ਤੈਨੂੰ ਹਲ਼ ਵਾਹੁਣਾ ਨਾ ਆਵੇ...
ਜੱਗਾ ਸਿੰਘ ਆਦਮਕੇ
ਪੰਜਾਬੀ ਸੱਭਿਆਚਾਰ ਅਤੇ ਕਿਸਾਨੀ ਦਾ ਰਿਸ਼ਤਾ ਬੜਾ ਗਹਿਰਾ ਹੈ। ਅਸਲ ਵਿੱਚ ਖੇਤੀਬਾੜੀ ਪੰਜਾਬੀ ਸੱਭਿਆਚਾਰ ਦਾ ਕੇਂਦਰੀ ਧੁਰਾ ਹੈ। ਇਸ ਵਿੱਚ ਬਹੁਤ ਕੁਝ ਕਿਸਾਨੀ ਨਾਲ ਸਬੰਧਤ ਹੈ। ਕੁਝ ਅਜਿਹਾ ਹੋਣ ਕਾਰਨ ਪੰਜਾਬੀ ਦੇ ਗੀਤਾਂ ਤੇ ਬੋਲੀਆਂ ਵਿੱਚ ਕਿਸਾਨੀ ਨਾਲ ਸਬੰਧਤ ਕੰਮਾਂ, ਸੰਦਾਂ ਆਦਿ ਦਾ ਵੱਡੇ ਪੱਧਰ ’ਤੇ ਜ਼ਿਕਰ ਮਿਲਦਾ ਹੈ। ਕਿਸਾਨੀ ਨਾਲ ਸਬੰਧਤ ਬਹੁਤ ਸਾਰੇ ਪੱਖਾਂ ਦੇ ਨਾਲ ਨਾਲ ਹਲ਼ ਤੇ ਹਾਲੀ ਇੱਕ ਪ੍ਰਮੁੱਖ ਪੱਖ ਹੈ। ਗੁਰਬਾਣੀ ਵਿੱਚ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਬਹੁਤ ਸਾਰੇ ਪੱਖਾਂ ਦਾ ਵਰਣਨ ਮਿਲਦਾ ਹੈ। ਇਨ੍ਹਾਂ ਵਿੱਚ ਪ੍ਰਤੀਕਾਤਮਕ ਰੂਪ ਵਿੱਚ ਖੇਤੀਬਾੜੀ ਦੇ ਵੱਖ ਵੱਖ ਸੰਦਾਂ ਦਾ ਵੀ ਜ਼ਿਕਰ ਮਿਲਦਾ ਹੈ। ਕੁਝ ਇਸੇ ਤਰ੍ਹਾਂ ਹੀ ਖੇਤੀਬਾੜੀ ਦੇ ਮੁੱਖ ਸੰਦ ਹਲ਼ ਤੇ ਹਾਲ਼ੀ ਸਬੰਧੀ ਵੀ ਜ਼ਿਕਰ ਮਿਲਦਾ ਹੈ;
ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ।
ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ।
***
ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ॥
ਹਲੁ ਜੋਤੈ ਉਦਮੁ ਕਰੇ ਮੇਰਾ ਪੁਤੁ ਧੀ ਖਾਇ॥
ਫ਼ਸਲਾਂ ਉਗਾਉਣ ਦੇ ਨਾਲ ਸਬੰਧਤ ਸਭ ਤੋਂ ਪਹਿਲਾ ਅਤੇ ਅਹਿਮ ਕੰਮ ਖੇਤ ਤਿਆਰ ਕਰਨਾ ਹੈ। ਖੇਤ ਵਿੱਚ ਹਲ਼ ਵਾਹ ਕੇ ਖੇਤ ਤਿਆਰ ਕੀਤਾ ਜਾਂਦਾ ਹੈ। ਇਸ ਕੰਮ ਨੂੰ ਬੜੀ ਹਿੰਮਤ ਅਤੇ ਮਿਹਨਤ ਨਾਲ ਕੀਤਾ ਜਾਂਦਾ ਹੈ। ਇਹ ਕੰਮ ਪਸ਼ੂਆਂ ਦੀ ਸਹਾਇਤਾ ਨਾਲ ਕੀਤੇ ਜਾਣ ਕਾਰਨ ਕਾਫ਼ੀ ਸਮਾਂ ਲੈਣ ਵਾਲਾ ਹੁੰਦਾ ਸੀ। ਕੰਮ ਨੂੰ ਜਲਦੀ ਨਿਪਟਾਉਣ ਦੇ ਉਦੇਸ਼ ਨਾਲ ਕਿਸਾਨ ਸਵੇਰੇ ਜਲਦੀ ਉੱਠ ਖੇਤਾਂ ਵਿੱਚ ਜਾ ਹਲ਼ ਜੋੜਦੇ ਸਨ। ਅਜਿਹਾ ਹੋਣ ਕਾਰਨ ਖੇਤ ਹਲ਼ ਜੋੜਨ ਵਿੱਚ ਦੇਰੀ ਕਰਨ ਵਾਲੇ ਕਿਸਾਨ ਨੂੰ ਸਬੰਧਤ ਦੀ ਪਤਨੀ ਵੱਲੋਂ ਜਲਦੀ ਖੇਤ ਜਾਣ ਸਬੰਧੀ ਟੱਪਿਆਂ, ਲੋਕ ਬੋਲੀਆਂ, ਲੋਕ ਗੀਤਾਂ ਵਿੱਚ ਕਿਹਾ ਕੁਝ ਇਸ ਤਰ੍ਹਾਂ ਮਿਲਦਾ ਹੈ;
ਉੱਠ ਵੇ ਸੁੱਤਿਆ ਬੇਫਿਕਰਿਆ ਸ਼ੁਕੀਨਾਂ
ਤੇਰੇ ਹਾਣ ਦਿਆਂ ਖੇਤਾਂ ਵਿੱਚ ਹਲ਼ ਜੋੜੇ।
ਹਲ਼ ਵਾਹੁਣ ਵਾਲੇ ਕਿਸਾਨ ਆਮ ਤੌਰ ’ਤੇੇ ਸਵੇਰੇ ਜਲਦੀ ਖੇਤਾਂ ਨੂੰ ਚਲੇ ਜਾਂਦੇ ਸਨ। ਅਜਿਹਾ ਕਰਨ ਨਾਲ ਜਿੱਥੇ ਵਹਾਈ ਬਿਜਾਈ ਦਾ ਕੰਮ ਵਧੇਰੇ ਹੁੰਦਾ ਸੀ, ਉੱਥੇ ਗਰਮੀ ਵਰਗੇ ਮੌਸਮ ਤੋਂ ਵੀ ਬਚਾਅ ਹੁੰਦਾ ਸੀ। ਘਰੋਂ ਦੂਰ ਹਲ਼ ਵਾਹੁੰਦੇ ਕਿਸਾਨ ਵੱਲੋਂ ਆਪਣੀ ਪਤਨੀ ਨੂੰ ਮਗਰ ਦੁੱਧ ਦਾ ਛੰਨਾ ਲੈ ਕੇ ਆਉਣ ਸਬੰਧੀ ਟੱਪਿਆਂ ਵਿੱਚ ਕਿਹਾ ਕੁਝ ਇਸ ਤਰ੍ਹਾਂ ਮਿਲਦਾ ਹੈ;
ਪਾਰ ਕੱਸੀਓ ਵਾਹਵਾਂ ਹਲ਼ ਨੀਂ
ਪਿੱਛੇ ਆਈ ਤੂੰ ਲੈ ਕੇ ਦੁੱਧ ਦਾ ਛੰਨਾ
ਖੇਤੀਬਾੜੀ ਆਮ ਕਰਕੇ ਪੰਜਾਬੀਆਂ ਲਈ ਮਰਦ ਪ੍ਰਧਾਨ ਕਿੱਤਾ ਹੈ। ਅਜਿਹਾ ਹੋਣ ਕਾਰਨ ਇਸ ਨਾਲ ਸਬੰਧਤ ਜ਼ਿਆਦਾਤਰ ਕੰਮ ਪੁਰਸ਼ਾਂ ਵੱਲੋਂ ਕੀਤੇ ਜਾਂਦੇ ਰਹੇ ਹਨ। ਘਰ ਨਾਲ ਸਬੰਧਤ ਕਿੱਤੇ ਸੁਆਣੀਆਂ ਦੇ ਹਿੱਸੇ ਆਏ ਹਨ, ਪਰ ਫਿਰ ਵੀ ਬਹੁਤ ਸਾਰੇ ਖੇਤੀਬਾੜੀ ਦੇ ਕੰਮਾਂ ਵਿੱਚ ਸੁਆਣੀਆਂ ਮਹੱਤਵਪੂਰਨ ਭੂੀਮਕਾ ਨਿਭਾਉਂਦੀਆਂ ਹਨ। ਖੇਤੀਬਾੜੀ ਨਾਲ ਮੋਹ ਕਿਸਾਨੀ ਪਰਿਵਾਰਾਂ ਨਾਲ ਜੁੜੀਆਂ ਮੁਟਿਆਰਾਂ ਦੇ ਸੁਭਾਅ ਦਾ ਹਿੱਸਾ ਹੈ। ਬੋਲੀਆਂ ਵਿੱਚ ਕਿਸੇ ਮੁਟਿਆਰ ਵੱਲੋਂ ਹਲ਼ ਵਾਹੁੰਦੇ ਕਿਸੇ ਆਪਣੇ ਕੋਲ ਚਰਖਾ ਲੈ ਜਾਣ ਦੀ ਇੱਛਾ ਪ੍ਰਗਟ ਕੀਤੀ ਕੁਝ ਇਸ ਤਰ੍ਹਾਂ ਮਿਲਦੀ ਹੈ;
ਉੱਥੇ ਲੈ ਚੱਲ ਚਰਖਾ ਮੇਰਾ
ਜਿੱਥੇ ਤੇਰਾ ਹਲ਼ ਚੱਲਦਾ
ਬੇਸ਼ੱਕ ਖੇੇਤੀਬਾੜੀ ਦੀਆਂ ਜ਼ਿਆਦਾਤਰ ਕਿਰਿਆਵਾਂ ਵਿੱਚ ਮਨੁੱਖਾਂ ਦੀ ਸਿੱਧੀ ਭੂਮਿਕਾ ਹੈ ਅਤੇ ਪਸ਼ੂਆਂ ਦੀ ਸਹਾਇਤਾ ਨਾਲ ਹਲ਼ ਵਾਹੁਣਾ ਮਨੁੱਖਾਂ ਦਾ ਕੰਮ ਹੈ, ਪਰ ਲੋਕ ਬੋਲੀਆਂ ਵਿੱਚ ਕਾਲਪਨਿਕ ਤਰੀਕੇ ਨਾਲ ਟੱਪਿਆਂ, ਬੋਲੀਆਂ ਵਿੱਚ ਪੰਛੀਆਂ ਤੇ ਜਾਨਵਰਾਂ ਨੂੰ ਹਲ਼ ਵਾਹੁੰਦਾ ਚਿਤਰਿਆ ਕੁਝ ਇਸ ਤਰ੍ਹਾਂ ਮਿਲਦਾ ਹੈ;
ਕੱਛੂਕੁਮਾ ਬਣਿਆ ਹਾਲ਼ੀ
ਡੱਡੂ ਬੰਨ੍ਹਦਾ ਘੇਰੇ
ਬਈ ਚਿੜਾ ਚਿੜੀ ਤਾਂ ਕੱਢਣ ਪਾੜੇ
ਕਾਂ ਤਰਪਾਲੀ ਫੇਰੇ
ਨੱਚ ਲੈ ਸ਼ਾਮ ਕੁਰੇ
ਕੀ ਸੱਪ ਲੜਿਆ ਤੇਰੇ
ਨੱਚ ਲੈ ਸ਼ਾਮ ਕੁਰੇ
ਖੇਤੀਬਾੜੀ ਨਾਲ ਸਬੰਧਤ ਕੰਮ ਕਾਰ ਸਾਰੀਆਂ ਰੁੱਤਾਂ ਵਿੱਚ ਜਾਰੀ ਰਹਿੰਦੇ ਹਨ। ਕਿਸੇ ਰੁੱਤੇ ਕੁਝ ਘੱਟ ਕਿਸੇ ਰੁੱਤੇ ਕੁਝ ਜ਼ਿਆਦਾ। ਜਿੱਥੇ ਖੇਤੀਬਾੜੀ ਦਾ ਕੰਮ ਸਖ਼ਤ ਮਿਹਨਤ ਵਾਲਾ ਹੈ, ਉੱਥੇ ਸਰਦੀ ਤੇ ਗਰਮੀ ਵਰਗੇ ਸਖ਼ਤ ਮੌਸਮਾਂ ਵਿੱਚ ਇਹ ਹੋਰ ਵੀ ਔਖਾ ਹੁੰਦਾ ਹੈ। ਕੁਝ ਇਸੇ ਤਰ੍ਹਾਂ ਹੀ ਜੇਠ ਹਾੜ੍ਹ ਦੇ ਸਖ਼ਤ ਮੌਸਮ ਵਿੱਚ ਹਲ਼ ਵਾਹੁਣ ਦਾ ਜ਼ਿਕਰ ਟੱਪਿਆਂ ਬੋਲੀਆਂ ਵਿੱਚ ਕੁਝ ਇਸ ਤਰ੍ਹਾਂ ਮਿਲਦਾ ਹੈ;
ਹਲ਼ ਵਾਹਵੇਂ ਵੇ ਜੇਠ ਦੀ ਧੁੱਪੇ
ਔਖੀ ਐ ਕਮਾਈ ਜੱਟ ਦੀ।
ਬਲਦਾਂ, ਊਠਾਂ ਨੂੰ ਵਾਹੁੰਣ ਲਈ ਹਲ਼ ਅਤੇ ਦੂਸਰੇ ਔਜ਼ਾਰਾਂ ਦੀ ਜ਼ਰੂਰਤ ਵੀ ਹੁੰਦੀ ਹੈ। ਲੋਕ ਟੱਪਿਆਂ ਵਿੱਚ ਇਨ੍ਹਾਂ ਦਾ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ;
ਮੋਢੇ ਹੜਰਸ ਤੇ ਹੱਥ ਵਿੱਚ ਪਰਾਣੀ
ਅੱਗੇ ਜੋੜੀ ਢੱਗਿਆਂ ਦੀ
ਵਾਰਿਸ਼ ਸਾਹ ਦੀ ਹੀਰ ਪੰਜਾਬੀ ਜਨ ਜੀਵਨ ਤੇ ਸੱਭਿਆਚਾਰ ਦੀ ਸੁੰਦਰ ਤਸਵੀਰ ਪੇਸ਼ ਕਰਨ ਵਾਲੀ ਸ਼ਾਹਕਾਰ ਰਚਨਾ ਹੈ। ਜਿੱਥੇ ਪੰਜਾਬੀ ਸੱਭਿਆਚਾਰ ਦੇ ਬਹੁਤ ਸਾਰੇ ਪੱਖਾਂ ਨੂੰ ਇਸ ਵਿੱਚ ਪਰੋਇਆ ਹੋਇਆ ਹੈ, ਉੱਥੇ ਇਸ ਵਿੱਚ ਕਿਸਾਨੀ ਅਤੇ ਲੋਕ ਕਿੱਤਿਆਂ ਸਬੰਧੀ ਵੀ ਜ਼ਿਕਰ ਮਿਲਦਾ ਹੈ। ਇਸ ਵਿੱਚ ਰਾਂਝੇ ਦੁਆਰਾ ਹਲ਼ ਵਾਹੁਣ ਦਾ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ;
ਰਾਂਝੇ ਜੋਤਰਾ ਵਾਹ ਕੇ ਥੱਕ ਰਿਹਾ
ਲਾਹ ਅਰਲੀਆਂ ਛਾਉਂ ਨੂੰ ਆਂਵਦਾ ਏ।
ਭੱਤਾ ਆਣ ਕੇ ਭਾਬੀ ਨੇ ਕੋਲ ਧਰਿਆ
ਹਾਲ ਆਪਣਾ ਰੋ ਸਣਾਂਵਦਾ ਏ।
ਛਾਲੇ ਪਏ ਤੇ ਪੈਰ ਫੁੱਟੇ
ਸਾਨੂੂੰ ਵਾਹੀਦਾ ਕੰਮ ਨਾ ਭਾਂਵਦਾ ਏ।
ਭਾਬੀ ਆਖਦੀ ਲਾਡਲਾ ਬਾਪ ਦਾ ਸੈਂ
ਵਾਰਿਸ ਸ਼ਾਹ ਪਿਆਰਾ ਹੀ ਮਾਉਂ ਦਾ ਏ
ਹਲ਼ ਵਾਹੁਣ ਵਾਲੇ ਹਾਲ਼ੀ ਦਾ ਕੰਮ ਕਾਫ਼ੀ ਮਿਹਨਤ ਵਾਲਾ ਕੰਮ ਹੈ। ਹਾਲ਼ੀ ਦੇ ਕੰਮ ਕਰਨ ਲਈ ਮਿਹਨਤੀ ਸੁਭਾਅ ਦਾ ਹੋਣਾ ਜ਼ਰੂਰੀ ਹੈ। ਵਾਰਿਸ਼ ਸ਼ਾਹ ਦੁਆਰਾ ਆਪਣੀ ਰਚਨਾ ‘ਹੀਰ’ ਵਿੱਚ ਇਸ ਪੱਖ ਸਬੰਧੀ ਰਾਂਝੇ ਰਾਹੀਂ ਬਿਆਨ ਕੀਤਾ ਕੁਝ ਇਸ ਤਰ੍ਹਾਂ ਮਿਲਦਾ ਹੈ;
ਮੂੰਹ ਚੱਟ ਜੋ ਆਰਸੀ ਨਾਲ ਵੇਖਣ
ਤਿੰਨਾਂ ਵਾਹਣ ਕੇਹਾ ਹਲ਼ ਵਾਹਣਾ ਈ।
ਪਿੰਡਾ ਪਾਲ ਕੇ ਚੋਪੜੇ ਪਟੇ ਜਿੰਨਾ
ਕਿਸੇ ਰੰਨ ਕੀ ਉਨ੍ਹਾਂ ਤੋਂ ਚਾਹੁਣਾ ਈ
ਜਿਹੜਾ ਭੁਇੰ ਦੇ ਮਾਮਲੇ ਕਰੇ ਬੈਠਾ
ਏਸ ਤੋੜ ਨਾ ਮੂਲ ਨਿਬਾਹੁਣਾ ਈ
ਪਿਆ ਵੰਝਲੀ ਵਾਹੇ ਤੇ ਰਾਗ ਗਾਵੇ
ਕੋਈ ਰੋਜ਼ ਦਾ ਇਹ ਪ੍ਰਾਹੁਣਾ ਈ
ਹਾਲ਼ੀ, ਫ਼ਸਲਾਂ ਬੀਜਣ, ਗਿੱਲ ਸਾਂਭਣ ਆਦਿ ਵਰਗੇ ਉਦੇਸ਼ਾਂ ਨਾਲ ਹਲ਼ ਵਾਹੁੰਦੇ ਹਨ। ਪਹਿਲਾਂ ਜਦੋਂ ਆਧੁਨਿਕ ਸੰਚਾਈ ਸਾਧਨ ਨਹੀਂ ਸੀ ਹੁੰਦੇ, ਤਦ ਜ਼ਿਆਦਾਤਰ ਫ਼ਸਲਾਂ ਮੀਂਹ ’ਤੇ ਨਿਰਭਰ ਹੁੰਦੀਆਂ ਸਨ। ਅਜਿਹਾ ਹੋਣ ਕਾਰਨ ਸਾਉਣ ਮਹੀਨੇ ਦੇ ਮੀਂਹਾਂ ਦੀ ਬੜੀ ਬੇਸਬਰੀ ਨਾਲ ਉਡੀਕ ਹੁੰਦੀ ਸੀ। ਜਿੱਥੇ ਰੇਤਲੀਆਂ, ਰੇਸਲੀਆਂ ਜ਼ਮੀਨਾਂ ਵਿੱਚ ਹਾੜ੍ਹੀ ਦੀਆਂ ਫ਼ਸਲਾਂ ਲਈ ਗਿੱਲ ਸਾਂਭੀ ਜਾਂਦੀ ਸੀ, ਉੱਥੇ ਇਸ ਦੀ ਨਮੀ ਨਾਲ ਸਾਉਣੀ ਦੀਆਂ ਬਾਜਰੇ ਵਰਗੀਆਂ ਫ਼ਸਲਾਂ ਬੀਜੀਆਂ ਜਾਂਦੀਆਂ ਸਨ। ਅਜਿਹੇ ਪੱਖ ਦਾ ਬੋਲੀਆਂ, ਲੋਕ ਗੀਤਾਂ, ਟੱਪਿਆਂ ਵਿੱਚ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ;
ਸਾਉਣ ਮਹੀਨੇ ਮੀਂਹ ਪੈ ਗਿਆ
ਹਲ਼ ਜੋੜ ਕੇ ਜਾਈਂ।
ਦਸ ਘੁਮਾ ਵਾਹਣ ਆਪਣਾ
ਬਾਜਰਾ ਬੀਜ ਕੇ ਆਈਂ।
ਹਲ਼ ਵਾਹੁੰਣਾ, ਮਿੱਟੀ ਨਾਲ ਮਿੱਟੀ ਹੋਣਾ ਹੈ। ਭਾਵੇਂ ਇਹ ਪੁਰਸ਼ਾਂ ਦਾ ਕਿੱਤਾ ਹੈ, ਪਰ ਬੋਲੀਆਂ ਵਿੱਚ ਕਿਸੇ ਮੁਟਿਆਰ ਵੱਲੋਂ ਇਸ ਵਿੱਚ ਮਦਦ ਕਰਨ ਅਤੇ ਗਰਦ ਪੈਣ ਦੇ ਡਰ ਦਾ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ;
ਆਪ ਤਾਂ ਮੁੰਡਾ ਹਲ਼ ਚਲਾਵੇ
ਮੈਥੋਂ ਪਵਾਉਂਦਾ ਬੀ
ਵੇ ਮੇਰੇ ਤੇ ਗਰਦ ਪਊਗੀ
ਮੈਂ ਵੱਡੇ ਘਰ ਦੀ ਧੀ
ਵੇ ਮੇਰੇ ਤੇ ਗਰਦ ਪਊਗੀ
ਹਾਲੀਆਂ ਦੇ ਹਲ਼ ਵਾਹੁਣ ਦੇ ਨਾਲ ਨਾਲ ਜਜ਼ਬੇ, ਸੁਪਨੇ ਅਤੇ ਜ਼ਿੰਦਗੀ ਦੇ ਦੂਸਰੇ ਪੱਖ ਵੀ ਹੁੰਦੇ ਸਨ। ਅਜਿਹੇ ਪੱਖ ਨੂੰ ਲੋਕ ਬੋਲੀਆਂ, ਟੱਪਿਆਂ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕੀਤਾ ਮਿਲਦਾ ਹੈ;
ਅਲਕ ਵਹਿੜਕੇ ਚੱਲਣੋਂ ਰਹਿ ਗਏ
ਮੋਢੇ ਧਰੀ ਪੰਜਾਲੀ
ਤੈਂ ਮੋਹ ਲਿਆ ਨੀਂ
ਹਲ਼ ਵਾਹੁੰਦਾ ਹਾਲੀ।
ਹਾਲ਼ੀ ਦਾ ਕੰਮ ਸਖ਼ਤ ਮਿਹਨਤ ਵਾਲਾ ਅਤੇ ਹਾੜ੍ਹੀ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਲਈ ਗਰਮੀ ਸਰਦੀ ਦੇ ਮੌਸਮਾਂ ਵਿੱਚ ਕੀਤਾ ਜਾਣ ਵਾਲਾ ਕੰਮ ਹੈ। ਅਜਿਹੀਆਂ ਸਥਿਤੀਆਂ ਵਿੱਚ ਜ਼ਿਆਦਾ ਸਮਾਂ ਅਤੇ ਧੁੱਪ ਵਿੱਚ ਕੰਮ ਕਰਨ ਤੋਂ ਦੁਖੀ ਸਬੰਧਤ ਦੀ ਹਮਸਫ਼ਰ ਕੁਝ ਇਸ ਤਰ੍ਹਾਂ ਕਹਿੰਦੀ ਹੈ;
ਸੁਣ ਵੇ ਗੱਭਰੂਆ ਚੀਰੇ ਵਾਲਿਆ
ਛੈਲ ਛਬੀਲਿਆ ਸ਼ੇਰਾ
ਤੇੇਰੇ ਬਾਝੋਂ ਘਰ ਵਿੱਚ ਸਾਨੂੰ
ਦਿਸਦਾ ਘੁੱਪ ਹਨੇਰਾ
ਹੋਰ ਹਾਲੀ ਤਾਂ ਘਰਾਂ ਨੂੰ ਆ ਗਏ
ਤੈਂ ਵਗ ਲਿਆ ਕਿਉਂ ਘੇਰਾ
ਤੈਨੂੰ ਧੁੱਪ ਲੱਗਦੀ
ਭੁੱਜਦਾ ਕਾਲਜਾ ਮੇਰਾ।
ਰਾਂਝੇ ਦੇ ਹਲ਼ ਵਾਹੁਣ ਤੋਂ ਅਸਮਰੱਥ ਹੋਣ ਅਤੇ ਇਸ ਦਾ ਉਸ ਦੀਆਂ ਭਰਜਾਈਆਂ ਦੁਆਰਾ ਮਿਹਣਾ ਦਿੱਤੇ ਜਾਣ ਸਬੰਧੀ ਅਤੇ ਅਜਿਹਾ ਹੋਣ ਕਾਰਨ ਰਾਂਝੇੇ ਦੇ ਘਰ ਛੱਡ ਦੇਣ ਸਬੰਧੀ ਵਾਰਿਸ਼ ਸਾਹ ਦੀ ਹੀਰ ਵਿੱਚ ਵੇਰਵਾ ਕੁਝ ਇਸ ਤਰ੍ਹਾਂ ਮਿਲਦਾ ਹੈ;
ਖ਼ਬਰ ਭਾਈਆਂ ਨੂੰ ਲੋਕਾਂ ਜਾਇ ਦਿੱਤੀ
ਧੀਦੋ ਰੁੱਸ ਹਜਾਰਿਉ ਚੱਲਿਆ ਜੇ
ਹਲ਼ ਵਾਹੁਣਾ ਉਸ ਤੋਂ ਹੋਏ ਨਾਹੀਂ
ਮਾਰ ਬੋਲੀਆਂ ਭਾਬੀਆਂ ਸੱਲਿਆ ਜੇ।
ਹਲ਼ ਵਾਹੁਣਾ ਕਿਸਾਨੀ ਜੀਵਨ ਦਾ ਲਾਜ਼ਮੀ ਹਿੱਸਾ ਹੋਣ ਕਾਰਨ ਇਸ ਦਾ ਦਾ ਤਜਰਬਾ ਹੋਣਾ ਕਿਸਾਨਾਂ ਲਈ ਜ਼ਰੂਰੀ ਹੈ ਪ੍ਰੰਤੂ ਜੇਕਰ ਕਿਸੇ ਕਿਸਾਨ ਨੂੰ ਅਜਿਹਾ ਗੁਰ ਨਹੀਂ ਆਉਂਦਾ ਤਾਂ ਸਬੰੰਧਤ ਦਾ ਅਸਫਲ ਕਿਸਾਨ ਹੋਣਾ ਮੰਨਿਆ ਜਾਂਦਾ ਹੈ। ਕਿਸੇ ਅਜਿਹੇ ਵਿਅਕਤੀ ਸਬੰਧੀ ਸਬੰਧਤ ਦੀ ਪਤਨੀ ਵੱਲੋਂ ਟੱਪਿਆਂ, ਬੋਲੀਆਂ ਵਿੱਚ ਕੁਝ ਇਸ ਤਰ੍ਹਾਂ ਕਿਹਾ ਮਿਲਦਾ ਹੈੈ;
ਤੈਨੂੰ ਪੱਗ ਬੰਨ੍ਹਣੀ
ਤੈਨੂੰ ਲੜ ਛੱਡਣਾ
ਤੈਨੂੰ ਹਲ਼ ਵਾਹੁਣਾ ਨਾ ਆਵੇ
ਤੇਰੇ ਘਰ ਕੀ ਵਸਣਾ
ਕਿਸਾਨ ਕੋਲ ਰੁੱਤਾਂ ਦੇ ਅਨੁਸਾਰ ਕਈ ਵਾਰ ਕਾਫ਼ੀ ਵਿਹਲ ਹੁੰਦੀ ਹੈ ਅਤੇ ਇਸ ਸਮੇਂ ਲੁਤਫ਼ ਲੈਣ ਲਈ ਵੀ ਉਪਯੋਗ ਕੀਤਾ ਜਾਂਦਾ ਹੈ ਪ੍ਰੰਤੂ ਵਾਹੀ ਬਿਜਾਈ ਦੇ ਦਿਨਾਂ ਵਿੱਚ ਬੱੱਤ ਜਾਂ ਰੁੱਤ ਲੰਘਣ ਦਾ ਡਰ ਹੋਣ ਕਾਰਨ ਕਾਫ਼ੀ ਰੁਝੇਵਿਆਂ ਭਰਪੂਰ ਵੀ ਹੁੰਦਾ ਹੈ। ਅਜਿਹੇ ਸਮੇਂ ਕਿਸਾਨਾਂ ਨੂੰ ਖੇਤੀਬਾੜੀ ਨੂੰ ਵਧੇਰੇ ਸਮਾਂ ਕੁਝ ਇਸ ਤਰ੍ਹਾਂ ਦੇਣਾ ਪੈਂਦਾ ਹੈ;
ਜੱਟ ਦੀ ਜੂਨ ਬੁਰੀ
ਹਲ਼ ਛੱਡ ਕੇ ਚਰ੍ਹੀ ਨੂੰ ਜਾਣਾ।
ਅਜਿਹਾ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਖੇਤਾਂ ਵਿੱਚ ਅਨਾਜ ਦਾ ਉਤਪਾਦਨ ਵੱਖ ਵੱਖ ਜੀਵਾਂ ਦੇ ਕਰਮਾਂ ਦਾ ਹੁੰਦਾ ਹੈ। ਅਜਿਹਾ ਹੋਣ ਕਾਰਨ ਫ਼ਸਲ ਦੀ ਬਿਜਾਈ ਦੇ ਸਮੇਂ ਹਲ਼ ਦੇ ਪੋਰ ਵਿੱਚ ਬੀਜ ਪਾਉਣਾ ਸ਼ੁਰੂ ਕਰਨ ਸਮੇਂ ਕਿਸਾਨ ਰੱਬ ਨੂੰ ਯਾਦ ਕਰਦਿਆਂ ਕੁਝ ਇਸ ਤਰ੍ਹਾਂ ਉਚਾਰਦਾ ਹੈ;
ਚਿੜੀ ਜਨੌਰ ਦੇ ਭਾਗੀਂ
ਹਾਲ਼ੀ ਪਾਲੀ ਦੇ ਭਾਗੀਂ
ਰਾਹੀ ਪਾਧੀ ਦੇ ਭਾਗੀਂ
ਖਾਧੇ ਪੀਤੇ ਦੇ ਭਾਗੀਂ।
ਪੰਜਾਬੀ ਦੀਆਂ ਬਹੁਤ ਸਾਰੀਆਂ ਲੋਕ ਬੋਲੀਆਂ, ਟੱਪਿਆਂ ਆਦਿ ਵਿੱਚ ਕਿਸਾਨੀ ਦੇ ਵੱਖ ਵੱਖ ਪੱਖਾਂ ਲਈ ਹਲ਼ ਤੇ ਹਾਲ਼ੀਆਂ ਸਬੰਧੀ ਜ਼ਿਕਰ ਕੀਤਾ ਕੁਝ ਇਸ ਤਰ੍ਹਾਂ ਮਿਲਦਾ ਹੈ;
ਅੱਕੀ ਕੁੜੀ ਦੀਆਂ ਚਾਂਦੀ ਦੀਆਂ ਝਾਂਜਰਾਂ
ਗੁੱਛੇ ਲਮਕਣ ਵਾਰੋ ਵਾਰੀ
ਦੇਖਿਓ ਮੁੰਡਿਓ ਹੱਲ ਛੱਡ ਕੇ
ਇਹਦੀ ਢਾਲ ਮੰਗਦੇ ਪਟਵਾਰੀ।
ਪੰਜਾਬੀ ਦੀਆਂ ਬੋਲੀਆਂ ਵਿੱਚ ਹਲ਼ ਤੇ ਹਾਲ਼ੀ ਸਬੰਧੀ ਕੁਝ ਇਸ ਤਰ੍ਹਾਂ ਬੋਲਦਾ ਹੈ;
ਕਿਹਨੇ ਬਣਾਏ ਹਲ਼ ਤੇ ਪੰਜਾਲੀ
ਕਿਹਨੇ ਬਣਾਏ ਤੀਰ ਮੁੰਡਿਆ
ਤੇਰੀ ਗਿੱਧੇ ਵਿੱਚ ਨੱਚਦੀ ਹੀਰ ਮੁੰਡਿਆ
ਤੇਰੀ ਗਿੱਧੇ ਵਿੱਚ...
ਖੇਤੀਬਾੜੀ ਦੇ ਕਿੱਤੇ ਨੂੰ ਕਦੇ ਦੂਸਰੇ ਕਿੱਤਿਆਂ ਦੇ ਮੁਕਾਬਲੇ ਉੱਤਮ ਮੰਨਿਆ ਜਾਂਦਾ ਸੀ। ਨੌਕਰੀ ਕਰਨ ਨੂੰ ਲੋਕ ਕੋਈ ਬਹੁਤਾ ਵਧੀਆ ਨਹੀਂ ਸੀ ਮੰਨਦੇ। ਅਜਿਹਾ ਹੋਣ ਦਾ ਇੱਕ ਕਾਰਨ ਅਜੋਕੇ ਸੰਚਾਰ ਅਤੇ ਆਵਾਜਾਈ ਦੇ ਸਾਧਨਾਂ ਦੀ ਘਾਟ ਵੀ ਪ੍ਰਮੁੱਖ ਕਾਰਨ ਹੋਵੇਗਾ। ਅਜਿਹਾ ਹੋਣ ਕਾਰਨ ਲੋਕ ਬੋਲੀਆਂ, ਟੱਪਿਆਂ ਵਿੱਚ ਖੇਤੀਬਾੜੀ ਸਬੰਧੀ ਕੁਝ ਇਸ ਤਰ੍ਹਾਂ ਕਿਹਾ ਮਿਲਦਾ ਹੈ;
ਡੂੰਘਾ ਵਾਹ ਲੈ ਹਲ਼ ਵੇ
ਤੇਰੀ ਘਰੇ ਨੌਕਰੀ।
ਘਰੋਂ ਦੂਰ ਨੌਕਰੀ ਕਰਨ ਵਾਲੇ ਨੂੰ ਜ਼ਿਆਦਾ ਵਧੀਆ ਨਾ ਮੰਨਣ ਕਾਰਨ ਇੱਕ ਮੁਟਿਆਰ ਆਪਣੇ ਬਾਬਲ ਨੂੰ ਨੌਕਰ ਦੀ ਬਜਾਏ ਵਰ ਦੇ ਰੂਪ ਵਿੱਚ ਹਾਲ਼ੀ ਚੁਣਨ ਲਈ ਟੱਪਿਆਂ, ਬੋਲੀਆਂ ਰਾਹੀਂ ਕੁਝ ਇਸ ਤਰ੍ਹਾਂ ਕਹਿੰਦੀ ਹੈ;
ਨੌਕਰ ਨੂੰ ਨਾ ਦੇਈਂ ਬਾਬਲਾ
ਹਾਲ਼ੀ ਪੁੱਤ ਬਥੇਰੇ।
ਪੰਜਾਬੀ ਸੱਭਿਆਚਾਰ ਦੇ ਖੇਤੀਬਾੜੀ, ਕਿਸਾਨੀ ਦੇ ਇਰਦ ਗਿਰਦ ਘੁੰਮਦਾ ਹੋਣ ਕਾਰਨ ਲੋਕ ਸਾਹਿਤ ਦੇ ਵੱਖ ਵੱਖ ਰੂਪਾਂ ਵਿੱਚ ਇਸ ਦਾ ਜ਼ਿਕਰ ਮਿਲਦਾ ਹੈ। ਪੰਜਾਬੀ ਬੁਝਾਰਤਾਂ ਵਿੱਚ ਖੇਤੀਬਾੜੀ ਸਬੰਧੀ ਵਰਣਨ ਕੁਝ ਇਸ ਤਰ੍ਹਾਂ ਮਿਲਦਾ ਹੈ;
ਚਾਰ ਘੋੜੇ ,ਦੋ ਅਸਵਾਰ
ਬੱਘੀ ਕਰਦੀ ਚੱਲੇ ਮਾਰੋ ਮਾਰ। (ਬਲਦ, ਸੁਹਾਗਾ)
ਹਲ਼ ਵਾਹੁਣ ਵਾਲਾ ਹਾਲ਼ੀ ਸਿਰਫ਼ ਸਿੱਧਾ ਹਲ਼ ਹੀ ਨਹੀਂ ਸੀ ਵਾਹੁੰਦਾ, ਸਗੋਂ ਕਾਫ਼ੀ ਤਜਰਬਾ ਰੱਖਣ ਵਾਲਾ ਅਤੇ ਪੂਰਾ ਕਲਾਕਾਰ ਹੁੰਦਾ ਸੀ। ਪਿੰਡ ਦੇ ਚੰਗੇ ਹਾਲੀ ਹੋਣ ਸਬੰਧੀ ਅਕਸਰ ਚਰਚਾ ਹੁੰਦੀ ਸੀ। ਕਿਸੇ ਹਾਲ਼ੀ ਦੇ ਅਜਿਹੇ ਹੁਨਰ ਦਾ ਜ਼ਿਕਰ ਗੀਤਾਂ, ਲੋਕ ਗੀਤਾਂ ਵਿੱਚ ਕੁਝ ਇਸ ਤਰ੍ਹਾਂ ਮਿਲਦਾ ਹੈ;
ਮੁੰਡਾ ਗਜ਼ ਵਰਗੇ ਓੜੇ ਕੱਢਦਾ ਏ
ਇੱਕ ਨੰਬਰ ਦਾ ਹਾਲ਼ੀ ਨੀਂ।
ਇਸ ਤਰ੍ਹਾਂ ਹਾਲ਼ੀ ਪਹਿਲਾਂ ਸਾਰੀ ਵਾਹੀ ਊਠਾਂ, ਬਲਦਾਂ ਦੇ ਨਾਲ ਹਲ਼ ਚਲਾ ਕੇ ਕਰਦੇੇ ਸਨ। ਕਿਸਾਨ ਪਰਿਵਾਰਾਂ ਦੇ ਮੁੰਡੇ ਆਪਣੇ ਹਲ਼ ਵਾਹੁਣ ਵਾਲੇ ਪਰਿਵਾਰਕ ਮੈਂਬਰਾਂ ਤੋਂ ਹਲ਼ ਵਾਹੁਣ ਦੇ ਗੁਰ ਸਿੱਖ ਲੈਂਦੇ ਸਨ। ਇਹ ਹਲ਼ ਵਾਹੁਣ ਵਾਲੇ ਸਵੇਰੇ ਜਲਦੀ ਖੇਤਾਂ ਨੂੰ ਆਪਣੇ ਪਸ਼ੂੂ ਲੈ ਕੇ ਨਿਕਲਦੇ ਸਨ। ਇਸ ਸਮੇਂ ਦਾ ਵੱਖਰਾ ਨਜ਼ਾਰਾ ਹੁੰਦਾ ਸੀ। ਇਸ ਕੰਮ ਲਈ ਕਈ ਘਰ ਸਾਝਾਂ ਕਰਕੇ ਵੀ ਇੱਕ ਦੂਸਰੇ ਨਾਲ ਕੰਮ ਕਰਵਾਉਂਦੇ ਸਨ ਪ੍ਰੰਤੂ ਹੁੁਣ ਮਸ਼ੀਨੀਕਰਨ ਕਾਰਨ ਪਸ਼ੂਆਂ ਨਾਲ ਹਲ਼ ਵਾਹੁਣ ਦਾ ਕੰੰਮ ਲਗਪਗ ਖ਼ਤਮ ਹੋ ਗਿਆ ਹੈ। ਅਜਿਹਾ ਹੋਣ ਕਾਰਨ ਕਿਸਾਨੀ ਜੀਵਨ ਵਿੱਚ ਵੀ ਕਾਫ਼ੀ ਤਬਦੀਲੀ ਆਈ ਹੈ। ਹੁਣ ਕਿਸਾਨਾਂ ਕੋਲ ਵਾਹੀ ਨਾਲ ਸਬੰੰਧਤ ਪਹਿਲਾਂ ਵਰਗੇ ਰੁਝੇਵੇਂ ਨਹੀਂ ਹਨ। ਊਠ ਅਤੇ ਬਲਦਾਂ ’ਤੇ ਨਿਰਭਰਤਾ ਨਾ ਰਹਿਣ ਕਾਰਨ ਉਹ ਪਹਿਲਾਂ ਵਾਂਗ ਕਿਸਾਨੀ ਜੀਵਨ ਦਾ ਹਿੱਸਾ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਨਾਲ ਪਹਿਲਾਂ ਵਾਲਾ ਲਗਾਅ ਹੀ ਹੈ।
ਸੰਪਰਕ: 81469-24800