ਯਮੁਨਾਨਗਰ: ਡੀਸੀ ਨੂੰ ਮੰਗ ਪੱਤਰ ਦੇਣ ਜਾਂਦੇ ਕਿਸਾਨ ਹਿਰਾਸਤ ਵਿੱਚ ਲਏ
ਦਵਿੰਦਰ ਸਿੰਘ
ਯਮੁਨਾਨਗਰ, 29 ਅਕਤੂਬਰ
ਇੱਥੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਪੁੱਜੇ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰਾਂ ਨਾਲ ਪੁਲੀਸ ਵੱਲੋਂ ਕਥਿਤ ਧੱਕਾ-ਮੁੱਕੀ ਕੀਤੀ ਗਈ। ਜਾਣਕਾਰੀ ਅਨੁਸਾਰ ਪੁਲੀਸ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਰੋਕਿਆ ਤਾਂ ਉਹ ਜ਼ਿਲ੍ਹਾ ਸਕੱਤਰੇਤ ਵੱਲ ਜਾਣ ਲੱਗ ਪਏ। ਇਸ ਦੌਰਾਨ ਪੁਲੀਸ ਨੇ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ। ਇਸ ਮਗਰੋਂ ਕਿਸਾਨ ਆਗੂਆਂ ਨੂੰ ਪੁਲੀਸ ਬੱਸ ਵਿੱਚ ਲੱਦ ਕੇ ਪੁਲੀਸ ਲਾਈਨ ਲਿਜਾਇਆ ਗਿਆ ਜਿਸ ’ਤੇ ਨਾਰਾਜ਼ ਹੋਏ ਕਿਸਾਨ ਆਗੂਆਂ ਨੇ ਪੁਲੀਸ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜਾਣਕਾਰੀ ਮੁਤਾਬਕ ਕਿਸਾਨ ਮੰਗ ਪੱਤਰ ਦੇਣ ਲਈ ਜ਼ਿਲ੍ਹਾ ਸਕੱਤਰੇਤ ਦੇ ਗੇਟ ਦੇ ਅੰਦਰ ਆ ਗਏ ਸਨ ਜਿੱਥੇ ਪੁਲੀਸ ਨੇ ਕਈ ਗੇਟ ਲਗਾਏ ਹੋਏ ਸਨ। ਮੌਕੇ ’ਤੇ ਡੀਐਸਪੀ ਸਮੇਤ ਹੋਰ ਪੁਲੀਸ ਅਧਿਕਾਰੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ ਜਿਨ੍ਹਾਂ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਕਿਸਾਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਦੌਰਾਨ ਕਿਸਾਨਾਂ ਨਾਲ ਹੱਥੋਪਾਈ ਹੋ ਗਈ। ਧੱਕਾ-ਮੁੱਕੀ ਵਿੱਚ ਕੁਝ ਕਿਸਾਨ ਹੇਠਾਂ ਡਿੱਗ ਪਏ ਤਾਂ ਕੁਝ ਕਿਸਾਨਾਂ ਨੇ ਮੌਕੇ ’ਤੇ ਹੀ ਧਰਨਾ ਲਾ ਦਿੱਤਾ। ਉਨ੍ਹਾਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ’ਤੇ ਵੱਡੀ ਗਿਣਤੀ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਪਿੱਛੇ ਧੱਕ ਦਿੱਤਾ। ਜਦੋਂ ਉਨ੍ਹਾਂ ਨੂੰ ਬੱਸ ਵਿੱਚ ਬਿਠਾ ਕੇ ਲਿਜਾਇਆ ਜਾ ਰਿਹਾ ਸੀ ਤਾਂ ਉਨ੍ਹਾਂ ਪੁਲੀਸ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸੰਯੁਕਤ ਕਿਸਾਨ ਮੋਰਚਾ ਦੇ ਆਗੂ ਸੁਭਾਸ਼ ਗੁੱਜਰ, ਜਰਨੈਲ ਸਿੰਘ ਸਾਗਵਾਨ ਦਾ ਕਹਿਣਾ ਹੈ ਕਿ ਜਦੋਂ ਉਹ ਮੰਗ ਪੱਤਰ ਦੇਣ ਜਾ ਰਹੇ ਸੀ ਤਾਂ ਪਤਾ ਲੱਗਿਆ ਕਿ ਕੁਰੂਕਸ਼ੇਤਰ ਦੇ ਸੰਸਦ ਮੈਂਬਰ ਨਵੀਨ ਜਿੰਦਲ ਅਤੇ ਅੰਬਾਲਾ ਦੇ ਸੰਸਦ ਮੈਂਬਰ ਵਰੁਣ ਮੁਲਾਣਾ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੀਟਿੰਗ ਹੋ ਰਹੀ ਹੈ। ਕਿਸਾਨ ਉਨ੍ਹਾਂ ਨੂੰ ਵੀ ਮੰਗ ਪੱਤਰ ਦੇਣਾ ਚਾਹੁੰਦੇ ਸਨ ਪਰ ਐਸਡੀਐਮ ਨੇ ਕਿਹਾ ਕਿ 7 ਕਿਸਾਨਾਂ ਦੀ ਮੁਲਾਕਾਤ ਕਰਵਾ ਦਿੱਤੀ ਜਾਵੇਗੀ, ਇੱਕ ਘੰਟੇ ਬਾਅਦ ਕਿਹਾ ਗਿਆ ਕਿ ਉਹ 4 ਵਜੇ ਮਿਲਣਗੇ। ਇਸ ਮਗਰੋਂ ਉਨ੍ਹਾਂ ਮੰਗ ਪੱਤਰ ਦੇਣ ਲਈ ਜਾਣਾ ਚਾਹਿਆ ਪਰ ਡੀਐਸਪੀ ਨੇ ਕਿਸਾਨਾਂ ’ਤੇ ਲਾਠੀਚਾਰਜ ਕਰ ਦਿੱਤਾ। ਕਿਸਾਨਾਂ ਨੇ ਕਿਹਾ ਕਿ ਪੁਲੀਸ ਦੇ ਜ਼ੁਲਮ ਦਾ ਜਵਾਬ 7 ਨਵੰਬਰ ਨੂੰ ਯਮੁਨਾਨਗਰ ਵਿੱਚ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ ਰੋਹ ਵਜੋਂ ਦਿੱਤਾ ਜਾਵੇਗਾ। ਕਿਸਾਨ ਜ਼ਿਲ੍ਹਾ ਸਕੱਤਰੇਤ ਦੇ ਸਾਹਮਣੇ ਅਨਾਜ ਮੰਡੀ ਦੇ ਗੇਟ ’ਤੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਨਗੇ।