ਬੰਗਲਾਦੇਸ਼ ਸੰਕਟ ਕਾਰਨ ਧਾਗਾ ਬਰਾਮਦਕਾਰਾਂ ਨੂੰ ਨੁਕਸਾਨ ਦਾ ਖਦਸ਼ਾ
ਚੰਡੀਗੜ੍ਹ/ਲੁਧਿਆਣਾ (ਟਨਸ):
ਬੰਗਲਾਦੇਸ਼ ਸੰਕਟ ਕਾਰਨ ਜਿੱਥੇ ਪੰਜਾਬ ਤੇ ਦੇਸ਼ ਦੇ ਹੋਰਨਾਂ ਹਿੱਸਿਆਂ ਦੇ ਧਾਗਾ ਬਰਾਮਦਕਾਰਾਂ ਨੂੰ ਆਪਣੀਆਂ ਖੇਪਾਂ ਤੇ ਭੁਗਤਾਨ ਫਸਣ ਦਾ ਡਰ ਬਣਿਆ ਹੋਇਆ ਹੈ, ਉੱਥੇ ਹੀ ਕੱਪੜਾ ਸਨਅਤ ਇਸ ਨੂੰ ਮੌਕੇ ਵਜੋਂ ਦੇਖ ਰਹੀ ਹੈ। ਬਰਾਮਦਕਾਰਾਂ ਨੂੰ ਲੱਗ ਰਿਹਾ ਹੈ ਕਿ ਬੰਗਲਾਦੇਸ਼ ਸੰਕਟ ਕਾਰਨ ਆਲਮੀ ਪੱਧਰ ’ਤੇ ਕੱਪੜੇ ਦੇ ਆਰਡਰ ਭਾਰਤ ਨੂੰ ਮਿਲ ਸਕਦੇ ਹਨ। ਭਾਰਤ ਵੱਲੋਂ ਬੰਗਲਾਦੇਸ਼ ਨੂੰ ਹਰ ਮਹੀਨੇ ਔਸਤਨ 40 ਹਜ਼ਾਰ ਟਨ ਧਾਗਾ ਬਰਾਮਦ ਕੀਤਾ ਜਾਂਦਾ ਹੈ ਜਿਸ ’ਚੋਂ 35 ਫੀਸਦ ਹਿੱਸਾ ਪੰਜਾਬ ਦਾ ਹੁੰਦਾ ਹੈ। ਧਾਗਾ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਪੰਜਾਬ ਤੋਂ ਬੰਗਲਾਦੇਸ਼ ਨੂੰ ਹਰ ਸਾਲ ਚਾਰ ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਧਾਗਾ ਬਰਾਮਦ ਕੀਤਾ ਜਾਂਦਾ ਹੈ। ਹੁਣ ਸਰਹੱਦਾਂ ਬੰਦ ਹੋਣ ਕਾਰਨ ਬੰਗਲਾਦੇਸ਼ ਨੂੰ ਬਰਾਮਦ ਰੁਕ ਗਈ ਹੈ। ਗੰਗਾ ਐਕਰੋਵੂਲਜ਼ ਲਿਮਿਟਡ ਦੇ ਪ੍ਰਧਾਨ ਅਮਿਤ ਥਾਪਰ ਨੇ ਕਿਹਾ, ‘ਸਰਹੱਦ ’ਤੇ 200-300 ਕਰੋੜ ਰੁਪਏ ਤੋਂ ਵੱਧ ਦਾ ਸਾਮਾਨ ਫਸਿਆ ਪਿਆ ਹੈ ਅਤੇ ਇੱਕ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਆਰਡਰ ਤੁਰੰਤ ਪ੍ਰਭਾਵਤ ਹੋਣਗੇ।’ ਦੂਜੇ ਪਾਸੇ ਕੱਪੜਾ ਨਿਰਮਾਤਾ ਇਸ ਸੰਕਟ ਨੂੰ ਮੌਕੇ ਵਜੋਂ ਦੇਖ ਰਹੇ ਹਨ।