ਪੁੱਤ ਦੇ ਮਾਪੇ ਬਣੇ ਯਾਮੀ ਗੌਤਮ ਤੇ ਆਦਿੱਤਿਆ ਧਰ
ਮੁੰਬਈ: ਬੌਲੀਵੁੱਡ ਅਦਾਕਾਰਾ ਯਾਮੀ ਗੌਤਮ ਧਰ ਅਤੇ ਉਸ ਦੇ ਪਤੀ ਤੇ ਨਿਰਦੇਸ਼ਕ ਆਦਿੱਤਿਆ ਧਰ ਮਾਪੇ ਬਣੇ ਗਏ ਹਨ। ਇਹ ਖਬਰ ਯਾਮੀ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਘਰ 10 ਮਈ ਨੂੰ ਪੁੱਤਰ ਨੇ ਜਨਮ ਲਿਆ ਹੈ ਜੋ ਅਕਸ਼ੈ ਤ੍ਰਿਤਿਆ ਵਾਲੇ ਸ਼ੁਭ ਦਿਨ ਜੰਮਿਆ ਹੈ ਜਿਸ ਕਰ ਕੇ ਉਸ ਦਾ ਨਾਂ ਵੇਦਾਵਿਦ ਰੱਖਿਆ ਗਿਆ ਹੈ। ਯਾਮੀ ਤੇ ਆਦਿੱਤਿਆ ਨੇ ਇੰਸਟਾਗ੍ਰਾਮ ’ਤੇ ਭਗਵਾਨ ਕ੍ਰਿਸ਼ਨ ਦੀ ਮਨਮੋਹਕ ਫੋਟੋ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਇੱਕ ਬੱਚੇ ਨੂੰ ਆਪਣੇ ਹੱਥਾਂ ਵਿੱਚ ਚੁੱਕਿਆ ਹੋਇਆ ਹੈ। ਇਸ ਫੋਟੋ ’ਤੇ ਸੰਦੇਸ਼ ਲਿਖਿਆ ਹੋਇਆ ਹੈ: ‘ਅਸੀਂ ਆਪਣੇ ਪਿਆਰੇ ਪੁੱਤਰ ਵੇਦਾਵਿਦ ਦੇ ਆਗਮਨ ਦਾ ਐਲਾਨ ਕਰਦਿਆਂ ਬੇਹੱਦ ਖੁਸ਼ ਹਾਂ ਜਿਸ ਨੇ ਅਕਸ਼ੈ ਤ੍ਰਿਤਿਆ ਦੇ ਸ਼ੁਭ ਦਿਹਾੜੇ ’ਤੇ ਜਨਮ ਲਿਆ। ਕ੍ਰਿਪਾ ਕਰਕੇ ਉਸ ਨੂੰ ਆਪਣੀਆਂ ਸ਼ੁਭਕਾਮਨਾਵਾਂ ਤੇ ਪਿਆਰ ਦਿਓ।’ ਇਸ ਫੋਟੋ ਦੀ ਕੈਪਸ਼ਨ ਵਿੱਚ ਜੋੜੇ ਨੇ ਡਾਕਟਰਾਂ ਦਾ ਧੰਨਵਾਦ ਵੀ ਕੀਤਾ ਹੈ। ਉਨ੍ਹਾਂ ਲਿਖਿਆ, ‘ਅਸੀਂ ਆਪਣੇ ਬੱਚੇ ਦੇ ਸੁਨਹਿਰੇ ਭਵਿੱਖ ਦੀ ਉਮੀਦ ਕਰਦੇ ਹਾਂ ਕਿ ਉਹ ਸਾਡੇ ਪੂਰੇ ਪਰਿਵਾਰ ਅਤੇ ਸਾਡੇ ਪਿਆਰੇ ਦੇਸ਼ ਲਈ ਮਾਣ ਬਣੇਗਾ।’ ਦੱਸਣਾ ਬਣਦਾ ਹੈ ਕਿ ਯਾਮੀ ਅਤੇ ਆਦਿੱਤਿਆ ਜੂਨ 2021 ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਏ ਸਨ। ਯਾਮੀ ਨੂੰ ਆਖਰੀ ਵਾਰ ਆਪਣੇ ਪਤੀ ਦੀ ਪ੍ਰੋਡਕਸ਼ਨ ਫਿਲਮ ‘ਆਰਟੀਕਲ 370’ ਵਿੱਚ ਦੇਖਿਆ ਗਿਆ ਸੀ ਤੇ ਇਸ ਫਿਲਮ ਦੌਰਾਨ ਹੀ ਯਾਮੀ ਨੇ ਆਪਣੇ ਗਰਭਵਤੀ ਹੋਣ ਦਾ ਖੁਲਾਸਾ ਕੀਤਾ ਸੀ। -ਆਈਏਐੱਨਐੱਸ