ਮੀਂਹ ਪੈਣ ਕਾਰਨ ਯਮੁਨਾ ਮੁੜ ਖ਼ਤਰੇ ਦੇ ਨਿਸ਼ਾਨ ਤੋਂ ਪਾਰ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 19 ਜੁਲਾਈ
ਰਾਸ਼ਟਰੀ ਰਾਜਧਾਨੀ ਅਤੇ ਪਹਾੜੀ ਇਲਾਕਿਆਂ ਤੇ ਕੈਚਮੈਂਟ ਖੇਤਰਾਂ ਵਿੱਚ ਭਾਰੀ ਮੀਂਹ ਕਾਰਨ ਯਮੁਨਾ ’ਚ ਪਾਣੀ ਦਾ ਪੱਧਰ ਬੁੱਧਵਾਰ ਸਵੇਰੇ ਮੁੜ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ। ਪਾਣੀ ਦੇ ਪੱਧਰ ਨੇ 12 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕੀਤਾ ਹੈ। ਕੇਂਦਰੀ ਜਲ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਸਵੇਰੇ 8 ਵਜੇ ਪਾਣੀ ਦਾ ਪੱਧਰ 205.48 ਮੀਟਰ ਤੱਕ ਪਹੁੰਚ ਗਿਆ ਸੀ ਜੋ ਸ਼ਾਮ 6 ਵਜੇ ਵਧ ਕੇ 205.72 ਮੀਟਰ ਉਪਰ ਪਹੁੰਚ ਗਿਆ। ਮੰਗਲਵਾਰ ਦੁਪਹਿਰ ਨੂੰ ਹਥਨੀਕੁੰਡ ਬੈਰਾਜ ’ਤੇ ਵਹਾਅ ਦੀ ਦਰ ਵਿੱਚ ਮਾਮੂਲੀ ਵਾਧਾ ਦੇਖਿਆ ਗਿਆ ਜੋ 50,000 ਤੇ 60,000 ਕਿਊਸਿਕ ਦੇ ਵਿਚਕਾਰ ਚੱਲ ਰਿਹਾ ਸੀ। ਬੁੱਧਵਾਰ ਸਵੇਰੇ 7 ਵਜੇ ਤੱਕ ਇਹ ਘਟ ਕੇ 39,000 ਕਿਊਸਿਕ ਰਹਿ ਗਿਆ। ਇੱਕ ਕਿਊਸਿਕ 28.32 ਲਿਟਰ ਪ੍ਰਤੀ ਸਕਿੰਟ ਦੇ ਬਰਾਬਰ ਹੈ। ਮੌਸਮ ਵਿਭਾਗ ਨੇ 22 ਜੁਲਾਈ ਤੱਕ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਸਥਾਨਾਂ ’ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਅਤੇ ਦਿੱਲੀ ਵਿੱਚ ਦਰਮਿਆਨੇ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਪਾਣੀ ਦਾ ਪੱਧਰ ਵਧਣ ਨਾਲ ਰਾਜਧਾਨੀ ਦੇ ਨੀਵੇਂ ਇਲਾਕਿਆਂ ਵਿੱਚ ਪ੍ਰਭਾਵਿਤ ਪਰਿਵਾਰਾਂ ਦੇ ਮੁੜ ਵਸੇਬੇ ਦੀ ਰਫ਼ਤਾਰ ਮੱਠੀ ਪੈ ਸਕਦੀ ਹੈ ਅਤੇ ਉਨ੍ਹਾਂ ਨੂੰ ਰਾਹਤ ਕੈਂਪਾਂ ਵਿੱਚ ਲੰਬਾ ਸਮਾਂ ਰਹਿਣਾ ਪੈ ਸਕਦਾ ਹੈ। ਇਸ ਦਾ ਅਸਰ ਪਾਣੀ ਦੀ ਸਪਲਾਈ ’ਤੇ ਵੀ ਪੈ ਸਕਦਾ ਹੈ ਜੋ ਵਜ਼ੀਰਾਬਾਦ ’ਚ ਪੰਪ ਹਾਊਸ ਦੇ ਪਾਣੀ ਵਿਚ ਡੁੱਬਣ ਕਾਰਨ ਚਾਰ-ਪੰਜ ਦਨਿ ਪ੍ਰਭਾਵਿਤ ਰਹਿਣ ਤੋਂ ਬਾਅਦ ਮੰਗਲਵਾਰ ਨੂੰ ਹੀ ਆਮ ਵਾਂਗ ਹੋ ਸਕਿਆ ਹੈ।