ਯੋਗੇਸ਼ਵਰ ਨੇ ਛੇ ਪਹਿਲਵਾਨਾਂ ਨੂੰ ਟਰਾਇਲ ਤੋਂ ਛੋਟ ਦੇ ਫ਼ੈਸਲੇ ’ਤੇ ਸਵਾਲ ਚੁੱਕੇ
ਨਵੀਂ ਦਿੱਲੀ, 23 ਜੂਨ
ਲੰਡਨ ਓਲੰਪਿਕ ‘ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਯੋਗੇਸ਼ਵਰ ਦੱਤ ਨੇ ਅੰਦੋਲਨਕਾਰੀ ਛੇ ਪਹਿਲਵਾਨਾਂ ਨੂੰ ਏਸ਼ਿਆਈ ਖੇਡਾਂ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਟਰਾਇਲਾਂ ਲਈ ਛੋਟ ਦੇਣ ‘ਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਐਡਹਾਕ ਕਮੇਟੀ ‘ਤੇ ਤਿੱਖਾ ਹਮਲਾ ਕੀਤਾ ਹੈ। ਯੋਗੇਸ਼ਵਰ ਨੇ ਸਵਾਲ ਕੀਤਾ ਹੈ ਕਿ ਕੀ ਇਹ ਪਹਿਲਵਾਨ ਅਜਿਹਾ ਲਾਭ ਲੈਣ ਲਈ ਹੀ ਪ੍ਰਦਰਸ਼ਨ ਕਰ ਰਹੇ ਸਨ।
ਕਮੇਟੀ ਨੇ ਵਿਨੇਸ਼ ਫੋਗਾਟ, ਬਜਰੰਗ ਪੂਨੀਆ, ਉਸ ਦੀ ਪਤਨੀ ਸੰਗੀਤਾ ਫੋਗਾਟ, ਸਾਕਸ਼ੀ ਮਲਿਕ, ਉਸ ਦੇ ਪਤੀ ਸੱਤਿਆਵਰਤ ਕਾਦੀਆਨ ਅਤੇ ਜਿਤੇਂਦਰ ਕਿਨਹਾ ਨੂੰ ਕਿਹਾ ਹੈ ਕਿ ਭਾਰਤੀ ਟੀਮ ‘ਚ ਸਥਾਨ ਬਣਾਉਣ ਲਈ ਉਨ੍ਹਾਂ ਨੂੰ ਆਪੋ ਆਪਣੇ ਭਾਰ ਵਰਗਾਂ ‘ਚ ਟਰਾਇਲ ਦੇ ਜੇਤੂਆਂ ਨਾਲ ਇਕ ਕੁਸ਼ਤੀ ਲੜਨੀ ਪਵੇਗੀ। ਭਾਜਪਾ ਆਗੂ ਅਤੇ ਪਹਿਲਵਾਨ ਯੋਗੇਸ਼ਵਰ ਦੱਤ ਨੇ ਕਿਹਾ ਕਿ ਭੁਪੇਂਦਰ ਸਿੰਘ ਬਾਜਵਾ ਦੀ ਅਗਵਾਈ ਹੇਠਲੀ ਕਮੇਟੀ ਨੇ ਅਜਿਹਾ ਕਦਮ ਚੁੱਕ ਕੇ ਦੇਸ਼ ਦੇ ਜੂਨੀਅਰ ਪਹਿਲਵਾਨਾਂ ਨਾਲ ਬੇਇਨਸਾਫ਼ੀ ਕੀਤੀ ਹੈ। ਟਵਿੱਟਰ ‘ਤੇ ਪੋਸਟ ਕੀਤੀ ਗਈ ਵੀਡੀਓ ‘ਚ ਦੱਤ ਨੇ ਕਿਹਾ,”ਐਡਹਾਕ ਕਮੇਟੀ ਨੇ ਟਰਾਇਲਾਂ ਬਾਰੇ ਫ਼ੈਸਲਾ ਲੈਣ ਸਮੇਂ ਕਿਹੜੇ ਮਾਪਦੰਡ ਅਪਣਾਏ ਹਨ, ਉਸ ਦੀ ਮੈਨੂੰ ਸਮਝ ਨਹੀਂ ਲੱਗ ਰਹੀ ਹੈ।” ਉਸ ਨੇ ਕਿਹਾ ਕਿ ਜੇਕਰ ਟਰਾਇਲਾਂ ‘ਚ ਛੋਟ ਦੇਣੀ ਸੀ ਤਾਂ ਹੋਰ ਵੀ ਕਈ ਲਾਇਕ ਪਹਿਲਵਾਨ ਸਨ।
ਉਨ੍ਹਾਂ ਰਵੀ ਦਹੀਆ, ਦੀਪਕ ਪੂਨੀਆ, ਅੰਸ਼ੂ ਮਲਿਕ ਅਤੇ ਸੋਨਮ ਮਲਿਕ ਨੂੰ ਵੀ ਟਰਾਇਲਾਂ ‘ਚ ਛੋਟ ਦੇਣ ਦੀ ਮੰਗ ਕੀਤੀ ਹੈ। ‘ਅੰਦੋਲਨਕਾਰੀ ਪਹਿਲਵਾਨ ਪਿਛਲੇ ਇਕ ਸਾਲ ਤੋਂ ਕੁਸ਼ਤੀ ਤੋਂ ਦੂਰ ਹਨ ਅਤੇ ਹੁਣ ਟਰਾਇਲਾਂ ‘ਚ ਉਨ੍ਹਾਂ ਨੂੰ ਛੋਟ ਦੇਣਾ ਗਲਤ ਹੈ।’
ਯੋਗੇਸ਼ਵਰ ਦੱਤ ਨੇ ਖਾਪ ਪੰਚਾਇਤਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਅੰਦੋਲਨ ਦੇ ਰਾਹ ਪਏ ਪਹਿਲਵਾਨਾਂ ਦੇ ਇਰਾਦਿਆਂ ਨੂੰ ਸਮਝਣ ਦੀ ਅਪੀਲ ਕੀਤੀ ਹੈ। -ਪੀਟੀਆਈ
ਯੋਗੇਸ਼ਵਰ ਨੂੰ ਬ੍ਰਿਜ ਭੂਸ਼ਨ ਦੇ ਪਿਆਦੇ ਵਜੋਂ ਯਾਦ ਕੀਤਾ ਜਾਵੇਗਾ: ਵਿਨੇਸ਼
ਨਵੀਂ ਦਿੱਲੀ: ਅੰਦੋਲਨਕਾਰੀ ਛੇ ਪਹਿਲਵਾਨਾਂ ਨੂੰ ਟਰਾਇਲ ‘ਚ ਮਿਲੀ ਛੋਟ ‘ਤੇ ਯੋਗੇਸ਼ਵਰ ਦੱਤ ਵੱਲੋਂ ਸਵਾਲ ਚੁੱਕੇ ਜਾਣ ਦੇ ਕੁਝ ਘੰਟਿਆਂ ਮਗਰੋਂ ਪਹਿਲਵਾਨ ਵਿਨੇਸ਼ ਫੋਗਾਟ ਨੇ ਕਿਹਾ ਕਿ ਕੁਸ਼ਤੀ ਜਗਤ ਯੋਗੇਸ਼ਵਰ ਨੂੰ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਪਿਆਦੇ ਵਜੋਂ ਯਾਦ ਕਰੇਗਾ। ਫੋਗਾਟ ਨੇ ਦੋਸ਼ ਲਾਇਆ ਕਿ ਜਦੋਂ ਬ੍ਰਿਜ ਭੂਸ਼ਨ ਖ਼ਿਲਾਫ਼ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਕੀਤੀਆਂ ਗਈਆਂ ਸਨ ਤਾਂ ਕਮੇਟੀ ‘ਚ ਸ਼ਾਮਲ ਯੋਗੇਸ਼ਵਰ ਨੇ ਉਨ੍ਹਾਂ ਦਾ ਮਖੌਲ ਉਡਾਇਆ ਸੀ। ਫੋਗਾਟ ਨੇ ਯੋਗੇਸ਼ਵਰ ‘ਤੇ ਦੋਸ਼ ਲਾਇਆ ਕਿ ਉਸ ਨੇ ਇਕ ਮਹਿਲਾ ਪਹਿਲਵਾਨ ਨੂੰ ਕਿਹਾ ਸੀ ਕਿ ‘ਅਜਿਹੀਆਂ ਗੱਲਾਂ ਵਾਪਰਦੀਆਂ ਰਹਿੰਦੀਆਂ’ ਹਨ। ਵਿਨੇਸ਼ ਨੇ ਆਪਣੇ ਟਵਿੱਟਰ ਪੇਜ ‘ਤੇ ਲਿਖਿਆ ਹੈ,”ਸਾਰਾ ਕੁਸ਼ਤੀ ਜਗਤ ਜਾਣਦਾ ਹੈ ਕਿ ਯੋਗੇਸ਼ਵਰ ਬ੍ਰਿਜ ਭੂਸ਼ਨ ਦੀ ਜੂਠ ਖਾ ਰਿਹਾ ਸੀ। ਜੇਕਰ ਕੋਈ ਸਮਾਜ ‘ਚ ਬੇਇਨਸਾਫ਼ੀ ਖ਼ਿਲਾਫ਼ ਆਵਾਜ਼ ਚੁੱਕਦਾ ਸੀ ਤਾਂ ਯੋਗੇਸ਼ਵਰ ਉਸ ਦਾ ਵਿਰੋਧ ਕਰਦਾ ਸੀ।” ਉਸ ਨੇ ਯੋਗੇਸ਼ਵਰ ਨੂੰ ਬ੍ਰਿਜ ਭੂਸ਼ਨ ਦੇ ਤਲਵੇ ਚੱਟਣ ਵਾਲਾ ਵਿਅਕਤੀ ਕਰਾਰ ਦਿੱਤਾ ਹੈ। ਉਸ ਨੇ ਕਿਹਾ ਕਿ ਜਦੋਂ ਤੱਕ ਕੁਸ਼ਤੀ ‘ਚ ਯੋਗੇਸ਼ਵਰ ਵਰਗੇ ਜੈਚੰਦ ਰਹਿਣਗੇ, ਤਾਂ ਦਬਾਉਣ ਵਾਲਿਆਂ ਦੇ ਹੌਸਲੇ ਬੁਲੰਦ ਰਹਿਣਗੇ। ਵਿਨੇਸ਼ ਨੇ ਕਿਹਾ ਕਿ ਯੋਗੇਸ਼ਵਰ ਨੇ ਮਹਿਲਾ ਪਹਿਲਵਾਨਾਂ ਨੂੰ ਕਿਹਾ ਸੀ ਕਿ ਉਹ ਸਮਝੌਤੇ ਲਈ ਮੰਨ ਜਾਣ ਅਤੇ ਬ੍ਰਿਜ ਭੂਸ਼ਨ ਖ਼ਿਲਾਫ਼ ਲੱਗੇ ਦੋਸ਼ ਵਾਪਸ ਲੈ ਲੈਣ। -ਪੀਟੀਆਈ