ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੌਮੀ ਰਾਜਨੀਤੀ ’ਚ ਯੇਚੁਰੀ ਦੀ ਦੇਣ

11:33 AM Sep 22, 2024 IST

ਪ੍ਰੋ. ਪ੍ਰੀਤਮ ਸਿੰਘ *

ਸੀਤਾਰਾਮ ਯੇਚੁਰੀ ਦੀ 12 ਸਤੰਬਰ ਨੂੰ 72 ਵਰ੍ਹਿਆਂ ਦੀ ਉਮਰ ’ਚ ਹੋਈ ਮੌਤ ਨਾਲ ਭਾਰਤ ਨੇ ਨਾ ਕੇਵਲ ਵਰਤਮਾਨ ਸਮਿਆਂ ਦਾ ਆਪਣਾ ਇੱਕ ਮੰਨਿਆ-ਪ੍ਰਮੰਨਿਆ ਖੱਬੇ-ਪੱਖੀ ਨੇਤਾ ਗੁਆ ਲਿਆ ਹੈ, ਬਲਕਿ ਕਮਿਊਨਿਸਟ ਸਿਆਸਤ ਦੀ ਧਾਰਾ ’ਚੋਂ ਸੰਸਦੀ ਰਾਜਨੀਤੀ ਦੀ ਇੱਕ ਬਿਹਤਰੀਨ ਸ਼ਖ਼ਸੀਅਤ ਵੀ ਗੁਆ ਲਈ ਹੈ।
ਭਾਰਤ ਦੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਦੋ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਤੇ ਪ੍ਰਕਾਸ਼ ਕਰਾਤ, ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਮੇਰੇ ਸਮਕਾਲੀ ਸਨ। ਯੇਚੁਰੀ ਨੇ ਜੇਐੱਨਯੂ ਦੇ ‘ਸੈਂਟਰ ਫਾਰ ਇਕਨਾਮਿਕਸ ਸਟੱਡੀਜ਼ ਐਂਡ ਪਲਾਨਿੰਗ’ ਤੋਂ ਐਮਏ ਕੀਤੀ ਜੋ ਕਿ ਮੇਰੇ ਐਮਫਿਲ ਸੁਪਰਵਾਈਜ਼ਰ ਪ੍ਰੋਫੈਸਰ ਕ੍ਰਿਸ਼ਨਾ ਭਾਰਦਵਾਜ ਵੱਲੋਂ ਸਥਾਪਿਤ ਦੇਸ਼ ਦਾ ਅੱਵਲ ਦਰਜੇ ਦਾ ਅਰਥਸ਼ਾਸਤਰ ਵਿਭਾਗ ਹੈ। ਪ੍ਰੋ. ਭਾਰਦਵਾਜ ਮੁਤਾਬਿਕ ਯੇਚੁਰੀ ਦੇ ਕੋਰਸਵਰਕ ਦੇ ਲੇਖ ਐਨੇ ਜ਼ਬਰਦਸਤ ਸਨ ਕਿ ਸਭ ਤੋਂ ਵੱਧ ਨੰਬਰ ਵੀ ਜੇ ਦਿੱਤੇ ਜਾਣ ਤਾਂ ਕਾਫ਼ੀ ਨਹੀਂ ਹੋਣਗੇ। ਯੇਚੁਰੀ ਨੇ ਪ੍ਰੋ. ਭਾਰਦਵਾਜ ਦੀ ਨਿਗਰਾਨੀ ’ਚ ਪੀਐੱਚਡੀ ’ਤੇ ਕੰਮ ਕਰਨਾ ਸ਼ੁਰੂ ਕੀਤਾ ਪਰ ਇਸ ਨੂੰ ਮੁਕੰਮਲ ਨਹੀਂ ਕਰ ਸਕਿਆ ਕਿਉਂਕਿ ਉਸ ਨੂੰ ਰੂਪੋਸ਼ ਹੋਣਾ ਪਿਆ ਤੇ 1975 ਦੀ ਐਮਰਜੈਂਸੀ ਦੌਰਾਨ ਉਹ ਥੋੜ੍ਹੇ ਸਮੇਂ ਲਈ ਗ੍ਰਿਫ਼ਤਾਰ ਵੀ ਹੋਇਆ।
ਸਿਆਸੀ ਤੌਰ ’ਤੇ ਯੇਚੁਰੀ ਤੇ ਮੈਂ ਜੇਐੱਨਯੂ ਵਿੱਚ ਖੱਬੇ-ਪੱਖੀ ਸਿਆਸਤ ਦੀਆਂ ਦੋ ਵਿਰੋਧੀ ਧਾਰਾਵਾਂ ’ਚ ਸ਼ਾਮਿਲ ਰਹੇ। ਮੈਂ ਮਾਰਕਸਵਾਦੀ ਧੜੇ ਵਿੱਚ ਸੀ ਜਿਸ ਨੂੰ ‘ਟ੍ਰਾਟਸਕੀਵਾਦੀ’ ਗਰੁੱਪ ਕਿਹਾ ਜਾਂਦਾ ਸੀ। ਇਹ ਧੜਾ ਭਾਰਤ ਦੀਆਂ ਕਮਿਊਨਿਸਟ ਪਾਰਟੀਆਂ (ਖ਼ਾਸ ਤੌਰ ’ਤੇ ਸੀਪੀਐਮ) ਦੀ ਸਟਾਲਿਨਵਾਦੀ ਨੀਤੀ ਦਾ ਆਲੋਚਕ ਸੀ। ਇਸ ਗਰੁੱਪ ਦਾ ਇਸ ਦੇ ਸਿਆਸੀ ਦਖ਼ਲਾਂ ’ਚ ਬੌਧਿਕ ਦਿੜ੍ਹਤਾ ਲਈ ਫੈਕਲਟੀ ਤੇ ਵਿਦਿਆਰਥੀਆਂ ਵੱਲੋਂ ਕਾਫ਼ੀ ਸਤਿਕਾਰ ਕੀਤਾ ਜਾਂਦਾ ਸੀ। ਹਾਲਾਂਕਿ, ਇਸ ਦਾ ਵਿਦਿਆਰਥੀਆਂ ’ਚ ਵਿਆਪਕ ਚੁਣਾਵੀ ਆਧਾਰ ਨਹੀਂ ਸੀ ਜਿਸ ਦਾ ਇੱਕ ਕਾਰਨ ਇਸ ਦਾ ਕਿਸੇ ਸੰਗਠਿਤ ਰਾਜਨੀਤਕ ਪਾਰਟੀ ਨਾਲ ਨਾ ਜੁੜਿਆ ਹੋਣਾ ਵੀ ਸੀ। ਇਸ ਕੋਲ ਖ਼ੁਦ ਨੂੰ ਸਹਾਰਾ ਦੇਣ ਲਈ ਕੋਈ ਸਿਆਸੀ ਢਾਂਚਾ ਨਹੀਂ ਸੀ ਅਤੇ ਇੱਕ ਹੋਰ ਕਾਰਨ ਸੀ ਕਿ ਦੂਜੇ ਮੁਲਕਾਂ ਦੇ ਮੁਕਾਬਲੇ ਸਟਾਲਿਨ ਤੇ ਸਟਾਲਿਨਵਾਦ ਦੀ ਆਲੋਚਨਾ ਭਾਰਤ ਦੀਆਂ ਕਮਿਊਨਿਸਟ ਰਵਾਇਤਾਂ ’ਚੋਂ ਪੂਰੀ ਤਰ੍ਹਾਂ ਗਾਇਬ ਸੀ, ਜਦੋਂਕਿ ਉੱਨਤ ਪੂੰਜੀਵਾਦ ਵਾਲੇ ਮੁਲਕਾਂ (ਜਿਵੇਂ ਕਿ ਯੂਕੇ) ਵਿੱਚ ਇਸ ਗੱਲ ਨੂੰ ਵਿਆਪਕ ਮਾਨਤਾ ਹੈ ਕਿ ਯੂਐੱਸਐੱਸਆਰ ਵਿੱਚ ਸਟਾਲਿਨ ਦੀ ਦਹਿਸ਼ਤ ਨੇ ਸਮਾਜਵਾਦ ਨੂੰ ਨੁਕਸਾਨ ਪਹੁੰਚਾਇਆ।
ਸੀਪੀਐਮ ਦੇ ਵਿਦਿਆਰਥੀ ਵਿੰਗ, ‘ਸਟੂਡੈਂਟ ਫੈਡਰੇਸ਼ਨ ਆਫ ਇੰਡੀਆ’ ਦੇ ਕਾਰਕੁਨ ਵਜੋਂ ਸੀਤਾਰਾਮ ਯੇਚੁਰੀ, ਭਾਰਤੀ ਕਮਿਊਨਿਸਟਾਂ ਦੀ ਸਟਾਲਿਨਵਾਦੀ ਵਿਰਾਸਤ ਦਾ ਹਿੱਸਾ ਸੀ। ਇਨ੍ਹਾਂ ਸਿਆਸੀ ਤੇ ਵਿਚਾਰਧਾਰਕ ਵਖਰੇਵਿਆਂ ਦੇ ਬਾਵਜੂਦ, ਸਾਡੇ ਗਰੁੱਪ ਵਿੱਚ ਮੇਰੇ ਤੇ ਕੁਝ ਹੋਰਾਂ ਦੇ ਐੱਸਐੱਫਆਈ ਵਾਲਿਆਂ ਨਾਲ ਨਿੱਜੀ ਤੌਰ ’ਤੇ ਦੋਸਤਾਨਾ ਰਿਸ਼ਤੇ ਸਨ। ਸੀਤਾਰਾਮ ਯੇਚੁਰੀ ਬਹੁਤ ਦੋਸਤਾਨਾ ਤੇ ਫ਼ਿਰਕੂਵਾਦ ਤੋਂ ਦੂਰ ਸ਼ਖ਼ਸੀਅਤ ਸਨ। ਇਹ ਦੋਸਤਾਨਾ ਰਿਸ਼ਤੇ ਇਸ ਸਾਂਝੀ ਮਾਨਤਾ ’ਤੇ ਵੀ ਆਧਾਰਿਤ ਸਨ ਕਿ ਕਾਰਲ ਮਾਰਕਸ ਦੇ ਵਿਚਾਰਾਂ ਪ੍ਰਤੀ ਸਮਰਪਣ ਤੇ ਸੰਜੀਦਗੀ ਬਾਰੇ ਕਿਸੇ ਦੇ ਮਨ ’ਚ ਕੋਈ ਸ਼ੱਕ ਨਹੀਂ ਸੀ। ਯੇਚੁਰੀ ਨਾਲ ਮੇਰੇ ਨਿੱਜੀ ਦੋਸਤਾਨਾ ਰਿਸ਼ਤੇ ਉਨ੍ਹਾਂ ਤੱਕ ਸੀਮਤ ਨਾ ਹੋ ਕੇ ਉਸ ਸਮੇਂ ਉਨ੍ਹਾਂ ਦੀ ਮਹਿਲਾ ਮਿੱਤਰ ਤੇ ਮਗਰੋਂ ਪਹਿਲੀ ਪਤਨੀ ਰਹੀ ਇੰਦਰਾਣੀ ਮਜੂਮਦਾਰ ਤੱਕ ਸਨ ਜੋ ਕਿ ਸੀਪੀਐਮ ਦੀ ਸਿਆਸਤ ਪ੍ਰਤੀ ਬਰਾਬਰ ਵਚਨਬੱਧ ਸੀ। ਉਹ ਮਗਰੋਂ ਵੱਖ ਹੋ ਗਏ। ਕੋਵਿਡ ਮਹਾਮਾਰੀ ਦੌਰਾਨ ਯੇਚੁਰੀ ਨੂੰ ਬੇਹੱਦ ਦੁਖਦਾਈ ਸਮਾਂ ਦੇਖਣਾ ਪਿਆ ਜਦ ਉਨ੍ਹਾਂ ਦੇ ਪੁੱਤਰ ਦੀ ਕੋਵਿਡ ਨਾਲ ਮੌਤ ਹੋ ਗਈ।
ਜਦ ਸੀਤਾਰਾਮ ਯੇਚੁਰੀ ਨੇ 1977 ਵਿੱਚ ਜੇਐੱਨਯੂ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਦੀ ਚੋਣ ਲੜੀ ਤਾਂ ਮੈਂ ਖੁੱਲ੍ਹ ਕੇ ਰਾਜਨ ਜੇਮਸ ਦੀ ਹਮਾਇਤ ਕੀਤੀ, ਜੋ ਕਿ ਅਹੁਦੇ ਲਈ ਯੇਚੁਰੀ ਦੇ ਵਿਰੋਧੀ ਉਮੀਦਵਾਰਾਂ ਵਿੱਚੋਂ ਇੱਕ ਸੀ। ਰਾਜਨ ਜੇਮਸ ਇੱਕ ਬਹੁਤ ਸਮਰਪਿਤ ਤੇ ਵਚਨਬੱਧ ਸਮਾਜਵਾਦੀ ਸੀ, ਜਿਸ ਨੇ ਸੀਪੀਆਈ ਨਾਲ ਸਬੰਧਿਤ ‘ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ’ (ਏਆਈਐੱਸਐੱਫ) ਛੱਡੀ ਸੀ ਤੇ ਭਾਵੇਂ ਸੀਪੀਆਈ ਮੁਕਾਬਲਤਨ ਘੱਟ ਸਟਾਲਿਨਵਾਦੀ ਸੀ, ਪਰ ਉਸ ਦਾ ਏਆਈਐੱਸਐੱਫ ਛੱਡਣਾ, ਮੈਨੂੰ ਸਟਾਲਿਨਵਾਦ ਤੋਂ ਪਰ੍ਹੇ ਜਾਣ ਦਾ ਸਕਾਰਾਤਮਕ ਕਦਮ ਜਾਪਿਆ ਸੀ। ਯੇਚੁਰੀ ਚੋਣ ਜਿੱਤ ਗਿਆ ਪਰ ਉਹ ਉਸ ਦਾ ਵਿਰੋਧ ਕਰਨ ਦੇ ਸਾਡੇ ਜਮਹੂਰੀ ਹੱਕ ਦੀ ਕਦਰ ਕਰਦਾ ਸੀ।
ਸੀਤਾਰਾਮ ਯੇਚੁਰੀ ਦਾ ਅਕਾਦਮਿਕ ਪਿਛੋਕੜ ਸ਼ਾਨਦਾਰ ਸੀ। ਉਹ ਅਧਿਆਪਨ ਜਾਂ ਸਿਵਿਲ ਸੇਵਾਵਾਂ ਚੁਣ ਸਕਦਾ ਸੀ ਜੋ ਕਿ ਦੋ ਅਜਿਹੇ ਪੇਸ਼ੇਵਰ ਰਾਹ ਹਨ ਜਿਹੜੇ ਜੇਐੱਨਯੂ ਦੇ ਬਹੁਤੇ ਲਾਇਕ ਵਿਦਿਆਰਥੀ ਚੁਣਦੇ ਹਨ, ਪਰ ਉਸ ਨੇ ਕਾਮਿਆਂ, ਕਿਸਾਨਾਂ, ਔਰਤਾਂ ਤੇ ਹੋਰਨਾਂ ਪੱਛੜੇ ਵਰਗਾਂ ਲਈ ਕੰਮ ਕਰਨ ਦਾ ਮਾਰਗ ਚੁਣਿਆ ਤਾਂ ਕਿ ਭਾਰਤ ਲਈ ਇੱਕ ਅਗਾਂਹਵਧੂ ਰਾਹ ਤਿਆਰ ਕੀਤਾ ਜਾ ਸਕੇ। ਉਹ ਤੇ ਕਰਾਤ ਸੀਪੀਐਮ ਆਗੂਆਂ ਦੀ ਦੂਜੀ ਪੀੜ੍ਹੀ ਨਾਲ ਸਬੰਧ ਰੱਖਦੇ ਸਨ। ਇਸ ਤੋਂ ਪਹਿਲੀ ਪੀੜ੍ਹੀ ਦੇ ਨੌਂ ਜਣਿਆਂ ’ਚ 1964 ਵਿੱਚ ਸੀਪੀਐਮ ਦੀ ਸਥਾਪਨਾ ਕੀਤੀ ਸੀ। ਇਨ੍ਹਾਂ 9 ਜਣਿਆਂ ਵਿੱਚ ਈਐੱਮਐੱਸ ਨੰਬੂਦਰੀਪਾਦ, ਜੋਤੀ ਬਾਸੂ ਤੇ ਹਰਕਿਸ਼ਨ ਸਿੰਘ ਸੁਰਜੀਤ ਸ਼ਾਮਿਲ ਸਨ, ਜੋ ਕਿ ਪੰਜਾਬੀ ਪਿਛੋਕੜ ਵਾਲਾ ਭਾਰਤ ਦਾ ਸਭ ਤੋਂ ਜਾਣਿਆ-ਪਛਾਣਿਆ ਕਮਿਊਨਿਸਟ ਨੇਤਾ ਸੀ। ਸੁਰਜੀਤ ਨੇ ਯੇਚੁਰੀ ਨੂੰ ਆਪਣਾ ਵਾਰਿਸ ਬਣਾਉਣ ਲਈ ਤਿਆਰ ਕੀਤਾ ਕਿਉਂਕਿ ਦੋਵਾਂ ਦੀ ਸ਼ਖ਼ਸੀਅਤ ’ਚ ਸਮਾਨਤਾਵਾਂ ਸਨ। ਉਨ੍ਹਾਂ ਦੋਵਾਂ ’ਚ ਗ਼ੈਰ-ਕਮਿਊਨਿਸਟ ਧਿਰਾਂ ਨੂੰ ਨਾਲ ਰਲਾਉਣ ਦਾ ਵਿਸ਼ੇਸ਼ ਗੁਣ ਸੀ। ਸੁਰਜੀਤ ਹਿੰਦੂਤਵ ਵਿਰੋਧੀ ਸ਼ਕਤੀਆਂ ਖ਼ਿਲਾਫ਼ ਲਾਮਬੰਦੀ ਦਾ ਕੇਂਦਰੀ ਧੁਰਾ ਬਣ ਗਏ ਸਨ ਅਤੇ ਬਾਅਦ ਵਿੱਚ ਸੁਰਜੀਤ ਦੀ ਇਸ ਵਿਰਾਸਤ ਨੂੰ ਯੇਚੁਰੀ ਨੇ ਅਗਾਂਹ ਵਧਾਇਆ। ਉਂਝ, ਪੰਜਾਬ ਬਾਰੇ ਸੁਰਜੀਤ ਵੱਲੋਂ ਯੇਚੁਰੀ ਨੂੰ ਦਿੱਤੀ ਸਮਝ ਦੇ ਨਾਂਹ-ਮੁਖੀ ਸਿੱਟੇ ਨਿਕਲੇ ਜਿਨ੍ਹਾਂ ਤਹਿਤ ਯੇਚੁਰੀ ਨੇ ਪੰਜਾਬ ਅਤੇ ਸਿੱਖਾਂ ਪ੍ਰਤੀ ਅਜਿਹੀ ਪਹੁੰਚ ਅਖ਼ਤਿਆਰ ਕੀਤੀ ਜਿਸ ਕਰ ਕੇ ਪੰਜਾਬ ਵਿੱਚ ਖੱਬੇ ਮੁਹਾਜ਼ ਨੂੰ ਸੱਟ ਵੱਜੀ। ਸੁਰਜੀਤ ਨੇ ਆਪਣੇ ਸਿਆਸੀ ਕਰੀਅਰ ਦੌਰਾਨ ਪੰਜਾਬ ਵਿੱਚ ਪੁਲੀਸ ਮੁਖੀ ਕੇਪੀਐੱਸ ਗਿੱਲ ਨਾਲ ਆਪਣੀ ਨੇੜਤਾ ਅਤੇ ਗਿੱਲ ਬਾਰੇ ਗ਼ਲਤ ਧਾਰਨਾ ਕਾਰਨ ਉਸ (ਗਿੱਲ) ਦੇ ਕਾਰਜਕਾਲ ਦੌਰਾਨ ਮਨੁੱਖੀ ਅਧਿਕਾਰਾਂ ਦੀਆਂ ਖ਼ਿਲਾਫ਼ਵਰਜ਼ੀਆਂ ਨੂੰ ਨਜ਼ਰਅੰਦਾਜ਼ ਕਰ ਕੇ ਭਾਰੀ ਭੁੱਲ ਕੀਤੀ ਸੀ। ਉਂਝ, ਯੇਚੁਰੀ ਨੇ ਇਹ ਮਹਿਸੂਸ ਕੀਤਾ ਸੀ ਕਿ ਬਾਅਦ ਵਿੱਚ ਸੁਰਜੀਤ ਨੇ ਇਹ ਗੱਲ ਮੰਨੀ ਸੀ ਕਿ ਪੰਜਾਬ ਅਤੇ ਸਿੱਖਾਂ ਨਾਲ ਘੋਰ ਅਨਿਆਂ ਹੋਇਆ ਸੀ।
ਆਪਣੇ ਨਾਲ ਅਸਹਿਮਤ ਹੋਣ ਵਾਲਿਆਂ ਨਾਲ ਵੀ ਦੋਸਤਾਨਾ ਸਬੰਧ ਬਣਾਉਣ ਦੀ ਯੇਚੁਰੀ ਦੀ ਕਾਬਲੀਅਤ ਉਸ ਦੇ ਕਿਰਦਾਰ ਦਾ ਪ੍ਰਮਾਣ ਦਿੰਦੀ ਹੈ। ਉਨ੍ਹਾਂ ਦੀ ਇਹ ਕਾਬਲੀਅਤ ਉਨ੍ਹਾਂ ਦੀ ਉਮਰ ਦੇ ਮਗਰਲੇ ਪੜਾਅ ਦਾ ਇੱਕ ਸਥਾਈ ਪਹਿਲੂ ਬਣ ਗਈ ਜਦੋਂ ਉਹ ਭਾਰਤ ਦੇ ਚੋਟੀ ਦੇ ਸਿਆਸੀ ਆਗੂਆਂ ਦੀ ਕਤਾਰ ਵਿੱਚ ਸ਼ੁਮਾਰ ਹੋ ਗਏ। ਇਹ ਨਿੱਜੀ ਲੱਛਣ ਉਨ੍ਹਾਂ ਦੇ ਨਿੱਜੀ ਨਾ ਰਹਿ ਕੇ ਉਨ੍ਹਾਂ ਦੇ ਲੋਕਰਾਜ, ਘੱਟਗਿਣਤੀਆਂ ਦੇ ਹੱਕਾਂ ਅਤੇ ਸਿਆਸੀ ਤੇ ਆਰਥਿਕ ਸ਼ਕਤੀਆਂ ਦੇ ਸੰਘੀ ਵਿਕੇਂਦਰੀਕਰਨ ਦੀ ਰਾਖੀ ਦਾ ਉਨ੍ਹਾਂ ਦਾ ਸੰਕਲਪ ਬਣ ਗਏ ਸਨ। ਯੇਚੁਰੀ ਨੇ ਭਾਰਤ ਵਿੱਚ ਲੋਕਤੰਤਰ ਅਤੇ ਲੋਕਰਾਜੀ ਸੰਸਥਾਵਾਂ ਦੀ ਰਾਖੀ ਲਈ ਗੱਠਜੋੜ ਉਸਾਰਨ ਵਿੱਚ ਮਿਸਾਲੀ ਭੂਮਿਕਾ ਨਿਭਾਈ। ਰਾਹੁਲ ਗਾਂਧੀ ਦੇ ਦੋਸਤ ਅਤੇ ਸਲਾਹਕਾਰ ਵਜੋਂ ਉਸ ਨੂੰ ਕਾਂਗਰਸ ਪਾਰਟੀ ਦੀ ਪੁਰਾਣੀ ਕੇਂਦਰਵਾਦੀ ਸਿਆਸਤ ਤੋਂ ਸੰਘੀ ਢਾਂਚੇ ਦੀ ਮਜ਼ਬੂਤੀ ਅਤੇ ਵਿਕੇਂਦਰੀਕਰਨ ਵੱਲ ਲੈ ਕੇ ਜਾਣ ਵਿੱਚ ਯੇਚੁਰੀ ਦੀ ਅਹਿਮ ਭੂਮਿਕਾ ਰਹੀ ਹੈ। ਇਸ ਦੇ ਭਾਰਤ ਦੇ ਲੋਕਰਾਜੀ ਸ਼ਾਸਨ ਵਿਵਸਥਾ ਨੂੰ ਇੱਕ ਹਾਂਦਰੂ ਦਿਸ਼ਾ ਦੇਣ ਵਿੱਚ ਦੀਰਘਕਾਲੀ ਸਿੱਟੇ ਸਾਹਮਣੇ ਆ ਸਕਦੇ ਹਨ।
ਸੀਪੀਐਮ ਦੀ ਅਗਲੀ ਪੀੜ੍ਹੀ ਦੇ ਆਗੂ ਬੀਤੇ ਦੀਆਂ ਗ਼ਲਤੀਆਂ ਅਤੇ ਸਫ਼ਲਤਾਵਾਂ ਤੋਂ ਕਿਹੋ ਜਿਹੇ ਸਬਕ ਲੈਂਦੇ ਹਨ, ਇਹ ਗੱਲ ਜਮਹੂਰੀ ਅਤੇ ਸਮਤਾਵਾਦੀ ਭਾਰਤ ਦੇ ਨਿਰਮਾਣ ਵਿੱਚ ਉਨ੍ਹਾਂ ਦੀ ਭੂਮਿਕਾ ’ਚ ਕੇਂਦਰੀ ਮਹੱਤਵ ਵਾਲੀ ਹੋਵੇਗੀ। ਆਲਮੀ ਪੱਧਰ ’ਤੇ ਜਲਵਾਯੂ ਤਬਦੀਲੀ ਅਤੇ ਭਾਰਤ ਜਿਹੇ ਵਿਕਾਸਸ਼ੀਲ ਮੁਲਕਾਂ, ਖ਼ਾਸਕਰ ਇਸ ਦੇ ਗ਼ਰੀਬ ਅਤੇ ਦਲਿਤ ਲੋਕਾਂ ਉੱਪਰ ਪੈਣ ਵਾਲੇ ਇਸ ਸੰਕਟ ਦੇ ਅਸਰ ਦਾ ਮੱੁਦਾ ਭਾਰਤ ਵਿੱਚ ਖੱਬੀ ਧਿਰ ਵੱਲੋਂ ਹਾਲੇ ਤੱਕ ਮੁਖ਼ਾਤਬ ਨਹੀਂ ਕੀਤਾ ਗਿਆ। ਇਹ ਭਾਰਤ ਵਿੱਚ ਖੱਬੇ ਵਾਤਾਵਰਨਕ ਸੰਕਲਪ ਦੇ ਨਿਰਮਾਣ ਦੀ ਚੂਲ ਬਣਨੀ ਚਾਹੀਦੀ ਹੈ।
ਸੰਪਰਕ: 44 7922 657 957
* ਪ੍ਰੋਫੈਸਰ ਐਮੀਰਟਸ, ਆਕਸਫੋਰਡ ਬਰੁਕਸ ਯੂਨੀਵਰਸਿਟੀ

Advertisement

Advertisement