ਯੋਗ ਮੇਰੇ ਜੀਵਨ ਦਾ ਅਨਿੱਖੜਵਾਂ ਅੰਗ: ਸੁਮੋਨਾ
ਮੁੰਬਈ: ਅਦਾਕਾਰਾ ਸੁਮੋਨਾ ਚੱਕਰਵਰਤੀ ਆਪਣੇ ਸਰੀਰ ਨੂੰ ਸੁੁਡੋਲ ਬਣਾਉਣ ਲਈ ਯੋਗ ਦਾ ਸਹਾਰਾ ਲੈਂਦੀ ਹੈ। ਕੌਮਾਂਤਰੀ ਯੋਗ ਦਿਵਸ ਤੋਂ ਪਹਿਲਾਂ ਉਸ ਨੇ ਯੋਗ ਪ੍ਰਤੀ ਆਪਣੀ ਸਾਂਝ ਦਾ ਖੁਲਾਸਾ ਕੀਤਾ ਹੈ। ਉਹ ਆਖਦੀ ਹੈ, ‘‘ਯੋਗ ਹੁਣ ਕਈ ਸਾਲਾਂ ਤੋਂ ਉਸ ਦੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ। ਇਹ ਸਿਰਫ਼ ਕਸਰਤ ਹੀ ਨਹੀਂ ਸਗੋਂ ਜੀਵਨ ਜਿਊਣ ਦਾ ਇੱਕ ਤਰੀਕਾ ਹੈ, ਜਿਸ ਨੇ ਉਸ ਨੂੰ ਜ਼ਮੀਨ ’ਤੇ ਖੜ੍ਹਾ ਕੀਤਾ ਹੈ। ਉਸ ਨੂੰ ਮਜ਼ਬੂਤ ਕੀਤਾ ਹੈ ਅਤੇ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਸ਼ਕਤੀ ਦਿੱਤੀ ਹੈ। ਯੋਗ ਦਿਵਸ ’ਤੇ ਉਹ ਸਭ ਨੂੰ ਯੋਗ ਕਰਨ ਦੀ ਸਲਾਹ ਦਿੰਦੀ ਹੈ।’’ ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਵਿੱਚ ਭਾਰਤ ਵੱਲੋਂ ਕੀਤੀ ਗਈ ਪਹਿਲ ਮਗਰੋਂ 2015 ਤੋਂ 21 ਜੂਨ ਨੂੰ ਦੁਨੀਆ ਭਰ ਵਿੱਚ ਕੌਮਾਂਤਰੀ ਯੋਗ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸੁਮੋਨਾ ਹੁਣ ਕਲਰਜ਼ ’ਤੇ ਆਉਣ ਵਾਲੇ ਸ਼ੋਅ ‘ਖਤਰੋਂ ਕੇ ਖਿਲਾੜੀ 14’ ਦੀ ਸ਼ੂਟਿੰਗ ਲਈ ਰੋਮਾਨੀਆ ਵਿੱਚ ਹੈ, ਜਿਸ ਨੂੰ ਰੋਹਿਤ ਸ਼ੈਟੀ ਹੋਸਟ ਕਰ ਰਿਹਾ ਹੈ। ਇਸ ਤੋਂ ਪਹਿਲਾਂ ਰੋਹਿਤ ਸ਼ੈਟੀ ਨੇ ਇੰਸਟਾਗ੍ਰਾਮ ’ਤੇ ਸਾਂਝਾ ਕੀਤਾ ਸੀ ਕਿ ਕਿਵੇਂ ਸਟੰਟ ਆਧਾਰਿਤ ਇਹ ਸ਼ੋਅ ਉਸ ਨੂੰ ਆਪਣੇ ਜਵਾਨੀ ਦੇ ਦਿਨਾਂ ਨੂੰ ਯਾਦ ਕਰਵਾ ਦਿੰਦਾ ਹੈ। ਉਸ ਨੇ ਸੈੱਟ ਦੀਆਂ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। -ਏਐੱਨਆਈ