ਨੌਜਵਾਨ ਪੀੜ੍ਹੀ ਲੈਨਿਨ ਦੇ ਜੀਵਨ ਫਲਸਫੇ ਤੋਂ ਪ੍ਰੇਰਨਾ ਲੈਣ: ਕਾ.ਜਗਰੂਪ
ਨਿੱਜੀ ਪੱਤਰ ਪ੍ਰੇਰਕ
ਮੋਗਾ, 22 ਅਪਰੈਲ
ਇਥੇ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਪੰਜਾਬ ਵੱਲੋਂ ਮਹਾਨ ਕ੍ਰਾਂਤੀਕਾਰੀ ਅਤੇ ਦੁਨੀਆਂ ਭਰ ਦੀ ਕਿਰਤ ਜਮਾਤ ਦੇ ਮਹਾਨ ਅਧਿਆਪਕ ਵੀਆਈ ਲੈਨਿਨ ਦੇ ਜਨਮ ਦਿਨ ਮੌਕੇ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ (ਬਨੇਗਾ) ਵਾਲੰਟੀਅਰ ਸੰਮੇਲਨ ’ਚ ਸੂਬਾ ਭਰ ਵਿਚੋਂ ਵੱਡੀ ਗਿਣਤੀ ’ਚ ਨੌਜਵਾਨ ਤੇ ਮੁਟਿਆਰਾਂ ਨੇ ਭਗਤ ਸਿੰਘ ਦੀ ਫੋਟੋ ਨਾਲ ‘ਬਨੇਗਾ ਵਾਲੰਟੀਅਰ’ ਟੀ ਸ਼ਰਟਾਂ ਪਾ ਕੇ ਸ਼ਿਰਕਤ ਕੀਤੀ। ਇਸ ਮੌਕੇ ਉੱਘੇ ਚਿੰਤਕ ਤੇ ਲੇਖਕ ਸੁਖਦੇਵ ਸਿੰਘ ਸਿਰਸਾ ਨੇ ਸਮਾਗਮ ਦਾ ਉਦਘਾਟਨ ਕਰਦਿਆਂ ਆਖਿਆ ਕਿ ਅੱਜ ਵੀ ਨੌਜਵਾਨ ਪੀੜ੍ਹੀ ਮਹਾਨ ਇਨਕਲਾਬੀ ਲੈਨਿਨ ਦੀ ਵਿਚਾਰਧਾਰਾ ਦੀ ਧਾਰਨੀ ਹੈ। ਇਸ ਲਈ ਹੀ ਉਹ ਆਪਣੀਆਂ ਮੁਸ਼ਕਲਾਂ ਦੀ ਬੰਦ ਖਲਾਸੀ ਲਈ ਉਪਰਾਲੇ ਅਤੇ ਸੰਘਰਸ਼ ਕਰ ਰਹੀ ਹੈ। ਜੇਕਰ ਉਹ ਮਹਾਨ ਲੈਨਿਨ ਕਾਰਲ ਮਾਰਕਸ, ਪਰਮਗੁਣੀ ਭਗਤ ਸਿੰਘ ਅਤੇ ਦੁਨੀਆਂ ਦੇ ਮਹਾਨ ਇਨਕਲਾਬੀਆਂ ਦੀ ਵਿਚਾਰਧਾਰਾ ’ਤੇ ਚੱਲ ਕੇ ਆਪਣਾ ਸੰਘਰਸ਼ ਜਾਰੀ ਰੱਖਣਗੇ ਤਾਂ ਜਿੱਤ ਯਕੀਨੀ ਹੈ। ਇਸ ਮੌਕੇ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਕਾ.ਜਗਰੂਪ ਨੇ ਕਿਹਾ ਕਿ ਦੇਸ਼ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਬੇਰੁਜ਼ਗਾਰ ਮੁੰਡੇ ਕੁੜੀਆਂ ਔਰਤਾਂ ਮਰਦਾਂ ਨੂੰ ਰੁਜ਼ਗਾਰ ਮੁਹਈਆ ਕਰਵਾਉਣਾ ਸਮੇਂ ਦੀ ਲੋੜ ਹੈ।
ਲਿਬਰੇਸ਼ਨ ਵੱਲੋਂ ਸਥਾਪਨਾ ਦਿਵਸ ਮੌਕੇ ਇਨਕਲਾਬੀ ਸਮਾਗਮ
ਮਾਨਸਾ (ਪੱਤਰ ਪ੍ਰੇਰਕ): ਮਹਾਨ ਕ੍ਰਾਂਤੀਕਾਰੀ ਤੇ ਦਾਰਸ਼ਨਿਕ ਕਾਮਰੇਡ ਵੀ ਆਈ ਲੈਨਿਨ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਮਾਨਸਾ ਵਿਖੇ ਕਰਵਾਇਆ ਗਿਆ, ਜਿਸ ਨੂੰ ਸੰਬੋਧਨ ਕਰਦਿਆਂ ਸੀਪੀਆਈ ਦੇ ਕੌਮੀ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਮਹਾਨ ਕ੍ਰਾਂਤੀਕਾਰੀ ਤੇ ਦਾਰਸ਼ਨਿਕ ਕਾਮਰੇਡ ਵੀ.ਆਈ ਲੈਨਿਨ ਤੋਂ ਬਿਨਾਂ ਮਾਰਕਸਵਾਦ ਅਧੂਰਾ ਹੈ। ਉਨ੍ਹਾਂ ਕਿਹਾ ਕਿ ਅਮਲੀ ਤੇ ਫਲਸਫੇ ਦੇ ਖੇਤਰ ਵਿੱਚ ਲੈਨਿਨ ਦੀ ਦੇਣ ਸਦਕਾ ਮਾਰਕਸਵਾਦ ਦੇ ਨਾਲ ਲੈਨਿਨਵਾਦ ਦਾ ਨਾਂ ਜੁੜਿਆ ਹੋਇਆ ਹੈ।