ਪੀਲੇ ਰੰਗ ਵਾਲਾ ਕਾਰਡ
ਨਿਰਮਲ ਸਿੰਘ ਦਿਉਲ
ਗੱਲ ਕਈ ਦਹਾਕੇ ਪੁਰਾਣੀ ਹੈ। ਮੈਂ ਆਪਣੇ ਨਾਨਕੇ ਪਿੰਡ ਛੱਤੇਆਣੇ ਪੜ੍ਹਦਾ ਹੁੰਦਾ ਸੀ ਅਤੇ ਬੋਰਡ ਦੇ ਦਸਵੀਂ ਦੇ ਪੇਪਰ ਦੇ ਕੇ
ਜੱਦੀ ਪਿੰਡ ਚੱਕ ਚਾਰ ਐੱਚ ਛੋਟੀ ਰਾਜਸਥਾਨ ਵਿਖੇ ਗਰਮੀ ਦੀਆਂ ਛੁੱਟੀਆਂ ਵਿਚ ਆਇਆ ਹੋਇਆ ਸੀ।
ਜੂਨ ਮਹੀਨੇ ਦਾ ਪੂਰੀ ਗਰਮੀ ਵਾਲਾ ਤਿੱਖੜ ਦੁਪਹਿਰਾ ਸੀ। ਅਸੀਂ ਸਾਰੇ ਭਰਾ ਘਰ ਦੇ ਅੱਧ ਵਿਚਕਾਰ ਗਲੀ ਤੇ ਬਣੀ ਛੋਟੀ ਜਿਹੀ ਬੈਠਕ ਵਿਚ ਖੇਡ ਰਹੇ ਸਾਂ। ਉਨ੍ਹਾਂ ਸਮਿਆਂ ਵਿਚ ਖਾਸ ਤੌਰ ’ਤੇ ਗਰਮੀ ਦੇ ਦਿਨਾਂ ਵਿਚ ਰਾਜਸਥਾਨ ਦੇ ਪਿੰਡਾਂ ਵਿਚ ਪਾਣੀ ਦੀ ਬੜੀ ਕਿੱਲਤ ਹੁੰਦੀ ਸੀ। ਪਿੰਡ ਦੇ ਨੇੜੇ ਦੀ ਇੱਕ ਦਿਨ ਲਈ ਨਹਿਰੀ ਖਾਲਾ ਵਗਦਾ ਹੁੰਦਾ ਸੀ ਅਤੇ ਸਾਡੀਆਂ ਮਾਵਾਂ, ਚਾਚੀਆਂ, ਤਾਈਆਂ ਉਸ ਦਿਨ ਖਾਲ ਤੋਂ ਕਈ ਗੇੜੇ ਲਾ ਕੇ ਪਾਣੀ ਇਕੱਠਾ ਕਰ ਲਿਆ
ਕਰਦੀਆਂ ਸਨ। ਉਸ ਦਿਨ ਵੀ ਖਾਲੇ ਤੋਂ ਪਾਣੀ ਦਾ ਘੜਾ ਭਰ ਕੇ ਮੁੜੀ ਮੇਰੀ ਮਾਂ ਜਿਸ ਨੂੰ ਆਪਣੇ ਤਾਇਆਂ ਦੇ ਜਵਾਕਾਂ ਦੀ ਰੀਸੇ ਮੈਂ ਵੀ ਚਾਚੀ ਕਹਿੰਦਾ ਸਾਂ, ਨੇ ਬੈਠਕ ਵਿਚ ਵੜਦਿਆਂ ਕਿਹਾ- “ਤੂੰ ਦਸਵੀਂ ’ਚੋਂ ਪਾਸ ਹੋ ਗਿਆ ਏਂ” ਤੇ ਇੰਨਾ ਕਹਿੰਦਿਆਂ ਉਸ ਨੇ ਆਪਣੇ ਹੱਥ ਵਿਚ ਫੜਿਆ ਕਾਰਡ ਹਿਲਾਇਆ ਜੋ ਸਾਡੇ ਪਿੰਡ ਦੀ ਡਾਕ ਵੰਡਣ ਵਾਲਾ ਡਾਕੀਆ ਉਸ ਨੂੰ ਗਲੀ ਦੇ ਮੋੜ ’ਤੇ ਫੜਾ ਗਿਆ ਸੀ।
ਮੈਂ ਸੋਚਿਆ, ਸਾਡੇ ਮਾਤਾ ਅਨਪੜ੍ਹ ਹਨ ਅਤੇ ਡਾਕੀਆ ਵੀ ਰਾਜਸਥਾਨ ਦਾ ਹੋਣ ਕਰ ਕੇ ਕਿਸੇ ਹੋਰ ਤੋਂ ਹਿੰਦੀ ਵਿਚ ਨਾਮ ਲਿਖਾ ਕੇ ਡਾਕ ਵੰਡਦਾ ਹੈ। ਮੇਰੇ ਕੁਝ ਪੁੱਛਣ ਤੋਂ ਪਹਿਲਾਂ ਹੀ ਮਾਂ ਨੇ ਦੱਸਿਆ ਕਿ ਕਾਰਡ ’ਤੇ ਹਲਦੀ ਦਾ ਪੀਲਾ ਰੰਗ ਲੱਗਿਆ ਹੋਇਆ ਹੈ, ਇਹ ਚਿੱਠੀ ਵਿਚ ਲਿਖੇ ਕਿਸੇ ਸ਼ੁਭ ਅਤੇ ਖੁਸ਼ੀਆਂ ਭਰੇ ਸੁਨੇਹੇ ਦਾ ਪ੍ਰਤੀਕ ਹੁੰਦਾ ਹੈ। ਉਨ੍ਹਾਂ ਸਮਿਆਂ ਵਿਚ ਜਿ਼ਆਦਾਤਰ ਲੋਕ ਅਨਪੜ੍ਹ ਹੋਣ ਕਾਰਨ ਖੁਸ਼ੀ ਭਰੇ ਸੁਨੇਹੇ ਵਾਲੀ ਚਿੱਠੀ ’ਤੇ ਪੀਲਾ ਰੰਗ ਲਾ ਦਿੱਤਾ ਜਾਂਦਾ ਸੀ ਤਾਂ ਕਿ ਚਿੱਠੀ ਦੇਖਣ ਸਾਰ ਖੁਸ਼ੀ ਵਾਲੇ ਸੁਨੇਹੇ ਦਾ ਇਜ਼ਹਾਰ ਹੋ ਸਕੇ। ਸਾਰੇ ਟੱਬਰ ਨੂੰ ਕਈ ਦਿਨਾਂ ਤੋਂ ਇਸ ਖੁਸ਼ੀ ਭਰੇ ਸੁਨੇਹੇ ਦੀ ਚਿੱਠੀ ਆਉਣ ਦੀ ਉਮੀਦ ਸੀ।
ਆਪਣੀ ਮਾਂ ਤੋਂ ਚਿੱਠੀ ਫੜ ਕੇ ਮੈਂ ਕਾਹਲੀ ਕਾਹਲੀ ਪੜ੍ਹਨੀ ਸ਼ੁਰੂ ਕੀਤੀ ਅਤੇ ਉਸ ਨੂੰ ਦੱਸਿਆ ਕਿ ਮੈਂ ਸਿਰਫ ਪਾਸ ਹੀ ਨਹੀਂ ਹੋਇਆ ਸਗੋਂ ਆਪਣੀ ਸਾਰੀ ਜਮਾਤ ਵਿਚੋਂ ਪਹਿਲੇ ਨੰਬਰ ’ਤੇ ਆਇਆ ਹਾਂ। ਪਹਿਲਾਂ ਹੀ ਖੁਸ਼ੀ ਨਾਲ ਖੀਵੀ ਹੋਈ ਮਾਂ ਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਆ ਗਏ। ਉਸ ਨੇ ਆਪਣੀ ਚੁੰਨੀ ਧਰਤੀ ਨੂੰ ਲਾਉਂਦਿਆਂ ਨਮਸਕਾਰ ਕੀਤਾ ਅਤੇ ਮੇਰੀ ਬਾਂਹ ਫੜ ਕੇ ਮੈਨੂੰ ਸਾਡੇ ਘਰ ਦੀ ਵੱਡੀ ਸਬਾਤ ਵਿਚ ਗੁਰੂ ਸਾਹਿਬਾਨ ਦੀਆਂ ਫੋਟੋਆਂ ਸਾਹਮਣੇ ਲੈ ਗਈ; ਮੈਨੂੰ ਵੀ ਹੱਥ ਜੋੜ ਕੇ ਖੜ੍ਹੇ ਰਹਿਣ ਦਾ ਕਹਿ ਕੇ ਕਿੰਨਾ ਹੀ ਚਿਰ ਹੱਥ ਜੋੜ ਕੇ ਬਾਬਾ ਜੀ ਦਾ ਧੰਨਵਾਦ ਕਰਦੀ ਰਹੀ। ਪਹਿਲੀ ਜਮਾਤ ਤੋਂ ਪੌੜੀ ਦਰ ਪੌੜੀ ਚੜ੍ਹ ਕੇ ਅੱਜ ਪੀਲੇ ਰੰਗ ਦੇ ਕਾਰਡ ਦੇ ਸੁਨੇਹੇ ਦੀ ਖੁਸ਼ੀ ਮੂਹਰੇ ਮੇਰੀ ਮਾਂ ਨੂੰ ਮੇਰਾ ਉਸ ਨਾਲ ਦਸ ਸਾਲਾਂ ਦਾ ਵੈਰਾਗ ਵਿਛੋੜਾ ਫਿੱਕਾ ਜਾਪਿਆ ਸੀ।
ਨਾਨਕੇ ਪਿੰਡ ਰਹਿੰਦਿਆਂ ਮੈਂ ਪੰਜਵੀਂ ਤੱਕ ਦੀ ਪੜ੍ਹਾਈ ਛੱਤੇਆਣੇ ਸਕੂਲ ਤੋਂ ਕੀਤੀ ਅਤੇ ਦਸਵੀਂ ਸਰਕਾਰੀ ਹਾਈ ਸਕੂਲ ਸੁਖਨਾ ਅਬਲੂ ਤੋਂ ਮੁਕਤਸਰ ਵਿਚ ਪੇਪਰ ਦੇ ਕੇ ਕੀਤੀ। ਉਨ੍ਹਾਂ ਸਮਿਆਂ ਵਿਚ ਪਿੰਡਾਂ ਵਿਚ ਬਜਿਲੀ ਨਹੀਂ ਸੀ ਹੁੰਦੀ ਅਤੇ ਰਾਤਾਂ ਨੂੰ ਦੀਵਿਆਂ ਦੇ ਚਾਨਣ ਵਿਚ ਹੀ ਪੜ੍ਹਨਾ ਪੈਂਦਾ ਸੀ। ਪੇਂਡੂ ਬੱਚਿਆਂ ਲਈ ਦਸਵੀਂ ਜਮਾਤ ਪਾਸ ਕਰ ਜਾਣਾ ਬਹੁਤ ਵੱਡੀ ਗੱਲ ਹੁੰਦਾ ਸੀ। ਨਵਾਂ ਹਾਈ ਸਕੂਲ ਬਣਿਆ ਹੋਣ ਕਾਰਨ ਪਹਿਲੀ ਦਸਵੀਂ ਪਾਸ ਕਰਨ ਵਾਲੇ ਵਿਦਿਆਰਥੀ ਅਸੀਂ ਹੀ ਸਾਂ ਤੇ ਪਹਿਲੀ ਦਸਵੀਂ ਵਿਚੋਂ ਪਹਿਲੇ ਨੰਬਰ ’ਤੇ ਆਉਣਾ ਮੇਰਾ ਸੁਭਾਗ ਹੀ ਸੀ। ਸਕੂਲ ਨਵਾਂ ਬਣਿਆ ਹੋਣ ਕਾਰਨ ਦਸਵੀਂ ਵਿਚੋਂ ਪਹਿਲੇ ਨੰਬਰ ’ਤੇ ਆਉਣ ਵਾਲਿਆਂ ਲਈ ਉਨ੍ਹਾਂ ਦੇ ਸਨਮਾਨ ਵਜੋਂ ਲਿਖੇ ਜਾਣ ਵਾਲੇ ਨਾਵਾਂ ਲਈ ਬੋਰਡ ਪਹਿਲਾਂ ਹੀ ਬਣਾ ਦਿੱਤਾ ਗਿਆ ਸੀ ਜਿਸ ’ਤੇ ਕੁਝ ਦਿਨਾਂ ਬਾਅਦ ਮੇਰਾ, ਮੇਰੇ ਪਤਿਾ ਦਾ ਨਾਮ ਲਿਖ ਦਿੱਤਾ ਗਿਆ; ਮੇਰੇ ਕੁੱਲ ਨੰਬਰ ਵੀ ਲਿਖ ਦਿੱਤੇ ਗਏ। ਕੁਝ ਸਮੇਂ ਬਾਅਦ ਜਦੋਂ ਮਾਂ ਨੂੰ ਮੇਰਾ ਸਕੂਲ ਦੇ ਬੋਰਡ ’ਤੇ ਲਿਖੇ ਨਾਮ ਬਾਰੇ ਪਤਾ ਲੱਗਿਆ ਤਾਂ ਉਸ ਦੀ ਖੁਸ਼ੀ ਦੁਗਣੀ ਚੌਗੁਣੀ ਹੋ ਗਈ।
ਉਦੋਂ ਅਧਿਆਪਕ ਬਹੁਤ ਮਿਹਨਤ ਨਾਲ ਪੜ੍ਹਾਉਂਦੇ ਹੁੰਦੇ ਸਨ ਅਤੇ ਸਖਤ ਅਨੁਸ਼ਾਸਨ ਵਾਲੇ ਅਧਿਆਪਕਾਂ ਪ੍ਰੀਤਮ ਸਿੰਘ ਢਿੱਲੋਂ, ਹਰਪਾਲ ਸਿੰਘ, ਗਿਆਨੀ ਭਗਤ ਸਿੰਘ, ਗੁਰਨਾਮ ਸਿੰਘ, ਸ਼ਾਮ ਲਾਲ, ਕ੍ਰਿਸ਼ਨ ਕੁਮਾਰ, ਗੁਰਦੇਵ ਸਿੰਘ ਨਰੂਲਾ ਅਤੇ ਬਾਕੀਆਂ ਦੇ ਚਿਹਰੇ ਅੱਜ ਵੀ ਯਾਦ ਆਉਂਦੇ ਹਨ ਅਤੇ ਨਾਲ ਪੜ੍ਹਨ ਵਾਲੇ ਵਿਦਿਆਰਥੀ ਅੱਜ ਵੀ ਨਾਲ ਬੈਂਚਾਂ ’ਤੇ ਬੈਠੇ ਜਾਪਦੇ ਹਨ।
ਮਾਵਾਂ ਮਾਵਾਂ ਹੀ ਹੁੰਦੀਆਂ, ਨਿਰਾ ਰੱਬ ਦਾ ਰੂਪ। ਆਪਣੇ ਪੁੱਤਾਂ ਦੀ ਕਿਸੇ ਵੀ ਪ੍ਰਾਪਤੀ ’ਤੇ ਮਾਵਾਂ ਤੋਂ ਵੱਧ ਕੋਈ ਵੀ ਖੁਸ਼ੀ ਨਹੀਂ ਮਨਾ ਸਕਦਾ। ਮਾਂ ਭਾਵੇਂ ਦੋ ਦਹਾਕੇ ਪਹਿਲਾਂ ਇਸ ਜਹਾਨ ਤੋਂ ਚਲੀ ਗਈ ਪਰ ਉਹ ਜਿੰਨਾ ਚਿਰ ਜਿਊਂਦੀ ਰਹੀ, ਸਾਡੇ ਅਤੇ ਸਾਡੇ ਬੱਚਿਆਂ ਕੋਲ ਪੀਲੇ ਰੰਗ ਵਾਲੇ ਕਾਰਡ ਪਹੁੰਚਣ ’ਤੇ ਮਨ ਨੂੰ ਹੋਈ ਖੁਸ਼ੀ ਦਾ ਇਜ਼ਹਾਰ ਕਿਸੇ ਰੌਚਕ ਕਹਾਣੀ ਵਾਂਗ ਕਰਦੀ ਰਹੀ। ਮਾਵਾਂ ਦੀਆਂ ਅਸੀਸਾਂ ਵਿਚ ਬੜੀਆਂ ਬਰਕਤਾਂ ਹੁੰਦੀਆਂ।
ਸੰਪਰਕ (ਵੱਟਸਐਪ): 94171-04961