For the best experience, open
https://m.punjabitribuneonline.com
on your mobile browser.
Advertisement

ਸਾਲ 2023: ਅੰਮ੍ਰਿਤਸਰ ਵਿੱਚ ਹੋਈਆਂ ਅਹਿਮ ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ

07:19 AM Jan 01, 2024 IST
ਸਾਲ 2023  ਅੰਮ੍ਰਿਤਸਰ ਵਿੱਚ ਹੋਈਆਂ ਅਹਿਮ ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ
ਦਰਬਾਰ ਸਾਹਿਬ ’ਚ ਕਰਵਾਏ ਸਮਾਗਮ ਦੌਰਾਨ ਮੁਆਫ਼ੀ ਮੰਗਦੇ ਹੋਏ ਸੁਖਬੀਰ ਸਿੰਘ ਬਾਦਲ ਦੀ ਪੁਰਾਣੀ ਤਸਵੀਰ। -ਫੋਟੋ: ਵਿਸ਼ਾਲ ਕੁਮਾਰ
Advertisement

ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 31 ਦਸੰਬਰ
ਸਾਲ 2023 ਦੌਰਾਨ ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਕੁਝ ਅਜਿਹੀਆਂ ਧਾਰਮਿਕ ਤੇ ਸਮਾਜਿਕ ਗਤੀਵਿਧੀਆਂ ਹੋਈਆਂ ਹਨ, ਜਿਨ੍ਹਾਂ ਦਾ ਕੌਮਾਂਤਰੀ ਪ੍ਰਭਾਵ ਸੀ। ਇਸ ਕਾਰਨ ਇਹ ਵਰ੍ਹਾ ਇਤਿਹਾਸ ਵਿੱਚ ਯਾਦ ਰਹੇਗਾ।
ਅਜਿਹੀਆਂ ਘਟਨਾਵਾਂ ਵਿੱਚੋਂ ਕੁਝ ਅਹਿਮ ਹਨ ਇਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 2015 ਵਿੱਚ ਉਨ੍ਹਾਂ ਦੀ ਸਰਕਾਰ ਵੇਲੇ ਵਾਪਰੀਆਂ ਬੇਅਦਬੀ ਅਤੇ ਗੋਲੀਕਾਂਡ ਦੀਆਂ ਘਟਨਾਵਾਂ ਦੇ ਮਾਮਲੇ ਵਿੱਚ ਜਨਤਕ ਤੌਰ ’ਤੇ ਮੁਆਫ਼ੀ ਮੰਗਣਾ ਸ਼ਾਮਲ ਹੈ। ਸ਼੍ਰੋਮਣੀ ਅਕਾਲੀ ਦਲ ਦੀ 103ਵੀਂ ਵਰ੍ਹੇਗੰਢ ਮੌਕੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਅਖੰਡ ਪਾਠ ਦੇ ਭੋਗ ਸਮੇਂ ਸੁਖਬੀਰ ਸਿੰਘ ਬਾਦਲ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੇਅਦਬੀ ਸਣੇ ਹੋਰ ਦਿਲ ਦੁਖਾਵਣ ਵਾਲੀਆਂ ਘਟਨਾਵਾਂ ਲਈ ਜਨਤਕ ਤੌਰ ’ਤੇ ਲੋਕਾਂ ਕੋਲੋਂ ਮੁਆਫ਼ੀ ਮੰਗੀ ਗਈ।
ਇਸ ਵਾਰ ਨਵੰਬਰ ਮਹੀਨੇ ਵਿੱਚ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਹੋਈ ਚੋਣ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੀਜੀ ਵਾਰ ਲਗਾਤਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਦੀ ਪ੍ਰਕਿਰਿਆ ਵੀ ਸ਼ੁਰੂ ਹੋਈ ਹੈ। ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਪਿਛਲੀ ਵਾਰ 2011 ਵਿੱਚ ਹੋਈਆਂ ਸਨ ਅਤੇ ਉਸ ਤੋਂ ਬਾਅਦ ਹੁਣ ਤੱਕ ਚੋਣਾਂ ਨਹੀਂ ਹੋਈਆਂ।
ਇਸ ਸਾਲ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਵਜੋਂ ਗਿਆਨੀ ਰਘਬੀਰ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ ਜਦੋਂ ਕਿ ਉਨ੍ਹਾਂ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ।
ਇਸ ਸਾਲ ਸ਼੍ਰੋਮਣੀ ਕਮੇਟੀ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਮੁਆਫ਼ ਕਰਾਉਣ ਵਾਸਤੇ ਅਤੇ ਬੰਦੀ ਸਿੱਖਾਂ ਦੀ ਰਿਹਾਈ ਵਾਸਤੇ ਯਤਨ ਸ਼ੁਰੂ ਕੀਤੇ ਹਨ, ਇਸ ਤਹਿਤ ਲਗਪਗ 26 ਲੱਖ ਲੋਕਾਂ ਕੋਲੋਂ ਦਸਤਖ਼ਤ ਕਰਵਾ ਕੇ ਪਰਫਾਰਮੇ ਭਰਵਾਏ ਗਏ ਹਨ। ਜੋ ਸੂਬੇ ਦੇ ਰਾਜਪਾਲ ਰਾਹੀ ਰਾਸ਼ਟਰਪਤੀ ਨੂੰ ਭੇਜੇ ਗਏ ਹਨ।
ਇਸ ਸਾਲ ਵਿੱਚ ਸ਼੍ਰੋਮਣੀ ਕਮੇਟੀ ਆਪਣਾ ਸੈਟਲਾਈਟ ਚੈਨਲ ਸ਼ੁਰੂ ਕਰਨ ਵਿੱਚ ਅਸਫ਼ਲ ਰਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸੈਟੇਲਾਈਟ ਚੈਨਲ ਰਾਹੀਂ ਹਰਿਮੰਦਰ ਸਾਹਿਬ ਵਿੱਚ ਹੁੰਦੇ ਗੁਰਬਾਣੀ ਦੇ ਕੀਰਤਨ ਦਾ ਸਿੱਧਾ ਪ੍ਰਸਾਰਨ ਕੀਤਾ ਜਾਣਾ ਸੀ। ਫ਼ਿਲਹਾਲ ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਵੈੱਬ ਚੈਨਲ ਸ਼ੁਰੂ ਕੀਤਾ ਗਿਆ ਹੈ। ਇੱਕ ਹੋਰ ਅਹਿਮ ਘਟਨਾ ਜਿਸ ਨੇ ਦੇਸ਼ ਵਿਦੇਸ਼ ਵਿੱਚ ਚਰਚਾ ਛੇੜੀ ਹੈ, ਉਹ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਲਗਾਤਾਰ ਤਿੰਨ ਦਿਨ ਇੱਥੇ ਰਹਿ ਕੇ ਹਰਿਮੰਦਰ ਸਾਹਿਬ ਵਿੱਚ ਸੇਵਾ ਕੀਤੀ ਗਈ। ਰਾਹੁਲ ਗਾਂਧੀ ਉਸੇ ਗਾਂਧੀ ਪਰਿਵਾਰ ਦਾ ਫਰਜੰਦ ਹੈ ਜਿਸ ਨੂੰ 1984 ਵਿੱਚ ਹਰਿਮੰਦਰ ਸਾਹਿਬ ’ਤੇ ਫ਼ੌਜੀ ਹਮਲਾ ਕਰਵਾਉਣ ਅਤੇ ਦਿੱਲੀ ਸਣੇ ਹੋਰ ਸੂਬਿਆਂ ਵਿੱਚ ਸਿੱਖ ਕਤਲੇਆਮ ਲਈ ਦੋਸ਼ੀ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਤਿੰਨ ਦਿਨ ਇੱਥੇ ਰਹਿ ਕੇ ਗੁਰੂ ਘਰ ਵਿੱਚ ਲੰਗਰ ਘਰ ਦੇ ਬਰਤਨ ਸਾਫ਼ ਕਰਨ, ਜੋੜਾ ਘਰ ਵਿੱਚ ਜੋੜੇ ਸਾਫ਼ ਕਰਨ, ਪਰਿਕਰਮਾ ਵਿੱਚ ਸਫ਼ਾਈ ਦੀ ਸੇਵਾ ਕਰਨ ਆਦਿ ਸੇਵਾਵਾਂ ਨਿਭਾਈਆਂ ਹਨ। ਇਸ ਨੂੰ ਗਾਂਧੀ ਪਰਿਵਾਰ ਦੀ ਭੁੱਲ ਦੇ ਪਸ਼ਚਾਤਾਪ ਵਜੋਂ ਦੇਖਿਆ ਗਿਆ।
ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ ਜੀ20 ਦੇਸ਼ਾਂ ਦਾ ਵਿਦਿਅਕ ਸੰਮੇਲਨ ਹੋਇਆ ਸੀ , ਜਿਸ ਵਿੱਚ ਵੱਖ-ਵੱਖ ਮੁਲਕਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਇਸੇ ਵਰ੍ਹੇ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦੇਸ਼ ਦੀ ਉੱਤਰੀ ਜਨਰਲ ਕੌਂਸਲ ਦੀ 31ਵੀਂ ਮੀਟਿੰਗ ਅੰਮ੍ਰਿਤਸਰ ਵਿੱਚ ਕੀਤੀ ਗਈ।

Advertisement

ਪਠਾਨਕੋਟ ਵਾਸੀਆਂ ਲਈ ਖੱਟੀਆਂ-ਮਿੱਠੀਆਂ ਯਾਦਾਂ ਛੱਡ ਗਿਆ ਸਾਲ 2023

ਪਠਾਨਕੋਟ (ਐਨਪੀ ਧਵਨ): ਸਾਲ 2023 ਖ਼ਤਮ ਹੋ ਗਿਆ ਹੈ ਅਤੇ ਨਵਾਂ ਸਾਲ 2024 ਸ਼ੁਰੂ ਹੋ ਗਿਆ ਹੈ। ਸਾਲ 2023 ਪਠਾਨਕੋਟ ਜ਼ਿਲ੍ਹੇ ਦੇ ਵਾਸੀਆਂ ਲਈ ਕਈ ਖੱਟੀਆਂ-ਮਿੱਠੀਆਂ ਯਾਦਾਂ ਛੱਡ ਗਿਆ ਜਦੋਂਕਿ ਨਵੇਂ ਸਾਲ ਵਿੱਚ ਜ਼ਿਲ੍ਹਾ ਵਾਸੀਆਂ ਨੂੰ ਭਾਰੀ ਉਮੀਦਾਂ ਹਨ। ਸਾਲ 2022 ਵਿੱਚ 20 ਅਗਸਤ ਨੂੰ ਪਠਾਨਕੋਟ-ਜੋਗਿੰਦਰਨਗਰ ਰੇਲ ਮਾਰਗ ’ਤੇ ਚੱਕੀ ਦਰਿਆ ਉਪਰ ਪੈਂਦਾ ਪੁਲ ਰੁੜ੍ਹ ਗਿਆ ਸੀ। ਇਸ ਕਾਰਨ ਪਠਾਨਕੋਟ ਤੋਂ ਹਿਮਾਚਲ ਪ੍ਰਦੇਸ਼ ਨੂੰ ਇਹ ਨੈਰੋਗੇਜ਼ ਰੇਲ ਟਰੈਕ ਪ੍ਰਭਾਵਿਤ ਹੋ ਗਿਆ ਤੇ ਰੇਲ ਗੱਡੀਆਂ ਦਾ ਲਾਂਘਾ ਬੰਦ ਹੋ ਗਿਆ। ਭਾਵੇਂ ਕਿ ਚੱਕੀ ਦਰਿਆ ਉਪਰ ਨਵਾਂ ਪੁਲ ਬਣਾਉਣਾ ਆਰੰਭ ਕਰ ਦਿੱਤਾ ਗਿਆ ਪਰ ਇਹ ਅਜੇ ਤੱਕ ਮੁਕੰਮਲ ਨਹੀਂ ਹੋ ਸਕਿਆ। ਇਸੇ ਤਰ੍ਹਾਂ ਰੁੜ੍ਹ ਗਏ ਰੇਲਵੇ ਪੁਲ ਦੇ ਸਮਾਨੰਤਰ ਹੀ ਚੱਕੀ ਪੁਲ ’ਤੇ ਬਣਿਆ ਸੜਕੀ ਮਾਰਗ ਵਾਲਾ ਪੁਲ ਵੀ ਪ੍ਰਭਾਵਿਤ ਹੋ ਗਿਆ ਤੇ ਇਸ ਦੇ 2 ਪਿੱਲਰਾਂ ਨੂੰ ਖੋਰਾ ਲੱਗਣ ਨਾਲ ਇਨ੍ਹਾਂ ਹੇਠੋਂ ਮਿੱਟੀ ਖਿਸਕ ਗਈ। ਇਸ ਕਾਰਨ ਇਸ ਉਪਰੋਂ ਭਾਰੇ ਵਾਹਨਾਂ (ਟਰੱਕਾਂ, ਬੱਸਾਂ) ਦੀ ਆਵਾਜਾਈ ਬੰਦ ਕਰ ਦਿੱਤੀ ਗਈ। ਤਿੰਨ ਮਹੀਨੇ ਤਾਂ ਇਸ ਉਪਰੋਂ ਦੁਪਹੀਆ ਵਾਹਨਾਂ ਸਕੂਟਰਾਂ, ਮੋਟਰਸਾਈਕਲਾਂ ਦਾ ਲੰਘਣਾ ਵੀ ਬੰਦ ਕੀਤਾ ਗਿਆ ਸੀ ਪਰ ਬਾਅਦ ਵਿੱਚ ਇਨ੍ਹਾਂ ਦਾ ਦਾਖਲਾ ਸ਼ੁਰੂ ਕਰ ਦਿੱਤਾ ਗਿਆ ਜਦੋਂਕਿ ਭਾਰੇ ਵਾਹਨ ਅਜੇ ਵੀ ਬੰਦ ਹਨ। ਲੋਕਾਂ ਨੂੰ ਇਸ ਪੁਲ ਤੋਂ ਵੀ ਆਵਾਜਾਈ ਦੀ ਸਹੂਲਤ ਤੋਂ ਮਹਿਰੂਮ ਹੋਣਾ ਪਿਆ। ਹੁਣ ਨਵੇਂ ਸਾਲ ਵਿੱਚ ਲੋਕਾਂ ਨੂੰ ਆਸ ਹੈ ਕਿ ਇਹ ਪੁਲ ਮੁਰੰਮਤ ਬਾਅਦ ਭਾਰੇ ਵਾਹਨਾਂ ਲਈ ਜਲਦੀ ਖੋਲ੍ਹ ਦਿੱਤਾ ਜਾਵੇਗਾ। ਪਠਾਨਕੋਟ ਵਿੱਚ ਵਪਾਰੀਆਂ ਅਤੇ ਸੈਲਾਨੀਆਂ ਦੀ ਸਹੂਲਤ ਲਈ ਬਣਾਇਆ ਗਿਆ ਸਿਵਲ ਹਵਾਈ ਅੱਡਾ ਵੀ ਸਾਲ ਭਰ ਚਿੱਟਾ ਹਾਥੀ ਬਣਿਆ ਰਿਹਾ ਅਤੇ ਇਸ ਤੋਂ ਪਠਾਨਕੋਟ-ਦਿੱਲੀ ਨੂੰ ਹਵਾਈ ਉਡਾਣ ਮੁੜ ਸ਼ੁਰੂ ਨਹੀਂ ਕੀਤੀ ਗਈ। ਇਸ ਹਵਾਈ ਅੱਡੇ ਤੋਂ ਫਰਵਰੀ 2022 ਤੋਂ ਬਾਅਦ ਕੋਈ ਵੀ ਉਡਾਣ ਨਹੀਂ ਹੋ ਸਕੀ ਅਤੇ 1 ਮਾਰਚ 2022 ਤੋਂ ਇਹ ਹਵਾਈ ਅੱਡਾ ਬੰਦ ਪਿਆ ਹੈ। ਲੋਕਾਂ ਨੂੰ ਸੰਸਦ ਮੈਂਬਰ ਸਨੀ ਦਿਓਲ ਤੋਂ ਭਾਰੀ ਉਮੀਦਾਂ ਸਨ ਪਰ ਉਹ ਵੀ ਇਸ ਉਡਾਣ ਨੂੰ ਸ਼ੁਰੂ ਨਹੀਂ ਕਰਵਾ ਸਕੇ।

Advertisement

Advertisement
Author Image

Advertisement