹਿਰ ਹੋਣ ਦੇ ਡਰੋਂ ਨੌਜਵਾਨ ਨੇ ਆਪਣੀ ਚਚੇਰੀ ਭੈਣ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ।ਮ੍ਰਿਤਕ ਲੜਕੀ ਦੀ ਪਛਾਣ ਨਿਸ਼ਾ ਭਾਰਤੀ ਉਮਰ ਕਰੀਬ 21 ਸਾਲ ਵਜੋਂ ਹੋਈ ਹੈ, ਜਦਕਿ ਮੁਲਜ਼ਮ ਦੀ ਪਛਾਣ ਸੰਜੀਵ ਉਰਫ ਸੰਜੂ ਵਾਸੀ ਰਜੇਸ਼ ਨਗਰ ਥਾਣਾ ਮੋਹਕਮਪੁਰਾ ਵਜੋਂ ਹੋਈ ਹੈ। ਦੋਵੇਂ ਪਰਿਵਾਰ ਇੱਕੋ ਇਮਾਰਤ ਵਿੱਚ ਹੇਠਲੀ ਅਤੇ ਉਪਰਲੀ ਮੰਜ਼ਿਲ ’ਤੇ ਰਹਿੰਦੇ ਹਨ।ਨਿਸ਼ਾ ਦੀ ਮਾਂ ਬਬੀਤਾ ਵੱਲੋਂ ਦਰਜ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਮੋਹਕਮਪੁਰਾ ਵਿੱਚ ਇਸ ਸਬੰਧੀ ਬੀਐੱਨਐੱਸ ਦੀ ਧਾਰਾ 103 ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਪੁਲੀਸ ਨੇ ਸੰਜੀਵ ਉਰਫ ਸੰਜੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਬਬੀਤਾ ਨੇ ਪੁਲੀਸ ਨੂੰ ਦੱਸਿਆ ਕਿ ਨਿਸ਼ਾ ਬੀਸੀਏ ਦੀ ਵਿਦਿਆਰਥਣ ਸੀ। ਉਹ ਇਮਾਰਤ ਦੇ ਉੱਪਰਲੇ ਹਿੱਸੇ ਵਿੱਚ ਰਹਿੰਦੇ ਹਨ, ਜਦੋਂ ਕਿ ਹੇਠਲੇ ਹਿੱਸੇ ਵਿੱਚ ਉਸ ਦੇ ਜੇਠ ਦਾ ਪਰਿਵਾਰ ਰਹਿੰਦਾ ਹੈ। ਸੰਜੀਵ ਉਸ ਦੇ ਜੇਠ ਦਾ ਪੁੱਤਰ ਹੈ। ਉਹ ਵੀ ਬੀਸੀਏ ਦੀ ਪੜ੍ਹਾਈ ਕਰ ਰਿਹਾ ਹੈ। ਉਸਨੇ ਦੱਸਿਆ ਕਿ ਬੀਤੇ ਦਿਨ 20 ਮਈ ਨੂੰ ਸ਼ਾਮ 7 ਵਜੇ ਉਸ ਦਾ ਪਤੀ ਬਟਾਲਾ ਰੋਡ ’ਤੇ ਇੱਕ ਫੈਕਟਰੀ ਵਿੱਚ ਕੰਮ ਕਰਨ ਗਿਆ ਸੀ। ਘਰ ਵਿੱਚ ਉਹ ਅਤੇ ਉਸ ਦੀ ਧੀ ਹੀ ਸਨ। ਰਾਤ ਲਗਭਗ 10 ਵਜੇ ਸੰਜੀਵ ਉਸ ਦੀ ਧੀ ਕੋਲ ਪੜ੍ਹਨ ਲਈ ਆਇਆ। ਉਹ ਪਹਿਲਾਂ ਵੀ ਪੜ੍ਹਨ ਵਾਸਤੇ ਅਕਸਰ ਆਉਂਦਾ ਸੀ। ਬਬੀਤਾ ਨੇ ਦੱਸਿਆ ਕਿ ਅਚਾਨਕ ਲਾਈਟ ਚਲੀ ਗਈ ਅਤੇ ਸੰਜੀਵ ਥੱਲੇ ਚਲਾ ਗਿਆ। ਉਸ ਦੀ ਧੀ ਕਮਰੇ ਵਿੱਚ ਸੌਂ ਗਈ ਸੀ ਪਰ ਦੇਰ ਰਾਤ ਲਗਭਗ ਡੇਢ ਵਜੇ ਕਮਰੇ ਵਿੱਚ ਉਸ ਦੀ ਖੂਨ ਨਾਲ ਲਥਪਥ ਲਾਸ਼ ਮਿਲੀ ਹੈ।ਪੁਲੀਸ ਨੇ ਇਸ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਤੇ ਜਾਂਚ ਕਰਦਿਆਂ ਕੁਝ ਘੰਟੇ ਵਿੱਚ ਹੀ ਇਸ ਮਾਮਲੇ ਨੂੰ ਹੱਲ ਕਰ ਲਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਵਜ੍ਹਾ ਰੰਜਿਸ਼ ਹੈ। ਉਨ੍ਹਾਂ ਦੱਸਿਆ ਕਿ ਸੰਜੀਵ ਉਰਫ ਸੰਜੂ ਜੂਆ ਖੇਡਣ ਦਾ ਆਦੀ ਸੀ। ਪੈਸਿਆਂ ਦੇ ਲਾਲਚ ਕਾਰਨ ਉਸ ਨੇ ਨਿਸ਼ਾ ਦੇ ਕਮਰੇ ਵਿੱਚ ਪਈ ਅਲਮਾਰੀ ਵਿੱਚੋਂ ਚੋਰੀ ਕਰਨ ਦੀ ਨੀਅਤ ਨਾਲ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਨਿਸ਼ਾ ਨੇ ਦੇਖ ਲਿਆ। ਰੋਕਣ ’ਤੇ ਸੰਜੀਵ ਨੇ ਕੁੜੀ ’ਤੇ ਛੁਰੇ ਨਾਲ ਹਮਲਾ ਕੀਤਾ ਅਤੇ ਉਸ ਦਾ ਕਤਲ ਕਰ ਦਿੱਤਾ।