For the best experience, open
https://m.punjabitribuneonline.com
on your mobile browser.
Advertisement

ਫੂਲ ਤੁਮ੍ਹੇਂ ਭੇਜਾ ਹੈ ਖ਼ਤ ਮੇਂ...

12:05 PM Aug 26, 2023 IST
ਫੂਲ ਤੁਮ੍ਹੇਂ ਭੇਜਾ ਹੈ ਖ਼ਤ ਮੇਂ
Advertisement

ਕਮਲੇਸ਼ ਉੱਪਲ

Advertisement

ਪਿਛਲੀ ਸਦੀ ਦਾ ਫਿਲਮ ਸੰਗੀਤ ਮਨੁੱਖ ਦੀ ਸਿਰਜਨ ਸ਼ਕਤੀ ਦੀ ਅਜਿਹੀ ਪ੍ਰਾਪਤੀ ਹੈ ਜਿਸ ਨੇ ਇਨਸਾਨੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਰੁਸ਼ਨਾਇਆ ਅਤੇ ਸਰਸ਼ਾਰ ਕੀਤਾ ਹੈ। ਕੈਮਰੇ ਦੀ ਤਾਕਤ ਦੀ ਵਰਤੋਂ ਨਾਲ ਸੰਜੋਈ ਗਈ ਫਿਲਮ ਤਕਨੀਕ ਨੇ ਗੀਤਾਂ ਦੇ ਰੂਪ ਵਿੱਚ ਸੰਗੀਤ ਦਾ ਸਹਾਰਾ ਲੈ ਕੇ ਉਹ ਬੁਲੰਦੀਆਂ ਹਾਸਲ ਕੀਤੀਆਂ ਹਨ ਜਿਸ ਦੀ ਮਿਸਾਲ ਹੋਰ ਕੋਈ ਨਹੀਂ। ਇਨ੍ਹਾਂ ਗੀਤਾਂ ਲਈ ਹਿੰਦੁਸਤਾਨੀ ਸ਼ਾਸਤਰੀ ਸੰਗੀਤ, ਲੋਕ ਸੰਗੀਤ, ਪੱਛਮੀ ਸੰਗੀਤ ਅਤੇ ਹੋਰ ਅਰਬੀ, ਈਰਾਨੀ, ਅਫ਼ਰੀਕੀ ਆਦਿ ਸੰਗੀਤਕ ਪੱਧਤੀਆਂ ਤੋਂ ਜੋ ਹਾਸਲ ਹੋ ਸਕਿਆ, ਉਹ ਵਰਤਿਆ ਗਿਆ। ਇਨ੍ਹਾਂ ਫਿਲਮੀ ਗੀਤਾਂ ਦੇ ਗਾਇਕਾਂ ਨੇ ਲੋਕ-ਮਾਨਸ ਵਿੱਚ ਜੋ ਸਥਾਨ ਹਾਸਲ ਕੀਤਾ ਹੈ ਉਸ ਦੀ ਨਾਯਾਬੀ ਵੀ ਕਮਾਲ ਦੀ ਹੈ। ਅੱਜ ਵੀ ਮੌਕੇ ਮੁਤਾਬਕ ਕਈ ਵਾਰ ਹਰ ਬਸ਼ਰ ਦੀ ਸੋਚ ਵਿੱਚ ਇਨ੍ਹਾਂ ਗੀਤਾਂ ਦੀਆਂ ਸੁਰਾਵਲੀਆਂ ਗੂੰਜ ਉੱਠਦੀਆਂ ਹਨ ਅਤੇ ਨਾਲ ਹੀ ਗਾਉਣ ਵਾਲਿਆਂ ਦੇ ਨਾਮ ਯਾਦ ਆ ਜਾਂਦੇ ਹਨ। ਇਸੇ ਸੰਦਰਭ ਵਿੱਚ ਕਈ ਵਾਰੀ ਗਾਇਕ ਮੁਕੇਸ਼ ਦਾ ਨਾਮ ਵੀ ਜ਼ੁਬਾਨ ’ਤੇ ਆ ਜਾਂਦਾ ਹੈ। ਇਹ ਸਾਲ ਯਾਨੀ 2023 ਗਾਇਕ ਮੁਕੇਸ਼ ਦੀ ਜਨਮ ਸ਼ਤਾਬਦੀ ਦਾ ਸਾਲ ਹੈ।
22 ਜੁਲਾਈ 1923 ਨੂੰ ਪੈਦਾ ਹੋਏ ਗਾਇਕ ਮੁਕੇਸ਼ ਨੇ ਮੁੰਬਈ (ਉਦੋਂ ਬੰਬਈ) ਫਿਲਮ ਨਗਰੀ ਵੱਲ ਅਦਾਕਾਰ ਬਣਨ ਲਈ ਚਾਲੇ ਪਾਏ ਸਨ ਅਤੇ ਇੱਕ ਦੋ ਫਿਲਮਾਂ ਵਿੱਚ ਕੰਮ ਵੀ ਕੀਤਾ, ਪਰ ਜਲਦੀ ਹੀ ਰਾਜ ਕਪੂਰ ਵਰਗੇ ਸ੍ਰੇਸ਼ਟ ਤੇ ਸੰਭਾਵੀ ਸ਼ੋਮੈਨ ਨੂੰ ਮੁਕੇਸ਼ ਦੀ ਆਵਾਜ਼ ਆਪਣੀ ਆਵਾਜ਼ ਵਰਗੀ ਲੱਗੀ ਤੇ ਉਸ ਨੇ ਆਪਣੀ ਲਗਭਗ ਹਰ ਫਿਲਮ ਲਈ ਇਸ ਆਵਾਜ਼ ਨੂੰ ਵਰਤਿਆ। ਫਿਲਮ ‘ਪਹਿਲੀ ਨਜ਼ਰ’ (1945) ਵਿੱਚ ਮੁਕੇਸ਼ ਨੇ ਪਹਿਲਾ ਗੀਤ ‘ਆਂਸੂ ਨਾ ਬਹਾ ਫਰਿਆਦ ਨਾ ਕਰ’ ਰਿਕਾਰਡ ਕਰਾਇਆ। ਇਸ ਗੀਤ ਨੂੰ ਸੁਣ ਕੇ ਸਹਿਗਲ ਦੀ ਆਵਾਜ਼ ਦਾ ਭੁਲੇਖਾ ਪੈਂਦਾ ਹੈ। ਇਉਂ ਜਾਪਦਾ ਹੈ ਕਿ ਮੁਕੇਸ਼ ਉਸ ਸਮੇਂ ਦੇ ਸਰਬਉੱਚ ਗਾਇਕ ਸਹਿਗਲ ਤੋਂ ਬਹੁਤ ਮੁਤਾਸਰ ਸੀ। ਜਲਦੀ ਹੀ ਨੌਸ਼ਾਦ ਵਰਗੇ ਵੱਡੇ ਸੰਗੀਤਕਾਰ ਦੀ ਪ੍ਰੇਰਨਾ ਅਤੇ ਸਿਖਲਾਈ ਸਦਕਾ ਮੁਕੇਸ਼ ਆਪਣੀ ਅਸਲੀ ਮਿੱਠੀ, ਗੰਭੀਰ ਅਤੇ ਮਾਸੂਮੀਅਤ ਭਰੀ ਆਵਾਜ਼ ਵਿੱਚ ਗਾਉਣ ਲੱਗ ਪਿਆ। ਉਸ ਦੇ ਪਹਿਲੇ ਗਾਏ ਗੀਤਾਂ ਵਿੱਚ ‘ਜ਼ਿੰਦਾ ਹੂੰ ਇਸ ਤਰਹਾ ਕਿ ਗ਼ਮ-ਏ-ਜ਼ਿੰਦਗੀ ਨਹੀਂ; ਜਲਤਾ ਹੂਆ ਦੀਆ ਹੂੰ ਮਗਰ ਰੌਸ਼ਨੀ ਨਹੀਂ’ ਅੱਜ ਵੀ ਹਰ ਸਰੋਤਾ ਹਿਰਦੇ ਨੂੰ ਸੋਜ਼ ਵਿੱਚ ਡੁਬੋ ਦਿੰਦਾ ਹੈ। ਇਸੇ ਗ਼ਮਗੀਨ ਰੌਂਅ ਵਿੱਚ ਸਰਾਬੋਰ ਕਰਨ ਵਾਲਾ ਇੱਕ ਹੋਰ ਗੀਤ ਹੈ ‘ਤੇਰੀ ਦੁਨੀਆ ਮੇਂ ਦਿਲ ਲਗਤਾ ਨਹੀਂ ਵਾਪਸ ਬੁਲਾ ਲੇ, ਮੈਂ ਸਜਦੇ ਮੇਂ ਗਿਰਾ ਹੂੰ ਮੁਝ ਕੋ ਐ ਮਾਲਿਕ ਉਠਾ ਲੇ’ (ਫਿਲਮ : ਬਾਵਰੇ ਨੈਨ, 1950)।
ਮੁਕੇਸ਼ ਨੇ ਲਗਭਗ ਸਾਰੇ ਗੰਭੀਰ ਗੀਤ ਹੀ ਗਾਏ। ਸ਼ਾਇਦ ਹੀ ਕਿਸੇ ਗੀਤ ਵਿੱਚ ਹਾਸਰਸ ਸ਼ਾਮਲ ਹੋਇਆ ਹੋਵੇ। ਫਿਲਮ ‘ਬਰਸਾਤ’ (1949) ਵਿਚਲੇ ਇੱਕੋ ਗੀਤ (ਕਲੱਬ ਸੌਂਗ) ਵਿੱਚ ਉਸ ਦੀਆਂ ਗਾਈਆਂ ਲਾਈਨਾਂ ਹਨ ‘ਪਤਲੀ ਕਮਰ ਹੈ, ਤਿਰਛੀ ਨਜ਼ਰ ਹੈ, ਖਿਲੇ ਫੂਲ ਸੀ ਤੇਰੀ ਜਵਾਨੀ ਕੋਈ ਬਤਾਏ ਕਹਾਂ ਕਸਰ ਹੈ।’ ਇਸ ਗੀਤ ਉੱਤੇ ਅਭਿਨੇਤਰੀ ਕੁੱਕੂ ਡਾਂਸ ਕਰ ਰਹੀ ਹੈ ਤੇ ਦੂਜੇ ਪਾਸੇ ਲਤਾ ਦੀ ਆਵਾਜ਼ ਵਿੱਚ ਗੀਤ ਗਾਉਂਦੀ ਨਿੰਮੀ ਨਾਇਕ ਦੀ ਉਡੀਕ ਵਿੱਚ ਮਰ ਰਹੀ ਹੈ। ਮੁਕੇਸ਼ ਨੇ ਆਪਣੀ 53 ਸਾਲ ਦੀ ਉਮਰ ਵਿੱਚ ਕੁਲ 1300 ਦੇ ਲਗਭਗ ਗੀਤ ਗਾਏ। ਮੁਕੇਸ਼ ਬਾਰੇ ਇਹ ਆਮ ਧਾਰਨਾ ਹੈ ਕਿ ਉਸ ਨੇ ਸ਼ੰਕਰ-ਜੈ ਕਿਸ਼ਨ ਦੀ ਸੰਗੀਤਕਾਰ ਜੋੜੀ ਦੀਆਂ ਰਚਨਾਵਾਂ ਸਭ ਤੋਂ ਵੱਧ ਗਾਈਆਂ ਕਿਉਂਕਿ ਰਾਜ ਕਪੂਰ ਦੀਆਂ ਫਿਲਮਾਂ ਦੇ ਸੰਗੀਤਕਾਰ ਸ਼ੰਕਰ-ਜੈ ਕਿਸ਼ਨ ਹੀ ਹੁੰਦੇ ਸਨ। ਮੁਕੇਸ਼ ਵੀ ਆਵਾਜ਼ ਦੀ ਮਧੁਰਤਾ ਦਾ ਬਿਆਨ ਸਰਦਾਰ ਮਲਿਕ (ਅਨੂ ਮਲਿਕ ਦੇ ਪਿਤਾ) ਦੇ ਸੁਰਬੱਧ ਕੀਤੇ ਗੀਤ ‘ਸਾਰੰਗਾ ਤੇਰੀ ਯਾਦ ਮੇਂ ਨੈਨ ਹੂਏ ਬੇਚੈਨ’ ਬਿਨਾਂ ਅਧੂਰਾ ਹੈ।
ਪੁਸਤਕ ‘ਧੁਨੋਂ ਕੀ ਯਾਤਰਾ’ ਦੇ ਰਚੇਤਾ ਪੰਕਜ ਰਾਗ ਦਾ ਕਹਿਣਾ ਹੈ ਕਿ ਮੁਕੇਸ਼ ਨੇ ਸਭ ਤੋਂ ਵੱਧ ਗੀਤ ਕਲਿਆਣ ਜੀ-ਆਨੰਦ ਜੀ ਲਈ ਗਾਏ। ਫਿਲਮ ‘ਸਰਸਵਤੀ ਚੰਦਰ’ ਦੇ ਦੋ ਗੀਤ ‘ਫੂਲ ਤੁਮ੍ਹੇਂ ਭੇਜਾ ਹੈ ਖ਼ਤ ਮੇਂ’ ਅਤੇ ‘ਚੰਦਨ ਸਾ ਬਦਨ ਚੰਚਲ ਚਿਤਵਨ’ ਕਿੰਨੀ ਵੀ ਵਾਰੀ ਸੁਣੇ ਜਾਣ, ਇਨ੍ਹਾਂ ਨੂੰ ਸੁਣਨ ਲਈ ਦਿਲ ‘ਇੱਕ ਵਾਰੀ ਹੋਰ’ ਦੀ ਮਹਾਰਨੀ ਰਟਦਾ ਰਹਿੰਦਾ ਹੈ। ਇਹ ਦੋਵੇਂ ਮੁਕੇਸ਼ ਦੇ ਲਤਾ ਨਾਲ ਗਾਏ ਦੋਗਾਣੇ ਹਨ। ਮੁਕੇਸ਼ ਦੇ ਦੋ-ਗਾਣਿਆਂ ਵਿੱਚ ਮਸ਼ਹੂਰ ਸੀਨੀਅਰ ਗਾਇਕਾ ਸ਼ਮਸ਼ਾਦ ਨਾਲ ਗਾਇਆ ਗੀਤ ‘ਮੈਨੇ ਦੇਖੀ ਜਗ ਕੀ ਰੀਤ ਮੀਤ ਸਬ ਝੂਠੇ ਪੜ ਗਏ’ (ਫਿਲਮ : ਸੁਨਹਿਰੇ ਦਿਨ), ਗੀਤਾ ਦੱਤ ਨਾਲ ਗਾਇਆ ਗੀਤ ‘ਖ਼ਯਾਲੋਂ ਮੇਂ ਕਿਸੀ ਕੇ ਇਸ ਤਰਹਾ ਆਇਆ ਨਹੀਂ ਕਰਤੇ’ (ਫਿਲਮ : ਬਾਵਰੇ ਨੈਨ, 1950) ਆਪਣੀ ਵੱਖਰੀ ਛਾਪ ਨਾਲ ਜ਼ਿਹਨ ’ਚ ਰਸ ਘੋਲਦੇ ਹਨ। 1966 ਵਿੱਚ ਬਣੀ ਫਿਲਮ ‘ਦੇਵਰ’ ਦੇ ਗੀਤ ‘ਬਹਾਰੋਂ ਨੇ ਮੇਰਾ ਚਮਨ ਲੂਟ ਕਰ ਖ਼ਿਜ਼ਾਂ ਕੋ ਯੇ ਇਲਜ਼ਾਮ ਕਿਉਂ ਦੇ ਦੀਆ’ ਰਾਹੀਂ ਨਾਇਕ ਦੀ ਹੈਰਤ ਅਤੇ ਨਿਰਾਸ਼ਾ ਸਰੋਤਿਆਂ ਦਾ ਮਨ ਡੁਲਾ ਦਿੰਦੀ ਹੈ। ਮੁੱਖੜੇ ਦੇ ਮੁੱਢਲੇ ਸ਼ਬਦਾਂ ‘ਬਹਾਰੋਂ ਨੇ’ ਵਾਲਾ ਇੱਕ ਹੋਰ ਗੀਤ ਮੁਕੇਸ਼ ਦੀਆਂ ਮੁੱਢਲੀਆਂ ਫਿਲਮਾਂ ਵਿਚਲੀ ਫਿਲਮ ‘ਸੁਨਹਿਰੇ ਦਿਨ’ ਵਿੱਚੋਂ ਹੈ। ਗੀਤ ਦੇ ਬੋਲ ਹਨ: ‘ਬਹਾਰੋਂ ਨੇ ਜਿਸੇ ਛੇੜਾ ਹੈ ਵੋ ਸਾਜ਼-ਏ-ਜਵਾਨੀ ਹੈ, ਜ਼ਮਾਨਾ ਸੁਨ ਰਹਾ ਹੈ ਜਿਸ ਕੋ ਵੋ ਮੇਰੀ ਕਹਾਨੀ ਹੈ।’ ਬਹਾਰਾਂ ਦੇ ਜ਼ਿਕਰ ਨਾਲ ਸ਼ੁਰੂ ਹੁੰਦੇ ਇਹ ਦੋਵੇਂ ਗੀਤ ਇਤਫ਼ਾਕਨ ਦੋ ਵਿਪਰੀਤ ਰੌਆਂ ਦਾ ਇਜ਼ਹਾਰ ਕਰਨ ਵਾਲੇ ਹਨ। ਫਿਲਮ ਆਵਾਰਾ (1951) ਦੇ ਗੀਤ ‘ਆਵਾਰਾ ਹੂੰ...’ ਨੇ ਉਸ ਸਮੇਂ ਰੂਸ ਦੀ ਜਨਤਾ ਦੇ ਦਿਲਾਂ ’ਤੇ ਰਾਜ ਕੀਤਾ ਅਤੇ ਉਹ ਇਸ ਗੀਤ ਦੇ ਰੂਸੀ ਭਾਸ਼ਾ ਵਿੱਚ ਅਨੁਵਾਦ ਨੂੰ ਗੁਣਗੁਣਾਉਂਦੇ ਰਹੇ।
ਮੁਕੇਸ਼ ਕੋਲ ਰਫ਼ੀ ਜਾਂ ਮੰਨਾ ਡੇ ਵਰਗੀ ਬੁਲੰਦ ਸੁਰਾਂ ਵਾਲੀ ਆਵਾਜ਼ ਨਹੀਂ ਸੀ, ਪਰ ਉਸ ਦੀਆਂ ਸੁਰਲਹਿਰੀਆਂ ਸ਼ਾਂਤ ਵਹਿੰਦੇ ਪਾਣੀਆਂ ਜਿਹੇ ਨਾਦ ਰਾਹੀਂ ਦਿਲ ਦੀਆਂ ਡੂੰਘਾਣਾਂ ਵਿੱਚ ਲਹਿ ਜਾਂਦੀਆਂ ਹਨ। ‘ਮੇਰਾ ਨਾਮ ਜੋਕਰ’ (1970) ਦੇ ਦੋ ਗੀਤ ‘ਜਾਨੇ ਕਹਾਂ ਗਏ ਵੋ ਦਿਨ’ ਅਤੇ ‘ਜੀਨਾ ਯਹਾਂ ਮਰਨਾ ਯਹਾਂ’ ਵਿਚਲੀ ਮਾਸੂਸੀਅਤ ਨੂੰ ਜ਼ਾਹਰ ਕਰਨ ਲਈ ਮੁਕੇਸ਼ ਦੀ ਆਵਾਜ਼ ਹੀ ਢੁੱਕਵੀਂ ਸਾਬਤ ਹੋ ਸਕਦੀ ਸੀ। ‘ਰਮੱਈਆ ਵਸਤਾ ਵੱਈਆ’ (ਫਿਲਮ ਸ਼ਿਰੀ 420, 1955) ਜਾਂ ‘ਸਬ ਕੁਛ ਸੀਖਾ ਹਮਨੇ ਨਾ ਸੀਖੀ ਹੋਸ਼ਿਆਰੀ ਸਚ ਹੈ ਦੁਨੀਆ ਵਾਲੋ ਕਿ ਹਮ ਹੈ ਅਨਾੜੀ’ (ਫਿਲਮ : ਅਨਾੜੀ, 1959) ਵਿੱਚ ਰੁਮਾਨੀ ਅਤੇ ਭਾਵਨਾਤਮਕ ਸੁਰਾਂ ਦੀ ਲਾਜਵਾਬੀ ਸਚਮੁੱਚ ਮਹਿਸੂਸ ਹੋ ਜਾਂਦੀ ਹੈ।
ਜੀਵਨ-ਫ਼ਲਸਫ਼ੇ ਦੀ ਗੱਲ ਨੂੰ ਸੁਰਾਂ ਦੇ ਵੇਗ ਅਤੇ ਰਵਾਨੀ ਸਹਿਤ ਬਿਆਨਦੇ ਦੋ ਗੀਤ ਕਦੇ ਸੁਣ ਕੇ ਵੇਖੋ: ‘ਸਜਨ ਰੇ ਝੂਠ ਮਤ ਬੋਲੋ’ (ਫਿਲਮ : ਤੀਸਰੀ ਕਸਮ,1966) ਅਤੇ ‘ਛੋਟੀ ਸੀ ਯੇ ਜ਼ਿੰਦਗਾਨੀ’ (ਫਿਲਮ : ਆਹ, 1953)। ਇਹ ਦੋਵੇਂ ਗੀਤ ਸੁਣ ਕੇ ਤੁਸੀਂ ਮੁਕੇਸ਼ ਦੀ ਅਦਾਇਗੀ ਦੇ ਕਾਇਲ ਹੋ ਜਾਓਗੇ। ਉਸ ਦਾ ਗਾਇਆ ਆਖ਼ਰੀ ਗੀਤ ‘ਇਕ ਦਿਨ ਬਿਕ ਜਾਏਗਾ ਮਾਟੀ ਕੇ ਮੋਲ, ਜਗ ਮੇ ਰਹਿ ਜਾਏਂਗੇ ਪਿਆਰੇ ਤੇਰੇ ਬੋਲ’ ਵੀ ਇਸੇ ਜੀਵਨ ਫ਼ਲਸਫ਼ੇ ਨੂੰ ਬਿਆਨ ਕਰਦਾ ਹੈ।
ਮਹਿਜ਼ 53 ਸਾਲ ਦੀ ਉਮਰ ਵਿੱਚ 27 ਅਗਸਤ, 1976 ਨੂੰ ਡਿਟਰੌਇਟ (ਅਮਰੀਕਾ) ਵਿਖੇ ਹੋਣ ਵਾਲੇ ‘ਕਨਸਰਟ’ ਤੋਂ ਪਹਿਲਾਂ ਹੀ ਬੀਬੇ ਅਤੇ ਨੇਕਦਿਲ ਮੁਕੇਸ਼ ਨੇ ਹਾਰਟ ਅਟੈਕ ਤੋਂ ਬਾਅਦ ਸੰਸਾਰ ਨੂੰ ਅਲਵਿਦਾ ਆਖ ਦਿੱਤੀ, ਪਰ ਉਸ ਦੀ ਆਵਾਜ਼ ਰਹਿੰਦੀ ਦੁਨੀਆ ਤੱਕ ਸਾਡੇ ਕੰਨਾਂ ਵਿੱਚ ਰਸ ਘੋਲਦੀ ਰਹੇਗੀ।
ਸੰਪਰਕ: 98149-02564

Advertisement
Author Image

sukhwinder singh

View all posts

Advertisement
Advertisement
×