ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤੁਸੀਂ ਵਿਚਾਰਾਂ ਨੂੰ ਕਤਲ ਨਹੀਂ ਕਰ ਸਕਦੇ...

09:03 AM Sep 28, 2024 IST

ਸਰਬਜੀਤ ਸਿੰਘ ਵਿਰਕ
‘‘ਸਾਡਾ ਦਾਅਵਾ ਸਿਰਫ਼ ਇਹ ਹੈ ਕਿ ਅਸੀਂ ਦੇਸ਼ ਦੇ ਇਤਿਹਾਸਕ ਹਾਲਾਤ ਅਤੇ ਇਨਸਾਨੀ ਜਜ਼ਬਿਆਂ ਉੱਤੇ ਸੰਜੀਦਗੀ ਨਾਲ ਗੌਰ ਕਰਨ ਵਾਲੇ ਹਾਂ। ਸਾਡਾ ਇਰਾਦਾ ਇਸ ਅਦਾਰੇ (ਕੌਮੀ ਅਸੈਂਬਲੀ) ਦਾ ਜ਼ਾਹਰਾ ਤੌਰ ’ਤੇ ਵਿਰੋਧ ਕਰਨਾ ਸੀ, ਜਿਸ ਦੇ ਕਾਰਜਾਂ ਤੋਂ ਚੰਗੀ ਤਰ੍ਹਾਂ ਸਾਬਤ ਹੋ ਗਿਆ ਹੈ ਕਿ ਇਸ ਨੇ ਹੋਂਦ ਵਿੱਚ ਆਉਣ ਤੋਂ ਲੈ ਕੇ ਅੱਜ ਤੱਕ ਨਾ ਸਿਰਫ਼ ਆਪਣੇ ਨਿਕੰਮੇਪਣ ਦਾ ਸਗੋਂ ਗਹਿਰੀ ਚਾਲਬਾਜ਼ੀ ਦਾ ਵੀ ਮੁਜ਼ਾਹਰਾ ਕੀਤਾ ਹੈ ਅਤੇ ਇਸ ਦਾ ਮੰਤਵ ਤਸ਼ੱਦਦ ਕਰਨ ਵਾਲੀ ਸਰਕਾਰ ਕਾਇਮ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ।’’
ਉਕਤ ਸ਼ਬਦ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ ਕੌਮੀ ਅਸੈਂਬਲੀ ਵਿੱਚ ਬੰਬ ਸੁੱਟਣ ਦੀ ਕਾਰਵਾਈ ਪਿੱਛੋਂ ਚੱਲੇ ਮੁਕੱਦਮੇ ਵਿੱਚ ਆਪਣਾ ਬਿਆਨ ਦਰਜ ਕਰਾਉਂਦਿਆਂ ਆਖੇ ਸਨ। ਭਗਤ ਸਿੰਘ ਦੀ ਪਾਰਟੀ ‘ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ’ ਨੇ ਇਸ ਕਾਰਵਾਈ ਨੂੰ ਕਿਉਂ ਅਤੇ ਕਿਵੇਂ ਅੰਜਾਮ ਦਿੱਤਾ ਅਤੇ ਇਸ ਤੋਂ ਪਿੱਛੋਂ ਕੀ ਹੋਇਆ ਸੀ, ਇਹ ਜਾਣਨ ਲਈ ਆਪਾਂ ਇਤਿਹਾਸ ਦੇ ਉਸ ਦੌਰ ਵਿੱਚ ਦਾਖਲ ਹੋਈਏ।
1929 ਦੇ ਅਪਰੈਲ ਮਹੀਨੇ ਦੀ 26 ਤਾਰੀਖ਼ : ਪੰਜਾਬ ਵਿੱਚ ਕਣਕਾਂ ਨੂੰ ਵਾਢੀ ਪੈ ਚੁੱਕੀ ਹੈ। ਕਿਸਾਨ ਮੌਸਮ ਖ਼ਰਾਬ ਹੋਣ ਦੇ ਡਰੋਂ ਛੇਤੀ ਫ਼ਸਲ ਸਮੇਟਣ ਦਾ ਉੱਦਮ ਕਰ ਰਹੇ ਹਨ। ਫ਼ਸਲਾਂ ਨੂੰ ਸੋਨੇ ਦੀ ਤਰ੍ਹਾਂ ਸਾਂਭਦਿਆਂ ਉਨ੍ਹਾਂ ਦੇ ਚਿਹਰਿਆਂ ਉੱਤੇ ਰੌਣਕ ਹੈ ਪਰ ਦਿੱਲੀ ਵਿਖੇ ਜੇਲ੍ਹ ਦੀ ਇੱਕ ਬੈਰਕ ਵਿੱਚ ਵੱਖ ਵੱਖ ਜੁਰਮਾਂ ਦੇ ਮੁਲਜ਼ਮਾਂ ਵਿੱਚ ਬੈਠਾ ਭਗਤ ਸਿੰਘ ਖ਼ਿਆਲਾਂ ਵਿੱਚ ਹੀ ਆਪਣੀ ਮਾਂ ਅਤੇ ਪਿਤਾ ਦੇ ਚਿਹਰੇ ਦੀ ਉਦਾਸੀ ਨੂੰ ਪੜ੍ਹਨ ਦਾ ਯਤਨ ਕਰ ਰਿਹਾ ਹੈ। ਜੇਲ੍ਹ ਵਿੱਚ ਕਈ ਖ਼ਤਰਨਾਕ ਕਿਸਮ ਦੇ ਅਪਰਾਧੀ ਵੀ ਹਨ, ਜਿਨ੍ਹਾਂ ਦੇ ਇੱਥੇ ਬੰਦ ਹੋਣ ਕਾਰਨ ਸਰਕਾਰ ਨੇ ਇਸ ਜੇਲ੍ਹ ਨੂੰ ਉੱਚ ਸੁਰੱਖਿਆ ਜੇਲ੍ਹ ਦਾ ਦਰਜਾ ਦੇ ਰੱਖਿਆ ਹੈ। ਕੁਝ ਦਿਨ ਪਹਿਲਾਂ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਦੇ ਇੱਥੇ ਆਉਣ ਕਰਕੇ ਜੇਲ੍ਹ ਦੀ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ ਭਾਵੇਂ ਕਿ ਸਰਕਾਰ ਨੂੰ ਹਾਲੇ ਇਸ ਗੱਲ ਦੀ ਭਿਣਕ ਨਹੀਂ ਪਈ ਕਿ ਲਾਹੌਰ ਵਿਖੇ ਅਸਿਸਟੈਂਟ ਸੁਪਰਇਨਟੈਂਡੈਂਟ ਜੌਹਨ ਸਾਂਡਰਸ ਦੇ ਕਤਲ ਵਿੱਚ ਭਗਤ ਸਿੰਘ ਦੀ ਮੁੱਖ ਭੂਮਿਕਾ ਹੈ। ਲਾਹੌਰ ਦੀ ਪੁਲੀਸ ਨੇ ਕਤਲ ਬਾਰੇ ਜੋ ਮੁੱਢਲੀ ਰਿਪੋਰਟ (ਐੱਫਆਈਆਰ) ਦਰਜ ਕੀਤੀ ਹੈ ਉਸ ਵਿੱਚ ਕਿਸੇ ਦੋਸ਼ੀ ਦਾ ਨਾਂ ਨਹੀਂ ਹੈ।
ਦੁਨੀਆ ਵਿੱਚ 1925 ਤੋਂ ਪਿੱਛੋਂ ਆਰਥਿਕ ਮੰਦਵਾੜਾ ਆ ਚੁੱਕਾ ਸੀ ਅਤੇ ਤਿਆਰ ਉਤਪਾਦਾਂ ਦੀ ਮੰਗ ਘੱਟ ਹੋਣ ਕਰਕੇ ਫੈਕਟਰੀਆਂ ਮਜ਼ਦੂਰਾਂ ਦੀ ਛੁੱਟੀ ਕਰ ਰਹੀਆਂ ਸਨ। ਦਿਨੋ-ਦਿਨ ਮਜ਼ਦੂਰ ਵਿਹਲੇ ਹੋ ਰਹੇ ਸਨ ਅਤੇ ਉਨ੍ਹਾਂ ਦਾ ਗੁਜ਼ਾਰਾ ਮੁਸ਼ਕਿਲ ਹੋ ਰਿਹਾ ਸੀ। ਦੂਜੇ ਪਾਸੇ ਕਿਸਾਨ ਵੀ ਸਰਕਾਰ ਦੀਆਂ ਜਾਬਰ ਅਤੇ ਮਾਰੂ ਨੀਤੀਆਂ ਤੋਂ ਪਰੇਸ਼ਾਨ ਸਨ। ਪਹਿਲਾਂ ਅਪਰੈਲ 1928 ਵਿੱਚ ਮੇਰਠ ਅਤੇ ਫਿਰ 21 ਤੋਂ 24 ਦਸੰਬਰ 1928 ਨੂੰ ਕਲਕੱਤਾ ਵਿਖੇ ਹੋਈਆਂ ਕਾਨਫਰੰਸਾਂ ਵਿੱਚ ਦੇਸ਼ ਭਰ ਦੇ ਮਜ਼ਦੂਰਾਂ ਤੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਵੇਲੇ ਦੀ ਹਕੂਮਤ ਨੂੰ ਇਹ ਦੱਸ ਦਿੱਤਾ ਸੀ ਕਿ ਹੁਣ ਉਹ ਚੁੱਪ ਕਰਕੇ ਨਹੀਂ ਬੈਠਣਗੇ। ਇਨ੍ਹਾਂ ਕਾਨਫਰੰਸਾਂ ਤੋਂ ਬਾਅਦ ਜਿਉਂ ਹੀ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਦੇਸ਼ ਭਰ ’ਚੋਂ ਕਿਸਾਨ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਵੀ ਸ਼ੁਰੂ ਹੋ ਗਈਆਂ। ਕਮਿਊਨਿਸਟ ਆਗੂ ਐੱਸ. ਏ. ਡਾਂਗੇ, ਮੁਜ਼ੱਫਰ ਅਹਿਮਦ ਅਤੇ ਐੱਸ.ਵੀ. ਘਾਟੇ ਵੀ ਫੜ ਲਏ ਗਏ। ਪੰਜਾਬ ਤੋਂ ਕਾਨਫਰੰਸ ਵਿੱਚ ਸ਼ਾਮਲ ਹੋਣ ਵਾਲੇ ਸੋਹਣ ਸਿੰਘ ਜੋਸ਼, ਅਬਦੁਲ ਮਜੀਦ, ਕਿਦਾਰ ਨਾਥ ਸਹਿਗਲ ਅਤੇ ਹੋਰ ਬਹੁਤ ਸਾਰੇ ਆਗੂ ਮਾਰਚ 1929 ਵਿੱਚ ਹਿਰਾਸਤ ਵਿੱਚ ਲੈ ਲਏ ਗਏ। ਕਿਸਾਨਾਂ ਅਤੇ ਮਜ਼ਦੂਰਾਂ ਦੇ ਵਧਦੇ ਅੰਦੋਲਨਾਂ ਨੂੰ ਠੱਲ੍ਹ ਪਾਉਣ ਲਈ ਭਾਰਤੀ ਅੰਗਰੇਜ਼ ਹਕੂਮਤ ਦੇ ਵਾਇਸਰਾਏ ਲਾਰਡ ਇਰਵਿਨ ਨੇ ਦੋ ਮਹੱਤਵਪੂਰਨ ਬਿੱਲ ਪਾਸ ਕਰਾਉਣ ਦਾ ਪ੍ਰੋਗਰਾਮ ਬਣਾਇਆ ਸੀ। ਇਹ ਜਨਤਕ ਸੁਰੱਖਿਆ ਬਿੱਲ (Public Safety Bill) ਅਤੇ ਵਪਾਰ ਝਗੜੇ (ਸੋਧ) ਬਿੱਲ (Trade Disputes (Amendment) Bill) ਦੇ ਨਾਵਾਂ ਹੇਠ 8 ਅਪਰੈਲ, 1929 ਨੂੰ ਕੌਮੀ ਅਸੈਂਬਲੀ ਵਿੱਚ ਚਰਚਾ ਲਈ ਪੇਸ਼ ਕੀਤੇ ਜਾਣੇ ਸਨ। ਪਹਿਲੇ ਬਿੱਲ ਦਾ ਮਕਸਦ ਹਕੂਮਤ ਦਾ ਵਿਰੋਧ ਕਰਨ ਵਾਲੇ ਲੋਕਾਂ ਨੂੰ ਬਿਨਾਂ ਮੁੱਕਦਮਾ ਚਲਾਏ ਜੇਲ੍ਹਾਂ ਵਿੱਚ ਬੰਦ ਕਰਨਾ ਸੀ ਅਤੇ ਦੂਜੇ ਦਾ ਮਕਸਦ ਮਜ਼ਦੂਰਾਂ ਨੂੰ ਹੜਤਾਲ ਕਰਨ ਦੇ ਹੱਕ ਤੋਂ ਵਾਂਝਾ ਕਰਨਾ ਸੀ।
ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਪਾਰਟੀ, ਜੋ ਮਜ਼ਦੂਰਾਂ ਅਤੇ ਕਿਸਾਨਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਹੀ ਸੰਘਰਸ਼ ਕਰ ਰਹੀ ਸੀ, ਇਨ੍ਹਾਂ ਤਬਕਿਆਂ ਉੱਤੇ ਦਬਾਅ ਕਿਵੇਂ ਸਹਿਣ ਕਰ ਸਕਦੀ ਸੀ। ਭਗਤ ਸਿੰਘ ਜੋ ਰੂਪੋਸ਼ੀ ਦੇ ਸਮੇਂ ਦਸੰਬਰ 1928 ਵਾਲੀ ਕਲਕੱਤਾ ਕਾਨਫਰੰਸ ਵਿੱਚ ਸ਼ਿਰਕਤ ਕਰ ਚੁੱਕਾ ਸੀ, ਚਾਹੁੰਦਾ ਸੀ ਕਿ ਉਹਦੀ ਪਾਰਟੀ, ਉਕਤ ਬਿੱਲਾਂ ਦਾ ਅਜਿਹੇ ਢੰਗ ਨਾਲ ਵਿਰੋਧ ਕਰੇ ਕਿ ਸਰਕਾਰ ਦੀ ਨੀਂਦ ਹਰਾਮ ਹੋ ਜਾਵੇ। ਇਸੇ ਦਰਮਿਆਨ ਵਾਇਸਰਾਏ ਨੇ ਇਹ ਐਲਾਨ ਕਰ ਦਿੱਤਾ ਕਿ ਜੇਕਰ ਮੈਂਬਰਾਂ ਦੇ ਵਿਰੋਧ ਕਾਰਨ ਉਕਤ ਬਿੱਲਾਂ ਨੂੰ ਸੈਂਟਰਲ ਅਸੈਂਬਲੀ ਕੋਲੋਂ ਪਾਸ ਕਰਵਾਉਣ ਵਿੱਚ ਕੋਈ ਦਿੱਕਤ ਆਈ ਤਾਂ ਉਹ ਵਿਸ਼ੇਸ਼ ਅਧਿਕਾਰ ਵਰਤ ਕੇ ਇਨ੍ਹਾਂ ਨੂੰ ਆਰਡੀਨੈਂਸ ਦੇ ਰੂਪ ਵਿੱਚ ਜਾਰੀ ਕਰਨਗੇ।
ਉਕਤ ਵਿਸ਼ੇ ’ਤੇ ਆਪਣੀ ਪਾਰਟੀ ਦੀ ਕੇਂਦਰੀ ਕਮੇਟੀ ਦੀ ਆਗਰਾ ਵਿਖੇ ਸੱਦੀ ਮੀਟਿੰਗ ਵਿੱਚ ਭਗਤ ਸਿੰਘ ਨੇ ਕਿਹਾ ਕਿ ਸਾਡੀ ਪਾਰਟੀ ਨੂੰ ਫੌਰੀ ਤੌਰ ਉੱਤੇ ਇਹ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਭਾਰਤੀ ਜਨਤਾ ਉੱਤੇ ਹਕੂਮਤ ਵੱਲੋਂ ਕਿਸੇ ਵੀ ਤਰ੍ਹਾਂ ਦਾ ਦਬਾਅ ਸਹਿਣ ਨਹੀਂ ਕਰੇਗੀ। ਉਸ ਨੇ ਆਪਣੇ ਸਾਥੀਆਂ ਨੂੰ ਦੱਸਿਆ ਕਿ ਸਰਕਾਰ ਇਨ੍ਹਾਂ ਲੋਕ ਵਿਰੋਧੀ ਬਿੱਲਾਂ ਨੂੰ ਕੌਮੀ ਅਸੈਂਬਲੀ ਰਾਹੀਂ ਇਸ ਕਰਕੇ ਪਾਸ ਕਰਵਾਉਣਾ ਚਾਹੁੰਦੀ ਹੈ ਤਾਂ ਕਿ ਉਹ ਇਹ ਕਹਿ ਸਕੇ ਕਿ ਉਸ ਨੂੰ ਲੋਕਾਂ ਦੇ ਚੁਣੇ ਨੁਮਾਇੰਦਿਆਂ ਦਾ ਸਮਰਥਨ ਹਾਸਲ ਹੈ। ਉਸ ਨੇ ਕਿਹਾ ਕਿ ਸਰਕਾਰ ਲੋਕਾਂ ਦੀ ਆਵਾਜ਼ ਨਹੀਂ ਸੁਣ ਰਹੀ ਅਤੇ ਮਨਮਾਨੀਆਂ ਕਰਨ ਦੀਆਂ ਹੋਰ ਖੁੱਲ੍ਹਾਂ ਲੈਣਾ ਚਾਹੁੰਦੀ ਹੈ, ਇਸ ਕਰਕੇ ਕਿਸੇ ਅਜਿਹੇ ਐਕਸ਼ਨ ਦੀ ਲੋੜ ਹੈ ਜੋ ਇਸ ਦੇ ਕੰਨ ਖੋਲ੍ਹ ਸਕੇ।
ਭਗਤ ਸਿੰਘ ਦੇ ਮਤੇ ਉੱਤੇ ਗੰਭੀਰ ਚਰਚਾ ਪਿੱਛੋਂ ਪਾਰਟੀ ਇਸ ਨਿਰਣੇ ਉੱਤੇ ਪੁੱਜੀ ਕਿ ਇੱਕ ਪਾਸੇ ਸਾਰੀਆਂ ਭਰਾਤਰੀ ਜਥੇਬੰਦੀਆਂ ਨੂੰ ਇਨ੍ਹਾਂ ਬਿੱਲਾਂ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਜਾਵੇ ਅਤੇ ਦੂਜੇ ਪਾਸੇ ਖ਼ੁਦ ਇਨ੍ਹਾਂ ਬਿੱਲਾਂ ਖ਼ਿਲਾਫ਼ ਕੌਮੀ ਅਸੈਂਬਲੀ (ਪਾਰਲੀਮੈਂਟ) ਵਿੱਚ ਸਿੱਧਾ ਐਕਸ਼ਨ ਕੀਤਾ ਜਾਵੇ। ਕੇਂਦਰੀ ਕਮੇਟੀ ਨੇ ਪਾਸ ਕੀਤਾ ਕਿ ਜਦੋਂ ਅਸੈਂਬਲੀ ਵਿੱਚ ਇਨ੍ਹਾਂ ਬਿੱਲਾਂ ਉੱਤੇ ਵੋਟਾਂ ਪੈ ਜਾਣ ਅਤੇ ਨਤੀਜੇ ਦਾ ਇੰਤਜ਼ਾਰ ਹੋਵੇ ਤਾਂ ਉਸ ਸਮੇਂ ਦਰਸ਼ਕ ਗੈਲਰੀ ਤੋਂ ਸਰਕਾਰੀ ਮੈਂਬਰਾਂ ਵਾਲੇ ਪਾਸੇ ਬੰਬ ਸੁੱਟ ਕੇ ਧਮਾਕਾ ਕੀਤਾ ਜਾਵੇ। ਇਨ੍ਹਾਂ ਬੰਬਾਂ ਦਾ ਉਦੇਸ਼ ਕਿਸੇ ਦੀ ਜਾਨ ਲੈਣਾ ਨਹੀਂ ਹੋਵੇਗਾ ਸਗੋਂ ਸਰਕਾਰ ਦੀ ਜ਼ਬਰਦਸਤੀ ਵਿਰੁੱਧ ਜਨਤਾ ਦੇ ਗੁੱਸੇ ਅਤੇ ਵਿਦਰੋਹ ਨੂੰ ਪੇਸ਼ ਕਰਨਾ ਹੋਵੇਗਾ। ਇਸੇ ਕਰਕੇ ਇਹ ਬੰਬ ਘੱਟੋ-ਘੱਟ ਵਿਸਫੋਟਕ ਪਦਾਰਥਾਂ ਵਾਲੇ ਹੋਣਗੇ ਅਤੇ ਅਸੈਂਬਲੀ ਵਿੱਚ ਖਾਲੀ ਥਾਂ ਉੱਤੇ ਸੁੱਟੇ ਜਾਣਗੇ।
ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਪਾਰਟੀ ਵੱਲੋਂ ਆਗਰੇ ਵਿਖੇ ਲਏ ਫ਼ੈਸਲੇ ਅਨੁਸਾਰ ਨੈਸ਼ਨਲ ਅਸੈਂਬਲੀ ਦਿੱਲੀ ਵਿਖੇ ਐਕਸ਼ਨ ਕਰਨ ਲਈ ਜੈਦੇਵ ਕਪੂਰ ਨੇ ਭਗਤ ਸਿੰਘ ਅਤੇ ਬੀ.ਕੇ. ਦੱਤ ਦੀ ਉੱਥੇ ਐਂਟਰੀ ਲਈ ਪਾਸਾਂ ਦਾ ਪ੍ਰਬੰਧ ਕਰ ਦਿੱਤਾ ਸੀ। ਇਨ੍ਹਾਂ ਪਾਸਾਂ ਨੂੰ ਵਰਤ ਕੇ ਇਹ ਦੋਵੇਂ ਇਨਕਲਾਬੀ, ਉਕਤ ਬਿੱਲ ਪੇਸ਼ ਹੋਣ ਦੇ ਦਿਨ ਭਾਵ 8 ਅਪਰੈਲ, 1929 ਨੂੰ ਕੌਮੀ ਅਸੈਂਬਲੀ ਦੀ ਇਮਾਰਤ (ਪੁਰਾਣਾ ਸੰਸਦ ਭਵਨ) ਦੀ ਉਤਲੀ ਮੰਜ਼ਿਲ ’ਤੇ ਬਣੀ ਵਿਜ਼ਿਟਰ ਗੈਲਰੀ ਵਿੱਚ ਜਾ ਬਿਰਾਜਮਾਨ ਹੋਏ ਸਨ। ਜਿਉਂ ਹੀ ਪਬਲਿਕ ਸੇਫਟੀ ਬਿੱਲ ਅਤੇ ਟਰੇਡ ਡਿਸਪਿਊਟਸ (ਅਮੈਂਡਮੈਂਟ) ਬਿੱਲ ਤਸਦੀਕ ਕਰਕੇ ਪਾਸ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਣ ਲੱਗੀ ਤਾਂ ਭਗਤ ਸਿੰਘ ਨੇ ਆਪਣੇ ਕੋਟ ਦੀ ਜੇਬ ਵਿੱਚੋਂ ਬੰਬ ਕੱਢ ਕੇ ਅਸੈਂਬਲੀ ਦੇ ਫਰਸ਼ ਉੱਤੇ ਦੇ ਮਾਰਿਆ। ਰੌਲਾ ਰੱਪਾ ਪੈਣ ਲੱਗਾ ਤਾਂ ਬੀ. ਕੇ. ਦੱਤ ਨੇ ਇੱਕ ਹੋਰ ਬੰਬ ਅਸੈਂਬਲੀ ਵਿੱਚ ਸੁੱਟ ਦਿੱਤਾ। ਸਾਰੇ ਪਾਸੇ ਅਫ਼ਰਾ-ਤਫ਼ਰੀ ਫੈਲ ਗਈ। ਡਰੇ ਹੋਏ ਬਹੁਤ ਸਾਰੇ ਸਰਕਾਰੀ ਅਧਿਕਾਰੀ ਤੇ ਵਿਧਾਨ ਸਭਾ ਮੈਂਬਰ ਏਧਰ ਓਧਰ ਨੱਠਣ-ਭੱਜਣ ਲੱਗੇ। ਜਦੋਂ ਕਿ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਇਹ ਦੋ ਯੋਧੇ ਬਿਨਾਂ ਕਿਸੇ ਭੈਅ ਤੋਂ ਆਪਣੇ ਮਿਸ਼ਨ ਬਾਰੇ ਛਾਪੇ ਹੋਏ ਪਰਚੇ ਹਾਲ ਵਿੱਚ ਸੁੱਟਦੇ ਰਹੇ ਅਤੇ ‘ਇਨਕਲਾਬ ਜ਼ਿੰਦਾਬਾਦ’ (Long Live Revolution), ‘ਸਾਮਰਾਜਵਾਦ ਮੁਰਦਾਬਾਦ’ (Death to Imperialism)’ ਅਤੇ ‘ਸਾਰੇ ਦੁਨੀਆ ਦੇ ਮਜ਼ਦੂਰੋ ਇੱਕ ਹੋ ਜਾਓ’ (Workers of the World Unite) ਦੇ ਨਾਅਰੇ ਮਾਰਦੇ ਰਹੇ। ਇਸ ਸਮੇਂ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਵੱਲੋਂ ‘ਬੋਲ਼ੇ ਕੰਨਾਂ ਨੂੰ ਸੁਣਾਉਣ ਲਈ ਉੱਚੀ ਆਵਾਜ਼ ਦੀ ਲੋੜ ਪੈਂਦੀ ਹੈ’ ਸਿਰਲੇਖ ਵਾਲਾ ਪਰਚਾ ਵੰਡਿਆ ਗਿਆ, ਜਿਸ ਦੀ ਇਬਾਰਤ ਇਸ
ਤਰ੍ਹਾਂ ਸੀ;
‘‘ਅਸੀਂ ਇੱਥੇ ਸੁਧਾਰਾਂ ਦੇ ਲਾਗੂ ਹੋਣ ਦੇ ਪਿਛਲੇ ਦਸ ਸਾਲਾਂ ਦਾ ਅਪਮਾਨਜਨਕ ਇਤਿਹਾਸ ਨਹੀਂ ਦੁਹਰਾ ਰਹੇ। ਨਾ ਹੀ ਅਸੀਂ ਇਸ ਅਖੌਤੀ ਭਾਰਤੀ ਪਾਰਲੀਮੈਂਟ ਵੱਲੋਂ ਭਾਰਤੀ ਕੌਮ ਦੇ ਮੱਥੇ ਉੱਤੇ ਲਾਏ ਅਪਮਾਨਾਂ ਦੇ ਧੱਬਿਆਂ ਦਾ ਵਰਣਨ ਕਰ ਰਹੇ ਹਾਂ। ਪਰ ਅਸੀਂ ਦੇਖਦੇ ਹਾਂ ਕਿ ਇਸ ਵਾਰ ਫਿਰ ਜਦੋਂ ਸਾਈਮਨ ਕਮਿਸ਼ਨ ਦੇ ਕੁਝ ਹੋਰ ਸੁਧਾਰਾਂ ਦੀ ਆਸ ਵਿੱਚ ਲੋਕ ਉਨ੍ਹਾਂ ਟੁਕੜਿਆਂ ਦੀ ਵੰਡ ਲਈ ਹੀ ਆਪਸ ਵਿੱਚ ਲੜ ਰਹੇ ਹਨ ਤਾਂ ਸਰਕਾਰ ਪਬਲਿਕ ਸੇਫਟੀ ਅਤੇ ਟਰੇਡ ਡਿਸਪਿਊਟ ਬਿੱਲ ਜਿਹੇ ਦਬਾਊ ਕਦਮ ਠੋਸ ਰਹੀ ਹੈ। ਪ੍ਰੈੱਸ ਸਿਡੀਸ਼ਨ ਬਿੱਲ ਨੂੰ ਉਸ ਨੇ ਆਉਂਦੇ ਸਮਾਗਮ ਲਈ ਰੱਖ ਛੱਡਿਆ ਹੈ। ਖੁੱਲ੍ਹੇਆਮ ਕੰਮ ਕਰਨ ਵਾਲੇ ਮਜ਼ਦੂਰ ਆਗੂਆਂ ਦੀਆਂ ਅੰਨ੍ਹੇਵਾਹ ਗ੍ਰਿਫ਼ਤਾਰੀਆਂ ਦੱਸਦੀਆਂ ਹਨ ਕਿ ਹਵਾ ਦਾ ਰੁਖ਼ ਕੀ ਹੈ?...ਸਰਕਾਰ ਵੀ ਸਮਝ ਲਵੇ ਕਿ ਨਿਹੱਥੀ ਭਾਰਤੀ ਜਨਤਾ ਵੱਲੋਂ ਪਬਲਿਕ ਸੇਫਟੀ ਬਿੱਲ, ਟਰੇਡ ਡਿਸਪਿਊਟਸ ਬਿੱਲ, ਲਾਲਾ ਲਾਜਪਤ ਰਾਏ ਦੀ ਬੇਰਹਿਮ ਹੱਤਿਆ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਅਸੀਂ ਉਸ ਸਬਕ ਉੱਤੇ ਜ਼ੋਰ ਦੇਣਾ ਚਾਹੁੰਦੇ ਹਾਂ, ਜਿਸ ਨੂੰ ਇਤਿਹਾਸ ਕਈ ਵਾਰ ਦੁਹਰਾਉਂਦਾ ਆਇਆ ਹੈ ਕਿ ਵਿਅਕਤੀਆਂ ਨੂੰ ਕਤਲ ਕਰਨਾ ਸੌਖਾ ਹੈ, ਪਰ ਤੁਸੀਂ ਵਿਚਾਰਾਂ ਨੂੰ ਕਤਲ ਨਹੀਂ ਕਰ ਸਕਦੇ।’’
ਭਗਤ ਸਿੰਘ ਦੇ ਸਾਥੀ ਕਾ. ਰਾਮ ਚੰਦਰ ਗ੍ਰਿਫ਼ਤਾਰੀਆਂ ਸਮੇਂ ਦੀ ਸਥਿਤੀ ਬਿਆਨ ਕਰਦੇ ਹੋਏ ਲਿਖਦੇ ਹਨ, ‘‘ਜਦੋਂ ਬੰਬਾਂ ਦਾ ਧੂੰਆਂ ਲਹਿ ਗਿਆ ਤਾਂ ਦੋ ਬ੍ਰਿਟਿਸ਼ ਸਾਰਜੰਟ ਇਨ੍ਹਾਂ ਬਹਾਦਰਾਂ ਨੂੰ ਕਾਬੂ ਕਰਨ ਲਈ ਹਾਲ ਵਿੱਚ ਸਾਹਮਣੇ ਆਏ ਪਰ ਉਹ ਇਨ੍ਹਾਂ ਦੇ ਕੋਲ ਜਾਣ ਤੋਂ ਡਰ ਰਹੇ ਸਨ। ਉਨ੍ਹਾਂ (ਸਾਰਜੰਟਾਂ) ਦੀ ਇਹ ਹਾਲਤ ਵੇਖ ਕੇ ਭਗਤ ਸਿੰਘ ਅਤੇ ਬੀ.ਕੇ. ਦੱਤ ਨੇ ਮੁਸਕਰਉਂਦਿਆਂ ਆਪਣੇ ਰਿਵਾਲਵਰ ਨਾਲ ਦੀਆਂ ਸੀਟਾਂ ਉੱਤੇ ਟਿਕਾ ਦਿੱਤੇ ਤੇ ਸਾਰਜੰਟਾਂ ਨੂੰ ਬਿਨਾਂ ਕਿਸੇ ਡਰ ਤੋਂ ਅੱਗੇ ਆ ਕੇ ਗ੍ਰਿਫ਼ਤਾਰੀਆਂ ਕਰਨ ਲਈ ਕਿਹਾ। ਦਿੱਲੀ ਪੁਲੀਸ ਨੇ ਗ੍ਰਿਫ਼ਤਾਰੀ ਪਿੱਛੋਂ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੂੰ 8 ਅਪਰੈਲ ਤੋਂ 22 ਅਪਰੈਲ ਤੱਕ ਥਾਣੇ ਦੀ ਹਵਾਲਾਤ ਵਿੱਚ ਰੱਖ ਕੇ ਪੁੱਛ-ਪੜਤਾਲ ਕੀਤੀ ਤਾਂ ਕਿ ਇਨਕਲਾਬੀਆਂ ਦੀਆਂ ਕਾਰਵਾਈਆਂ ਬਾਰੇ ਸੁਰਾਗ ਹੱਥ ਲੱਗ ਸਕੇ, ਪਰ ਪੁਲੀਸ ਇਸ ਲੰਮੀ ਪੁੱਛ-ਪੜਤਾਲ ਬਾਅਦ ਵੀ ਇਨ੍ਹਾਂ ਬਹਾਦਰਾਂ ਤੋਂ ਕੁਝ ਵੀ  ਹੋਰ ਹਾਸਲ ਕਰਨ ਵਿੱਚ ਸਫਲ ਨਾ ਹੋਈ। ਅੰਤ ਅਦਾਲਤ ਨੇ ਉਨ੍ਹਾਂ ਨੂੰ ਜੁਡੀਸ਼ਲ ਰਿਮਾਂਡ ਪਾਸ ਕਰਕੇ ਜੇਲ੍ਹ ਭੇਜ ਦਿੱਤਾ।
ਜੇਲ੍ਹ ਦੇ ਅੰਦਰ ਮੁਕੱਦਮੇ ਸੁਣਨ ਦੀ ਆਮ ਰਵਾਇਤ ਨਹੀਂ ਹੈ ਪਰ ਅਸੈਂਬਲੀ ਬੰਬ ਕੇਸ ਨੂੰ ਸਪੈਸ਼ਲ ਕੇਸ ਸਮਝਦੇ ਹੋਏ ਸਰਕਾਰ ਨੇ ਇਸ ਦੀ ਜੇਲ੍ਹ ਵਿੱਚ ਸੁਣਵਾਈ ਕਰਨ ਦੇ ਹੁਕਮ ਦਿੱਤੇ ਹਨ। ਸਰਕਾਰ ਨਹੀਂ ਸੀ ਚਾਹੁੰਦੀ ਕਿ ਜੇਲ੍ਹੋਂ ਬਾਹਰਲੀਆਂ ਅਦਾਲਤਾਂ ਵਿੱਚ ਇਹ ਕੇਸ ਲਟਕ ਜਾਵੇ ਅਤੇ ਇਨਕਲਾਬੀ ਇਸ ਦਾ ਫਾਇਦਾ ਲੈਣ। ਦੂਜਾ ਭਗਤ ਸਿੰਘ ਅਤੇ ਉਸ ਦੇ ਸਾਥੀ ਬਟੁਕੇਸ਼ਵਰ ਦੱਤ ਦੇ ਜਜ਼ਬੇ ਅਤੇ ਦੇਸ਼ ਭਗਤੀ ਨੂੰ ਭਾਰਤ ਦਾ ਬੱਚਾ ਬੱਚਾ ਜਾਣਨ ਲੱਗ ਪਿਆ ਤੇ ਹਰ ਇੱਕ ਦੇ ਮਨ ਵਿੱਚ ਉਨ੍ਹਾਂ ਪ੍ਰਤੀ ਸਤਿਕਾਰ ਵਧ ਗਿਆ ਹੈ। ਹਕੂਮਤ ਨਹੀਂ ਚਾਹੁੰਦੀ ਕਿ ਕਿਸੇ ਪੇਸ਼ੀ ਉੱਤੇ ਉਨ੍ਹਾਂ ਦੇ ਸਮਰਥਕ ਕੋਈ ਹੰਗਾਮਾ ਖੜ੍ਹਾ ਕਰਨ।
ਬੈਰਕ ਵਿੱਚ ਇਰਾਦਾ ਕਤਲ ਅਤੇ ਵਿਸਫੋਟਕ ਪਦਾਰਥਾਂ ਦਾ ਇਸਤੇਮਾਲ ਕਰਨ ਦੇ ਮੁਕੱਦਮੇ ਦੇ ਮੁਲਜ਼ਮ ਵਜੋਂ ਵਿਚਰ ਰਹੇ ਭਗਤ ਸਿੰਘ ਨੂੰ ਅੰਗਰੇਜ਼ ਹਕੂਮਤ ਦਾ ਨਿਆਂਤੰਤਰ ਇੱਕ ਪਾਖੰਡ ਜਾਪਦਾ ਹੈ। ਉਸ ਨੂੰ ਇਸ ਗੱਲ ਦਾ ਪੂਰਾ ਗਿਆਨ ਹੈ ਕਿ ਉਨ੍ਹਾਂ ਉੱਤੇ ਚੱਲਣ ਜਾ ਰਿਹਾ ਮੁਕੱਦਮਾ ਮਹਿਜ਼ ਇੱਕ ਖ਼ਾਨਾਪੂਰਤੀ ਹੈ, ਜਿਸ ਵਿੱਚ ਸਿਰਫ਼ ਇੱਕ ਮਹੀਨੇ ਦੇ ਵਿੱਚ ਵਿੱਚ ਚਾਰਜ ਵੀ ਲਾਇਆ ਜਾਵੇਗਾ, ਗਵਾਹੀਆਂ ਵੀ ਭੁਗਤਾਈਆਂ ਜਾਣਗੀਆਂ, ਬਹਿਸ ਵੀ ਸੁਣੀ ਜਾਵੇਗੀ ਅਤੇ ਸਜ਼ਾ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ ਪਰ ਉਸ ਨੂੰ ਸਰਕਾਰ ਵੱਲੋਂ ਕੀਤੀ ਜਾਣ ਵਾਲੀ ਇਸ ਖ਼ਾਨਾਪੂਰਤੀ ਦੀ ਚਿੰਤਾ ਨਹੀਂ। ਉਸ ਨੂੰ ਤਾਂ ਫ਼ਿਕਰ ਹੈ ਕਿ ਉਸ ਕਰਕੇ ਉਸ ਦੇ ਮਾਪਿਆਂ ਦੀ ਖੱਜਲ-ਖੁਆਰੀ ਨਾ ਹੋਵੇ ਕਿਉਂਕਿ ਜੇਲ੍ਹ ਪ੍ਰਸ਼ਾਸਨ ਵੱਡੇ ਜੁਰਮਾਂ ਵਿੱਚ ਸ਼ਾਮਲ ਹਵਾਲਾਤੀਆਂ ਨਾਲ ਮੁਲਾਕਾਤਾਂ ਕਰਨ ਦੀ ਇਜਾਜ਼ਤ ਕਾਫ਼ੀ ਸੋਚ ਵਿਚਾਰ ਕੇ ਹੀ ਦਿੰਦਾ ਹੈ। ਬਲਕਿ ਇਹ ਮੁਲਾਕਾਤਾਂ ਜੇਲ੍ਹ ਪ੍ਰਸ਼ਾਸਨ ਦੇ ਰਹਿਮੋ-ਕਰਮ ਉੱਤੇ ਹੀ ਨਿਰਭਰ ਕਰਦੀਆਂ ਹਨ। ਉਹ ਚਾਹੁੰਦਾ ਹੈ ਕਿ ਪੰਜ ਸੌ ਮੀਲ ਦੂਰ ਬੈਠੇ ਉਸ ਦੇ ਮਾਪੇ ਹੁਣ ਜਦੋਂ ਦੁਬਾਰਾ ਮੁਲਾਕਾਤ ਲਈ ਆਉਣ ਤਾਂ ਉਨ੍ਹਾਂ ਨਾਲ ਮੁਲਾਕਾਤ ਹੋ ਜਾਵੇ। ਅੱਜ 26 ਅਪਰੈਲ, 1929 ਨੂੰ ਅਜਿਹਾ ਸੋਚਦੇ ਸੋਚਦੇ ਹੀ ਉਹ ਆਪਣੇ ਪਿਤਾ ਸ. ਕਿਸ਼ਨ ਸਿੰਘ ਨੂੰ ਚਿੱਠੀ ਲਿਖਣ ਬੈਠਦਾ ਹੈ।
ਇੱਥੇ ਇਹ ਗੱਲ ਵੀ ਗ਼ੌਰ ਕਰਨ ਵਾਲੀ ਹੈ ਕਿ ਭਗਤ ਸਿੰਘ ਨੇ ਖ਼ੁਦ ਗ੍ਰਿਫ਼ਤਾਰੀ ਦੇ ਕੇ ਆਪਣੇ ਜੀਵਨ ਦੀ ਆਹੂਤੀ ਦੇਣ ਦਾ ਰਾਹ ਪੱਧਰਾ ਕਰ ਲਿਆ ਹੈ। ਇਸ ਸਥਿਤੀ ਵਿੱਚ ਸਿਰਫ਼ ਉਸ ਦੇ ਮਾਪੇ ਹੀ ਫ਼ਿਕਰਮੰਦ ਨਹੀਂ ਹਨ ਸਗੋਂ ਇਨ੍ਹਾਂ ਦੇਸ਼ ਭਗਤਾਂ ਨੂੰ ਚਾਹੁਣ ਵਾਲੇ ਕਰੋੜਾਂ ਭਾਰਤੀ ਵੀ ਉਨ੍ਹਾਂ ਲਈ ਫ਼ਿਕਰਮੰਦ ਹਨ। ਫਿਰ ਵੀ ਬਾਈਆਂ ਵਰ੍ਹਿਆਂ ਦੇ ਨੌਜਵਾਨ ਭਗਤ ਸਿੰਘ ਵੱਲੋਂ ਮਾਪਿਆਂ ਨੂੰ ਹੌਸਲਾ ਦੇਣਾ ਉਸ ਦੀ ਜ਼ਿੰਦਾਦਿਲੀ ਦਾ ਹੀ ਸਬੂਤ ਹੈ। ਉਹ ਲਿਖਦਾ ਹੈ;
‘‘ਪੂਜਨੀਕ ਪਿਤਾ ਜੀ, ਅਰਜ਼ ਇਹ ਹੈ ਕਿ ਅਸੀਂ 22 ਅਪਰੈਲ ਨੂੰ ਪੁਲੀਸ ਦੀ ਹਵਾਲਾਤ ਵਿੱਚੋਂ ਦਿੱਲੀ ਜੇਲ੍ਹ ਵਿੱਚ ਤਬਦੀਲ ਕਰ ਦਿੱਤੇ ਗਏ ਹਾਂ ਅਤੇ ਇਸ ਸਮੇਂ ਦਿੱਲੀ ਜੇਲ੍ਹ ਵਿੱਚ ਹੀ ਹਾਂ। ਮੁਕੱਦਮਾ 7 ਮਈ ਨੂੰ ਜੇਲ੍ਹ ਦੇ ਅੰਦਰ ਹੀ ਸ਼ੁਰੂ ਹੋਵੇਗਾ। ਲਗਪਗ ਇੱਕ ਮਹੀਨੇ ਵਿੱਚ ਸਾਰਾ ਨਾਟਕ ਖ਼ਤਮ ਹੋ ਜਾਵੇਗਾ। ਜ਼ਿਆਦਾ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਮੈਨੂੰ ਪਤਾ ਲੱਗਾ ਸੀ ਕਿ ਤੁਸੀਂ ਇੱਥੇ ਆਏ ਸੀ ਅਤੇ ਕੋਈ ਵਕੀਲ ਵਗੈਰਾ ਨਾਲ ਗੱਲਬਾਤ ਕੀਤੀ ਸੀ ਅਤੇ ਮੈਨੂੰ ਮਿਲਣ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਉਸ ਵਕਤ ਇਹ ਸਾਰਾ ਪ੍ਰਬੰਧ ਨਾ ਹੋ ਸਕਿਆ। ਪਰਸੋਂ ਮੈਨੂੰ ਕੱਪੜੇ ਮਿਲ ਗਏ ਸਨ। ਹੁਣ ਜਿਸ ਦਿਨ ਤੁਸੀਂ ਆਵੋਗੇ ਮੁਲਾਕਾਤ ਹੋ ਜਾਵੇਗੀ। ਵਕੀਲ ਕਰਨ ਦੀ ਕੋਈ ਖ਼ਾਸ ਲੋੜ ਨਹੀਂ। ਹਾਂ, ਇੱਕ ਦੋ ਨੁਕਤਿਆਂ ਉੱਤੇ ਰਾਇ ਲੈਣਾ ਚਾਹੁੰਦਾ ਹਾਂ ਪਰ ਉਹ ਕੋਈ ਵਿਸ਼ੇਸ਼ ਮਹੱਤਵ ਨਹੀਂ ਰੱਖਦੇ। ਤੁਸੀਂ ਬਿਨਾਂ ਵਜ੍ਹਾ ਜ਼ਿਆਦਾ ਤਕਲੀਫ਼ ਨਾ ਲੈਣੀ।
ਜੇ ਤੁਸੀਂ ਮਿਲਣ ਆਵੋ ਤਾਂ ਇਕੱਲਿਆਂ ਹੀ ਆਉਣਾ, ਬੇਬੇ ਜੀ ਹੋਰਾਂ ਨੂੰ ਨਾਲ ਨਾ ਲੈ ਕੇ ਆਉਣਾ। ਉਹ ਐਵੇਂ ਰੋ ਪੈਣਗੇ ਤੇ ਫਿਰ ਮੈਂ ਵੀ ਇਸ ਗੱਲ ਦਾ ਦੁੱਖ ਮਹਿਸੂਸ ਕਰਾਂਗਾ। ਘਰ ਦੇ ਸਾਰੇ ਹਾਲਾਤ ਬਾਰੇ ਤੁਹਾਡੇ ਨਾਲ ਮੁਲਾਕਾਤ ਤੋਂ ਪਤਾ ਲੱਗ ਜਾਵੇਗਾ। ਹਾਂ, ਜੇਕਰ ਸੰਭਵ ਹੋਵੇ ਤਾਂ ‘ਗੀਤਾ ਰਹੱਸਯ’, ‘ਨੈਪੋਲੀਅਨ ਦੀ ਜੀਵਨ ਕਹਾਣੀ’ ਜੋ ਤੁਹਾਨੂੰ ਮੇਰੀਆਂ ਕਿਤਾਬਾਂ ਵਿੱਚੋਂ ਮਿਲ ਜਾਵੇਗੀ ਅਤੇ ਅੰਗਰੇਜ਼ੀ ਦੇ ਕੁਝ ਚੰਗੇ ਨਾਵਲ ਲੈਂਦੇ ਆਉਣਾ। ਦੁਆਰਕਾ ਦਾਸ ਲਾਇਬ੍ਰੇਰੀ ਆਦਿ ਵਾਲਿਆਂ ਕੋਲੋਂ ਸ਼ਾਇਦ ਨਾਵਲ ਮਿਲ ਜਾਣ। ਖ਼ੈਰ ਦੇਖ ਲੈਣਾ। ਬੇਬੇ ਜੀ, ਮਾਮੀ ਜੀ, ਮਾਤਾ ਜੀ ਅਤੇ ਚਾਚੀ ਜੀ ਦੇ ਚਰਨਾਂ ਵਿੱਚ ਨਮਸਕਾਰ। ਕੁਲਬੀਰ ਸਿੰਘ, ਕੁਲਤਾਰ ਸਿੰਘ ਨੂੰ ਨਮਸਤੇ। ਬਾਪੂ ਜੀ ਦੇ ਪੈਰੀਂ ਪੈਂਦਾ ਹਾਂ।’’
ਕੇਂਦਰੀ ਅਸੈਂਬਲੀ ਬੰਬ ਵਾਰਦਾਤ ਮੁਕੱਦਮੇ ਵਿੱਚ ਜੁਡੀਸ਼ਲ ਰਿਮਾਂਡ ਉੱਤੇ ਦਿੱਲੀ ਜੇਲ੍ਹ ਵਿੱਚ ਆਉਣ ਪਿੱਛੋਂ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਨੇ ਜੇਲ੍ਹ ਵਿੱਚ ਕੈਦੀਆਂ ਨਾਲ ਜੇਲ੍ਹ ਦੀ ਪੁਲੀਸ ਵੱਲੋਂ ਕੀਤੇ ਜਾਂਦੇ ਮਾੜੇ ਸਲੂਕ ਨੂੰ ਅੱਖੀਂ ਵੇਖਿਆ ਅਤੇ ਦਿਲੋਂ ਮਹਿਸੂਸ ਕੀਤਾ ਕਿ ਘੱਟੋ ਘੱਟ ਰਾਜਸੀ ਕੈਦੀਆਂ ਨਾਲ ਇਹੋ ਜਿਹਾ ਵਿਹਾਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਇਸੇ ਸਮੇਂ ਹੀ ਆਪਸ ਵਿੱਚ ਸਲਾਹ ਮਸ਼ਵਰਾ ਕਰਕੇ ਆਉਣ ਵਾਲੇ ਸਮੇਂ ਵਿੱਚ ਜੱਦੋਜਹਿਦ ਕਰਨ ਦਾ ਅਹਿਦ ਕੀਤਾ। ਇਸੇ ਕਰਕੇ ਜੇਲ੍ਹ ਬਦਲੀ ਤੋਂ ਫੌਰਨ ਬਾਅਦ ਉਨ੍ਹਾਂ ਰਾਜਸੀ ਕੈਦੀਆਂ ਨਾਲ ਚੰਗਾ ਵਿਹਾਰ ਕਰਨ ਦੇ ਮਾਮਲੇੇ ਨੂੰ ਲੈ ਕੇ ਭੁੱਖ ਹੜਤਾਲ ਆਰੰਭ ਦਿੱਤੀ ਸੀ। ਉਕਤ ਚਿੱਠੀ ਲਿਖਦੇ ਸਮੇਂ ਭਗਤ ਸਿੰਘ ਨੂੰ ਇਸ ਗੱਲ ਦਾ ਯਕੀਨ ਸੀ ਕਿ ਛੇਤੀ ਹੀ ਉਸ ਦੇ ਮਾਤਾ-ਪਿਤਾ ਨੂੰ ਉਸ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਮਿਲ ਜਾਵੇਗੀ। ਉਸ ਨੂੰ ਗਿਆਨ ਸੀ ਕਿ ਪਰਿਵਾਰ ਦੇ ਸਾਰੇ ਜੀਅ ਉਸ ਨਾਲ ਬਹੁਤ ਮੋਹ ਕਰਦੇ ਹਨ। ਉਸ ਦਾ ਇਹ ਚਿੱਠੀ ਲਿਖਣ ਦਾ ਮੁੱਖ ਮਕਸਦ ਵੀ ਮਾਤਾ-ਪਿਤਾ ਅਤੇ ਬਾਕੀ ਜੀਆਂ ਨੂੰ ਧਰਵਾਸਾ ਦੇਣਾ ਹੀ ਸੀ ਪਰ ਉਹ ਕਿਸੇ ਵੀ ਤਰ੍ਹਾਂ ਪਰਿਵਾਰ ਮੋਹ ਵਿੱਚ ਗ੍ਰਸਤ ਹੋ ਕੇ ਇਰਾਦੇ ਦੀ ਕਮਜ਼ੋਰੀ ਮੁੱਲ ਨਹੀਂ ਸੀ ਲੈਣਾ ਚਾਹੁੰਦਾ ਅਤੇ ਨਾ ਹੀ ਗ੍ਰਿਫ਼ਤਾਰੀ ਪਿੱਛੋਂ ਆਪਣੇ ਪਰਿਵਾਰ ਦੇ ਜੀਆਂ ਦੀਆਂ ਅੱਖਾਂ ਵਿੱਚ ਅੱਥਰੂ ਵੇਖਣਾ ਚਾਹੁੰਦਾ ਹੈ। ਇਸੇ ਕਰਕੇ ਉਹ ਪਿਤਾ ਜੀ ਨੂੰ ਲਿਖਦਾ ਹੈ ਕਿ ‘ਬੇਬੇ ਜੀ ਹੋਰਾਂ ਨੂੰ ਨਾਲ ਨਾ ਲੈ ਕੇ ਆਉਣਾ। ਉਹ ਐਵੇਂ ਰੋ ਪੈਣਗੇੇ।’
ਇੱਕ ਹੋਰ ਗੱਲ ਜਿਸ ਦਾ ਇਸ ਚਿੱਠੀ ਵਿੱਚ ਹਵਾਲਾ ਹੈ ਉਹ ਹੈ- ਭਗਤ ਸਿੰਘ ਦਾ ਕਿਤਾਬਾਂ ਨਾਲ ਇਸ਼ਕ। ਨੈਸ਼ਨਲ ਕਾਲਜ ਲਾਹੌਰ ਅਤੇ ਦੁਆਰਕਾ ਦਾਸ ਲਾਇਬ੍ਰੇਰੀ ਨੇ ਉਸ ਦਾ ਇਹ ਇਸ਼ਕ ਸਿਰੇ ਚੜ੍ਹਾਉਣ ਵਿੱਚ ਪੂਰੀ ਮਦਦ ਕੀਤੀ ਸੀ ਤੇ ਹੁਣ ਜੇਲ੍ਹ ਵਿੱਚ ਬੈਠਾ ਉਹ ਕਿਤਾਬਾਂ ਦੀ ਕਮੀ ਮਹਿਸੂਸ ਕਰ ਰਿਹਾ ਹੈ। ਉਸ ਨੂੰ ਉਹ ਕਿਤਾਬਾਂ ਯਾਦ ਆ ਰਹੀਆਂ ਹਨ। ਉਹ ਉਨ੍ਹਾਂ ਵਿਅਕਤੀਆਂ ਦੀਆਂ ਜ਼ਿੰਦਗੀਆਂ ਅਤੇ ਕੰਮਾਂ ਬਾਰੇ ਜਾਣਨ ਲਈ ਹਮੇਸ਼ਾ ਉਤਸਕ ਰਿਹਾ ਹੈ ਜਿਨ੍ਹਾਂ ਨੇ ਆਪਣੀ ਸ਼ਖ਼ਸੀਅਤ ਦੇ ਤੇਜ ਨਾਲ ਲੱਖਾਂ-ਕਰੋੜਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ।
ਇਹ ਚਿੱਠੀ ਸਾਨੂੰ ਭਾਰਤੀ ਆਜ਼ਾਦੀ ਦੇ ਇਤਿਹਾਸ  ਦੇ ਪੰਨਿਆਂ ਉੱਤੇ ਅੰਕਿਤ ਬਹੁਤ ਸਾਰੇ ਤੱਥਾਂ ਅਤੇ ਘਟਨਾਵਾਂ ਦਾ ਵੇਰਵਾ ਮੁਹੱਈਆ ਕਰਵਾਉਂਦੀ ਹੈ। ਚਿੱਠੀ ਦੱਸਦੀ ਹੈ ਕਿ ਕਿਸ ਤਰ੍ਹਾਂ ਆਜ਼ਾਦੀ ਦੇ ਪਰਵਾਨੇ ਆਪਣੇ ਜੀਵਨ ਦੀ ਪਰਵਾਹ ਨਾ ਕਰਦੇ ਹੋਏ ਆਪਣੀ ਧੁਨ ਵਿੱਚ ਮਸਤ ਹੋਏ ਆਪਣੀ ਮੰਜ਼ਿਲ ਵੱਲ ਵਧਦੇ  ਸਨ ਤੇ ਦੂਜੇ ਪਾਸੇ ਇਨ੍ਹਾਂ ਪਰਵਾਨਿਆਂ ਦੇ ਪਰਿਵਾਰਾਂ  ਨੂੰ ਕਿਸ ਤਰ੍ਹਾਂ ਦੀਆਂ ਸਥਿਤੀਆਂ ਅਤੇ ਮੁਸ਼ਕਿਲਾਂ  ਦਾ ਸਾਹਮਣਾ ਕਰਨਾ ਪੈਂਦਾ ਸੀ। ਇਹ ਚਿੱਠੀ ਇਹ  ਵੀ ਸਾਡੀ ਜਾਣਕਾਰੀ ਵਿੱਚ ਲਿਆਉਂਦੀ ਹੈ ਕਿ ਅੰਗਰੇਜ਼ਾਂ ਦੇ ਰਾਜ ਜਾਂ ਰਾਜ ਅਧਿਕਾਰੀਆਂ ਦੀ ਇੱਛਾ ਖ਼ਿਲਾਫ਼ ਕੋਈ ਕਾਰਵਾਈ ਕਰਨ ਜਾਂ ਉਸ ਦੇ ਬਣਾਏ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਮਾਮਲਿਆਂ ਵਿੱਚ ਚਲਾਏ ਮੁਕੱਦਮੇ ਮਹਿਜ਼ ਨਾਟਕ ਹੀ ਹੁੰਦੇ ਸਨ  ਕਿਉਂਕਿ ਇਨ੍ਹਾਂ ਵਿੱਚ ਦਲੀਲ ਅਤੇ ਅਪੀਲ ਕੋਈ  ਖ਼ਾਸ ਮਹੱਤਵ ਨਹੀਂ ਸੀ ਰੱਖਦੀ।
ਸੰਪਰਕ: 94170-72314
Advertisement

Advertisement