ਸੜਕ ’ਤੇ ਖੜ੍ਹਦੇ ਛੱਪੜ ਦੇ ਪਾਣੀ ਤੋਂ ਮਿਲੇਗੀ ਨਿਜਾਤ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 5 ਸਤੰਬਰ
ਪਿੰਡ ਸਲੇਮਪੁਰਾ ’ਚ ਛੱਪੜ ਦਾ ਪਾਣੀ ਸੜਕ ’ਤੇ ਖੜ੍ਹਦਾ ਹੋਣ ਕਰਕੇ ਕਈ ਪਿੰਡਾਂ ਦੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਛੱਪੜ ਦੇ ਪਾਣੀ ਕਾਰਨ ਪਿੰਡ ਸਲੇਮਪੁਰਾ ਤੋਂ ਇਲਾਵਾ ਸਲੇਮਪੁਰਾ ਟਿੱਬਾ, ਭੁਮਾਲ, ਕੀੜੀ, ਮਦਾਰਪੁਰਾ, ਰਾਊਵਾਲ, ਗੋਰਸੀਆਂ ਮੱਖਣ ਦੇ ਨਿਵਾਸੀ ਆਉਣ-ਜਾਣ ਦਾ ਰਸਤਾ ਬੰਦ ਹੋਣ ਕਾਰਨ ਪ੍ਰੇਸ਼ਾਨ ਸਨ, ਪਰ ਹੁਣ ਇਨ੍ਹਾਂ ਪਿੰਡਾਂ ਦੇ ਵੱਡੀ ਗਿਣਤੀ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਮਿਲ ਜਾਵੇਗੀ। ਛੱਪੜ ਦੀ ਖੁਦਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਦੇ ਇੰਚਾਰਜ ਡਾ. ਕੇ ਐੱਨ ਐੱਸ ਕੰਗ ਨੇ ਛੱਪੜ ਦੀ ਸਾਫ਼-ਸਫ਼ਾਈ ਤੇ ਖੁਦਾਈ ਦੇ ਕੰਮ ਦਾ ਜਾਇਜ਼ਾ ਲਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਸਿੱਧੂ ਅਤੇ ਦਵਿੰਦਰ ਸਿੰਘ ਸਲੇਮਪੁਰੀ ਨੇ ਡਾ. ਕੰਗ ਦਾ ਧੰਨਵਾਦ ਕੀਤਾ ਅਤੇ ਹੋਰ ਫੰਡ ਦੇਣ ਦੀ ਮੰਗ ਕੀਤੀ। ਇਸ ਮੌਕੇ ਪ੍ਰਧਾਨ ਭਜਨ ਸਿੰਘ, ਬਲਦੇਵ ਸਿੰਘ ਨਾਹਰ, ਅਮਰ ਸਿੰਘ ਗਿੱਲ, ਹੈਪੀ ਭੁਮਾਲ, ਕਰਮ ਸਿੰਘ, ਡਾ. ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਰੇਸ਼ਮ ਸਿੰਘ, ਬਲਵੰਤ ਸਿੰਘ ਭਾਰਤੀ, ਅਮਨ ਗਰੇਵਾਲ, ਪ੍ਰਧਾਨ ਪ੍ਰੀਤਮ ਸਿੰਘ ਤੇ ਗੁਰਮੇਲ ਸਿੰਘ ਭੂਪਾ ਹਾਜ਼ਰ ਸਨ।