ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤੂੰ ਡੀਸੀ ਤੋਂ ਘੱਟ ਏਂ...!

12:36 PM Jun 04, 2023 IST

ਸੁਪਿੰਦਰ ਸਿੰਘ ਰਾਣਾ

Advertisement

“ਲੈ ਬਈ ਮੂੰਹ ਮਿੱਠਾ ਕਰ। ਤੇਰੇ ਭਤੀਜੇ ਨੂੰ ਸਰਕਾਰੀ ਨੌਕਰੀ ਮਿਲ ਗਈ।” ਇਹ ਕਹਿੰਦਿਆਂ ਗੁਆਂਢ ਵਿੱਚ ਰਹਿੰਦਾ ਮੇਰਾ ਮਿੱਤਰ ਲੱਡੂਆਂ ਦਾ ਡੱਬਾ ਲੈ ਕੇ ਘਰ ਆ ਗਿਆ। ਉਸ ਕੋਲੋਂ ਖ਼ੁਸ਼ੀ ਸਾਂਭੀ ਨਹੀਂ ਜਾ ਰਹੀ ਸੀ। ਮੈਂ ਵੀ ਉਸ ਦੀ ਖ਼ੁਸ਼ੀ ਦੁੱਗਣੀ ਕਰਦਿਆਂ ਬੋਲਿਆ, ”ਅੱਜ ਇੱਕ ਨਹੀਂ, ਦੋ ਲੱਡੂ ਖਾਊਂਗਾ। ਆਖਰ ਭਤੀਜਾ ਕੀਹਦਾ ਏ।” ਉਸ ਨੇ ਲੱਡੂ ਮੇਰੇ ਹੱਥ ਵਿੱਚ ਫੜਾਉਂਦਿਆਂ ਜੱਫੀ ਪਾ ਲਈ। ਮੈਂ ਵੀ ਘੁੱਟ ਕੇ ਉਸ ਨੂੰ ਸੀਨੇ ਲਾ ਲਿਆ। ਸੋਫੇ ‘ਤੇ ਬੈਠਦਿਆਂ ਮੈਂ ਡੱਬੇ ਵਿੱਚੋਂ ਲੱਡੂ ਕੱਢਦਿਆਂ ਉਸ ਦੇ ਹੱਥ ਵਿੱਚ ਫੜਾ ਦਿੱਤਾ। ਉਹ ਨਾਂਹ ਨੁੱਕਰ ਕਰ ਰਿਹਾ ਸੀ । ਮੈਂ ਕਿਹਾ, ”ਦੋਵੇਂ ਰਲ ਕੇ ਮੂੰਹ ਮਿੱਠਾ ਕਰਦੇ ਹਾਂ।” ਉਹ ਆਖਣ ਲੱਗਿਆ ਕਿ ਮੈਂ ਤਾਂ ਖ਼ੁਸ਼ੀ-ਖ਼ੁਸ਼ੀ ਵਿੱਚ ਘਰੇ ਹੀ ਚਾਰ ਲੱਡੂ ਖਾ ਆਇਆ। ਮੈਂ ਪਤਨੀ ਨੂੰ ਚਾਹ ਬਣਾਉਣ ਲਈ ਕਹਿ ਦਿੱਤਾ। ਅਸੀਂ ਦੋਵੇਂ ਗੱਲਾਂ ਕਰਨ ਲੱਗ ਪਏ। ਉਹ ਆਖਣ ਲੱਗਿਆ, ”ਪਿਤਾ ਜੀ ਤੋਂ ਬਾਅਦ ਸਾਡੇ ਘਰ ਵਿੱਚ ਹੁਣ ਕੋਈ ਸਰਕਾਰੀ ਨੌਕਰ ਲੱਗਿਆ ਹੈ। ਤੈਨੂੰ ਪਤਾ ਈ ਏ। ਆਪਾਂ ਸਰਕਾਰੀ ਨੌਕਰੀ ਲਈ ਕਾਫ਼ੀ ਪਾਪੜ ਵੇਲੇ। ਕਿਤੇ ਕੰਮ ਨਾ ਬਣਿਆ। ਪ੍ਰਾਈਵੇਟ ਨੌਕਰੀ ਮਿਲ ਗਈ। ਮਨ ਵਿੱਚ ਸਰਕਾਰੀ ਕਾਮਾ ਬਣਨ ਦੀ ਰੀਝ ਸੀ ਜੋ ਪੂਰੀ ਨਾ ਹੋ ਸਕੀ।” ਉਹ ਅੱਖਾਂ ਭਰ ਆਇਆ।

ਮੈਂ ਕਿਹਾ, ”ਛੱਡ ਪੁਰਾਣੀਆਂ ਗੱਲਾਂ। ਤੂੰ ਅੱਜ ਦੀ ਸੁਣਾ। ਜਦੋਂ ਭਤੀਜੇ ਨੂੰ ਨੌਕਰੀ ਦਾ ਪਤਾ ਲੱਗਿਆ ਤਾਂ ਉਸ ਨੇ ਕੀ ਮਹਿਸੂਸ ਕੀਤਾ।” ਉਹ ਕਹਿਣ ਲੱਗਿਆ, ”ਉਹ ਜੋ ਮਰਜ਼ੀ ਮਹਿਸੂਸ ਕਰੇ। ਮੈਂ ਪਹਿਲਾਂ ਉਸ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ। ਘੁੱਟ ਕੇ ਜੱਫੀ ਪਾ ਲਈ।” ਮਗਰੋਂ ਕਿਹਾ, ”ਪੁੱਤਰਾ, ਤੂੰ ਮੇਰੀ ਜਵਾਨੀ ਦੀ ਰੀਝ ਪੂਰੀ ਕਰ ਦਿੱਤੀ। ਚਲ, ਮੈਂ ਬੇਸ਼ੱਕ ਸਰਕਾਰੀ ਨੌਕਰੀ ਨਾ ਹਾਸਲ ਕਰ ਸਕਿਆ। ਪਰ ਤੇਰੀ ਨੌਕਰੀ ਵਿੱਚ ਮੈਂ ਕਲਰਕ ਲੱਗਿਆ ਮਹਿਸੂਸ ਕਰ ਰਿਹਾ ਹਾਂ।” ਪਤਾ ਨਹੀਂ ਅੱਜ ਕੀ ਗੱਲ ਸੀ। ਉਹ ਹਰ ਗੱਲ ‘ਤੇ ਭਾਵੁਕ ਹੋ ਰਿਹਾ ਸੀ। ਮੈਂ ਉਸ ਨੂੰ ਫੇਰ ਪੁੱਛਿਆ, ”ਭਤੀਜੇ ਨੇ ਕੀ ਮਹਿਸੂਸ ਕੀਤਾ?” ਉਹ ਆਖਣ ਲੱਗਿਆ ਕਿ ਨੌਕਰੀ ਦਾ ਪਤਾ ਲੱਗਣ ‘ਤੇ ਮੈਂ ਘਰੇ ਪੰਜ ਛੇ ਡੱਬੇ ਲੱਡੂਆਂ ਦੇ ਲੈ ਆਇਆ। ਪਹਿਲਾ ਡੱਬਾ ਗੁਰੂਘਰ ਚੜ੍ਹਾਇਆ। ਮਗਰੋਂ ਤੁਹਾਡੇ ਕੋਲ ਆਇਆਂ ਹਾਂ। ਏਨੇ ਨੂੰ ਉਸ ਦਾ ਪੁੱਤਰ ਤੇ ਪਤਨੀ ਵੀ ਆ ਗਏ। ਮੁੰਡੇ ਨਾਲੋਂ ਉਸ ਦੇ ਮਾਪੇ ਵਧੇਰੇ ਖ਼ੁਸ਼ ਜਾਪਦੇ ਸਨ। ਚਾਹ ਆ ਗਈ। ਅਸੀਂ ਸਾਰੇ ਬੈਠ ਕੇ ਚਾਹ ਪੀਣ ਲੱਗ ਪਏ। ਮੈਂ ਭਤੀਜੇ ਨੂੰ ਪੁੱਛਿਆ, ”ਕਦੋਂ ਜੌਇਨ ਕੀਤਾ।” ਉਹ ਬੋਲਿਆ, ”ਅੰਕਲ ਜੀ, ਅਜੇ ਕੱਲ੍ਹ ਹੀ।” ਵਿੱਚੋਂ ਫੇਰ ਮੇਰਾ ਦੋਸਤ ਬੋਲ ਪਿਆ, ”ਜਦੋਂ ਮੈਂ ਤੁਹਾਡੇ ਘਰ ਨੂੰ ਲੱਡੂਆਂ ਦਾ ਡੱਬਾ ਲੈ ਕੇ ਆ ਰਿਹਾ ਸੀ ਤਾਂ ਤੇਰਾ ਭਤੀਜਾ ਪਤਾ ਕੀ ਕਹਿੰਦਾ।” ”ਕੀ ਕਹਿੰਦਾ?” ਮੈਂ ਪੁੱਛਿਆ।

Advertisement

ਉਹ ਕਹਿਣ ਲੱਗਿਆ, ”ਇਹ ਕਹਿੰਦਾ, ‘ਮੈਂ ਕਿਹੜਾ ਡੀਸੀ ਲੱਗ ਗਿਆਂ। ਕਲਰਕ ਹੀ ਲੱਗਿਆਂ। ਤੁਸੀਂ ਲੱਡੂ ਇੰਝ ਵੰਡ ਰਹੇ ਹੋ ਜਿਵੇਂ ਡੀਸੀ ਲੱਗ ਗਿਆ ਹੋਵਾਂ’।” ਦੋਸਤ ਥੋੜ੍ਹਾ ਉਦਾਸ ਹੋਇਆ। ਫਿਰ ਆਖਣ ਲੱਗਿਆ, ”ਮੇਰੇ ਮਨ ਨੂੰ ਠੇਸ ਪਹੁੰਚੀ ਪਰ ਮਹਿਸੂਸ ਨਹੀਂ ਹੋਣ ਦਿੱਤਾ ਸਗੋਂ ਕਿਹਾ ਕਿ ‘ਪੁੱਤਰਾ! ਤੂੰ ਡੀਸੀ ਤੋਂ ਘੱਟ ਏਂ। ਘਰ ਦੇ ਬਾਰ ਜੇ ਸਰਕਾਰੀ ਨੌਕਰੀ ਮਿਲ ਜਾਵੇ ਉਹ ਕਿਸੇ ਡੀਸੀ ਤੋਂ ਘੱਟ ਨਹੀਂ। ਮੈਨੂੰ ਪੁੱਛ ਕੇ ਦੇਖ ਮੈਂ ਸਾਰੀ ਉਮਰ ਸਰਕਾਰੀ ਨੌਕਰੀ ਨੂੰ ਤਰਸਦਾ ਰਿਹਾਂ’।” ਗੱਲਾਂ ਦੇ ਨਾਲ-ਨਾਲ ਅਸੀਂ ਚਾਹ ਵੀ ਪੀ ਰਹੇ ਸਾਂ। ਗੁਆਂਢੀ ਦਾ ਇੱਕ ਮੁੰਡਾ ਵਿਦੇਸ਼ ਗਿਆ ਹੋਇਆ ਹੈ। ਦੂਜੇ ਨੂੰ ਸਰਕਾਰੀ ਨੌਕਰੀ ਮਿਲ ਗਈ। ਮੈਂ ਵਿਸ਼ਾ ਬਦਲਦਿਆਂ ਕਿਹਾ ਕਿ ਹੁਣ ਭਾ’ਜੀ ਤੁਹਾਡੇ ਦੋਵੇਂ ਪੁੱਤਰ ਵਧੀਆ ਸੈੱਟ ਹੋ ਗਏ ਹਨ। ਤੁਸੀਂ ਇਨ੍ਹਾਂ ਦੇ ਵਿਆਹ ਲਈ ਕੁੜੀਆਂ ਲੱਭਣੀਆਂ ਸ਼ੁਰੂ ਕਰ ਦਿਓ। ਉਹ ਆਖਣ ਲੱਗਿਆ, ”ਬਸ ਹੁਣ ਇਨ੍ਹਾਂ ਦੇ ਵਿਆਹ ਲਈ ਕੁੜੀਆਂ ਦੀ ਭਾਲ ਸ਼ੁਰੂ ਕਰ ਦੇਣੀ ਹੈ। ਪਹਿਲਾਂ ਬਾਹਰ ਵਾਲੇ ਦੀ ਵਾਰੀ ਹੈ। ਮਗਰੋਂ ਇਸ ਦਾ ਨੰਬਰ ਲਾਵਾਂਗੇ।” ਮੈਂ ਭਤੀਜੇ ਨੂੰ ਸੰਬੋਧਨ ਹੁੰਦਿਆਂ ਕਿਹਾ, ”ਕਾਕਾ, ਹੁਣ ਪੜ੍ਹਾਈ ਨਹੀਂ ਛੱਡਣੀ।” ਉਹ ਹੱਸ ਕੇ ਕਹਿਣ ਲੱਗਿਆ, ”ਅੰਕਲ, ਮੈਂ ਤੁਹਾਡੀ ਗੱਲ ਪੱਲੇ ਬੰਨ੍ਹੀ ਹੋਈ ਹੈ। ਤੁਸੀਂ ਕਹਿੰਦੇ ਸੀ ਕਿ ਕਿਸੇ ਕੁਰਸੀ ਨੂੰ ਮੋਹ ਨਹੀਂ ਪਾਉਣਾ। ਮੌਕਾ ਮਿਲੇ ਤਾਂ ਅੱਗੇ ਵਧਦੇ ਰਹਿਣਾ ਚਾਹੀਦਾ ਹੈ। ਹੁਣ ਹੋਰ ਵੱਡੀ ਨੌਕਰੀ ਦੀ ਕੋਸ਼ਿਸ਼ ਕਰਾਂਗਾ। ਇਹ ਨੌਕਰੀ ਤਾਂ ਇਸ ਗੱਲੋਂ ਲਈ ਹੈ ਕਿ ਕਿਤੇ ਵੱਡੀ ਨੌਕਰੀ ਝਾਕਦੇ, ਛੋਟੀ ਵੀ ਹੱਥੋਂ ਨਾ ਨਿਕਲ ਜਾਵੇ।”

ਮੈਂ ਆਪਣੇ ਦੋਸਤ ਨੂੰ ਕਿਹਾ, ”ਭਾਈ ਸਾਹਿਬ, ਤੁਹਾਡੇ ਇਸ ਮੁੰਡੇ ਦੀ ਸੋਚ ਮੈਨੂੰ ਸ਼ੁਰੂ ਤੋਂ ਹੀ ਚੰਗੀ ਲੱਗਦੀ ਹੈ। ਇਹ ਆਖਦਾ ਹੁੰਦਾ ਸੀ ਕਿ ਪਾਪਾ ਮੰਮੀ ਨੇ ਮਿਹਨਤ ਕਰਕੇ ਘਰ ਬਣਾਇਆ ਹੋਇਆ ਹੈ। ਮੈਂ ਇੱਥੇ ਕੋਈ ਨੌਕਰੀ ਲੈ ਲੈਣੀ ਹੈ। ਨੌਕਰੀ ਵਾਲੀ ਹੀ ਘਰਵਾਲੀ ਲੈ ਲੈਣੀ ਹੈ। ਮਾਪਿਆਂ ਕੋਲ ਰਹਾਂਗੇ, ਜ਼ਿੰਦਗੀ ਵਧੀਆ ਲੰਘ ਜਾਣੀ ਹੈ।” ਮੈਂ ਭਤੀਜੇ ਨੂੰ ਜੱਫੀ ਵਿੱਚ ਲੈਂਦਿਆਂ ਕਿਹਾ ਕਿ ਪੜ੍ਹਨਾ ਲਿਖਣਾ ਅਜੇ ਬੰਦ ਨਹੀਂ ਕਰਨਾ। ਜੇ ਇੰਝ ਹੀ ਪੜ੍ਹਦਾ ਰਿਹਾ ਤੇ ਕਿਸੇ ਦਿਨ ਡੀਸੀ ਜ਼ਰੂਰ ਲੱਗੇਂਗਾ। ਥੋੜ੍ਹੀ ਦੇਰ ਚੁੱਪ ਰਹਿਣ ਮਗਰੋਂ ਭਤੀਜ ਬੋਲਿਆ, ”ਅੰਕਲ, ਤੁਹਾਡੇ ਅਖ਼ਬਾਰਾਂ ਦੀ ਬਦੌਲਤ ਅੱਜ ਮੈਂ ਇੱਥੇ ਤੱਕ ਪਹੁੰਚਿਆ ਹਾਂ।” ਦਰਅਸਲ, ਸਾਡੇ ਘਰ ਕਈ ਅਖ਼ਬਾਰ ਆਉਂਦੇ ਸਨ। ਰੋਜ਼ ਜਦੋਂ ਮੈਂ ਸੈਰ ਤੋਂ ਆਉਂਦਾ ਸੀ ਤਾਂ ਉਹ ਸਾਡੇ ਘਰ ਦੇ ਬਾਹਰ ਕੰਧ ‘ਤੇ ਬੈਠ ਕੇ ਅਖ਼ਬਾਰ ਪੜ੍ਹਦਾ ਹੁੰਦਾ ਸੀ। ਮੇਰੇ ਘਰ ਪਹੁੰਚਣ ‘ਤੇ ਉਹ ਮੈਨੂੰ ਅਖ਼ਬਾਰ ਫੜਾ ਦਿੰਦਾ ਸੀ। ਜਿਸ ਦਿਨ ਉਹ ਸਾਡੇ ਘਰ ਨਾ ਆਉਂਦਾ ਉਸ ਦਿਨ ਦੇ ਅਖ਼ਬਾਰ ਕਈ ਵਾਰ ਬਿਨਾਂ ਖੋਲ੍ਹੇ ਹੀ ਕਬਾੜੀਏ ਕੋਲ ਜਾਂਦੇ ਸਨ। ਜਦੋਂ ਮੈਂ ਦੇਖਿਆ ਕਿ ਉਹ ਅਖ਼ਬਾਰਾਂ ਵਿੱਚ ਦਿਲਸਚਪੀ ਰੱਖਦਾ ਹੈ ਤਾਂ ਜਿਸ ਦਿਨ ਉਸ ਨੇ ਨਾ ਆਉਣਾ ਮੈਂ ਅਖ਼ਬਾਰ ਉਸ ਦੇ ਘਰ ਪਹੁੰਚਾ ਦੇਣੇ। ਆਂਢ-ਗੁਆਂਢ ਵਿੱਚ ਕਈ ਦੋਸਤ ਤੇ ਉਨ੍ਹਾਂ ਦੇ ਬੱਚੇ ਵਿਦੇਸ਼ਾਂ ਵਿੱਚ ਚਲੇ ਗਏ। ਹੁਣ ਭਾਈ ਸਾਹਿਬ ਦੇ ਪੁੱਤਰ ਨੂੰ ਨੌਕਰੀ ਮਿਲਣ ਕਰਕੇ ਜਾਪਦਾ ਸੀ ਕਿ ਮੁਹੱਲੇ ਦੇ ਨਿਆਣੇ ਵੀ ਨੌਕਰੀ ਲਈ ਹੱਥ ਪੈਰ ਮਾਰਨ ਲੱਗ ਜਾਣਗੇ।

ਇੰਨੇ ਨੂੰ ਸਾਡੇ ਗੁਆਂਢੀ ਉੱਠ ਖੜ੍ਹੇ ਹੋਏ। ਅਸੀਂ ਉਨ੍ਹਾਂ ਨੂੰ ਫੇਰ ਮੁਬਾਰਕਾਂ ਦਿੱਤੀਆਂ। ਮੈਂ ਕਿਹਾ, ”ਭਾਈ ਸਾਹਿਬ, ਤੁਹਾਡੇ ਪੁੱਤਰ ਨੂੰ ਨੌਕਰੀ ਮਿਲਣ ਨਾਲ ਹੁਣ ਤੁਹਾਡੀਆਂ ਇੱਥੇ ਜੜ੍ਹਾਂ ਲੱਗ ਗਈਆਂ।” ਉਹ ਅੱਗੋਂ ਬੋਲਿਆ, ”ਤੁਹਾਡੀ ਗੱਲ ਸੋਲਾਂ ਆਨੇ ਸੱਚ ਏ। ਜੇ ਇਹਨੂੰ ਨੌਕਰੀ ਨਾ ਮਿਲਦੀ ਤਾਂ ਸਾਡਾ ਬੁਢੇਪਾ ਰੁਲ਼ ਜਾਣਾ ਸੀ। ਪਰਮਾਤਮਾ ਸਭ ਦੇ ਬੱਚਿਆਂ ਨੂੰ ਇੱਥੇ ਰੁਜ਼ਗਾਰ ਦੇਵੇ। ਬਾਕੀ ਭਾਈ ਸਾਹਿਬ ਤੁਹਾਨੂੰ ਯਾਦ ਹੋਵੇਗਾ ਜਦੋਂ ਆਪਣੇ ਹਾਣੀਆਂ ਨੂੰ ਸਰਕਾਰੀ ਨੌਕਰੀ ਮਿਲ ਜਾਂਦੀ ਸੀ ਤਾਂ ਸਾਡੇ ਮਾਪੇ ਉਸ ਦੀਆਂ ਉਦਾਹਰਨਾਂ ਦੇ ਕੇ ਸਾਨੂੰ ਨੌਕਰੀ ਦੀ ਤਿਆਰੀ ਕਰਨ ਲਈ ਆਖਦੇ ਰਹਿੰਦੇ ਸਨ। ਆਪਾਂ ਤਿਆਰੀਆਂ ਕਰਦੇ ਰਹਿੰਦੇ ਸੀ। ਬੇਸ਼ੱਕ ਸਾਨੂੰ ਸਰਕਾਰੀ ਨੌਕਰੀ ਨਾ ਮਿਲੀ ਪਰ ਕਈ ਮਾਪਿਆਂ ਦੀ ਝਿੜਕ ਤੇ ਹੱਲਾਸ਼ੇਰੀ ਨਾਲ ਸਰਕਾਰੀ ਕਾਮੇ ਬਣ ਗਏ। ਹੁਣ ਇਸ ਕਰਕੇ ਕੀ ਪਤਾ ਹੋਰ ਕਿੰਨੇ ਨਿਆਣੇ ਇੱਧਰ ਨੂੰ ਤੁਰ ਪੈਣ।” ਇੰਨਾ ਕਹਿੰਦੇ ਉਹ ਸਾਰੇ ਤੁਰ ਪਏ। ਮੈਂ ਕਾਫ਼ੀ ਚਿਰ ਸੋਚਦਾ ਰਿਹਾ ਕਿ ਜੇ ਸਰਕਾਰਾਂ ਘਰ-ਘਰ ਨਹੀਂ, ਗਲੀ-ਮੁਹੱਲੇ ਵਿੱਚ ਇੱਕ-ਇੱਕ ਨੌਜਵਾਨ ਨੂੰ ਹੀ ਨੌਕਰੀ ਦੇ ਦੇਣ ਤਾਂ ਹੋਰਨਾਂ ਨਿਆਣਿਆਂ ਨੂੰ ਨੌਕਰੀ ਦੀ ਚੇਟਕ ਲੱਗ ਜਾਵੇਗੀ। ਵਿਦੇਸ਼ਾਂ ਨੂੰ ਭੱਜਣ ਲਈ ਲੱਗੀ ਦੌੜ ਨੂੰ ਕੁਝ ਨਾ ਕੁਝ ਠੱਲ੍ਹ ਪਵੇਗੀ। ਨੌਜਵਾਨਾਂ ਦੇ ਆਸਰੇ ਬਜ਼ੁਰਗਾਂ ਦਾ ਬੁਢੇਪਾ ਵਧੀਆ ਲੰਘ ਜਾਵੇਗਾ।

ਸੰਪਰਕ: 98152-33232

Advertisement
Advertisement