ਯਮੁਨਾਨਗਰ: ਸ਼ਹਿਰ ਵਿੱਚੋਂ ਬਾਂਦਰ ਫੜਨ ਲਈ ਮੁਹਿੰਮ ਸ਼ੁਰੂ
ਪੱਤਰ ਪ੍ਰੇਰਕ
ਯਮੁਨਾਨਗਰ, 31 ਜੁਲਾਈ
ਨਗਰ ਨਿਗਮ ਨੇ ਸ਼ਹਿਰ ਵਿੱਚੋਂ ਬਾਂਦਰਾਂ ਨੂੰ ਫੜਨ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਹੈ। ਨਿਗਮ ਕਮਿਸ਼ਨਰ ਆਯੂਸ਼ ਸਿਨਹਾ ਦੀਆਂ ਹਦਾਇਤਾਂ ’ਤੇ ਜ਼ੋਨ 1 ਵਿੱਚ ਸੀਐੱਸਆਈ ਹਰਜੀਤ ਸਿੰਘ ਅਤੇ ਜ਼ੋਨ 2 ਵਿੱਚ ਸੀਐੱਸਆਈ ਸੁਨੀਲ ਦੱਤ ਦੀ ਨਿਗਰਾਨੀ ਹੇਠ ਬਾਂਦਰਾਂ ਨੂੰ ਫੜਨ ਦੀ ਇਹ ਮੁਹਿੰਮ ਚੱਲ ਰਹੀ ਹੈ। ਮੇਅਰ ਮਦਨ ਚੌਹਾਨ ਨੇ ਦੱਸਿਆ ਕਿ ਸ਼ਹਿਰ ਦੇ ਸਾਰੇ ਬਾਂਦਰਾਂ ਨੂੰ ਫੜਨ ਤੱਕ ਮੁਹਿੰਮ ਜਾਰੀ ਰਹੇਗੀ। ਜਿੱਥੇ ਬਾਂਦਰਾਂ ਦੀ ਭਰਮਾਰ ਜ਼ਿਆਦਾ ਹੈ, ਉੱਥੇ ਨਾਗਰਿਕ ਨਿਗਮ ਦਫ਼ਤਰ ਵਿੱਚ ਸ਼ਿਕਾਇਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਿਗਮ ਦੀ ਟੀਮ ਨੇ ਵਾਰਡ ਨੰਬਰ ਇੱਕ ਵਿੱਚ ਕੌਂਸਲਰ ਸੰਜੇ ਰਾਣਾ ਦੀ ਦੇਖ-ਰੇਖ ਹੇਠ ਇਹ ਕੰਮ ਸ਼ੁਰੂ ਕਰਵਾਇਆ ਹੈ। ਇਸ ਮੁਹਿੰਮ ਨਾਲ ਸ਼ਹਿਰ ਦੇ ਲੋਕਾਂ ਨੂੰ ਦਹਿਸ਼ਤ ਫੈਲਾਉਣ ਵਾਲੇ ਬਾਂਦਰਾਂ ਤੋਂ ਛੁਟਕਾਰਾ ਮਿਲੇਗਾ ਅਤੇ ਉਹ ਬਿਨਾਂ ਕਿਸੇ ਡਰ ਦੇ ਆਪਣੇ ਘਰਾਂ ਵਿੱਚ ਰਹਿ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਕਈ ਥਾਵਾਂ ’ਤੇ ਸ਼ਹਿਰ ਵਾਸੀ ਬਾਂਦਰਾਂ ਤੋਂ ਕਾਫੀ ਪ੍ਰੇਸ਼ਾਨ ਸਨ, ਕੁਝ ਬੱਚਿਆਂ ਅਤੇ ਨਾਗਰਿਕਾਂ ਨੂੰ ਵੀ ਬਾਂਦਰਾਂ ਨੇ ਕੱਟਿਆ ਸੀ ਪਰ ਹੁਣ ਭਵਿੱਖ ’ਚ ਅਜਿਹਾ ਨਹੀਂ ਹੋਵੇਗਾ। ਮੇਅਰ ਮਦਨ ਚੌਹਾਨ ਨੇ ਦੱਸਿਆ ਕਿ ਬਾਂਦਰਾਂ ਨੂੰ ਫੜਨ ਲਈ ਉੱਤਰ ਪ੍ਰਦੇਸ਼ ਦੇ ਮਥੁਰਾ ਤੋਂ ਬਾਂਦਰ ਫੜਨ ਵਾਲੇ ਮਾਹਿਰਾਂ ਦੀ ਟੀਮ ਆਈ ਹੈ। ਏਜੰਸੀ ਨੂੰ ਕਰੀਬ 1450 ਰੁਪਏ ਪ੍ਰਤੀ ਬਾਂਦਰ ਫੜਨ ਦਾ ਠੇਕਾ ਦਿੱਤਾ ਗਿਆ ਹੈ। ਮਾਹਿਰਾਂ ਦੀ ਟੀਮ ਦੇ ਪੰਜ ਤੋਂ ਛੇ ਮੈਂਬਰ ਪਿੰਜਰਿਆਂ ਨਾਲ ਬਾਂਦਰਾਂ ਨੂੰ ਫੜਨ ਦੇ ਕੰਮ ਵਿੱਚ ਲੱਗੇ ਹੋਏ ਹਨ। ਬਾਂਦਰਾਂ ਨੂੰ ਫੜਨ ਤੋਂ ਬਾਅਦ ਉਨ੍ਹਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਇਨ੍ਹਾਂ ਨੂੰ ਕਲੇਸਰ ਦੇ ਜੰਗਲਾਂ ਵਿੱਚ ਕੁਦਰਤੀ ਵਾਤਾਵਰਨ ਵਿੱਚ ਛੱਡਿਆ ਜਾ ਰਿਹਾ ਹੈ।