ਤੁਸੀਂ ਇਕ ਕ੍ਰਾਂਤੀਕਾਰੀ ਨੂੰ ਮਾਰ ਸਕਦੇ ਹੋ ਕ੍ਰਾਂਤੀ ਨੂੰ ਨਹੀਂ: ਲਿਬਨਾਨੀ ਸਫ਼ੀਰ
ਨਵੀਂ ਦਿੱਲੀ, 9 ਅਕਤੂਬਰ
ਹਿਜ਼ਬੁੱਲਾ ਕਮਾਂਡਰ ਹਸਨ ਨਸਰੱਲ੍ਹਾ ਦੇ ਜਾਨਸ਼ੀਨਾਂ ਨੂੰ ਮਾਰ ਮੁਕਾਉਣ ਦੇ ਇਜ਼ਰਾਈਲ ਵੱਲੋਂ ਕੀਤੇ ਐਲਾਨ ਮਗਰੋਂ ਭਾਰਤ ’ਚ ਲਿਬਨਾਨ ਦੇ ਸਫ਼ੀਰ ਰਬੀ ਨਰਸ਼ ਨੇ ਮਹਾਤਮਾ ਗਾਂਧੀ ਦੇ ਵਿਚਾਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਹਿਜ਼ਬੁੱਲਾ ਲੋਕਾਂ ਦੀ ਹਮਾਇਤ ਪ੍ਰਾਪਤ ਜਾਇਜ਼ ਸਿਆਸੀ ਪਾਰਟੀ ਹੈ ਅਤੇ ਇਸ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ ਹੈ। ਸਫ਼ੀਰ ਨੇ ਪੀਟੀਆਈ ਵੀਡੀਓਜ਼ ਨਾਲ ਇੰਟਰਵਿਊ ’ਚ ਕਿਹਾ, ‘ਮੈਨੂੰ ਮਹਾਤਮਾ ਗਾਂਧੀ ਦਾ ਵਿਚਾਰ ਯਾਦ ਆ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਤੁਸੀਂ ਇਕ ਕ੍ਰਾਂਤੀਕਾਰੀ ਨੂੰ ਮਾਰ ਸਕਦੇ ਹੋ ਪਰ ਕ੍ਰਾਂਤੀ ਨੂੰ ਨਹੀਂ। ਤੁਸੀਂ ਹਿਜ਼ਬੁੱਲਾ ਕਮਾਂਡਰਾਂ ਨੂੰ ਖ਼ਤਮ ਕਰ ਸਕਦੇ ਹੋ ਪਰ ਤੁਸੀਂ ਹਿਜ਼ਬੁੱਲਾ ਨੂੰ ਖ਼ਤਮ ਨਹੀਂ ਕਰ ਸਕਦੇ ਕਿਉਂਕਿ ਉਹ ਛੁਪ ਕੇ ਨਹੀਂ ਰਹਿੰਦੇ ਹਨ। ਇਹ ਕੋਈ ਕਾਲਪਨਿਕ ਢਾਂਚਾ ਨਹੀਂ ਹੈ ਜੋ ਪੈਰਾਸ਼ੂਟ ਰਾਹੀਂ ਲਿਬਨਾਨ ਪਹੁੰਚਿਆ ਹੈ।’ ਨਰਸ਼ ਨੇ ਕਿਹਾ ਕਿ ਹਿਜ਼ਬੁੱਲਾ ‘ਬਦਮਾਸ਼ ਰਾਸ਼ਟਰ’ ਇਜ਼ਰਾਈਲ ਖ਼ਿਲਾਫ਼ ਅੰਦੋਲਨ ਦਾ ਪ੍ਰਤੀਕ ਹੈ ਅਤੇ ਇਸ ਅੰਦੋਲਨ ਤੇ ਉਸ ਦੇ ਆਗੂਆਂ ਨੂੰ ਖ਼ਤਮ ਕਰਕੇ ਨਹੀਂ ਦਬਾਇਆ ਜਾ ਸਕਦਾ ਹੈ।
ਸਫ਼ੀਰ ਨੇ ਕਿਹਾ ਕਿ ਹਿਜ਼ਬੁੱਲਾ ਲਿਬਨਾਨ ’ਚ ਸਥਾਪਤ ਸਿਆਸੀ ਪਾਰਟੀ ਹੈ ਜਿਸ ਦੀ ਮੰਤਰੀ ਮੰਡਲ ਅਤੇ ਸੰਸਦ ਦੋਹਾਂ ’ਚ ਨੁਮਾਇੰਦਗੀ ਹੈ। ਉਨ੍ਹਾਂ ਕਿਹਾ ਕਿ ਹਾਲਾਤ ਵਿਗੜਦੇ ਜਾ ਰਹੇ ਹਨ ਅਤੇ ਇਹ ਵੱਡੀ ਖੇਤਰੀ ਜੰਗ ’ਚ ਬਦਲ ਰਹੇ ਹਨ। -ਪੀਟੀਆਈ