ਵਿਸ਼ਵ ਸ਼ਾਂਤੀ ਲਈ ਮਾਰਗ-ਦਰਸ਼ਕ ਬਣ ਸਕਦੈ ਯੋਗ: ਦੇਸ ਰਾਜ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 22 ਦਸੰਬਰ
ਭਾਰਤੀ ਯੋਗ ਸੰਸਥਾਨ ਦੇ ਕੌਮੀ ਪ੍ਰਧਾਨ ਦੇਸ ਰਾਜ ਨੇ ਆਖਿਆ ਹੈ ਕਿ ਯੋਗ ਵਿਸ਼ਵ ਵਿੱਚ ਸ਼ਾਂਤੀ ਸਥਾਪਤੀ ਵਾਸਤੇ ਮਾਰਗ ਦਰਸ਼ਕ ਬਣ ਸਕਦਾ ਹੈ। ਉਹ ਅੱਜ ਇੱਥੇ ਭਾਰਤੀ ਯੋਗ ਸੰਸਥਾਨ ਵੱਲੋਂ ਕਰਵਾਏ 13ਵੇਂ ਮਹਿਲਾ ਯੋਗ ਸ਼ਕਤੀ ਦਿਵਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਆਏ ਸਨ। ਸਥਾਨਕ ਬੀਬੀਕੇ ਡੀਏਵੀ ਕਾਲਜ ਵਿੱਚ ਕਰਵਾਏ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪ੍ਰਧਾਨ ਦੇਸਰਾਜ ਨੇ ਹੱਡੀ ਤੇ ਮਹਿਲਾ ਰੋਗਾਂ ਅਤੇ ਯੋਗ ਬਾਰੇ ਵਿਚਾਰ ਪੇਸ਼ ਕਰਦਿਆਂ ਚਰਚਾ ਕੀਤੀ।
ਸਮਾਗਮ ਦੀ ਸ਼ੁਰੂਆਤ ਓਮ ਸ਼ਬਦ ਦੇ ਉਚਾਰਨ ਅਤੇ ਗਾਇਤਰੀ ਮੰਤਰ ਨਾਲ ਹੋਈ। ਸਮਾਗਮ ਦੇ ਮੁੱਖ ਮਹਿਮਾਨ ਦੇਸ ਰਾਜ, ਕੁੰਦਨ ਵਰਮਾਨੀ, ਮਨਮੋਹਨ ਕਪੂਰ, ਸਤੀਸ਼ ਮਹਾਜਨ ਅਤੇ ਵਰਿੰਦਰ ਧਵਨ ਨੇ ਦੀਪ ਜਗਾਇਆ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਦੇਸ ਰਾਜ ਨੇ ਆਖਿਆ ਕਿ ਯੋਗ ਵਿਸ਼ਵ ਵਿੱਚ ਸ਼ਾਂਤੀ ਵਾਸਤੇ ਮਾਰਗ-ਦਰਸ਼ਕ ਬਣ ਸਕਦਾ ਹੈ ਕਿਉਂਕਿ ਯੋਗ ਵਾਸੂਦੇਵ ਕਟੁੰਬਕਮ ਦੇ ਮੰਤਵ ਨਾਲ ਕੰਮ ਕਰਦਾ ਹੈ। ਯੋਗ ਆਪਸੀ ਭਾਈਚਾਰਕ ਸਾਂਝ, ਸ਼ਾਂਤੀ, ਆਪਸੀ ਪਿਆਰ ਅਤੇ ਸਮਾਜ ਨੂੰ ਸਿਹਤਮੰਦ ਰੱਖਣ ਦਾ ਸੰਦੇਸ਼ ਦਿੰਦਾ ਹੈ। ਇਸੇ ਲਈ ਅੱਜ ਯੋਗ ਦੀ ਅਹਿਮੀਅਤ ਵਿਸ਼ਵ ਵਿੱਚ ਵਧ ਰਹੀ ਹੈ। ਸੰਯੁਕਤ ਰਾਸ਼ਟਰ ਸੰਘ ਨਾਲ ਸਬੰਧਤ 190 ਤੋਂ ਵੱਧ ਦੇਸ਼ਾਂ ਨੇ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਮਾਨਤਾ ਦਿੱਤੀ ਹੈ ਅਤੇ ਹਾਲ ਹੀ ਵਿੱਚ ਇਨ੍ਹਾਂ ਮੁਲਕਾਂ ਵੱਲੋਂ ਅੰਤਰਾਸ਼ਟਰੀ ਧਿਆਨ ਦਿਵਸ ਨੂੰ ਵੀ ਮਾਨਤਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਯੋਗ ਨੂੰ ਸਕੂਲ ਅਤੇ ਕਾਲਜ ਪੱਧਰ ’ਤੇ ਵਿਸ਼ੇ ਵਜੋਂ ਅਪਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸਰਕਾਰਾਂ ਨੂੰ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਮੌਜੂਦਾ ਕੇਂਦਰੀ ਸਰਕਾਰ ਦੀ ਯੋਗ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਜਾ ਰਹੇ ਕਾਰਜਾਂ ਵਾਸਤੇ ਸ਼ਲਾਘਾ ਵੀ ਕੀਤੀ।
ਇਸ ਮੌਕੇ ਮੁੱਖ ਮਹਿਮਾਨ ਨੇ ਲੋਕਾਂ ਦੇ ਪ੍ਰਸ਼ਨਾਂ ਦੇ ਉੱਤਰ ਵੀ ਦਿੱਤੇ ਅਤੇ ਯੋਗ ਬਾਰੇ ਉਨ੍ਹਾਂ ਦੇ ਕਈ ਭਰਮ ਭੁਲੇਖੇ ਦੂਰ ਕੀਤੇ। ਭਾਰਤੀ ਯੋਗ ਸੰਸਥਾ ਦੇ ਪੰਜਾਬ ਦੇ ਮੁਖੀ ਕੁੰਦਨ ਵਰਮਾਨੀ ਨੇ ਆਏ ਮੁੱਖ ਮਹਿਮਾਨ ਤੇ ਹੋਰ ਮਹਿਮਾਨਾਂ ਸਮੇਤ ਲੋਕਾਂ ਨੂੰ ਜੀ ਆਇਆਂ ਕਿਹਾ। ਸੰਸਥਾ ਦੇ ਸੂਬਾਈ ਆਗੂ ਮਨਮੋਹਨ ਕਪੂਰ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਤੇ ਹੋਰਨਾਂ ਦਾ ਧੰਨਵਾਦ ਕੀਤਾ। ਸਤੀਸ਼ ਮਹਾਜਨ ਨੇ ਭਾਰਤੀ ਯੋਗ ਸੰਸਥਾ ਦੀਆਂ ਕੁਝ ਵਿਸ਼ੇਸ਼ ਸੂਚਨਾਵਾਂ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।