ਅਜੇ ਤੀਕਰ
ਹਰਮਿੰਦਰ ਸਿੰਘ ਕੋਹਾਰਵਾਲਾ
ਅਜੇ ਅੰਗੂਰਾਂ ਤੀਕਰ ਹੱਥ ਨਾ ਉੱਪੜਦੇ।
ਅੰਗੂਰ ਅਜੇ ਤਾਂ ਜ਼ਖ਼ਮਾਂ ਦੇ ਹੀ ਉੱਚੜਦੇ।
ਦਰਦ ਗਲੋਟੇ ਤ੍ਰਿੰਝਣ ਵਿੱਚ ਜੇ ਉੱਧੜਦੇ।
ਬੇਦਰਦਾਂ ਦੇ ਤੰਬੂ ਹੁਣ ਤੱਕ ਉੱਜੜਦੇ।
ਉਨ੍ਹਾਂ ਤੀਕਰ ਕਦ ਇਹ ਅੱਖਰ ਉੱਪੜਦੇ।
ਕਾਗਜ਼ ’ਤੇ ਹਨ ਜ਼ਖ਼ਮ ਜਿਨ੍ਹਾਂ ਦੇ ਨੁੱਚੜਦੇ।
ਕੈਨਵਸ ਉੱਤੇ ਰੰਗ ਤਦੋਂ ਹੀ ਉੱਘੜਦੇ।
ਬੁਰਸ਼ਾਂ ਨੂੰ ਹੱਥ ਛੋਹਣ ਮੁਸੱਵਰ ਸੁੱਘੜ ਦੇ।
ਰੁੱਖਾਂ ਨਾਲ ਹੀ ਪੱਤਿਆਂ ਮੌਜ ਬਹਾਰ ਲਈ,
ਟੁੱਟ ਕੇ ਬਣਨ ਭੰਬੀਰੀ ਮੂਹਰੇ ਝੱਖੜ ਦੇ।
ਜੰਗਬਾਜ਼ਾਂ ਦੇ ਨਾਸੀਂ ਧੂੰਆਂ ਆਇਆ ਹੈ,
ਪੈਰ ਪੈਰ ’ਤੇ ਪੈਰ ਉਨ੍ਹਾਂ ਦੇ ਉੱਖੜਦੇ।
ਸੰਪਰਕ: 98768-73735
* * *
ਗ਼ਜ਼ਲ
ਸੁਖਦੇਵ ਸਿੰਘ ਔਲਖ਼
ਫ਼ਕੀਰਾ ਕੁਝ ਤਾਂ ਬੋਲ, ਦਿਲਾਂ ਵਿੱਚ ਦਹਿਸ਼ਤ ਕਿਉਂ ਹੈ।
ਚੁੱਪ ਕਿਉਂ ਕਾਇਨਾਤ, ਸਹਿਮੀ ਧਰਤ ਕਿਉਂ ਹੈ।।
ਉਹ ਮੁੱਠੀ ਭਰ ਨੇ ਜੋ, ਨਿੱਤ ਲੁੱਟੀ ਕੁੱਟੀ ਜਾਂਦੇ ਨੇ।
ਮਿੱਟੀ ਦੇ ਜਾਇਆਂ ਦੀ, ਬੇਬੱਸ ਹਾਲਤ ਕਿਉਂ ਹੈ।।
ਮਹਿਲਾਂ ਤੋਂ ਬਾਹਰ ਵੀ, ਇੱਕ ਹੋਰ ਦੁਨੀਆ ਵਸਦੀ ਹੈ।
ਫਿਰ ਕੇਵਲ, ਮਹਿਲਾਂ ਦੀ ਹਿਫ਼ਾਜ਼ਤ ਕਿਉਂ ਹੈ।।
ਲੋੜਾਂ ਥੋੜਾਂ ਖ਼ਾਹਿਸ਼ਾਂ, ਆਪਣੀਆਂ ਸਾਂਝੀਆਂ ਨੇ।
ਸੋਚੋ! ਕਿਹੜੀ ਗੱਲੋਂ, ਖਿਲਰੀ ਅੱਜ ਤਾਕਤ ਕਿਉਂ ਹੈ।।
ਮਸਲਾ ਰੋਟੀ ਰੋਜ਼ੀ ਦਾ, ਅਸੀਂ ਪਿੱਛੇ ਛੱਡ ਆਏ।
ਧਰਮਾਂ ਕਰਮਾਂ ਵਿੱਚ, ਪਿਸ ਰਹੀ ਖਲਕਤ ਕਿਉਂ ਹੈ।।
ਫੁੱਲ ਭੌਰੇ ਕਲੀਆਂ, ਇੱਕ ਜਿੰਦ ਇੱਕ ਜਾਨ ਸੱਭੇ।
ਦਿਲ ਦਾ ਕਾਲਾ ਮਾਲੀ, ਬੀਜਦਾ ਨਫ਼ਰਤ ਕਿਉਂ ਹੈ।।
ਆਉ ਕਲਮਾਂ ਵਾਲਿਓ, ਵਕਤ ਦੇ ਸਫ਼ੇ ਨੂੰ ਪੜ੍ਹੀਏ।
ਅੱਜ ਬਾਗੀ ਕਲਮਾਂ ਦੀ, ਹੁੰਦੀ ਸ਼ਨਾਖਤ ਕਿਉਂ ਹੈ।।
ਕੀ ਚਾਲ ਹੈ ਪੈਸੇ ਦੀ, ਜਾਂ ਕਿਰਦਾਰ ਜਮਾਤੀ ਹੈ।
ਚਿੱਟੇ ਭਗਵੇਂ ਦੇ ਸੰਗ, ਜੁੜਦੀ ਸ਼ਰਾਫ਼ਤ ਕਿਉਂ ਹੈ।।
ਬੰਨ੍ਹ ਮੰਡਾਸਾ ਔਲਖ਼, ਦਰਿਆ ਦੁੱਖਾਂ ਦੇ ਤਰੀਏ।
ਅੱਖਾਂ ਮੀਟ ਕਿਸੇ ਦੀ ਤੂੰ, ਕਰਨੀ ਇਬਾਦਤ ਕਿਉਂ ਹੈ।।
ਸੰਪਰਕ: 094647-70121
* * *
ਮਾਂ
ਜਸਵੰਤ ਕੜਿਆਲ
ਹਨੇਰਿਆਂ ਦੇ ਗੱਫਿਆਂ ’ਚ
ਸੂਰਜ ਵਰਗਾ ਅਹਿਸਾਸ
ਕੁੱਖ...
ਚੁੱਪ...
ਧੁੱਪ...
ਤੇ ਭੁੱਖ ਦੇ ਸਹੀ ਅਰਥ ਸਮਝਾਉਂਦੀ
ਜਾਗਦੀ ਤੇ ਜਗਾਉਂਦੀ
ਬਿਖਰੇ ਰਾਹਾਂ ’ਚੋਂ ਨਾਜ਼ੁਕ ਪੋਟਿਆਂ ਨਾਲ ਸੂਲਾਂ ਹਟਾਉਂਦੀ
ਖ਼ੁਦਾ ਤੋਂ ਮਹਾਨ
ਬੱਚੇ ਦਾ ਜਹਾਨ
ਭੀੜ ਤੋਂ ਵੱਖਰੀ ਪੀੜ
ਸਲ੍ਹਾਬੀ ਰੇਤ ਵਾਂਗ
ਤੁਰਦੀ...
ਖੁਰਦੀ...
ਰੁੜ੍ਹਦੀ...
ਤੇ ਫਿਰ ਜੁੜਦੀ
ਕਿਨਾਰਿਆਂ ਦੀ ਭਾਲ ’ਚ
ਜ਼ਿੰਦਗੀ ਸੰਗ ਲੜਦੀ
ਮੌਤ ਤੋਂ ਹਰਦੀ
ਪਰ ਮਰਦੀ ਨਹੀਂ
ਸਦਾ ਚੇਤਿਆਂ ’ਚ ਵਸਦੀ
ਮਾਂ ਕਦੇ ਮਰਦੀ ਨਹੀਂ
ਸਦਾ ਚੇਤਿਆਂ ’ਚ ਵਸਦੀ
ਮਾਂ ਕਦੇ ਮਰਦੀ ਨਹੀਂ।
ਸੰਪਰਕ: 98766-77387
* * *
ਗ਼ਜ਼ਲ
ਪ੍ਰਤਾਪ ‘ਪਾਰਸ’ ਗੁਰਦਾਸਪੁਰੀ
ਕੋਰੇ ਵਰਕਿਆਂ ਉੱਪਰ ਜੇਕਰ ਸੱਚ ਲਿਖਾਂ।
ਅੱਖਾਂ ਦੇ ਵਿੱਚ ਅੱਥਰੂ ਭਰਕੇ ਗੱਚ ਲਿਖਾਂ।
ਹਰ ਰਿਸ਼ਤੇ ਦੀ ਮੌਤ ਦਾ ਕਾਰਨ ਪੈਸਾ ਹੀ,
ਸੱਚ ਲਿਖਾਂ ਤੇ ਚੜ੍ਹ ਕੇ ਕੋਠੇ ਨੱਚ ਲਿਖਾਂ।
ਮੇਰੀ ਤੇਰੀ ਸਭ ਦੀ ਇੱਕ ਹਕੀਕਤ ਇਹ,
ਕਰਕੇ ਨਾ ਮੈਂ ਇੱਕ ਫ਼ਿਰਕੇ ਨੂੰ ਟੱਚ ਲਿਖਾਂ।
ਵਿੱਚ ਹਵਾ ਦੇ ਉੱਡਦੀ ਨਾ ਮੈਂ ਗੱਲ ਲਿਖਾਂ,
ਹਰ ਰਿਸ਼ਤੇ ਦੀ ਰੂਹ ਦੇ ਵਿੱਚ ਮੈਂ ਰਚ ਲਿਖਾਂ।
ਹਰ ਰਿਸ਼ਤੇ ਦੀ ਉਮਰ ਹੈ ਇੱਥੇ ਗਰਜ਼ਾਂ ਨਾਲ,
ਕਿਉਂ ਨਾ ਇਸਨੂੰ ਕੂੜ-ਕਬਾੜ ਤੇ ਕੱਚ ਲਿਖਾਂ।
‘ਪਾਰਸ’ ਵੀ ਮੁਹਤਾਜ ਕਿਸੇ ਦੀ ਛੋਹ ਦਾ ਹੀ,
ਕਿੱਦਾਂ ਮੈਂ ਅਸਲੀਅਤ ਤੋਂ ਇਹ ਬਚ ਲਿਖਾਂ।
ਸੰਪਰਕ: 99888-11681
* * *
ਸੱਜਣ
ਬਲਵਿੰਦਰ ਬਾਘਾ
ਜਦ ਵੀ ਸੱਜਣ ਹੱਸ ਜਾਂਦੇ ਨੇ।
ਸਾਡੇ ਦਿਲ ਵਿੱਚ ਵਸ ਜਾਂਦੇ ਨੇ।
ਬੋਲ ਵੀ ਉਸਦੇ ਸ਼ਹਿਦ ਗੜੁੱਤੇ,
ਕੰਨੀਂ ਘੋਲ ਕੇ ਰਸ ਜਾਂਦੇ ਨੇ।
ਢਿੱਲੀਆਂ ਛੱਡ ਕੇ ਦਿਲ ਦੀਆਂ ਵਾਗਾਂ
ਡੋਰ ਇਸ਼ਕ ਦੀ ਕਸ ਜਾਂਦੇ ਨੇ।
ਚੰਨ ਜਿਹਾ ਮੁੱਖੜਾ ਤੱਕਣ ਖ਼ਾਤਰ
ਇਹ ਦੋ ਨੈਣ ਤਰਸ ਜਾਂਦੇ ਨੇ।
ਭੇਤ ਲੁਕਾਏ ਦਿਲ ਅੰਦਰ ਜੋ,
ਕਦੇ ਕਦੇ ਉਹ ਦੱਸ ਜਾਂਦੇ ਨੇ।
ਜੇ ਕਰੀਏ ਗੱਲ ਪਿਆਰਾਂ ਵਾਲੀ,
ਨੀਵੀਂ ਪਾ ਕੇ ਨੱਸ ਜਾਂਦੇ ਨੇ।
ਸੋਚ ਦੇ ਬੱਦਲ ਉੱਡਕੇ ਉਹਦੀਆਂ
ਜ਼ੁਲਫ਼ਾਂ ਦੇ ਵਿੱਚ ਫਸ ਜਾਂਦੇ ਨੇ।
ਔਸੀਆਂ ਪਾਉਂਦੇ ਪਾਉਂਦੇ ਸਾਡੇ,
ਇਹ ਪੋਟੇ ਸਾਰੇ ਘਸ ਜਾਂਦੇ ਨੇ।
ਇਸ਼ਕ ’ਚ ਕਮਲਾ ਹੋਇਆ ‘ਬਾਘਾ’
ਲੋਕ ਇਹ ਤਾਅਨਾ ਕਸ ਜਾਂਦੇ ਨੇ।
ਸੰਪਰਕ: 94636-26920
* * *
ਦੁਨੀਆਦਾਰੀ
ਜਗਤਾਰ ਗਰੇਵਾਲ ‘ਸਕਰੌਦੀ’
ਦੁਨੀਆ ਵਿੱਚ ਜੇ ਰਹਿਣਾ ਐ
ਤਾਂ ਦੁਨੀਆ ਵਰਗਾ ਹੋਣਾ ਸਿੱਖ
ਹੱਸਦਾ ਚਿਹਰਾ ਸਾਹਮਣੇ ਰੱਖ
ਅੰਦਰ ਦਰਦ ਲੁਕਾਉਣਾ ਸਿੱਖ।
ਜੇ ਆਪਣੀ ਗੱਲ ਸੁਣਾਵੇਂਗਾ
ਕੋਈ ਨਹੀਂ ਏਥੇ ਸੁਣਨ ਵਾਲਾ
ਜੋ ਅਗਲੇ ਸੁਣਨੀ ਚਾਹੁੰਦੇ ਨੇ
ਬਸ ਉਹੀ ਗੱਲ ਸੁਣਾਉਣਾ ਸਿੱਖ।
ਮਿੱਟੀ ਨੂੰ ਕਹਿਕੇ ਸੋਨਾ ਵੇਚ
ਤੇ ਸੋਨੇ ਦੇ ਮੁੱਲ ਮਿੱਟੀ ਪਾ
ਹੱਥਾਂ ਤੇ ਸਰ੍ਹੋਂ ਜਮਾ ਦਿਆ ਕਰ
ਅੰਬਰਾਂ ਨੂੰ ਟਾਕੀ ਲਾਉਣਾ ਸਿੱਖ।
ਧਰਮੀ ਬਣ ਜਾ ਕਰਮੀ ਬਣ ਜਾ
ਤੇ ਕੋਈ ਧੰਦਾ ਤੋਰ ਪਾਖੰਡਾਂ ਦਾ
ਤੇਰੇ ਹੱਕ ’ਚ ਨਾਅਰੇ ਲੱਗਣਗੇ
ਧਰਮਾਂ ਦੇ ਨਾਂ ਭੜਕਾਉਣਾ ਸਿੱਖ।
ਹੱਕ ਨਾ ਮੰਗੀਂ ਸੱਚ ਨਾ ਬੋਲੀਂ
ਕਦੇ ਉਲਟ ਹਵਾਵਾਂ ਦੇ ਨਾ ਚੱਲੀਂ
ਜਾਗਦਿਆਂ ਰਹਿ ਸੁਪਨੇ ਨਾ ਵੇਖੀਂ
ਜੇ ਸੁਪਨੇ ਵੇਖਣੇ ਆ ਸੌਣਾ ਸਿੱਖ।
ਸ਼ਾਇਰਾ ਕਾਇਰਾਂ ਵਰਗਾ ਹੋਜਾ
ਕਲਮ ਨੂੰ ਕਾਬੂ ਦੇ ਵਿੱਚ ਰੱਖੀਂ
ਗੁਲਾਮੀ ਦੀ ਜ਼ੰਜੀਰਾਂ ਵਿੱਚ ਬਹਿਕੇ
‘ਜੱਸੀ’ ਜ਼ਸਨ ਮਨਾਉਣਾ ਸਿੱਖ।
ਸੰਪਰਕ: 94630-36033
* * *
ਵੇਖੀਂ...
ਚਰਨਜੀਤ ਨੌਹਰਾ
ਸ਼ੁੱਧ ਹਵਾ ਵਿੱਚ, ਬਾਣੀ ਦੀ ਤਰਾਵਟ ਹੋਵੇ।
ਕਿਤੇ ਵੀ ਨਾ, ਜ਼ਹਿਰਾਂ ਦੀ ਮਿਲਾਵਟ ਹੋਵੇ।
ਖੁੱਲ੍ਹ ਜਾਣ ਸਾਰੇ, ਲਾਂਘੇ ਮੁਹੱਬਤਾਂ ਵਾਲੇ,
ਨਫ਼ਰਤ ਜਿਹੀ ਕੋਈ, ਨਾ ਰੁਕਾਵਟ ਹੋਵੇ।
ਕਰਦੇ ਰਹੀਏ ਉੱਦਮ, ਤਰੱਕੀਆਂ ਲਈ,
ਨਾ ਮੱਥੇ ਵੱਟ, ਨਾ ਕੋਈ ਥਕਾਵਟ ਹੋਵੇ।
ਉਹੀ ਬਣੀਏ ਅੰਦਰੋਂ, ਜੋ ਵੀ ਬਾਹਰੋਂ ਹਾਂ,
ਮਨਾਂ ’ਚ ਅਹੰ ਦੀ, ਨਾ ਫੁਲਾਵਟ ਹੋਵੇ।
ਉੱਚੇ ਸੁੱਚੇ ਹੋਵਣ, ਰਾਜਸੀ ਕਿਰਦਾਰ ਜੋ,
ਨਾ ਅਡੰਬਰ, ਨਾ ਬਾਹਰੀ ਦਿਖਾਵਟ ਹੋਵੇ।
ਸੱਚੀਂ ਜੇ ਨਾਨਕ ਰਾਹ ਦੇ ਪਾਂਧੀ ਬਣੀਏ,
ਕਤਈ ਨਾ ਸੋਚਾਂ ਵਿੱਚ ਗਿਰਾਵਟ ਹੋਵੇ।
ਸਜਾ ਤੂੰ ਵੀ, ਦਿਲ ਦੇ ਘਰ ਨੂੰ ‘ਨੌਹਰੇ’,
ਵੇਖੀਂ! ਨਾ ਉੱਤੋਂ ਉੱਤੋਂ ਹੀ ਸਜਾਵਟ ਹੋਵੇ।
ਸੰਪਰਕ: 81466-46477
* * *
ਕੈਸਾ ਇਹ ਸੰਸਾਰ
ਪ੍ਰੋ. ਨਵ ਸੰਗੀਤ ਸਿੰਘ
ਮੋਹ, ਮਮਤਾ, ਮਿੱਠਬੋਲਣਾ, ਮਿਲਵਰਤਣ, ਸਤਿਕਾਰ
ਇਹ ਗੁਣ ਕਿਤੋਂ ਨਾ ਲੱਭਦੇ, ਮੁੱਲ ਨਾ ਵਿਕਣ ਬਜ਼ਾਰ।
ਖ਼ੁਦਗਰਜ਼ੀ, ਘਿਰਣਾ, ਖ਼ੁਦੀ, ਭਾਈ-ਭਤੀਜਾਵਾਦ
ਹੁਣ ਹਰ ਪਾਸੇ ਫੈਲਿਆ, ਲੋਕੋ ਭ੍ਰਿਸ਼ਟਾਚਾਰ।
ਡਾਕੇ, ਲੁੱਟਾਂ, ਅੱਗਜ਼ਨੀ, ਕਤਲ, ਖੋਹਾਂ ਦਾ ਦੌਰ
ਮਹਿੰਗਾਈ ਦੀ ਮਾਰ ਨਾਲ, ਮੱਚੀ ਹਾਹਾਕਾਰ।
ਉੱਚੀ ਮੈਰਿਟ ਦਾ ਕਿਤੇ, ਧੇਲਾ ਮੁੱਲ ਨਹੀਂ
ਥਾਂ-ਥਾਂ ਧੱਕੇ ਖਾ ਰਹੇ, ਲੱਖਾਂ ਬੇਰੁਜ਼ਗਾਰ।
ਅੰਨ੍ਹਾ ਵੰਡੇ ਰਿਉੜੀਆਂ, ਦੇਂਦਾ ਆਪਣਿਆਂ
ਇਸ ਗੰਧਲੇ ਮਾਹੌਲ ਵਿੱਚ, ਜੀਣਾ ਹੈ ਦੁਸ਼ਵਾਰ।
ਨਿੱਤਰੋ ਕੋਈ ਸੂਰਮਾ, ਅੱਗ ਦੀ ਰੋਕੇ ਖੇਡ
ਫਿਰ ਤੋਂ ਕਾਨੀ ਬਣ ਜਾਏ, ਵੈਰੀ ਲਈ ਤਲਵਾਰ।
ਲੱਗਦਾ ਸੀ ਲੰਘ ਜਾਵਸਾਂ, ਤੈਰ ਕੇ ਪਾਰ ਝਨਾਂ
ਡੁੱਬਿਆ ਵਿੱਚ ਮੰਝਧਾਰ ਹਾਂ, ਨਾ ਉਰਵਾਰ ਨਾ ਪਾਰ।
ਧਨ ਦੀ ਅੰਨ੍ਹੀ ਦੌੜ ਵਿੱਚ, ਕੋਈ ਨਹੀਂ ਅਪਣਾ
ਬਖ਼ਸ਼ੀਂ ਔਗੁਣਹਾਰ ਨੂੰ, ਹੇ ਮੇਰੇ ਕਰਤਾਰ!
ਨਿੰਦਾ, ਚੁਗਲੀ, ਈਰਖਾ, ਛੱਡੀਏ ਸਾਰੇ ਐਬ
ਛੱਡ ਦੇਈਏ ਇਹ ਨਫ਼ਰਤਾਂ, ਵੰਡੀਏ ਸਭ ਨੂੰ ਪਿਆਰ।
ਪੌਣ, ਪਾਣੀ ਤੇ ਧਰਤ ਨੇ, ਗੁਰੂ, ਪਿਤਾ ਤੇ ਮਾਂ
ਜੇ ਇਹ ਗੱਲਾਂ ਸਮਝੀਏ, ਤਾਂ ਹੋਵੇ ਦੇਸ਼-ਸੁਧਾਰ।
ਏਕੇ ਤੇ ਇਤਫ਼ਾਕ ਦਾ, ਘਰ-ਘਰ ਦਿਓ ਸੰਦੇਸ਼
ਆਓ ਮਿਲ ਕੇ ਬੈਠੀਏ, ਕਰੀਏ ਨਾ ਤਕਰਾਰ।
ਸੰਪਰਕ: 94176-92015