ਰਾਹਵਾਂ ਦੇ ਵਿੱਚ ਖੜ੍ਹ ਕੇ ਮੰਜ਼ਿਲ ਮਿਲਦੀ ਨਾ...
ਹਰ ਮੁਸਾਫਿਰ ਦੀ ਇੱਛਾ ਹੁੰਦੀ ਹੈ ਕਿ ਉਹ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰੇ ਅਤੇ ਹਰ ਰਾਹ ਦਾ ਆਖ਼ਰੀ ਪੜਾਅ ਮੰਜ਼ਿਲ ਹੀ ਹੁੰਦੀ ਹੈ। ਰਾਹ ਭਾਵੇਂ ਕਿੰਨੇ ਵੀ ਲੰਮੇ ਕਿਉਂ ਨਾ ਹੋਣ? ਪ੍ਰੰਤੂ ਅੰਤਿਮ ਸੱਚ ਮੰਜ਼ਿਲ ਨੂੰ ਹੀ ਮੰਨਿਆ ਜਾਂਦਾ ਹੈ। ਰਾਹਾਂ ਵਿੱਚ ਖਲੋਅ ਕੇ, ਰੁਕ ਕੇ ਕਦੇ ਵੀ ਕਿਸੇ ਸ਼ਖ਼ਸ ਨੇ ਆਪਣੀ ਮੰਜ਼ਿਲ ਨੂੰ ਪ੍ਰਾਪਤ ਨਹੀਂ ਕੀਤਾ। ਮੰਜ਼ਿਲ ਪ੍ਰਾਪਤ ਕਰਨ ਦਾ ਇੱਕੋ ਇੱਕ ਢੰਗ ਹੈ: ਲਗਾਤਾਰ ਚੱਲਦੇ ਰਹਿਣਾ। ਜਿਹੜਾ ਮਨੁੱਖ ਸਹੀ ਰਾਹ ਉੱਪਰ ਬਿਨਾਂ ਰੁਕੇ ਲਗਾਤਾਰ ਚੱਲਦਾ ਰਹਿੰਦਾ ਹੈ, ਆਖਿਰ ਨੂੰ ਉਹ ਆਪਣੇ ਵੱਲੋਂ ਮਿੱਥੀ ਹੋਈ ਮੰਜ਼ਿਲ ਨੂੰ ਪ੍ਰਾਪਤ ਕਰ ਲੈਂਦਾ ਹੈ।
ਰਾਹਵਾਂ ਦੇ ਵਿੱਚ ਖੜ੍ਹ ਕੇ ਮੰਜ਼ਿਲ ਮਿਲਦੀ ਨਾ
ਤੁਰਨ ਵਾਲਿਆਂ ਆਖਿਰ ਪੰਧ ਮੁਕਾ ਜਾਣਾ।
ਖ਼ਾਸ ਗੱਲ ਇਹ ਹੈ ਕਿ ਮੰਜ਼ਿਲ ਕੇਵਲ ਸੰਸਾਰਕ ਮੰਜ਼ਿਲ ਹੀ ਨਹੀਂ ਹੁੰਦੀ ਬਲਕਿ ਕਈ ਵਾਰ ਅਧਿਆਤਮਕ ਮਾਰਗ ’ਤੇ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਵੀ ਮੰਜ਼ਿਲ ਹੁੰਦੀ ਹੈ। ਅਧਿਆਤਮਕ ਮਾਰਗ ਵਿੱਚ ਮਨੁੱਖ ਦੀ ਅਸਲ ਮੰਜ਼ਿਲ ‘ਪ੍ਰਭੂ ਦੀ ਪ੍ਰਾਪਤੀ’ ਨੂੰ ਕਿਹਾ ਗਿਆ ਹੈ। ਜਿਹੜੇ ਮਨੁੱਖ ਨੇ ਆਪਣੇ ਅਸਲ ਮਕਸਦ ਨੂੰ ਸਮਝ ਲਿਆ, ਉਸ ਦਾ ਮਨੁੱਖੀ ਜੀਵਨ ਸਫਲ ਮੰਨਿਆ ਜਾਂਦਾ ਹੈ। ਗੁਰਮਤਿ ਵਿਚਾਰਧਾਰਾ ਵਿੱਚ ਮਨੁੱਖੀ ਜੀਵਨ ਨੂੰ ਪਰਮਾਤਮਾ ਦੀ ਪ੍ਰਾਪਤੀ ਦਾ ਸੁਨਹਿਰੀ ਮੌਕਾ ਕਿਹਾ ਗਿਆ ਹੈ।
ਭਈ ਪਰਾਪਤਿ ਮਾਨੁਖ ਦੇਹੁਰੀਆ
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥
ਅੱਜ ਦੇ ਸੰਦਰਭ ਵਿੱਚ ਮਨੁੱਖ ਨੂੰ ਆਪਣੀ ਅਸਲ ਮੰਜ਼ਿਲ ਬਾਰੇ ਗਿਆਨ ਹੀ ਨਹੀਂ ਹੈ। ਸ਼ਾਇਦ ਇਸੇ ਕਰਕੇ ਅੱਜ ਦਾ ਮਨੁੱਖ ਭੱਜ ਦੌੜ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਹਰ ਸਮੇਂ ਪੈਸੇ, ਤਰੱਕੀ ਅਤੇ ਸ਼ੁਹਰਤ ਪ੍ਰਾਪਤ ਕਰਨ ਦੀਆਂ ਘਾੜਤਾਂ ਘੜਦਾ ਰਹਿੰਦਾ ਹੈ ਜਾਂ ਫਿਰ ਸੋਚਾਂ ਵਿੱਚ ਗੁਆਚਿਆ ਰਹਿੰਦਾ ਹੈ ਜਿਸ ਨਾਲ ਉਹ ਕਈ ਤਰ੍ਹਾਂ ਦੀਆਂ ਮਾਨਸਿਕ ਪਰੇਸ਼ਾਨੀਆਂ ਦਾ ਸ਼ਿਕਾਰ ਹੋ ਰਿਹਾ ਹੈ।
ਸਿਆਣਿਆਂ ਦਾ ਕਹਿਣਾ ਹੈ ਕਿ ਆਪਣੇ ਜੀਵਨ ਕਾਲ ਦੇ ਜਵਾਨੀ ਪਹਿਰ ਵਿੱਚ ਮਨੁੱਖ ਇੰਨਾ ਮਸ਼ਰੂਫ਼ ਹੁੰਦਾ ਹੈ ਕਿ ਉਸ ਨੂੰ ਖਾਣ-ਪੀਣ ਦਾ ਜ਼ਰਾ ਵੀ ਧਿਆਨ ਨਹੀਂ ਹੁੰਦਾ ਕਿਉਂਕਿ ਉਹ ਪੈਸੇ ਦੀ ਦੌੜ ਵਿੱਚ ਭੱਜ ਰਿਹਾ ਹੁੰਦਾ ਹੈ ਪ੍ਰੰਤੂ ਬੁਢਾਪੇ ਵਿੱਚ ਪੈਸੇ ਦੇ ਹੁੰਦਿਆਂ ਵਧੀਆ ਖਾਣਾ ਨਹੀਂ ਖਾ ਸਕਦਾ ਕਿਉਂਕਿ ਉਸ ਵਕਤ ਤੱਕ ਬਹੁਤ ਸਾਰੀਆਂ ਸਰੀਰਕ ਬਿਮਾਰੀਆਂ ਨੇ ਘੇਰ ਲਿਆ ਹੁੰਦਾ ਹੈ। ਫਿਰ ਮਨੁੱਖ ਬੀਤੇ ਵੇਲੇ ਨੂੰ ਚੇਤੇ ਕਰਕੇ ਪਛਤਾਉਂਦਾ ਹੈ, ਉਦੋਂ ਸਮਾਂ ਹੱਥ ਨਹੀਂ ਆਉਂਦਾ।
ਬੀਤ ਜੈਹੈ ਬੀਤ ਜੈਹੇ ਜਨਮੁ ਅਕਾਜੁ ਰੇ॥
ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਅੱਜ ਦੇ ਸਮੇਂ ਮਨੁੱਖ ਕੋਲ ਜਿੱਥੇ ਪੈਸਾ ਹੋਣਾ ਚਾਹੀਦਾ ਹੈ ਉੱਥੇ ਹੀ ਮਾਨਸਿਕ ਸਕੂਨ ਵੀ ਹੋਣਾ ਚਾਹੀਦਾ ਹੈ। ਅੱਜ ਪੈਸੇ ਦੀ ਦੌੜ ਨੇ ਮਨੁੱਖ ਨੂੰ ਮਸ਼ੀਨ ਬਣਾ ਕੇ ਰੱਖ ਦਿੱਤਾ ਹੈ। ਮਨੁੱਖ ਆਪਣੀਆਂ ਲੋੜਾਂ ਤੋਂ ਵੱਧ ਕਮਾ ਕੇ ਆਪਣੀ ਜ਼ਿੰਦਗੀ ਨੂੰ ਆਰਾਮਦਾਇਕ ਬਣਾਉਣਾ ਚਾਹੁੰਦਾ ਹੈ ਪ੍ਰੰਤੂ ਪੈਸੇ ਅਤੇ ਸ਼ੁਹਰਤ ਨਾਲ ਸਕੂਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਅੱਜ ਮਨੁੱਖ ਦੀਆਂ ਇੱਛਾਵਾਂ ਕੁਝ ਹੋਰ ਹਨ ਅਤੇ ਉਹ ਪ੍ਰਾਪਤ ਕੁਝ ਹੋਰ ਕਰਨਾ ਚਾਹੁੰਦਾ ਹੈ।
ਇਹ ਗੱਲ 100 ਫ਼ੀਸਦੀ ਸੱਚ ਅਤੇ ਦਰੁੱਸਤ ਹੈ ਕਿ ਜਿਹੜਾ ਮਨੁੱਖ ਪੈਦਾ ਹੋਇਆ ਹੈ ਉਸ ਦੀ ਮੌਤ ਵੀ ਲਾਜ਼ਮੀ ਹੋਵੇਗੀ। ਇਹ ਕੋਈ ਢੇਰੀ ਢਾਹੁਣ ਵਾਲੀ ਜਾਂ ਉਤਸ਼ਾਹ ਮੱਠਾ ਕਰਨ ਵਾਲੀ ਗੱਲ ਨਹੀਂ ਬਲਕਿ ਇਹ ਜੀਵਨ ਦਾ ਸੱਚ ਹੈ। ਹਾਂ, ਮਿਹਨਤ ਕਰਨਾ ਚੰਗੀ ਗੱਲ ਹੈ। ਜ਼ਿੰਦਗੀ ਵਿੱਚ ਕਾਮਯਾਬ ਹੋਣਾ ਉਸ ਤੋਂ ਵੀ ਚੰਗੀ ਗੱਲ ਹੈ ਪ੍ਰੰਤੂ ਇਸ ਕਾਮਯਾਬੀ ਅਤੇ ਮਿਹਨਤ ਕਰਕੇ ਆਪਣਿਆਂ ਤੋਂ ਦੂਰ ਹੋ ਜਾਣਾ ਜਾਂ ਆਪਣੇ-ਆਪ ਨੂੰ ਹੀ ਭੁੱਲ ਜਾਣਾ ਸਿਆਣਪ ਨਹੀਂ ਕਹੀ ਜਾ ਸਕਦੀ। ਜਿਹੜਾ ਜੀਵਨ ਮਿਲਿਆ ਹੈ ਉਸ ਨੂੰ ਸੁੱਖ ਅਤੇ ਚੈਨ ਨਾਲ ਆਪਣਿਆਂ ਨਾਲ ਬਤੀਤ ਕਰਨਾ ਚਾਹੀਦਾ ਹੈ। ਸੂਫ਼ੀ ਪਰੰਪਰਾ ਤਹਿਤ ਇਹ ਵਿਚਾਰ ਪੇਸ਼ ਕੀਤਾ ਜਾਂਦਾ ਹੈ, ‘ਇਹ ਸੰਸਾਰ ਇੱਕ ਪੁਲ ਹੈ ਅਤੇ ਸਿਆਣੇ ਲੋਕ ਪੁਲ ’ਤੇ ਘਰ ਨਹੀਂ ਪਾਉਂਦੇ।’ ਮਨੁੱਖ ਨੂੰ ਸਿਰਫ਼ ਮਸ਼ੀਨੀ ਜੀਵਨ ਹੀ ਨਹੀਂ ਜਿਊਣਾ ਚਾਹੀਦਾ ਬਲਕਿ ਮਨ ਦੀਆਂ ਕੋਮਲ ਭਾਵਨਾਵਾਂ ਨੂੰ ਪਛਾਣਨਾ ਚਾਹੀਦਾ ਹੈ; ਆਪਣੇ ਅੰਦਰ ਦੀ ਗੱਲ ਨੂੰ ਸੁਣਨਾ ਚਾਹੀਦਾ ਹੈ ਅਤੇ ਰੂਹ ਦੇ ਚੈਨ ਤੇ ਸਕੂਨ ਲਈ ਜਿਊਣਾ ਚਾਹੀਦਾ ਹੈ।
ਵਿਦਵਾਨਾਂ ਦਾ ਕਹਿਣਾ ਹੈ ਕਿ ਜਿਹੜਾ ਕੰਮ ਤੁਸੀਂ ਅੱਜ ਕਰ ਸਕਦੇ ਹੋ; ਆਉਣ ਵਾਲੇ ਦਸਾਂ-ਪੰਦਰਾਂ ਸਾਲਾਂ ਬਾਅਦ ਉਸ ਕੰਮ ਬਾਰੇ ਸਿਰਫ਼ ਸੋਚ ਸਕਦੇ ਹੋ; ਕਰ ਨਹੀਂ ਸਕਦੇ। ਭਾਵ ਜਿਹੜੇ ਕੱਪੜੇ ਤੁਸੀਂ ਅੱਜ ਪਾ ਸਕਦੇ ਹੋ; ਜਿਸ ਜਗ੍ਹਾ ’ਤੇ ਤੁਸੀਂ ਅੱਜ ਘੁੰਮ ਸਕਦੇ ਹੋ, ਉਹ ਕੰਮ ਬੁਢਾਪੇ ਵਿੱਚ ਨਹੀਂ ਕਰ ਸਕਦੇ। ਇਸ ਲਈ ਆਪਣੇ ਜੀਵਨ ਦੇ ਸਮੇਂ ਨੂੰ ਸਾਰਥਕ ਕੰਮਾਂ ਵਿੱਚ ਬਤੀਤ ਕਰਨਾ ਚਾਹੀਦਾ ਹੈ ਜਿਸ ਨਾਲ ਜਿੱਥੇ ਸੰਸਾਰਕ ਜੀਵਨ ਸੁਖਦਾਇਕ ਬਤੀਤ ਹੋਵੇ ਉੱਥੇ ਹੀ ਮਾਨਸਿਕ ਸਕੂਨ ਵੀ ਮਿਲ ਸਕੇ। ਇਹੀ ਅਜੋਕੇ ਸੰਦਰਭ ਵਿੱਚ ਆਦਰਸ਼ਕ ਜੀਵਨ ਜਿਊਣ ਦਾ ਕਾਰਗਰ ਨੁਕਤਾ ਹੈ।
ਸੰਪਰਕ: 90414-98009