ਯੋਗਿਤਾ, ਦਿਲਪ੍ਰੀਤ ਅਤੇ ਜਗਮੀਤ ਨੇ ਇਨਾਮੀ ਰਾਸ਼ੀ ਜਿੱਤੀ
ਪੱਤਰ ਪ੍ਰੇਰਕ
ਗੁਰੂਸਰ ਸੁਧਾਰ, ਮੁੱਲਾਂਪੁਰ, 4 ਸਤੰਬਰ
ਗੁਰੂ ਤੇਗ਼ ਬਹਾਦਰ ਨੈਸ਼ਨਲ ਕਾਲਜ ਦਾਖਾ ਵਿੱਚ ਭਾਰਤੀ ਮਾਣਕ ਬਿਊਰੋ ਕਲੱਬ ਵੱਲੋਂ ਕਰਵਾਏ ਭਾਸ਼ਣ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ‘ਨੌਜਵਾਨਾਂ ਦੀ ਭਵਿੱਖ ਨਿਰਧਾਰਤ ਕਰਨ ਵਿੱਚ ਭੂਮਿਕਾ’, ‘ਮੌਸਮੀ ਬਦਲਾਅ ਅਤੇ ਵਾਤਾਵਰਨ ਬਾਰੇ ਜ਼ਿੰਮੇਵਾਰੀ’ ਅਤੇ ‘ਮਾਨਸਿਕ ਸਿਹਤ ਅਤੇ ਅਕਾਦਮਿਕ ਦਬਾਅ’ ਜਿਹੇ ਮੁੱਦਿਆਂ ’ਤੇ ਕਰਵਾਏ ਗਏ ਮੁਕਾਬਲੇ ਵਿੱਚ 22 ਵਿਦਿਆਰਥੀਆਂ ਨੇ ਭਾਗ ਲਿਆ। ਨਤੀਜਿਆਂ ਮੁਤਾਬਕ ਯੋਗਿਤਾ ਮਿੱਤਲ ਨੇ 2100 ਰੁਪਏ ਦੀ ਰਾਸ਼ੀ ਪਹਿਲੇ ਇਨਾਮ ਵਜੋਂ ਜਿੱਤੀ, ਦਿਲਪ੍ਰੀਤ ਕੌਰ ਨੇ 1500 ਰੁਪਏ ਦੀ ਰਾਸ਼ੀ ਦੂਜੇ ਇਨਾਮ ਜਦਕਿ ਜਗਮੀਤ ਕੌਰ ਨੇ 1100 ਰੁਪਏ ਦੀ ਰਾਸ਼ੀ ਤੀਜੇ ਇਨਾਮ ਵਜੋਂ ਜਿੱਤੀ ਅਤੇ ਉਤਸ਼ਾਹ ਵਧਾਊ ਇਨਾਮ ਵਜੋਂ ਪੰਜ-ਪੰਜ ਸੌ ਰੁਪਏ ਦੇ ਇਨਾਮ ਨਵਜੋਤ ਕੌਰ ਅਤੇ ਰਿੰਕੂ ਸ਼ਰਮਾ ਨੇ ਹਾਸਲ ਕੀਤੇ। ਸਮਾਗਮ ਦੇ ਮੁੱਖ ਮਹਿਮਾਨ ਗੁਰੂ ਤੇਗ਼ ਬਹਾਦਰ ਨੈਸ਼ਨਲ ਕਾਲਜ ਦਾਖਾ ਦੇ ਪ੍ਰਧਾਨ ਰਣਧੀਰ ਸਿੰਘ ਸੇਖੋਂ ਨੇ ਨੌਜਵਾਨਾਂ ਦੀ ਸੋਚ ਦੀ ਸ਼ਲਾਘਾ ਕੀਤੀ। ਸਮਾਗਮ ਵਿੱਚ ਜੱਜ ਦੀ ਭੂਮਿਕਾ ਅੰਗਰੇਜ਼ੀ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਅਮਰੀਕ ਸਿੰਘ ਵਿਰਕ ਤੇ ਆਰੀਆ ਕਾਲਜ ਦੇ ਸਾਬਕਾ ਡੀਨ ਯੂਥ ਵੈੱਲਫੇਅਰ ਡਾ. ਐੱਸ ਪੀ ਸਿੰਘ ਨੇ ਨਿਭਾਈ। ਇਸ ਦੌਰਾਨ ਰਮਿੰਦਰ ਸਿੰਘ ਬਾਜਵਾ, ਸੁਖਵੰਤ ਸਿੰਘ ਅਤੇ ਹਰਜਿੰਦਰ ਸਿੰਘ ਸਨਮਾਨਿਤ ਮਹਿਮਾਨਾਂ ਵਜੋਂ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਅਵਤਾਰ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ।