For the best experience, open
https://m.punjabitribuneonline.com
on your mobile browser.
Advertisement

ਕੱਲ੍ਹ ਦੇ ਵਾਰਿਸ

10:24 AM Jul 01, 2023 IST
ਕੱਲ੍ਹ ਦੇ ਵਾਰਿਸ
Advertisement

ਗੁਰਸ਼ਰਨ ਸਿੰਘ ਕੁਮਾਰ

ਅੱਜਕੱਲ੍ਹ ਦੇ ਮਾਂ-ਪਿਓ ਨੂੰ ਅਕਸਰ ਇਹ ਸ਼ਿਕਾਇਤ ਰਹਿੰਦੀ ਹੈ ਕਿ ਬੱਚੇ ਮਾਂ-ਪਿਓ ਦੇ ਆਖੇ ਨਹੀਂ ਲੱਗਦੇ। ਉਹ ਮਾਂ-ਪਿਓ ਦੀ ਸੇਵਾ ਨਹੀਂ ਕਰਦੇ। ਉਹ ਆਪਣੇ ਸ਼ਾਨਦਾਰ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਹਨ। ਪੱਛਮ ਦੀ ਹਵਾ ਕਰ ਕੇ ਬੱਚੇ ਮਨਮਾਨੀ ਕਰਦੇ ਹਨ ਅਤੇ ਅੱਖੜ ਹੋ ਗਏ ਹਨ। ਉਨ੍ਹਾਂ ਨੂੰ ਡਾਲਰਾਂ ਅਤੇ ਪੌਡਾਂ ਦੀ ਚਮਕ ਨਜ਼ਰ ਆਉਂਦੀ ਹੈ ਅਤੇ ਉਹ ਬੁੱਢੇ ਮਾਂ-ਪਿਓ ਨੂੰ ਬੇਸਹਾਰਾ ਛੱਡ ਕੇ ਵਿਦੇਸ਼ਾਂ ਵੱਲ ਉਡਾਰੀ ਮਾਰ ਰਹੇ ਹਨ। ਇਸ ਵਿੱਚ ਕੁਝ ਹੱਦ ਤੱਕ ਮਾਂ-ਪਿਓ ਦਾ ਵੀ ਆਪਣਾ ਯੋਗਦਾਨ ਹੁੰਦਾ ਹੈ ਜਿਸ ਦਾ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ।
ਕਈ ਬੰਦਿਆਂ ਨੂੰ ਆਪਣੇ ਬੱਚਿਆਂ ਨੂੰ ਸਹੀ ਢੰਗ ਨਾਲ ਪਾਲਣਾ ਨਹੀਂ ਆਉਂਦਾ। ਉਹ ਸਮਝਦੇ ਹਨ ਕਿ ਬੱਚੇ ਜੰਮ ਕੇ ਉਨ੍ਹਾਂ ਦਾ ਕੰਮ ਖਤਮ ਹੋ ਗਿਆ। ਸਮੇਂ ਨਾਲ ਬੱਚੇ ਆਪੇ ਹੀ ਵੱਡੇ ਹੋ ਜਾਣਗੇ। ਜਿੰਨੇ ਜ਼ਿਆਦਾ ਬੱਚੇ ਹੋਣਗੇ ਓਨੇ ਹੀ ਉਨ੍ਹਾਂ ਨੂੰ ਨੋਟ ਕਮਾ ਕੇ ਲਿਆ ਕੇ ਦੇਣਗੇ। ਇਹ ਉਨ੍ਹਾਂ ਦੀ ਅਨਪੜ੍ਹਤਾ ਦੇ ਕਾਰਨ ਹੈ। ਇਸ ਨਾਲ ਦੇਸ਼ ਵਿੱਚ ਅਨੇਕਾਂ ਸਮੱਸਿਆਵਾਂ, ਜਿਵੇਂ ਗ਼ਰੀਬੀ, ਕੁਪੋਸ਼ਣ, ਬੇਰੁਜ਼ਗਾਰੀ ਅਤੇ ਭੁੱਖਮਰੀ ਆਦਿ ਪੈਦਾ ਹੁੰਦੀਆਂ ਹਨ। ਲੋਕਾਂ ਵਿੱਚ ਬੇਸਬਰੀ ਅਤੇ ਬੇਭਰੋਸਗੀ ਪੈਦਾ ਹੁੰਦੀ ਹੈ। ਦੇਸ਼ ਦਾ ਵਿਕਾਸ ਰੁਕ ਜਾਂਦਾ ਹੈ। ਇਸ ਸਭ ਦਾ ਕਾਰਨ ਬੇਲਗਾਮ ਵਧਦੀ ਆਬਾਦੀ ਹੀ ਹੈ।
ਬੱਚੇ ਜੰਮਣ ਨਾਲ ਹੀ ਮਾਂ-ਪਿਓ ਦਾ ਫਰਜ਼ ਪੂਰਾ ਨਹੀਂ ਹੋ ਜਾਂਦਾ। ਸਗੋਂ ਬੱਚਾ ਜੰਮਣ ਨਾਲ ਮਾਂ-ਪਿਓ ਦੀ ਜ਼ਿੰਮੇਵਾਰੀ ਸ਼ੁਰੂ ਹੁੰਦੀ ਹੈ। ਬੱਚੇ ਬਹੁਤ ਨਾਜ਼ੁਕ ਹੁੰਦੇ ਹਨ। ਉਨ੍ਹਾਂ ਨੂੰ ਤਾਂ ਫੁੱਲਾਂ ਦੀ ਤਰ੍ਹਾਂ ਪਾਲਣਾ ਪੈਂਦਾ ਹੈ। ਜਿਵੇਂ ਛੋਟੇ ਬੱਚੇ ਨੂੰ ਸੋਹਣੇ ਕੱਪੜੇ, ਪੋਸ਼ਟਿਕ ਭੋਜਨ, ਵਿੱਦਿਆ ਅਤੇ ਸਾਂਭ ਸੰਭਾਲ ਦੀ ਜ਼ਰੂਰਤ ਹੁੰਦੀ ਹੈ ਉਵੇਂ ਹੀ ਉਸ ਦੇ ਜੀਵਨ ਨੂੰ ਉੱਚਾ, ਸੱਚਾ ਸੁੱਚਾ ਅਤੇ ਕਾਮਯਾਬ ਬਣਾਉਣ ਲਈ ਚੰਗੇ ਸੰਸਕਾਰਾਂ ਦੀ ਜ਼ਰੂਰਤ ਹੁੰਦੀ ਹੈ। ਉਸ ਨੂੰ ਬੁਰੀ ਸੰਗਤ ਤੋਂ ਬਚਾਉਣ ਦੀ ਅਤੇ ਸੁਚੱਜੀ ਅਗਵਾਈ ਦੀ ਜ਼ਰੂਰਤ ਹੁੰਦੀ ਹੈ।
ਛੋਟਾ ਬੱਚਾ ਕੱਚੀ ਮਿੱਟੀ ਦੀ ਤਰ੍ਹਾਂ ਹੁੰਦਾ ਹੈ। ਕੱਚੀ ਮਿੱਟੀ ਨੂੰ ਜਿਹੜੀ ਮਰਜ਼ੀ ਸ਼ਕਲ ਵਿੱਚ ਢਾਲ ਲਓ। ਉਸ ਵਿੱਚੋਂ ਭਾਵੇਂ ਰਾਮ ਦੀ ਮੂਰਤ ਬਣਾ ਲਓ ਅਤੇ ਭਾਵੇਂ ਰਾਵਣ ਦੀ। ਇਸੇ ਤਰ੍ਹਾਂ ਜੇ ਬਚਪਨ ਵਿੱਚ ਕਿਸੇ ਬੱਚੇ ਨੂੰ ਚੰਗੇ ਸੰਸਕਾਰ ਦਿਉਗੇ ਤਾਂ ਉਹ ਵੱਡਾ ਹੋ ਕੇ ਇੱਕ ਕਾਮਯਾਬ ਮਨੁੱਖ ਅਤੇ ਜ਼ਿੰਮੇਵਾਰ ਨਾਗਰਿਕ ਬਣੇਗਾ। ਇਸ ਦੇ ਉਲਟ ਜੇ ਉਸ ਨੂੰ ਮਾੜੇ ਸੰਸਕਾਰ ਮਿਲਣਗੇ ਤਾਂ ਹੋ ਸਕਦਾ ਹੈ ਕਿ ਉਹ ਵੱਡਾ ਹੋ ਕੇ ਚੋਰ, ਲੁਟੇਰਾ, ਡਾਕੂ, ਕਾਤਲ ਜਾਂ ਅਤਿਵਾਦੀ ਬਣ ਜਾਏ। ਬਜ਼ੁਰਗਾਂ ਨੇ ਬੱਚਿਆਂ ਨੂੰ ਚੰਗੇ ਸੰਸਕਾਰ ਦੇ ਕੇ ਇਸ ਉਮਰ ਵਿੱਚ ਹੀ ਉਨ੍ਹਾਂ ਅੰਦਰ ਇੱਕ ਹੋਣਹਾਰ ਨਾਗਰਿਕ ਦੀ ਨੀਂਹ ਰੱਖਣੀ ਹੁੰਦੀ ਹੈ। ਨਾਨੀਆਂ ਅਤੇ ਦਾਦੀਆਂ ਛੋਟੇ ਬੱਚਿਆਂ ਨੂੰ ਧਾਰਮਿਕ ਅਤੇ ਬਹਾਦਰਾਂ ਦੀਆਂ ਕਹਾਣੀਆਂ ਸੁਣਾ ਕੇ ਸਹਿਜੇ ਹੀ ਉਨ੍ਹਾਂ ਵਿੱਚ ਚੰਗੇ ਸੰਸਕਾਰ ਭਰ ਦਿੰਦੀਆਂ ਹਨ। ਉਹ ਉਨ੍ਹਾਂ ਦੀ ਸ਼ਖ਼ਸੀਅਤ ਦਾ ਨਿਰਮਾਣ ਕਰਦੀਆਂ ਹਨ। ਅੱਜਕੱਲ੍ਹ ਦੇ ਬੱਚੇ ਮੋਬਾਈਲ ਅਤੇ ਟੀਵੀ ਨਾਲ ਹੀ ਚੰਬੜੇ ਰਹਿੰਦੇ ਹਨ। ਉਨ੍ਹਾਂ ਕੋਲ ਨਾਨੀਆਂ ਅਤੇ ਦਾਦੀਆਂ ਕੋਲ ਬੈਠਣ ਦਾ ਸਮਾਂ ਹੀ ਨਹੀਂ। ਅੱਜ ਕੱਲ੍ਹ ਜ਼ਿਆਦਾਤਰ ਅੌਰਤਾਂ ਵੀ ਨੌਕਰੀ ਪੇਸ਼ਾ ਹੋਣ ਕਰ ਕੇ ਬੱਚਿਆਂ ਲਈ ਪੂਰਾ ਸਮਾਂ ਨਹੀਂ ਕੱਢ ਸਕਦੀਆਂ। ਇਸ ਲਈ ਵੀ ਬੱਚੇ ਵਿਗੜ ਰਹੇ ਹਨ।
ਮਾਂ-ਪਿਓ ਆਪਣੇ ਬੱਚਿਆਂ ਰਾਹੀਂ ਹੀ ਆਪਣੇ ਸੁਪਨੇ ਪੂਰਾ ਕਰਨਾ ਚਾਹੁੰਦੇ ਹਨ। ਹਰ ਕੋਈ ਚਾਹੁੰਦਾ ਹੈ ਕਿ ਮੇਰਾ ਬੱਚਾ ਵੱਡਾ ਹੋ ਕੇ ਡਾਕਟਰ ਜਾਂ ਇੰਜੀਨੀਅਰ ਬਣੇ। ਇਸ ਲਈ ਉਹ ਬੱਚਿਆਂ ਨੂੰ ਇਮਤਿਹਾਨ ਵਿੱਚੋਂ ਵੱਧ ਤੋਂ ਵੱਧ ਨੰਬਰ ਲੈ ਕੇ ਆਉਣ ਲਈ ਦਬਾਅ ਪਾਉਂਦੇ ਹਨ। ਇਸ ਲਈ ਸਕੂਲ ਤੋਂ ਬਾਅਦ ਵੀ ਦੋ ਦੋ, ਤਿੰਨ ਤਿੰਨ ਟਿਊਸ਼ਨਾਂ ਰਖਾਉਂਦੇ ਹਨ। ਕਈ ਮਾਸੂਮ ਬੱਚੇ ਇੰਨਾ ਦਬਾਅ ਸਹਾਰ ਨਹੀਂ ਸਕਦੇ। ਉਨ੍ਹਾਂ ਦਾ ਬਚਪਨ ਦਬਾਅ ਹੇਠਾਂ ਰੁਲ ਜਾਂਦਾ ਹੈ। ਉਹ ਮਾਨਸਿਕ ਰੋਗੀ ਬਣ ਜਾਂਦੇ ਹਨ। ਕੁਝ ਅਜਿਹੇ ਬੱਚੇ ਪੜ੍ਹਾਈ ਵਿੱਚ ਬੇਸ਼ੱਕ ਚੰਗੇ ਨੰਬਰ ਲੈ ਵੀ ਜਾਣ, ਪਰ ਉਹ ਚੰਗੇ ਨਾਗਰਿਕ ਨਹੀਂ ਬਣ ਸਕਦੇ। ਮਾਂ-ਪਿਓ ਨੂੰ ਕੋਈ ਐਸਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਬੱਚਿਆਂ ’ਤੇ ਬੁਰਾ ਪ੍ਰਭਾਵ ਪਏ। ਬੱਚੇ ਮਾਂ-ਪਿਓ ਦੀਆਂ ਆਦਤਾਂ ਨੂੰ ਬੜੀ ਜਲਦੀ ਗ੍ਰਹਿਣ ਕਰਦੇ ਹਨ। ਜੇ ਪਿਓ ਜੂਆ ਖੇਡਦਾ ਹੈ ਜਾਂ ਘਰ ਆ ਕੇ ਰੋਜ ਸ਼ਰਾਬ ਦੀ ਬੋਤਲ ਖ੍ਹੋਲ ਕੇ ਬੈਠ ਜਾਂਦਾ ਹੈ ਤਾਂ ਬੱਚੇ ਵਿੱਚ ਵੀ ਇਹ ਆਦਤਾਂ ਪੈਣਗੀਆਂ। ਇਸੇ ਤਰ੍ਹਾਂ ਜੇ ਮਾਂ ਬੜਬੋਲੀ ਅਤੇ ਘੁਮੰਢੀ ਹੈ ਅਤੇ ਪਰਿਵਾਰ ਵਿੱਚ ਸਭ ਨਾਲ ਕੌੜਾ ਬੋਲਦੀ ਹੈ ਅਤੇ ਘਰ ਵਿੱਚ ਹਰ ਸਮੇਂ ਕਲੇਸ਼ ਹੀ ਪਾਈ ਰੱਖਦੀ ਹੈ ਤਾਂ ਬੇਟੀ ਵੀ ਸਹੁਰੇ ਜਾ ਕੇ ਕਲੇਸ਼ ਹੀ ਕਰੇਗੀ। ਉਹ ਕਿਸੇ ਦੀ ਇਜ਼ੱਤ ਨਹੀਂ ਕਰੇਗੀ। ਉਹ ਆਪ ਵੀ ਦੁਖੀ ਹੋਵੇਗੀ ਅਤੇ ਦੂਜਿਆਂ ਨੂੰ ਵੀ ਦੁਖੀ ਕਰੇਗੀ। ਉਸ ਦੇ ਕਾਮਯਾਬ ਵਿਆਹੁਤਾ ਜੀਵਨ ’ਤੇ ਵੀ ਪ੍ਰਸ਼ਨ ਚਿਨ੍ਹ ਲੱਗ ਜਾਵੇਗਾ।
ਜੇ ਤੁਸੀਂ ਚਾਹੁੰਦੇ ਹੋ ਕੇ ਤੁਹਾਡਾ ਬੱਚਾ ਵੱਡਾ ਹੋ ਕੇ ਡਾਕਟਰ, ਇੰਜੀਨੀਅਰ ਜਾਂ ਵੱਡਾ ਅਫ਼ਸਰ ਬਣੇ ਤਾਂ ਉਸ ਨੂੰ ਉੱਚੀ ਵਿਦਿਆ ਦੇਣੀ ਪਵੇਗੀ। ਜੇ ਉਸ ਨੂੰ ਚੰਗਾ ਨਾਗਰਿਕ ਬਣਾਉਣਾ ਹੈ ਤਾਂ ਉਸ ਨੂੰ ਕਾਨੂੰਨ ਦੇ ਦਾਇਰੇ ਵਿੱਚ ਵੀ ਰਹਿਣਾ ਸਿਖਾਓ। ਜੇ ਤੁਸੀਂ ਉਸ ਨੂੰ ਇੱਕ ਕਾਮਯਾਬ ਮਨੁੱਖ ਬਣਾਉਣਾ ਚਾਹੁੰਦੇ ਹੋ ਤਾਂ ਉਸ ਨੂੰ ਚੰਗੇ ਸੰਸਕਾਰ ਦਿਓ। ਫਿਰ ਉਹ ਵੱਡਾ ਹੋ ਕੇ ਭਾਵੇਂ ਅਫ਼ਸਰ ਬਣੇ ਜਾਂ ਵਪਾਰੀ ਜਾਂ ਰਾਜਨੇਤਾ ਜਾਂ ਕੁਝ ਹੋਰ। ਉਹ ਹਰ ਕਿੱਤੇ ਵਿੱਚ ਕਾਮਯਾਬ ਹੀ ਹੋਵੇਗਾ। ਚੰਗੇ ਸੰਸਕਾਰ ਹੀ ਮਨੁੱਖ ਦੀ ਕਾਮਯਾਬੀ ਦੀ ਜੜ੍ਹ ਹਨ। ਸਾਦਗੀ ਅਤੇ ਸੰਸਕਾਰ ਬਾਜ਼ਾਰੋਂ ਨਹੀਂ ਮਿਲਦੇ। ਬੱਚਿਆਂ ਨਾਲ ਆਪਣਾ ਵਿਹਾਰ ਸੁਹਿਰਦ ਰੱਖੋ। ਤੁਸੀਂ ਆਪਣੇ ਬੱਚਿਆਂ ਨੂੰ ਜ਼ਿੰਦਗੀ ਜਿਉਣ ਦਾ ਸਲੀਕਾ ਸਮਝਾਓ। ਉਨ੍ਹਾਂ ਨੂੰ ਦੱਸੋ ਕਿ ਦੂਸਰਿਆਂ ਨਾਲ ਕਿਵੇਂ ਵਿਹਾਰ ਕਰਨਾ ਹੈ। ਕਿਵੇਂ ਦੂਜੇ ਨਾਲ ਮਿਲ ਜੁਲ ਕੇ ਰਹਿਣਾ ਹੈ। ਕਿਵੇਂ ਦੂਜੇ ਨੂੰ ਇੱਜ਼ਤ ਨਾਲ ਬੁਲਾਉਣਾ ਹੈ। ਜ਼ਿੰਦਗੀ ਵਿੱਚ ਕੁਝ ਸਹਿਣਾ ਅਤੇ ਕੁਝ ਨਜ਼ਰਅੰਦਾਜ਼ ਕਰਨਾ ਪੈਂਦਾ ਹੈ ਤਾਂ ਹੀ ਜ਼ਿੰਦਗੀ ਕਾਮਯਾਬ ਹੁੰਦੀ ਹੈ। ਜੇ ਤੁਸੀਂ ਗੁਲਾਬ ਦੀ ਤਰ੍ਹਾਂ ਖਿੜ੍ਹਨਾ ਚਾਹੁੰਦੇ ਹੋ ਤਾਂ ਕੰਡਿਆਂ ਨਾਲ ਨਿਭਾਉਣਾ ਸਿੱਖੋ।
ਕਦੀ ਕਿਸੇ ਬੱਚੇ ਦਾ ਦੂਜੇ ਬੱਚੇ ਨਾਲ ਮੁਕਾਬਲਾ ਨਾ ਕਰੋ। ਪਰਮਾਤਮਾ ਨੇ ਹਰ ਬੱਚੇ ਨੂੰ ਵੱਖਰੇ ਵੱਖਰੇ ਗੁਣ ਦੇ ਕੇ ਆਪਣੇ ਆਪ ਵਿੱਚ ਨਿਆਰਾ ਬਣਾਇਆ ਹੈ। ਕਿਸੇ ਮਹਿਮਾਨ ਸਾਹਮਣੇ ਬੱਚੇ ਨੂੰ ਸ਼ਰਮਿੰਦਾ ਨਾ ਕਰੋ। ਇਸ ਨਾਲ ਉਸ ਦਾ ਮਨੋਬਲ ਡਿੱਗਦਾ ਹੈ। ਉਹ ਆਪਣੇ ਆਪ ਨੂੰ ਘਟੀਆ ਸਮਝਣ ਲੱਗ ਪੈਂਦਾ ਹੈ। ਉਹ ਦੱਬੂ ਬਣ ਕੇ ਰਹਿ ਜਾਂਦਾ ਹੈ। ਫਿਰ ਉਹ ਜ਼ਿੰਦਗੀ ਭਰ ਕਿਸੇ ਜ਼ਿੰਮੇਵਾਰੀ ਵਾਲੇ ਕੰਮ ਨੂੰ ਹੱਥ ਵਿੱਚ ਲੈਣ ਦਾ ਹੌਸਲਾ ਨਹੀਂ ਕਰ ਸਕਦਾ। ਯਾਦ ਰੱਖੋ ਤੁਸੀਂ ਬੱਚੇ ਨੂੰ ਕਾਮਯਾਬ ਕਰਨ ਲਈ ਉਸ ਵਿੱਚ ਮਨੋਬਲ ਭਰਨਾ ਹੈ। ਉਸ ਦਾ ਆਤਮ ਵਿਸ਼ਵਾਸ ਜਗਾਉਣਾ ਹੈ। ਤੁਹਾਡੀ ਸ਼ਾਬਾਸ਼ ਦੇ ਕਹੇ ਹੋਏ ਸ਼ਬਦ ਉਸ ਵਿੱਚ ਹੌਸਲਾ ਭਰ ਦੇਣਗੇ। ਤੁਹਾਡੀ ਪ੍ਰੇਰਨਾ ਦੇ ਕਹੇ ਹੋਏ ਦੋ ਸ਼ਬਦ ਉਸ ਦੀ ਜ਼ਿੰਦਗੀ ਨੂੰ ਸਫਲਤਾ ਦੀ ਸਿਖਰ ’ਤੇ ਪਹੁੰਚਾਉਣ ਦੀ ਸਮਰੱਥਾ ਰੱਖਦੇ ਹਨ।
ਆਤਮ ਵਿਸ਼ਵਾਸ ਅਤੇ ਹੌਸਲੇ ਜਿਹਾ ਕੋਈ ਸਾਥੀ ਨਹੀਂ ਅਤੇ ਸੰਸਕਾਰ ਜਿਹੀ ਕੋਈ ਵਿਰਾਸਤ ਨਹੀਂ। ਕਿਸੇ ਬੰਦੇ ਦੀ ਸਭ ਤੋਂ ਵੱਡੀ ਖ਼ੁਸ਼ੀ ਉਸ ਦਾ ਕਾਮਯਾਬ ਬੱਚਾ ਹੁੰਦੀ ਹੈ। ਬੱਚੇ ਨੂੰ ਜ਼ਿੰਦਗੀ ਵਿੱਚ ਚੰਗੇ ਸੰਸਕਾਰ ਦੇ ਕੇ ਉਸ ਨੂੰ ਕਾਮਯਾਬ ਕਰਨਾ ਮਾਂ-ਪਿਓ ਦਾ ਹੀ ਫਰਜ਼ ਹੁੰਦਾ ਹੈ। ਇਨ੍ਹਾਂ ਬੱਚਿਆਂ ਨੇ ਹੀ ਵੱਡੇ ਹੋ ਕੇ ਮਾਂ-ਪਿਓ ਦੀ ਸਾਂਭ ਸੰਭਾਲ ਕਰਨੀ ਹੁੰਦੀ ਹੈ ਅਤੇ ਦੇਸ਼ ਦੀ ਵਾਗਡੋਰ ਸੰਭਾਲਣੀ ਹੁੰਦੀ ਹੈ। ਬੱਚਿਆਂ ਲਈ ਤੁਹਾਡੀ ਸੁਚੱਜੀ ਅਗਵਾਈ ਅਤੇ ਚੰਗੇ ਸੰਸਕਾਰ ਸਭ ਤੋਂ ਵੱਡੀ ਵਿਰਾਸਤ ਹੈ। ਅੱਜ ਦੇ ਬੱਚੇ ਹੀ ਕੱਲ੍ਹ ਦੇ ਵਾਰਸ ਹਨ।
ਸੰਪਰਕ: 94631-89432

Advertisement

Advertisement
Advertisement
Tags :
Author Image

joginder kumar

View all posts

Advertisement