ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ...
ਵਰਿੰਦਰ ਸਿੰਘ ਨਿਮਾਣਾ
ਦੁਨੀਆ ਉੱਤੇ ਜੇਕਰ ਜਜ਼ਬਾਤਾਂ ਤੇ ਭਾਵਨਾਵਾਂ ਦਾ ਇਜ਼ਹਾਰ ਕਰਨ ਲਈ ਕੁਦਰਤ ਦੀ ਕਿਸੇ ਖੂਬਸੂਰਤ ਤੇ ਦਿਲਖਿੱਚਵੀਂ ਕਿਰਤ ਦੀ ਚੋਣ ਕਰਨੀ ਹੋਵੇ ਤਾਂ ਨਿਰਸੰਦੇਹ ਉਹ ਸੁਖਾਂਵੇ ਮੌਸਮਾਂ ਦੀ ਬਾਤ ਪਾਉਂਦੇ, ਖੁਸ਼ਬੋਆਂ ਦੇ ਸਿਰਨਾਮੇਂ ਦੱਸਦੇ, ਰੁੂਹ ਨੂੰ ਸਕੂਨ ਬਖ਼ਸ਼ਣ ਵਾਲੀਆਂ ਵੱਖ ਵੱਖ ਰੰਗਾਂ ’ਚ ਲਿਪਟੀਆਂ ਕੁਦਰਤੀ ਸ਼ੈਆਂ ਫੁੱਲ ਹੀ ਹੋ ਸਕਦੇ ਹਨ। ਗੁਲ, ਪੁਸ਼ਪ ਤੇ ਸੁਮਨ ਫੁੱਲ ਦੇ ਸਮਾਨਅਰਥੀ ਸ਼ਬਦ ਹਨ, ਪਰ ਇਨ੍ਹਾਂ ਦੇ ਅਰਥਾਂ ਨੂੰ ਸਮਝਣ ਲਈ ਬੰਦੇ ਨੂੰ ਜ਼ਿੰਦਗੀ ਦੇ ਕਈ ਫ਼ਲਸਫ਼ਿਆਂ ਤੇ ਸੂਖਮ ਸਰੋਕਾਰਾਂ ਦੀ ਜਾਣਕਾਰੀ ਹੋਣੀ ਜ਼ਰੂਰੀ ਹੋ ਜਾਂਦੀ ਹੈ।
ਕੁਦਰਤ ਦੀ ਉਸਤਤ ਵਿੱਚ ਗਾਏ ਜਾਣ ਵਾਲੇ ਮਿੱਠੇ ਤੇ ਰੂਹ ਨੂੰ ਸਕੂਨ ਦੇਣ ਵਾਲੇ ਸੁੱਚੇ ਬੋਲਾਂ ਨੂੰ ਜੇਕਰ ਵਸਤੂਵਾਚੀ ਰੂਪ ਵਿੱਚ ਮਾਣਨਾ ਹੋਵੇ ਤਾਂ ਸੱਚਮੁੱਚ ਹੀ ਉਹ ਵੱਖੋ ਵੱਖਰੀਆਂ ਆਕ੍ਰਿਤੀਆਂ ਵਿੱਚ ਖਿੜਨ ਤੇ ਮਹਿਕਾਂ ਵੰਡਦੀਆਂ ਸੌਗਾਤਾਂ ਫੁੱਲ ਹੀ ਹੁੰਦੇ ਹਨ। ਫੁੱਲਾਂ ਤੋਂ ਹੀ ਤਾਜ਼ਗੀ, ਮਾਸੂਮੀਅਤ, ਮੁਸਕਰਾਹਟ, ਅਪਣੱਤ, ਚਾਹਤ, ਕੋਮਲਤਾ, ਮੁਹੱਬਤ, ਪਾਕੀਜ਼ਗੀ, ਸਾਦਗੀ, ਸਬਰ, ਸੰਤੋਖ, ਖ਼ਾਮੋਸ਼ੀ ਤੇ ਪਰਉਪਕਾਰ ਵਰਗੇ ਸੂਖਮ ਤੇ ਸੁਹਜਤਾ ਭਰਪੂਰ ਭਾਵ ਸਹਿਜੇ ਹੀ ਸਿੱਖੇ ਜਾ ਸਕਦੇ ਹਨ।
ਇਹ ਕੁਦਰਤ ਦੀ ਅਜਿਹੀ ਸੋਹਣੀ ਤੇ ਆਪਮੁਹਾਰੀ ਕਿਰਤ ਹੁੰਦੇ ਹਨ ਜੋ ਆਪਣੀ ਮਹਿਕ, ਮਿਠਾਸ, ਮਿਜਾਜ਼, ਮੁਹੱਬਤ, ਮਨਮੋਹਕਤਾ, ਰੰਗ ਤੇ ਸੁਹੱਪਣ ਕਰਕੇ ਕੁਦਰਤੀ ਚੌਗਿਰਦੇ ’ਚੋਂ ਮਿਠਾਸ ਦੀ ਤਾਲਾਸ਼ ’ਚ ਘੁੰਮਦੇ ਤਿੱਤਲੀਆਂ, ਭੌਰਿਆਂ ਤੇ ਮਧੂ ਮੱਖੀਆਂ ਲਈ ਆਕਰਸ਼ਣ ਦਾ ਸਬੱਬ ਹੀ ਨਹੀਂ ਬਣਦੇ ਸਗੋਂ ਪ੍ਰਕਿਰਤੀ ਨੂੰ ਨੀਝ ਨਾਲ ਤੱਕਣ ’ਤੇ ਉਸ ਦੇ ਵੱਖ ਵੱਖ ਰੰਗਾਂ ਨੂੰ ਮਾਣਨ ਵਾਲੇ ਹਰ ਕੁਦਰਤ ਪ੍ਰੇਮੀ ਨੂੰ ਆਤਮਿਕ ਆਨੰਦ ਤੇ ਰੂਹ ਨੂੰ ਖ਼ੁਸ਼ੀ ਦੇਣ ਦਾ ਜ਼ਰੀਆ ਵੀ ਬਣ ਜਾਂਦੇ ਹਨ। ਪੰਜਾਬੀ ਕਵੀ ਧਨੀ ਰਾਮ ਚਾਤ੍ਰਿਕ ਨੇ ਹੀ ਆਪਣੀ ਕਵਿਤਾ ‘ਗੁਲਾਬ ਦਾ ਫੁੱਲ’ ਵਿੱਚ ਇਸ ਤਰ੍ਹਾਂ ਦੇ ਭਾਵਾਂ ਦਾ ਵਿਖਿਆਨ ਇੰਝ ਕੀਤਾ ਹੈ;
ਖਿੜਿਆ ਫੁੱਲ ਗੁਲਾਬ ਦਿਆ, ਤੁੂੰ ਕਿਤ ਵਲ ਖਿੜ ਖਿੜ ਹੱਸੇਂ
ਪੀਂਘੇਂ ਚੜਿਆ ਲਏਂ ਹੁਲਾਰੇ ,ਦਿਲ ਰਾਹੀਆਂ ਦਾ ਖੱਸੇਂ
ਮੂੰਹ ਤੇ ਲਾਲੀ [ਤੇਰੇ] ਚਿੱਤ ਖੁਸ਼ਹਾਲੀ [ ਅਤੇ] ਲਟਕ ਮਬੂਬਾਂ ਵਾਲੀ
ਅੱਖੀਆਂ ਨਾਲ ਅਵਾਜ਼ੇ ਕਸ ਕਸ ਅੱਖੀਆਂ ਦੇ ਵਿੱਚ ਧੱਸੇਂ।
ਮਨੁੱਖੀ ਜ਼ਿੰਦਗੀ ਦੇ ਸਮਾਜਿਕ, ਸੁਹਜਾਤਮਕ, ਸੱਭਿਆਚਾਰਕ ਤੇ ਕਲਾਤਮਿਕ ਖੇਤਰ ਵਿੱਚ ਵੀ ਅਜਿਹੀਆਂ ਕੁਦਰਤੀ ਤੇ ਰੰਗਲੀਆਂ ਸੌਗਾਤਾਂ ਦੀ ਜ਼ਿੰਦਗੀ ਦੇ ਰਾਹਾਂ ਨੂੰ ਸੁਹਜਮਈ ਤੇ ਨਕਸ਼ਾਂ ਨੂੰ ਸੰਵਾਰਨ ਲਈ ਵੱਖੋ ਵੱਖਰੇ ਤਰੀਕਿਆਂ ਨਾਲ ਅਹਿਮ ਭੂਮਿਕਾ ਨਿਭਾਈ ਜਾਂਦੀ ਹੈ। ਵਿਆਹ ਸ਼ਾਦੀ ਜਾਂ ਘਰੇਲੂ ਸ਼ੁਭ ਸਮਾਗਮਾਂ ਦੇ ਮੌਕੇ ਘਰਾਂ ਜਾਂ ਵਿਹੜਿਆਂ ਨੂੰ ਸ਼ਿੰਗਾਰਨ ਲਈ ਤਾਜ਼ੇ ਤੇ ਖੂਬਸੂਰਤ ਫੁੱਲਾਂ ਦੀ ਵਰਤੋਂ ਲਾਜ਼ਮੀ ਤੌਰ ’ਤੇ ਹੁੰਦੀ ਹੈ। ਆਪਣੇ ਵਿਲੱਖਣ ਸੁਭਾਅ ਤੇ ਵੱਖੇ ਮਿਜਾਜ਼ ਨਾਲ ਬੰਦੇ ਦਾ ਦਿਲ ਟੁੰਬਣ ਵਾਲੀਆਂ ਇਹ ਰੰਗਦਾਰ ਕਲਾਕ੍ਰਿਤੀਆਂ ਜ਼ਿੰਦਗੀ ਦੀ ਸਰਲਤਾ, ਸੁਹੱਪਣ, ਸੱਜਰੇਪਣ ਦੀਆਂ ਪੈਂਦੀਆਂ ਰੌਚਕ ਬਾਤਾਂ ਦੇ ਹੁੰਗਾਰੇ ਭਰਨ ਦਾ ਬਲ ਸਿਖਾਉਣ ਲਈ ਮਦਦਗਾਰ ਹੀ ਸਾਬਤ ਨਹੀਂ ਹੁੰਦੀਆਂ, ਸਗੋਂ ਕੁਦਰਤ ਦੀ ਖੂਬਸੂਰਤੀ ਨੂੰ ਬਿਆਨਦੀਆਂ ਇਬਾਰਤਾਂ ਨੂੰ ਪੜ੍ਹ ਸੁਣ ਕੇ ਜ਼ਿੰਦਗੀ ਦੇ ਨਕਸ਼ਾਂ ਨੂੰ ਸੰਵਾਰਨ ਤੇ ਸ਼ਿੰਗਾਰਨ ਦਾ ਹੁਨਰ ਵੀ ਸਿੱਖਿਆ ਜਾ ਸਕਦਾ ਹੈ। ਕੁਦਰਤੀ ਫਿਜ਼ਾਵਾਂ ਨੂੰ ਮਿਠਾਸ ਤੇ ਤਾਜ਼ਗੀ ਬਖ਼ਸ਼ਣ ਵਾਲੇ ਰੰਗ ਬਿਰੰਗੇ ਫੁੱਲ ਕੁਦਰਤ ਦੇ ਟਿਕਾਅ ਤੇ ਸਿਰਜਨਾਤਮਕ ਸ਼ਕਤੀ ਦੀ ਗਵਾਹੀ ਭਰਨ ਵਾਲੇ ਰੱਬ ਦੇ ਡਾਕੀਏ ਹੋਣ ਦਾ ਅਹਿਸਾਸ ਵੀ ਕਰਵਾਉਂਦੇ ਰਹਿੰਦੇ ਹਨ। ਅਤਿ ਦੀ ਗਰਮੀ, ਹਨੇਰੀਆਂ, ਤੂਫਾਨ, ਮੋਹਲੇਧਾਰ ਮੀਂਹ, ਬਲਦੀਆਂ ਹਵਾਵਾਂ ਤੇ ਠੰਢ ਦਾ ਕਕਰੀਲਾ ਸੁਭਾਅ ਸੂਖਮਤਾ ਤੇ ਖ਼ੂਬਸੂਰਤੀ ਦੇ ਮਾਲਕ ਫੁੱਲਾਂ ਨੂੰ ਕਦੇ ਰਾਸ ਨਹੀਂ ਆਉਂਦਾ। ਇਹੋ ਕਾਰਨ ਹੈ ਕਿ ਜ਼ਿੰਦਗੀ ਦੀ ਤੋਰ ’ਚ ਰਵਾਨਗੀ, ਆਪਮੁਹਾਰੇਪਨ ਤੇ ਪਰਉਪਕਾਰੀ ਗੁਣ ਸਥਾਪਤ ਕਰਨ ਦੇ ਚਾਹਵਾਨ ਸਮਾਜ ਤੇ ਸੱਭਿਅਕ ਲੋਕ ਹਮੇਸ਼ਾਂ ਆਪਣੇ ਆਲੇ ਦੁਆਲੇ ’ਚ ਮੌਜੂਦ ਇਨ੍ਹਾਂ ਰੰਗਦਾਰ ਕੁਦਰਤੀ ਤੋਹਫਿਆਂ ਨਾਲ ਨੇੜਤਾ ਬਣਾ ਕੇ ਰੱਖਦੇ ਹਨ। ਬਨਸਪਤੀ ਵਿਗਿਆਨਕ ਨਜ਼ਰੀਏ ਤੋਂ ਵੀ ਫੁੱਲਾਂ ਨੂੰ ਹਮੇਸ਼ਾਂ ਸਿਰਜਨਾ ਤੇ ਜਣਨਪੁਣੇ ਦੇ ਪ੍ਰਤੀਕ ਵਜੋਂ ਮਾਣਿਆ ਤੇ ਮਹਿਸੂਸ ਕੀਤਾ ਜਾਂਦਾ ਰਿਹਾ ਹੈ। ਕਿਸੇ ਬਿਰਖ ਨੂੰ ਫੁੱਲਾਂ ਦੀ ਰੁੱਤੇ ਪਿਆ ਬੂਰ ਉਸ ਸਾਲ ਬਿਰਖ ਨੂੰ ਲੱਗਣ ਵਾਲੇ ਫ਼ਲ ਦੀ ਭਵਿੱਖਬਾਣੀ ਕਰ ਦਿੰਦਾ ਹੈ। ਫੁੱਲਾਂ ਦੇ ਉੱਗਣ, ਵਧਣ, ਫੁੱਲਣ ਤੇ ਖਿੜਨ ਲਈ ਜਿੱਥੇ ਚੰਗੇ ਪੌਣ ਪਾਣੀ ਦੀ ਲੋੜ ਹੁੰਦੀ ਹੈ, ਨਾਲ ਹੀ ਇਨ੍ਹਾਂ ਦੀ ਖ਼ੂਬਸੂਰਤੀ ਤੇ ਸਿਹਤਮੰਦ ਹੋਣ ਲਈ ਇਨ੍ਹਾਂ ਨੂੰ ਜ਼ਰਖੇਜ਼ ਤੇ ਉੱਤਮ ਕਿਸਮ ਦੀ ਮਿੱਟੀ ਵੀ ਲੋੜੀਂਦੀ ਹੁੰਦੀ ਹੈ। ਮਾਰੂ, ਬੰਜਰ ਤੇ ਬੇਤਰਤੀਬੀਆਂ ਜ਼ਮੀਨਾਂ ਫੁੱਲ ਨਹੀਂ ਪੈਦਾ ਕਰ ਸਕਦੀਆਂ। ਸੁਭਾਵਿਕ ਹੈ ਜਿਹੜੀ ਮਿੱਟੀ ਫੁੱਲ ਪੈਦਾ ਕਰਨ ਦੀ ਸਮਰੱਥਾ ਰੱਖੇਗੀ, ਉਹ ਮਿੱਟੀ ਆਪਣੇ ਲੋਕਾਂ ਲਈ ਅਨਾਜ, ਸਬਜ਼ੀਆਂ ਤੇ ਫ਼ਲਾਂ ਵਰਗੀਆਂ ਕੁਦਰਤੀ ਦਾਤਾਂ ਵੰਡਣ ਦੇ ਵੀ ਯੋਗ ਹੋਵੇਗੀ। ਮਿੱਟੀ ਦੀ ਅਜਿਹੀ ਖ਼ੂਬੀ ਕਿਸੇ ਖੇਤਰ ਦੀ ਖੁਸ਼ਹਾਲੀ ਤੇ ਸੁਖਾਵੇਂ ਹਾਲਾਤ ਵੱਲ ਸੁੱਤੇ ਸਿੱਧ ਹੀ ਇਸ਼ਾਰਾ ਕਰ ਜਾਂਦੀ ਹੈ। ਤੁਰਦੀਆਂ ਹਵਾਵਾਂ ਦੇ ਸਾਹਾਂ ’ਚ ਮਿਠਾਸ ਘੋਲਣ ਵਾਲੀਆਂ ਇਹ ਕੁਦਰਤੀ ਰੰਗਲੀਆਂ ਨਿਆਮਤਾਂ ਨੂੰ ਹੀ ਇਹ ਕੁਦਰਤੀ ਬਖ਼ਸ਼ ਹੁੰਦੀ ਹੈ ਕਿ ਉਹ ਮਹਿਕ ਤੇ ਮੁਸ਼ਕ ਵਿਚਲੇ ਫ਼ਰਕ ਨੂੰ ਬੜੀ ਆਸਾਨੀ ਨਾਲ ਸਮਝਾ ਜਾਂਦੀਆਂ ਹਨ। ਫੁੱਲ ਮਨੁੱਖੀ ਮਨ ਦੇ ਕੋਮਲ ਭਾਵਾਂ ਤੇ ਦੁਨਿਆਵੀ ਵਸਤਾਂ ਦੇ ਫ਼ਰਕ ਨੂੰ ਵੀ ਬੜੀ ਸਹਿਜਤਾ ਨਾਲ ਸਮਝਾਉਣ ਦੇ ਸਮਰੱਥ ਹੁੰਦੇ ਹਨ। ਇਹ ਲੋਕਾਈ ਨੂੰ ਇਹ ਸੁਨੇਹਾ ਵੀ ਦਿੰਦੇ ਹਨ ਕਿ ਜੇਕਰ ਬੰਦੇ ਨੇ ਦੁਨੀਆ ’ਤੇ ਵਿਚਰਦਿਆਂ ਰੰਗ ਬਿਰੰਗੇ ਕੁਦਰਤੀ ਸੁਹੱਪਣ ਦੀ ਸੰਗਤ ਦਾ ਆਨੰਦ ਮਾਣਨਾ ਹੈ ਤਾਂ ਬੰਦੇ ਨੂੰ ਵੀ ਆਪਣੇ ਮਨ ਅੰਦਰ ਫੁੱਲਾਂ ਵਰਗੇ ਸੂਖਮ, ਕੋਮਲ, ਸਾਦੇ ਤੇ ਪਰਉਪਕਾਰੀ ਗੁਣ ਪੈਦਾ ਕਰਨ ਦੀ ਆਦਤ ਪਾਉਣੀ ਪਵੇਗੀ। ਸੁਆਰਥ, ਸਾੜੇ ਤੇ ਬੇਵਿਸਾਹੀ ਦੇ ਭਾਂਡੇ ਹੱਥ ਵਿੱਚ ਫੜ ਜ਼ਿੰਦਗੀ ਲਈ ਖ਼ੁਸ਼ੀਆਂ ਦੀ ਤਾਲਾਸ਼ ਦੇ ਸੂਖਮ ਜਜ਼ਬਿਆਂ ਦੀ ਕਦਰ ਤੋਂ ਵਿਹੂਣੇ ਲੋਕਾਂ ਦੀ ਖੁਸ਼ਕ ਤੇ ਵੀਰਾਨ ਰੂਹ ਉੱਤੇ ਅਜਿਹੀਆਂ ਕੋਮਲ ਤੇ ਨਿਰਮਲ ਕਿਰਤਾਂ ਦਾ ਕੋਈ ਅਸਰ ਨਹੀਂ ਦੇਖਿਆ ਜਾ ਸਕਦਾ। ਫੁੱਲਾਂ ਵਰਗੀਆਂ ਨਿਆਮਤਾਂ ਦੇ ਅੰਗ ਸੰਗ ਵਿਚਰਦਿਆਂ ਮਨੁੱਖੀ ਸੁਭਾਅ ’ਚ ਆਉਂਦੀ ਹਾਂ ਪੱਖੀ ਤਬਦੀਲੀ ਤੇ ਵਿਵਹਾਰ ਇਨਸਾਨੀ ਜ਼ਿੰਦਗੀ ਲਈ ਨਵੀਂ ਊੁਰਜਾ ਤੇ ਉਤਸ਼ਾਹ ਦਾ ਸੰਚਾਰ ਕਰਦਾ ਹੈ। ਇਨ੍ਹਾਂ ਦੀ ਸੰਗਤ ’ਚ ਰਹਿ ਕੇ ਜ਼ਿੰਦਗੀ ਪ੍ਰਤੀ ਅਖਤਿਆਰ ਕੀਤਾ ਗਿਆ ਹਾਂ ਪੱਖੀ ਨਜ਼ਰੀਆ ਮਨੁੱਖੀ ਰਿਸ਼ਤਿਆਂ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਲਈ ਵੀ ਮਦਦਗਾਰ ਹੁੰਦਾ ਹੈ। ਸ਼ਾਇਰ ਸੁਰਜੀਤ ਪਾਤਰ ਜ਼ਿੰਦਗੀ ਦੇ ਹਾਂ ਪੱਖੀ ਵਰਤਾਰੇ ਨੂੰ ਵੀ ਫੁੱਲਾਂ ਦੇ ਪ੍ਰਤੀਕ ਵਜੋਂ ਇੰਝ ਬਿਆਨਦੇ ਹਨ;
ਜੇ ਆਈ ਪਤਝੜ ਤਾਂ ਫੇਰ ਕੀ ਹੈ,
ਤੂੰ ਅਗਲੀ ਰੁੱਤ ’ਚ ਯਕੀਨ ਰੱਖੀਂ
ਮੈਂ ਲੱਭ ਕੇ ਕਿਤਿਓਂ ਲਿਆਉਨਾ ਕਲਮਾਂ,
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ
ਹਿੰਦੋਸਤਾਨ ’ਚ ਫੁੱਲਾਂ ਦਾ ਜਲੌਅ ਦਿਖਾਉਣ ਵਾਲੀ ਰੁੱਤ ਬਸੰਤ ਰੁੱਤ ਹੈ। ਪੰਜਾਬ ’ਚ ਫੱਗਣ ਤੇ ਚੇਤ ਦੇ ਮਹੀਨਿਆਂ ’ਚ ਰੁੱਖਾਂ ਬਿਰਖਾਂ ਵੱਲੋਂ ਪੱਤਝੜ ਦੇ ਬਨਵਾਸ ਤੋਂ ਮੁਕਤ ਹੁੰਦਿਆਂ ਵੱਖੋ ਵੱਖਰੇ ਰੰਗਾਂ ’ਚ ਮਹਿਕਾਂ ਖਿਲਾਰਨ ਵਾਲੀਆਂ ਕੁਦਰਤੀ ਆਕ੍ਰਿਤੀਆਂ ਦੇ ਜੋਬਨ ਦੀ ਸਿਖਰ ਦੇਖਣਯੋਗ ਹੁੰਦੀ ਹੈ। ਫੁੱਲਾਂ ਦੇ ਖਿੜਨ ਦੀ ਇਸ ਰੁੱਤੇ ਪੰਜਾਬ ਦੇ ਖੁੱਲ੍ਹੇ ਖੁੱਲ੍ਹੇ ਖੇਤਾਂ ’ਚ ਦੂਰ ਦੂਰ ਤੱਕ ਜਵਾਨ ਹੋਈਆਂ ਕਣਕਾਂ ਦੀਆਂ ਹਰੀਆਂ ਪੱਟੀਆਂ ਵਿੱਚ ਖਿੜੀ ਸਰ੍ਹੋਂ ਦੇ ਫੁੱਲਾਂ ਨਾਲ ਪੀਲੀ ਭਾਅ ਮਾਰਦਾ ਆਲਾ ਦੁਆਲਾ ਕੁਦਰਤ ਦੀ ਸ਼ਾਹਕਾਰ ਚਿੱਤਰਕਾਰੀ ਦੇ ਦੀਦਾਰ ਵੀ ਕਰਵਾ ਦਿੰਦਾ ਹੈ। ਸਰ੍ਹੋਂ ਦੇ ਫੁੱਲਾਂ ਦੇ ਨਾਲ ਨਾਲ ਖੇਤਾਂ ’ਚ ਅਲਸੀ ਦੇ ਖਿੜੇ ਫੁੱਲ ਆਲੇ ਦੁਆਲੇ ਨੂੰ ਨੀਲੀਆਂ ਛੋਹਾਂ ਦੇ ਨਜ਼ਾਰੇ ਵੀ ਦੇਖਣ ਨੂੰ ਮਿਲਦੇ ਹਨ। ਖਿੜੇ ਹੋਏ ਵਾਤਾਵਰਨ ’ਚ ਅੰਬੀਆਂ ਆੜੂਆਂ, ਲੀਚੀਆਂ ਤੇ ਸੰਤਰਿਆਂ ਨੂੰ ਪਏ ਬੂਰ ’ਚ ਕੂਕਦੀਆਂ ਕੋਇਲਾਂ ਦਾ ਮਧੁਰ ਸੰਗੀਤ ਵੀ ਆਲੇ ਦੁਆਲੇ ਦੀ ਖੂਬਸੂਰਤੀ ਨੂੰ ਹੋਰ ਵੀ ਨਿਖਾਰ ਦਿੰਦਾ ਹੈ। ਫੁੱਲਾਂ ਤੇ ਰੰਗਾਂ ਦੀ ਮਦਦ ਨਾਲ ਕੁਦਰਤ ਦੇ ਸੁਹੱਪਣ ਨੂੰ ਦਰਸਾਉਣ ਵਾਲੀ ਰੁੱਤ ਹੋਣ ਕਰਕੇ ਹੀ ਬਸੰਤ ਨੂੰ ਰੁੱਤਾਂ ਦੀ ਰਾਣੀ ਹੋਣ ਦਾ ਮਾਣ ਮਿਲਿਆ ਹੈ। ਪੰਜਾਬ ਵਿੱਚ ਫੁੱਲਾਂ ਦੇ ਖਿੜਨ ਵਾਲੀ ਇਹ ਰੁੱਤ ਸਭ ਤੋਂ ਸੁਹਾਵਣੀ ਤੇ ਮਿੱਠੀ ਰੁੱਤ ਹੈ।
ਪੰਜਾਬ ਦੇ ਉੱਘੇ ਬਨਸਪਤੀ ਵਿਗਿਆਨੀ, ਸਾਹਿਤ, ਕਲਾ ਤੇ ਸੱਭਿਆਚਾਰ ਦੇ ਪ੍ਰਸੰਸਕ ਡਾ. ਮਹਿੰਦਰ ਸਿੰਘ ਰੰਧਾਵਾ ਦਾ ਵੀ ਫੁੱਲਾਂ ਤੇ ਰੁੱਖਾਂ ਨਾਲ ਵਿਸ਼ੇਸ਼ ਲਗਾਅ ਰਿਹਾ ਹੈ। ਦੇਸ਼ ਵਿਦੇਸ਼ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਪ੍ਰਬੰਧਕੀ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਉਨ੍ਹਾਂ ਫੁੱਲਾਂ ਤੇ ਰੁੱਖਾਂ ਦੀ ਵਿਗਿਆਨਕ ਖੋਜ ਕਰਨ ਦੇ ਨਾਲ ਨਾਲ ਇਨ੍ਹਾਂ ਦੀ ਸਾਹਿਤਕ ਤੇ ਕਲਾਮਈ ਮਹਾਨਤਾ ਦਾ ਵੀ ਵਿਵੇਚਨ ਕੀਤਾ ਹੈ। ਡਾ. ਰੰਧਾਵਾ ਦੱਸਦੇ ਹਨ ਕਿ ਪੁਰਾਤਨ ਸਾਹਿਤ ਵਿੱਚ ਵੀ ਰੁੱਖ ਤੇ ਫੁੱਲ ਦਾ ਵੀ ਵਿਸ਼ੇਸ਼ ਉਲੇਖ ਹੁੰਦਾ ਰਿਹਾ ਹੈ। ਬੁਲਬਲ ਦਾ ਗੁਲਾਬ ਦੇ ਫੁੱਲ ਲਈ ਪਿਆਰ ਤੇ ਬਸੰਤ ਰੁੁੱਤ ਦੀ ਸੁੰਦਰਤਾ ਈਰਾਨੀ ਕਵਿਤਾ ਦੇ ਹਰਮਨ ਪਿਆਰੇ ਵਿਸ਼ੇ ਹਨ। ਈਰਾਨ ਦੀ ਬਸੰਤ ਦੀ ਛਿੰਨ ਭੰਗਰ ਸੁੰਦਰਤਾ ਅਤੇ ਮਨੁੱਖ ਦੇ ਥੋੜ੍ਹ ਚਿਰੀ ਜੀਵਨ ਦਾ ਵਰਣਨ ਉਮਰ ਖਿਆਮ ਦੀਆਂ ਰੁਬਾਈਆਂ ਵਿੱਚ ਮਿਲਦਾ ਹੈ। ਵੱਖ ਵੱਖ ਦੇਸ਼ਾਂ ਵਿੱਚ ਫੁੱਲਾਂ ਤੇ ਬਗੀਚਿਆਂ ਦਾ ਵੱਡਾ ਅਧਿਆਤਮਕ ਮਨੋਰਥ ਵੀ ਮੰਨਿਆ ਗਿਆ ਹੈ ਕਿਉਂਕਿ ਇਨ੍ਹਾਂ ਦਾ ਕੁਦਰਤੀ ਤੇ ਸ਼ਾਂਤ ਵਾਤਾਵਰਨ ਮਨੁੱਖੀ ਮਨ ਦੀ ਖ਼ੁਸ਼ੀ ਤੇ ਇਕਾਗਰਤਾ ਲਈ ਸਹਾਈ ਹੁੰਦਾ ਹੈ। ਜਪਾਨ ਦੇ ਬਾਗ਼ ਬਗੀਚਿਆਂ ਦੀ ਇਹ ਵਿਸ਼ੇਸ਼ਤਾ ਹੈ ਕਿ ਇੱਥੇ ਲੋਕ ਮਨ ਦੀ ਇਕਾਗਰਤਾ ਦੇ ਨਾਲ ਨਾਲ ਦੁਨੀਆ ਦੇ ਝਗੜੇ ਝੇੜਿਆਂ ਨੂੰ ਭੁੱਲਣ ਤੇ ਜੀਵਨ ਦੀ ਭੱਜ ਦੌੜ ਤੋਂ ਜਾਨ ਬਚਾਉਣ ਬਗੀਚਿਆਂ ’ਚ ਜਾਂਦੇ ਹਨ। ਮੁਗ਼ਲਾਂ ਵਾਂਗ ਜਪਾਨੀ ਲੋਕ ਫੁੱਲਾਂ ਨੂੰ ਭਾਵਾਂ ਦੇ ਵੱਖ ਵੱਖ ਚਿੰਨ੍ਹ ਸਮਝਦੇ ਹਨ। ਇੱਥੇ ਆਲੂ ਬੁਖਾਰੇ ਦੇ ਚਿੱਟੇ ਫੁੱਲਾਂ ਨੂੰ ਅਧਿਆਤਮਕ ਸੁੰਦਰਤਾ ਦਾ ਚਿੰਨ੍ਹ ਮੰਨਿਆ ਜਾਂਦਾ ਹੈ ਤੇ ਚੈਰੀ ਦੇ ਗੁਲਾਬੀ ਫੁੱਲਾਂ ਨੂੰ ਪਦਾਰਥਕ ਤੇ ਸਰੀਰਕ ਸੁੰਦਰਤਾ ਦਾ। ਜਪਾਨ ਦੇ ਲੋਕ ਚੈਰੀ ਦੇ ਫੁੱਲਾਂ ਦੀ ਸੁੰਦਰਤਾ ਨੂੰ ਸਦੀਆਂ ਤੋਂ ਪਸੰਦ ਕਰਦੇ ਆ ਰਹੇ ਹਨ। ਜਪਾਨ ਵਿੱਚ ਵੱਖ ਵੱਖ ਤਿਉਹਾਰ ਵੀ ਫੁੱਲਾਂ ਦੇ ਖੇੜੇ ਅਨੁਸਾਰ ਹੀ ਮਨਾਏ ਜਾਂਦੇ ਹਨ। ਅੰਗਰੇਜ਼ ਫੁੱਲਾਂ ਦੇ ਵਿਸ਼ੇਸ਼ ਪ੍ਰ੍ਰੇਮੀ ਮੰਨੇ ਗਏ ਹਨ। ਅੰਗਰੇਜ਼ੀ ਬਸੰਤ ਮਦ ਮਸਤੀ ਤੇ ਸੁਹਜ ਲਈ ਪੂਰੇ ਸੰਸਾਰ ਵਿੱਚ ਪ੍ਰਸਿੱਧ ਹਨ। ਇੰਗਲੈਂਡ ਵਿੱਚ ਫੁਲੇਰਿਆਂ ਦੀਆਂ ਦੁਕਾਨਾਂ ਆਮ ਹਨ। ਇੱਕ ਅਨੁਮਾਨ ਮੁਤਾਬਿਕ ਕਿਸੇ ਵੇਲੇ ਉੱਥੇ ਹਰ ਸਾਲ ਡੇਢ ਕਰੋੜ ਪੌਂਡ ਫੁੱਲਾਂ ’ਤੇ ਖ਼ਰਚ ਕੀਤਾ ਜਾਂਦਾ ਸੀ ਤੇ ਫੁੱਲਾਂ ਦੇ ਧੰਦੇ ਤੋਂ ਇੱਕ ਲੱਖ ਆਦਮੀ ਰੋਟੀ ਕਮਾਉਂਦਾ ਰਿਹਾ ਹੈ। ਕੈਨੇਡਾ ਦਾ ਬਰੈਂਪਟਨ ਸ਼ਹਿਰ ਫੁੱਲ ਉਗਾਉਣ ਤੇ ਫੁੱਲਾਂ ਦੇ ਕਾਰੋਬਾਰ ਲਈ ਮਸ਼ਹੂਰ ਹੈ। ਇਸ ਸ਼ਹਿਰ ਨੂੰ ਫੁੱਲਾਂ ਦੀ ਪੈਦਾਵਾਰ ਹੋਣ ਕਰਕੇ ਹੀ ‘ਫੁੱਲਾਂ ਦੇ ਸ਼ਹਿਰ’ ਵਜੋਂ ਵੀ ਜਾਣਿਆ ਜਾਂਦਾ ਹੈ। ਬਰੈਂਪਟਨ ਸ਼ਹਿਰ ਦੀ ਇੱਕ ਖੂਬੀ ਇਹ ਵੀ ਹੈ ਕਿ ਇੱਥੇ ਸਕੂਲਾਂ ’ਚ ਅਧਿਆਪਕ ਵਿਦਿਆਰਥੀਆਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਪਾਉਣ ਲਈ ਚੰਗੀਆਂ ਕਿਤਾਬਾਂ ਦੀ ਜਾਣਕਾਰੀ ਵੀ ਦਿੰਦੇ ਹਨ ਤੇ ਆਪਣੀ ਘਰੇਲੂ ਲਾਇਬ੍ਰੇਰੀ ਵਿੱਚੋਂ ਵਿਦਿਆਰਥੀਆਂ ਨੂੰ ਚੰਗੀਆਂ ਪੁਸਤਕਾਂ ਪੜ੍ਹਨ ਲਈ ਵੀ ਦਿੰਦੇ ਹਨ।
ਦੱਸਿਆ ਜਾਂਦਾ ਹੈ ਕਿ ਪੱਛਮ ਦੇ ਲੋਕ ਫੁੱਲਾਂ ਦੇ ਰੰਗਾਂ ਨੂੰ ਜ਼ਿਆਦਾ ਪਸੰਦ ਕਰਦੇ ਹਨ ਜਦ ਕਿ ਭਾਰਤੀ ਸੁੰਗਧੀ ਵਾਲੇ ਫੁੱਲਾਂ ਨੂੰ। ਭਾਰਤੀ ਲੋਕਾਂ ਦੇ ਪੂਰਵਜਾਂ ਦਾ ਸੁਗੰਧਾਂ ਵਾਲੇ ਫੁੱਲਾਂ ਨਾਲ ਏਨਾ ਪਿਆਰ ਸੀ ਕਿ ਉਹ ਆਪਣੇ ਬਾਗ਼ਾਂ ਵਿੱਚ ਸੁਗੰਧਹੀਣ ਰੁੱਖ ਲਾਉਂਦੇ ਹੀ ਨਹੀਂ ਸਨ। ਭਾਰਤੀ ਬਗੀਚਿਆਂ ਨੂੰ ਉਦੋਂ ਤੱਕ ਸੰਪੂਰਨ ਬਗੀਚਾ ਨਹੀ ਮੰਨਿਆ ਜਾਂਦਾ ਜਿੰਨਾ ਚਿਰ ਇਨ੍ਹਾਂ ਵਿੱਚ ਚੰਬਾ, ਚਮੇਲੀ ਜਾਂ ਰਾਤ ਦੀ ਰਾਣੀ ਵਰਗਾ ਸੁਗੰਧੀਦਾਰ ਬੂਟਾ ਨਾ ਲੱਗਿਆ ਹੋਵੇ। ਇਹ ਵੀ ਮੰਨਿਆ ਜਾਂਦਾ ਹੈ ਕਿ ਫੁੱਲਾਂ ਤੋਂ ਨਾ ਸਿਰਫ਼ ਫ਼ਲ ਤੇ ਅੰਨ ਪ੍ਰਾਪਤ ਹੁੰਦਾ ਹੈ, ਸਗੋਂ ਫੁੱਲਾਂ ਨੇ ਸਾਨੂੰ ਵਨਮਾਨਸ ਤੋਂ ਇਨਸਾਨ ਬਣਾਇਆ ਹੈ।
ਭਾਰਤ ਵਿੱਚ ਕਰੀਬ 15 ਹਜ਼ਾਰ ਫੁੱਲਾਂ ਦੇ ਪੌਦੇ ਇੱਥੋਂ ਦੇ ਭੂਗੋਲਿਕ ਚੌਗਿਰਦੇ ਨੂੰ ਖੂਬਸੂਰਤ ਛੋਹਾਂ ਦੇਣ ਲਈ ਅਹਿਮ ਜ਼ਿੰਮੇਵਾਰੀ ਨਿਭਾਉਂਦੇ ਹਨ ਜੋ ਕੁਲ ਦੁਨੀਆ ਦਾ ਕਰੀਬ 6 ਫੀਸਦੀ ਬਣਦੇ ਹਨ। ਸੁੰਦਰਤਾ, ਸ਼ੁੱਧਤਾ ਤੇ ਗਿਆਨ ਦਾ ਪ੍ਰਤੀਕ ਮੰਨੇ ਜਾਣ ਵਾਲੇ ‘ਕਮਲ’ ਦੇ ਫੁੱਲ ਨੂੰ ਭਾਰਤ ਦੇ ਕੌਮੀ ਫੁੱਲ ਹੋਣ ਦਾ ਮਾਣ ਹਾਸਲ ਹੈ। ਗੁਲਾਬੀ, ਪੀਲੇ, ਲਾਲ ਤੇ ਸਫੈਦ ਰੰਗਾਂ ’ਚ ਮਿਲਣ ਵਾਲੇ ਕਮਲ ਦੇ ਫੁੱਲ ਦੇ ਭਾਰਤ ਦੀਆਂ ਪੌਰਾਣਿਕ ਕਥਾਵਾਂ ਵਿੱਚ ਵੀ ਹਵਾਲੇ ਮਿਲਣ ਕਰਕੇ ਇਸ ਨੂੰ ਪਵਿੱਤਰ ਫੁੱਲ ਕਿਹਾ ਜਾਂਦਾ ਹੈ। ਇਹ ਵੀਅਤਨਾਮ ਦਾ ਵੀ ਕੌਮੀ ਫੁੱਲ ਹੈ। ਝਾੜੀਦਾਰ ਪੌਦੇ ’ਤੇ ਲੱਗੇ ਖੂਬਸੂਰਤੀ ਤੇ ਖੁਸ਼ਬੋਆਂ ਦੀਆਂ ਬਾਤਾਂ ਪਾਉਣ ਵਾਲੇ ਗੁਲਾਬ ਨੂੰ ਫੁੱਲਾਂ ਦੇ ਰਾਜੇ ਤੇ ਅਮਰੀਕਾ ਦੇ ਕੌਮੀ ਫੁੱਲ ਹੋਣ ਦਾ ਮਾਣ ਹਾਸਲ ਹੈ। ਰੁਮਾਂਸ ਤੇ ਪਿਆਰ ਦਾ ਪ੍ਰਤੀਕ ਮੰਨਿਆ ਜਾਣ ਵਾਲਾ ਗੁਲਾਬ ਪਿਆਰ ਦੇ ਇਜ਼ਹਾਰ ਲਈ ਵਰਤੇ ਜਾਣ ਦੇ ਨਾਲ ਨਾਲ ਜ਼ਿੰਦਗੀ ਦੇ ਖਾਸ ਮੌਕਿਆਂ ਦੌਰਾਨ ਵੀ ਹਾਜ਼ਰ ਹੋਇਆ ਦਿੱਸਦਾ ਹੈ। ਦੁਨੀਆ ’ਚ ਵਧੇਰੇ ਲੋਕਾਂ ਦਾ ਪਸੰਦੀਦਾ ਫੁੱਲ ਹੋਣ ਕਰਕੇ ਗੁਲਾਬ ਕੁਦਰਤੀ ਔਸ਼ੁਧੀ ਹੋਣ ਕਰਕੇ ਦਵਾਈਆਂ ’ਚ ਵਰਤੋਂ ਦੇ ਨਾਲ ਖਾਣ ਲਈ ਗੁਲਕੰਦ ਤੇ ਇਤਰ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ। ਪਿਆਰ, ਮਿੱਤਰਤਾ ਤੇ ਸਤੁੰਲਿਤ ਪਹੁੰਚ ਦਾ ਪ੍ਰਤੀਕ ਮੰਨਿਆ ਜਾਣ ਵਾਲਾ ਗੁਲਾਬ ਦਾ ਸਾਲ ਦੇ ਫਰਬਰੀ ਮਹੀਨੇ ਵਿੱਚ ਇੱਕ ਖ਼ਾਸ ਦਿਨ ‘ਗੁਲਾਬ ਦਿਵਸ’ ਮਨਾ ਕੇ ਇਸ ਦੀ ਮਹੱਤਤਾ ਨੂੰ ਤਸਦੀਕ ਕੀਤਾ ਜਾਂਦਾ ਹੈ। ਇਨ੍ਹਾਂ ਤੋਂ ਇਲਾਵਾ ਗਲੈਡਿਓਲਸ, ਰਜ਼ਨੀਗੰਧਾ, ਕਨੇਰ, ਗੇਂਦਾ, ਚਮੇਲੀ, ਜਰਬੇਰਾ ਆਪਣੀ ਖੂਬਸੂਰਤੀ ਕਾਰਨ ਵੱਖ ਵੱਖ ਥਾਈਂ ਵਰਤੇ ਜਾਣ ਵਾਲੇ ਗੁਲਦਸਤੇ ਤਿਆਰ ਕਰਨ ਲਈ ਵਰਤੇ ਜਾਂਦੇ ਹਨ। ਇਨ੍ਹਾਂ ਤੋਂ ਇਲਾਵਾ ਸੂਰਜਮੁਖੀ, ਚਮੇਲੀ, ਗੁਲਦਾਉਦੀ, ਗੁਲਬਹਾਰ, ਨੀਲਕਮਲ, ਅਮਲਤਾਸ, ਗੁਲਮੋਹਰ, ਨਲਿਨੀ, ਚੰਦਮਲਿਕਾ, ਲਾਲਮੁਰਗਾ, ਨਰਗਿਸ, ਲਤਾ, ਅਪਰਾਜਿਤਾ, ਰਾਤ ਦੀ ਰਾਣੀ, ਨਾਗਚੰਪਾ, ਗੁਲਾਬੀ ਗੁਲਾਬ, ਗੁਲਚੰਦਨੀ, ਗੁਲਮਹਿੰਦੀ, ਮੋਤੀਆ, ਖਸਖਸ, ਗੁਲ ਏ ਅਸ਼ਰਫੀ, ਚਾਂਦਨੀ, ਗੁਲਅਬਾਸ, ਬਨਫੂ, ਕੈਨਡੂਲਾ, ਡੇਲੀਆ ਆਦਿ ਵਰਗੀਆਂ ਕਈ ਕਿਸਮਾਂ ਖੁਸ਼ਗਵਾਰ ਮੌਸਮਾਂ ਦੇ ਮਿਜਾਜ਼ ਨੂੰ ਸੰਵਾਰਨ ਤੇ ਖੂਬਸੂਰਤ ਬਣਾਉਣ ਲਈ ਬਾਗ਼ ਬਗੀਚਿਆਂ ਦਾ ਸ਼ਿੰਗਾਰ ਬਣਦੇ ਹਨ। ਆਜ਼ਾਦੀ ਪਿੱਛੋਂ ਪੰਜਾਬ ਲਈ ਬਣਾਈ ਨਵੀਂ ਰਾਜਧਾਨੀ ਚੰਡੀਗੜ੍ਹ ਦੇ ਨਕਸ਼ ਸੰਵਾਰਨ ਤੇ ਸ਼ਹਿਰ ਨੂੰ ਹਰਿਆ ਭਿਰਆ ਬਣਾਉਣ ਲਈ ਡਾ. ਮਹਿੰਦਰ ਸਿੰਘ ਰੰਧਾਵਾ ਨੇ ਚੋਣਵੇਂ ਸਜਾਵਟੀ ਬੂਟੇ ਤੇ ਦਰੱਖਤ ਸਾਰੀ ਦੁਨੀਆ ਭਰ ’ਚੋਂ ਮੰਗਵਾ ਕੇ ਇੱਥੇ ਲਾਏ ਸਨ। 1966 ਵਿੱਚ ਚੰਡੀਗੜ੍ਹ ਦੇ ਚੀਫ ਕਮਿਸ਼ਨਰ ਲੱਗਦੇ ਸਾਰ ਹੀ ਡਾ. ਰੰਧਾਵਾ ਨੇ ਇੱਥੇ ਏਸ਼ੀਆ ਦਾ ਸਭ ਤੋਂ ਵੱਡਾ ਗੁਲਾਬਾਂ ਦਾ ਬਾਗ਼ ਲਵਾਇਆ। ਡਾ. ਰੰਧਾਵਾ ਤੇ ਦੁਨੀਆ ਦੇ ਮਸ਼ਹੂਰ ਭਵਨ ਨਿਰਮਾਤਾ ਤੇ ਯੋਜਨਾਕਾਰ ਲੀ ਕਾਰਬੂਜ਼ਿਏ ਨੇ ਚੰਡੀਗੜ੍ਹ ਦੀ ਸਜਾਵਟ ਵਾਸਤੇ ਮਾਹਰੀਨਾਂ ਦੀ ਲੈਂਡਸਕੇਪਿੰਗ ਕਮੇਟੀ ਕਾਇਮ ਕਰਕੇ ਸੜਕਾਂ ਉੱਪਰ ਵੱਖ ਵੱਖ ਕਿਸਮਾਂ ਦੇ ਫੁੱਲਾਂ ਵਾਲੇ ਤੇ ਉੱਚੇ ਦਰੱਖਤਾਂ ਦੀ ਚੋਣ ਕੀਤੀ ਸੀ। ਇਹ ਡਾ. ਰੰਧਾਵਾ ਦੀ ਵਜ੍ਹਾ ਹੈ ਕਿ ਅੱਜ ਚੰਡੀਗੜ੍ਹ ਬਾਗ਼ਾਂ ਦਾ ਸ਼ਹਿਰ ਹੈ ਤੇ ਭਾਰਤ ਦਾ ਸਭ ਤੋਂ ਹਰਾ ਭਰਾ ਸ਼ਹਿਰ ਹੈ। ਸ਼ਹਿਰ ਦੇ ਕੇਂਦਰ ’ਚ 30 ਏਕੜ ਦੇ ਰਕਬੇ ’ਚ ਗੁਲਾਬ ਦੇ ਫੁੱਲਾਂ ਦੇ ਬਾਗ਼ ’ਚ ਇੱਕ ਲੱਖ ਤੋਂ ਵੱਧ ਦੀ ਗਿਣਤੀ ’ਚ ਸਜਾਵਟੀ ਪੌਦੇ ਲਾਏ ਜਿਨ੍ਹਾਂ ’ਚੋਂ 50 ਹਜ਼ਾਰ ਦੇ ਕਰੀਬ ਗੁਲਾਬ ਦੇ ਪੌਦੇ ਹਨ। ਦੇਸ਼ ਦੇ ਇਸ ਖੂਬਸੂਰਤ ਸ਼ਹਿਰ ਵਿੱਚ ਹਰ ਸਾਲ ਫਰਵਰੀ ਮਹੀਨੇ ਜ਼ਾਕਿਰ ਹੁਸੈਨ ਰੋਜ਼ ਗਾਰਡਨ ਵਿਖੇ ਲੱਗਦੇ ਗੁਲਾਬ ਮੇਲੇ ਦੌਰਾਨ ਸਥਾਨਕ ਲੋਕਾਂ ਤੇ ਸੈਲਾਨੀਆਂ ਨੂੰ ਗੁਲਾਬਾਂ ਤੇ ਹੋਰ ਫੁੱਲਾਂ ਦੇ ਕੁਦਰਤੀ ਜਲਵੇ ਦੇਖਣ ਨੂੰ ਮਿਲਦੇ ਹਨ।
ਪੰਜਾਬ ਦੀਆਂ ਇਮਾਰਤਸਾਜ਼ੀ, ਕੰਧ ਚਿੱਤਰ, ਬੁਣਤੀਆਂ, ਕਢਾਈਆਂ ਤੇ ਬਾਗ, ਫੁਲਕਾਰੀਆਂ ਵਿੱਚ ਵੀ ਇਸ ਖਿੱਤੇ ਦੀਆਂ ਮਹਿਕਾਂ ਵੰਡਣ ਵਾਲੀਆਂ ਕੁਦਰਤੀ ਸੌਗਾਤਾਂ ਯਾਨੀ ਰੰਗ ਬਿਰੰਗੇ ਫੁੱਲਾਂ ਤੇ ਬਨਸਪਤੀ ਦੇ ਨਮੂਨੇ ਸਹਿਜੇ ਹੀ ਦੇਖਣ ਨੂੰ ਮਿਲ ਜਾਂਦੇ ਹਨ। ਪੁਰਾਣੇ ਪੰਜਾਬ ਦੇ ਘਰਾਂ ਵਿੱਚ ਵਰਤੇ ਜਾਣ ਵਾਲੇ ਪਲੰਘ, ਪੀੜ੍ਹੀਆਂ, ਚਰਖੇ, ਸੰਦੂਕਾਂ, ਗੱਡੇ, ਗੱਡੀਆਂ ਤੇ ਦਰਵਾਜ਼ੇ ਤਿਆਰ ਕਰਨ ਵੇਲੇ ਕਾਰੀਗਰ ਆਪਣੀ ਹੱਥ ਸ਼ਿਲਪਕਾਰੀ ਦੀ ਕਾਰੀਗਰੀ ਦਿਖਾਉਣ ਲਈ ਪੰਜਾਬ ਦੀ ਜ਼ਮੀਨ ’ਤੇ ਖਿੜਨ ਵਾਲੇ ਫੁੱਲ ਤੇ ਵੇਲ ਬੂਟਿਆਂ ਦੀਆਂ ਆਕ੍ਰਿਤੀਆਂ ਨੂੰ ਹੀ ਪੇਸ਼ ਕਰਦੇ ਰਹੇ ਹਨ। ਪੰਜਾਬ ਦੀ ਲੋਕ ਕਲਾ ਫੁਲਕਾਰੀ ਦਾ ਤਾਂ ਨਾਮਕਰਨ ਹੀ ਫੁੱਲ ਤੇ ਕਾਰੀ ਸ਼ਬਦਾਂ ਦੇ ਸੁਮੇਲ ਤੋਂ ਹੋਇਆ ਹੈ, ਜਿਸ ਦਾ ਸਿੱਧਾ ਅਰਥ ਫੁੱਲਾਂ ਵਾਂਗ ਸਜਾਉਣਾ ਹੈ। ਫੁਲਕਾਰੀ ਦਾ ਹੁਨਰ ਸੱਚਮੁੱਚ ਹੀ ਫੁੱਲਾਂ ਵਿੱਚ ਵਿਚਰਨਾ ਹੈ। ਵੇਲ ਬੂਟੇ, ਛੋਟੇ ਵੱਡੇ ਫੁੱਲ ਫੁਲਕਾਰੀ ਦੀ ਜ਼ਿੰਦਜਾਨ ਬਣਦੇ ਹਨ।
ਹੁਣ ਹੈਰਾਨੀ ਇਸ ਗੱਲ ਦੀ ਹੈ ਕਿ ਇੱਕ ਪਾਸੇ ਕੁਦਰਤ ਨੇ ਇਨਸਾਨ ਦੀਆਂ ਝੋਲੀਆਂ ਫੁੱਲ, ਫ਼ਲਾਂ, ਬਨਸਪਤੀ, ਪੰਛੀ, ਪਰਿੰਦਿਆਂ, ਨਦੀਆਂ, ਦਰਿਆਵਾਂ ਵਰਗੀਆਂ ਕੁਦਰਤੀ ਸੌਗਾਤਾਂ ਨਾਲ ਭਰ ਦਿੱਤੀਆਂ, ਪਰ ਇਨਸਾਨ ਨੇ ਕੁਦਰਤ ਦਾ ਸ਼ੁਕਰਾਨਾ ਕਰਨ ਦੀ ਬਜਾਏ ਮਨੁੱਖੀ ਜ਼ਿੰਦਗੀ ਲਈ ਸਭ ਤੋਂ ਮਹੱਤਵਪੂਰਨ ਸ਼ੁੱਧ ਪੌਣ ਪਾਣੀ, ਮਿੱਟੀ, ਫੁੱਲ, ਫ਼ਲਾਂ ਤੇ ਹਰੀ ਭਰੀ ਬਨਸਪਤੀ ਨੂੰ ਅਖੌਤੀ ਤਰੱਕੀ ਤੇ ਮਹਿਜ਼ ਪਦਾਰਥਕ ਸੁੱਖਾਂ ਦੀ ਪ੍ਰਾਪਤੀ ਲਈ ਬੁਰੀ ਤਰ੍ਹਾਂ ਬਰਬਾਦ ਕਰਨ ਵਾਲਾ ਬੇਕਿਰਕ ਤੇ ਸੁਆਰਥੀ ਵਤੀਰਾ ਅਖ਼ਤਿਆਰ ਕਰ ਲਿਆ ਹੈ। ਬਾਜ਼ਾਰੂ ਵਸਤਾਂ ਦੀ ਪ੍ਰਾਪਤੀ ਲਈ ਲਾਈ ਜਾ ਰਹੀ ਅੰਨ੍ਹੀ ਦੌੜ ਦੌੜਦਿਆਂ ਇਨਸਾਨ ਕੋਲ ਤੇਜ਼ੀ ਨਾਲ ਪ੍ਰਦੂਸ਼ਿਤ ਹੋ ਰਹੇ ਪਾਣੀ, ਹਵਾ ਤੇ ਮਿੱਟੀ ਲਈ ਫਿਕਰ ਕਰਨ ਲਈ ਵਕਤ ਨਹੀਂ ਹੈ। ਅੱਜ ਇਨਸਾਨ ਆਧੁਨਿਕ ਜ਼ਿੰਦਗੀ ਦੀ ਦੌੜ ਭੱਜ ਨਾਲ ਪੈਦਾ ਹੋਈ ਬੇਚੈਨੀ ਤੇ ਮਾਨਸਿਕ ਤਣਾਅ ਦੀ ਸਜ਼ਾ ਭੋਗਦਾ ਕੁਦਰਤ ਤੋਂ ਦੂਰੀ ਬਣਾ ਕੇ ਬਸੰਤ ਰੁੱਤ ਵਰਗੀਆਂ ਰੁੱਤਾਂ ਅਤੇ ਵੱਖ ਵੱਖ ਮੌਸਮਾਂ ’ਚ ਮਹਿਕਦੀਆਂ ਤੇ ਸ਼ੋਖੀਆਂ ਦੀਆਂ ਬਾਤਾਂ ਪਾਉਂਦੀਆਂ ਖੂਬਸੂਰਤ ਸੌਗਾਤਾਂ ਦੀਆਂ ਬਖ਼ਸ਼ਿਸ਼ਾਂ ਮਾਣਨ ਤੋਂ ਇਨਕਾਰੀ ਹੋ ਰਿਹਾ ਹੈ।
ਸੰਪਰਕ: 70877-87700