For the best experience, open
https://m.punjabitribuneonline.com
on your mobile browser.
Advertisement

ਤੇਰੇ ਲੱਗੇ ਤੂੰ ਜਾਣੇ...

11:09 AM Jun 08, 2024 IST
ਤੇਰੇ ਲੱਗੇ ਤੂੰ ਜਾਣੇ
Advertisement

ਸ਼ਮੀਲਾ ਖ਼ਾਨ

ਮਨੁੱਖੀ ਨਜ਼ਰੀਏ ਤੋਂ ਇਹ ਕਹਿਣਾ ਢੁੱਕਵਾਂ ਨਹੀਂ ਕਿ ਮਰਦ ਨੂੰ ਦਰਦ ਨਹੀਂ ਹੁੰਦਾ। ਮਰਦ ਦੀ ਪੀੜਾ ਨੂੰ ਘੱਟ ਕਰਕੇ ਦੇਖਣਾ ਸਹੀ ਨਹੀਂ ਹੈ। ‘ਮਰਦ ਨੂੰ ਦਰਦ ਨਹੀਂ ਹੁੰਦਾ’ ਕਹਾਵਤ ਦਾ ਵਿਰੋਧ ਕਰਨ ਦੇ ਸੌ ਤਰਕ ਹਨ। ਇਸ ਲਈ ਸਾਨੂੰ ਨਾਰੀਵਾਦ ਤੇ ਮਰਦਵਾਦ ਤੋਂ ਅਗਾਂਹ ਝਾਕਣਾ ਪਵੇਗਾ। ਮਰਦਾਂ ਨੂੰ ਵੀ ਦਰਦ ਹੁੰਦਾ ਹੈ, ਇਸ ਪੀੜ ਦਾ ਅਹਿਸਾਸ ਕੌਣ ਕਰੇਗਾ। ਉਸ ਦੇ ਦਰਦਾਂ ਦੀ ਗਹਿਰਾਈ ਨੂੰ ਕੌਣ ਨਾਪੇਗਾ। ਅਣਡਿੱਠ ਜ਼ਖ਼ਮ ਕਿਵੇਂ ਰਿਸਦੇ ਨੇ ਤੇ ਕਿਵੇਂ ਤਾਉਮਰ ਅੱਲੇ ਰਹਿੰਦੇ ਹਨ, ਇਸ ਨੂੰ ਨਾਰੀਵਾਦ ਤੋਂ ਨਿਰਲੇਪ ਹੋ ਕੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ।
ਇਵੇਂ ਹੀ ‘ਔਰਤ ਹੀ ਔਰਤ ਦੀ ਦੁਸ਼ਮਣ ਹੈ’ ਕਹਾਵਤ ਔਰਤਾਂ ਨੂੰ ਹੀ ਖ਼ਤਮ ਕਰਨੀ ਪੈਣੀ ਹੈ ਜਾਂ ਫਿਰ ਇਸ ਦਾ ਮੁਹਾਂਦਰਾ ਬਦਲਣਾ ਪੈਣਾ ਹੈ ਕਿ ਹਰ ਕਾਮਯਾਬ ਔਰਤ ਦੇ ਪਿੱਛੇ ਔਰਤ ਦਾ ਹੀ ਹੱਥ ਹੁੰਦਾ ਹੈ। ਉਵੇਂ ਹੀ ‘ਮਰਦ ਨੂੰ ਦਰਦ ਨਹੀਂ ਹੁੰਦਾ’ ਦੀ ਧਾਰਨਾ ਵੀ ਬਦਲਣੀ ਪੈਣੀ ਹੈ। ਇੰਝ ਮਰਦਾਨਗੀ ਦੇ ਓਹਲੇ ’ਚ ਇਸ ਦਰਦ ਨੂੰ ਨਾ ਲੁਕਣ ਦੇਈਏ ਕਿਉਂਕਿ ਮਰਦ ਨੂੰ ਵੀ ਭਾਵਨਾਵਾਂ, ਆਰਥਿਕ ਪਰੇਸ਼ਾਨੀਆਂ ਤੇ ਜ਼ਿੰਮੇਵਾਰੀਆਂ ਦੇ ਬੋਝ ਦਾ ਦਰਦ ਮਹਿਸੂਸ ਹੁੰਦਾ ਹੈ।
ਔਰਤਾਂ ਦੇ ਨਾਲ ਸਮਾਜ ਵਿੱਚ ਕਈ ਤਰ੍ਹਾਂ ਦਾ ਕਿੰਨਾ ਹੀ ਅਨਿਆਂ ਹੁੰਦਾ ਹੈ। ਸਦੀਆਂ ਤੋਂ ਉਨ੍ਹਾਂ ਦਾ ਸ਼ੋਸ਼ਣ ਹੁੰਦਾ ਆਇਆ ਹੈ ਅਤੇ ਉਹ ਸਮਾਜ ਵਿੱਚ ਆਪਣੇ ਆਪ ਨੂੰ ਬਹੁਤ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ। ਅੱਜ ਵੀ ਔਰਤਾਂ ਦੀ ਸਮਾਜਿਕ ਸਥਿਤੀ ਵਿੱਚ ਕੋਈ ਬਹੁਤਾ ਸੁਧਾਰ ਨਹੀਂ ਆਇਆ। ਹੁਣ ਲੋੜ ਹੈ ਕਿ ਨਾਰੀਵਾਦ ਤੇ ਮਰਦਵਾਦ ਨੂੰ ਇੱਕੋ ਨਜ਼ਰ ਨਾਲ ਦੇਖੀਏ। ਔਰਤਾਂ ਦੀ ਲੜਾਈ ਲੜਦੇ-ਲੜਦੇ ਕਦੋਂ ਮਰਦਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ, ਇਸ ਦਾ ਸਾਨੂੰ ਅਹਿਸਾਸ ਤੱਕ ਨਹੀਂ ਹੋਇਆ। ਮਰਦਾਂ ਵੱਲੋਂ ਦਬਦਬਾ ਬਣਾ ਕੇ ਰੱਖਣਾ ਅਤੇ ਪਿੱਤਰਸੱਤਾ ਦੀ ਜਿੰਨੀ ਕਠੋਰ ਮਾਰ ਔਰਤਾਂ ’ਤੇ ਪਈ ਹੈ ਓਨੀ ਹੀ ਮਰਦਾਂ ’ਤੇ ਵੀ ਪਈ ਹੈ। ਪਿੱਤਰਸੱਤਾ ਮਰਦਾਂ ਨੂੰ ਸਮਾਜ ਅੰਦਰ ਘੁੱਟ-ਘੁੱਟ ਕੇ ਜਿਊਣ ਅਤੇ ਪੈਰ ਪੈਰ ’ਤੇ ਆਪਣੀ ਮਰਦਾਨਗੀ ਦਾ ਸਬੂਤ ਦੇਣ ਲਈ ਮਜਬੂਰ ਕਰਦੀ ਹੈ ਪ੍ਰੰਤੂ ਹਰ ਵਾਰ ਮਰਦ ਬਣਨ ਦੀ ਕਸੌਟੀ ’ਤੇ ਖਰਾ ਉਤਰਨ ਦੀ ਜ਼ਰੂਰਤ ਨਹੀਂ ਹੁੰਦੀ। ਇੱਕ ਮਰਦ ਪਹਿਲਾਂ ਇਨਸਾਨ ਹੁੰਦਾ ਹੈ। ਆਪਣੀਆਂ ਭਾਵਨਾਵਾਂ ਨੂੰ ਖੁੱਲ੍ਹ ਕੇ ਜ਼ਾਹਿਰ ਕਰਨ ਦਾ ਅਧਿਕਾਰ ਸਭ ਨੂੰ ਹੈ।
ਦਰਅਸਲ, ਮਰਦਾਂ ਵੱਲੋਂ ਦਬਦਬਾ ਬਣਾ ਕੇ ਰੱਖਣ ਦੀ ਨੀਂਹ ਬਚਪਨ ਤੋਂ ਹੀ ਰੱਖ ਦਿੱਤੀ ਜਾਂਦੀ ਹੈ। ਇਸ ਦਾ ਬੀਜ ਉਸੇ ਦਿਨ ਬੋਇਆ ਜਾਂਦਾ ਹੈ ਜਿਸ ਦਿਨ ਮੁੰਡਿਆਂ ਨੂੰ ਗੁੱਡੇ-ਗੁੱਡੀਆਂ ਨਾਲ ਜਾਂ ਘਰ ਘਰ ਖੇਡਣ ਤੋਂ ਮਨ੍ਹਾ ਕਰ ਦਿੱਤਾ ਜਾਂਦਾ ਹੈ ਜਾਂ ਸੱਟ ਲੱਗਣ ’ਤੇ ‘ਕੁੜੀਆਂ ਵਾਂਗ ਰੋਣ’ ਤੋਂ ਮਨ੍ਹਾ ਕਰ ਦਿੱਤਾ ਜਾਂਦਾ ਹੈ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਉਹ ਮਜ਼ਬੂਤ ਹਨ। ਇੱਥੋਂ ਹੀ ਸ਼ੁਰੂਆਤ ਹੁੰਦੀ ਹੈ ਮੁੰਡਿਆਂ ਦੇ ਅਹਿਸਾਸਾਂ ਤੇ ਭਾਵਨਾਵਾਂ ਨੂੰ ਦਬਾਉਣ ਦੀ। ਮੁੰਡਿਆਂ ਦੇ ਰੋਣ ਨੂੰ ਬਚਪਨ ਤੋਂ ਹੀ ਗੁਨਾਹ ਬਣਾ ਦਿੱਤਾ ਜਾਂਦਾ ਹੈ।
ਸਮਾਜ ਵਿੱਚ ਇੱਕ ਨਾਟਕ ਵਾਂਗ ਪਹਿਲਾਂ ਤੋਂ ਹੀ ਮਰਦ ਤੇ ਔਰਤ ਦੇ ਰੋਲ ਤੈਅ ਕਰ ਦਿੱਤੇ ਜਾਂਦੇ ਹਨ। ਕੁੜੀਆਂ ਘਰ ਸੰਭਾਲਣਗੀਆਂ, ਬੱਚੇ ਪੈਦਾ ਕਰਨਗੀਆਂ ਤੇ ਉਨ੍ਹਾਂ ਨੂੰ ਪਾਲਣਗੀਆਂ ਅਤੇ ਲੜਕੇ ਪੈਸਾ ਕਮਾਉਣਗੇ ਜਿਸ ਨਾਲ ਇਹ ਸਭ ਸੰਭਵ ਹੋ ਸਕੇਗਾ। ਅੱਜ ਭਾਵੇਂ ਕੁੜੀਆਂ ਹਰ ਤਰ੍ਹਾਂ ਨਾਲ ਕਾਬਲ ਹੋਣ, ਨੌਕਰੀ ਕਰ ਰਹੀਆਂ ਹੋਣ, ਮੁੰਡਿਆਂ ਨਾਲੋਂ ਚੰਗਾ ਕਮਾ ਰਹੀਆਂ ਹੋਣ ਪਰ ਮੁੰਡਿਆਂ ਨੂੰ ਹਮੇਸ਼ਾ ਇਹੀ ਸਿਖਾਇਆ ਜਾਂਦਾ ਹੈ ਕਿ ਕੁੜੀਆਂ ਦੇ ਪੈਸਿਆਂ ਨਾਲ ਘਰ ਨਹੀਂ ਚੱਲਦੇ।
ਸਭ ਨੇ ਆਪਣੇ ਘਰਾਂ ਵਿੱਚ ਕਦੇ ਨਾ ਕਦੇ ਇਹ ਜ਼ਰੂਰ ਵੇਖਿਆ ਹੋਵੇਗਾ ਕਿ ਘਰ ਵਿੱਚ ਮਰਦਾਂ ਦੇ ਵਾਪਸ ਆਉਂਦਿਆਂ ਹੀ ਪਤਨੀਆਂ ਬੱਚਿਆਂ ਦੀਆਂ ਸ਼ਿਕਾਇਤਾਂ ਲੈ ਕੇ ਬੈਠ ਜਾਂਦੀਆਂ ਹਨ। ਮਾਵਾਂ ਨੂੰਹਾਂ ਦੀਆਂ ਸ਼ਿਕਾਇਤਾਂ ਕਰਨ ਲੱਗ ਜਾਂਦੀਆਂ ਹਨ ਅਤੇ ਬੱਚੇ ਆਪਣੀਆਂ ਫਰਮਾਇਸ਼ਾਂ ਲੈ ਕੇ ਆ ਜਾਂਦੇ ਹਨ ਪ੍ਰੰਤੂ ਮਰਦਾਂ ਦੀ ਦਿਨ ਭਰ ਦੀ ਹੱਡਬੀਤੀ ਬਾਰੇ ਪੁੱਛਣ ਜਾਂ ਉਨ੍ਹਾਂ ਦਾ ਹਾਲਚਾਲ ਪੁੱਛਣ ਦਾ ਕਿਸੇ ਨੂੰ ਖ਼ਿਆਲ ਨਹੀਂ ਆਉਂਦਾ।
ਅਸੀਂ ਮਰਦਾਂ ’ਤੇ ਬਹੁਤ ਆਸਾਨੀ ਨਾਲ ਗੱਲਾਕੜੀ ਨਾ ਹੋਣ ਦੇ ਇਲਜ਼ਾਮ ਲਗਾ ਦਿੰਦੇ ਹਾਂ ਪਰ ਇਹ ਵੀ ਤਾਂ ਸੋਚੋ ਕਿ ਮਰਦਾਂ ਨੂੰ ਉਨ੍ਹਾਂ ਦੀਆਂ ਭਾਵਨਾਵਾਂ ਪ੍ਰਗਟ ਕਰਨ ਦਾ ਮੌਕਾ ਹੀ ਕਦੋਂ ਦਿੱਤਾ ਜਾਂਦਾ ਹੈ। ਕਿਸੇ ਵੀ ਕਾਰਨ ਕਰਕੇ ਜਦੋਂ ਕੋਈ ਲੜਕਾ ਰੋ ਕੇ ਆਪਣੀਆਂ ਭਾਵਨਾਵਾਂ ਪ੍ਰਗਟਾਉਣੀਆਂ ਚਾਹੁੰਦਾ ਹੈ ਤਾਂ ਇਹੀ ਕਿਹਾ ਜਾਂਦਾ ਹੈ ਕਿ ਕੁੜੀਆਂ ਵਾਂਗ ਕਿਉਂ ਰੋ ਰਿਹਾਂ। ਇਹੀ ਛੋਟੀਆਂ-ਛੋਟੀਆਂ ਚੀਜ਼ਾਂ ਮਰਦਾਂ ਨੂੰ ਆਪਣੇ ਅਹਿਸਾਸਾਂ ਅਤੇ ਭਾਵਨਾਵਾਂ ਦਾ ਖੁੱਲ੍ਹ ਕੇ ਪ੍ਰਦਰਸ਼ਨ ਕਰਨ ਤੋਂ ਰੋਕਦੀਆਂ ਹਨ। ਜਾਣੇ-ਅਣਜਾਣੇ ਵਿੱਚ ਉਨ੍ਹਾਂ ਨੂੰ ਇਹ ਵਿਸ਼ਵਾਸ ਦਿਵਾ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਵੱਲੋਂ ਆਪਣੀਆਂ ਭਾਵਨਾਵਾਂ ਵਿਖਾਉਣਾ ਉਨ੍ਹਾਂ ਨੂੰ ਕਮਜ਼ੋਰ ਬਣਾਉਂਦਾ ਹੈ। ਹੁਣ ਇਸ ਵਿੱਚ ਤਬਦੀਲੀ ਕਰਨ ਦੀ ਜ਼ਰੂਰਤ ਹੈ ਤਾਂ ਕਿ ਬਰਾਬਰੀ ਦਾ ਸਮਾਜ ਸਿਰਜਿਆ ਜਾ ਸਕੇ।

Advertisement

ਸੰਪਰਕ: 99882-08123

Advertisement
Author Image

sukhwinder singh

View all posts

Advertisement
Advertisement
×