ਨੌਜਵਾਨ ਅੰਗਰੇਜ਼ੀ ਸ਼ਰਾਬ ਨਾਲ ਭਰੀ ਪਿਕਅੱਪ ਗੱਡੀ ਸਮੇਤ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 12 ਸਤੰਬਰ
ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਪੁਲੀਸ ਵੱਲੋਂ ਵਰਤੀ ਜਾ ਰਹੀ ਮੁਸਤੈਦੀ ਕਾਰਨ ਸ਼ਰਾਬ ਨਾਲ ਭਰੀ ਇਕ ਪਿਕਅੱਪ ਗੱਡੀ ਫੜੀ ਗਈ ਹੈ। ਗੱਡੀ ’ਚ ਸਵਾਰ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਦੀ ਪਛਾਣ ਪਵਨ ਕੁਮਾਰ ਵਾਸੀ ਪਿੰਡ ਸਾਦਲਪੁਰ ਜ਼ਿਲ੍ਹਾ ਹਿਸਾਰ ਵਜੋਂ ਕੀਤੀ ਗਈ ਹੈ। ਗੱਡੀ ’ਚੋਂ 1212 ਬੋਤਲਾਂ ਬਰਾਂਡਿਡ ਸ਼ਰਾਬ ਦੀਆਂ ਬਰਾਮਦ ਹੋਈਆਂ ਹਨ। ਫੜੀ ਗਈ ਸ਼ਰਾਬ ਦੀ ਕੀਮਤ ਕਰੀਬ 15 ਲੱਖ ਰੁਪਏ ਦੱਸੀ ਗਈ ਹੈ। ਐਸਪੀ ਵਿਕਰਾਂਤ ਭੂਸ਼ਨ ਨੇ ਦੱਸਿਆ ਹੈ ਕਿ ਸੀਆਈਏ ਦੀ ਇਕ ਟੀਮ ਰਾਣੀਆਂ ਖੇਤਰ ਦੇ ਭੰਬੂਰ ਪਿੰਡ ਨੇੜੇ ਗਸ਼ਤ ਕਰ ਰਹੀ ਸੀ ਤਾਂ ਪੁਲੀਸ ਨੂੰ ਅਹਿਮ ਸੂਚਨਾ ਮਿਲੀ ਕਿ ਇਕ ਪਿਕਅੱਪ ਗੱਡੀ ਸ਼ਰਾਬ ਨਾਲ ਭਰੀ ਕੀਤੇ ਸਪਲਾਈ ਕਰਨ ਜਾ ਰਹੀ ਹੈ। ਸੂਚਨਾ ਮਿਲਣ ਮਗਰੋਂ ਪੁਲੀਸ ਨੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕੀਤੀ ਤਾਂ ਇਸੇ ਦੌਰਾਨ ਇਕ ਪਿਕਅੱਪ ਗੱਡੀ ਡਰਾਈਵਰ ਪੁਲੀਸ ਨੂੰ ਵੇਖ ਕੇ ਗੱਡੀ ਨੂੰ ਵਾਪਿਸ ਮੋੜ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਪੁਲੀਸ ਦੇ ਜਵਾਨਾਂ ਨੇ ਉਸ ਨੂੰ ਕਾਬੂ ਕਰ ਲਿਆ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਸਦਰ ਥਾਣੇ ’ਚ ਕੇਸ ਦਰਜ ਕਰ ਲਿਆ ਹੈ।