ਸਪਾ ਦੇ ਚਾਰ ਬਾਗ਼ੀ ਿਵਧਾਇਕਾਂ ਨੂੰ ‘ਵਾਈ’ ਕੈਟਾਗਰੀ ਸੁਰੱਖਿਆ
ਲਖਨਊ, 24 ਮਾਰਚ
ਲੰਘੀ 27 ਫਰਵਰੀ ਨੂੰ ਰਾਜ ਸਭਾ ਚੋਣਾਂ ਵਿੱਚ ਭਾਜਪਾ ਲਈ ਕਰਾਸ-ਵੋਟਿੰਗ ਕਰਨ ਵਾਲੇ ਸਮਾਜਵਾਦੀ ਪਾਰਟੀ ਦੇ ਚਾਰ ਵਿਧਾਇਕਾਂ ਨੂੰ ‘ਵਾਈ’ ਕੈਟਾਗਰੀ ਦੀ ਸੁਰੱਖਿਆ ਦਿੱਤੀ ਗਈ ਹੈ। ਇਹ ਜਾਣਕਾਰੀ ਅੱਜ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ।
ਅਧਿਕਾਰੀ ਨੇ ਦੱਸਿਆ ਕਿ ਜਿਨ੍ਹਾਂ ਚਾਰ ਵਿਧਾਇਕਾਂ ਨੂੰ ‘ਵਾਈ’ ਕੈਟਾਗਰੀ ਸੁਰੱਖਿਆ ਮਿਲੀ ਹੈ ਉਨ੍ਹਾਂ ਵਿੱਚ ਅਭੈ ਸਿੰਘ (ਗੋਸਾਈਂਗੰਜ), ਮਨੋਜ ਕੁਮਾਰ ਪਾਂਡੇ (ਉਂਚਾਹਾਰ), ਰਾਕੇਸ਼ ਪ੍ਰਤਾਪ ਸਿੰਘ (ਗੌਰੀਗੰਜ) ਅਤੇ ਵਿਨੋਦ ਚਤੁਰਵੇਦੀ (ਕਾਲਪੀ) ਸ਼ਾਮਲ ਹਨ। ਪਾਰਟੀ ਦੇ ਤਿੰਨ ਹੋਰ ਵਿਧਾਇਕਾਂ ਪੂਜਾ ਪਾਲ, ਰਾਕੇਸ਼ ਪਾਂਡੇ ਤੇ ਆਸ਼ੂਤੋਸ਼ ਮੌਰਿਆ ਦੇ ਨਾਲ ਇਨ੍ਹਾਂ ਚਾਰ ਵਿਧਾਇਕਾਂ ਨੇ ਵੀ ਰਾਜ ਸਭਾ ਚੋਣਾਂ ਵਿੱਚ ਭਾਜਪਾ ਲਈ ਕਰਾਸ-ਵੋਟਿੰਗ ਕੀਤੀ ਸੀ। ਇਨ੍ਹਾਂ ਦੀ ਕਰਾਸ-ਵੋਟਿੰਗ ਕਰ ਕੇ ਭਗਵਾਂ ਪਾਰਟੀ ਦੇ ਉਮੀਦਵਾਰ ਸੰਜੈ ਸੇਠ ਨੇ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਆਲੋਕ ਰੰਜਨ ਨੂੰ ਹਰਾ ਦਿੱਤਾ ਸੀ। ਰਾਕੇਸ਼ ਪਾਂਡੇ ਸੰਸਦ ਮੈਂਬਰ ਰਿਤੇਸ਼ ਪਾਂਡੇ ਦੇ ਪਿਤਾ ਹਨ, ਜੋ ਕਿ ਹਾਲ ਹੀ ਵਿੱਚ ਬਸਪਾ ਤੋਂ ਭਾਜਪਾ ਵਿੱਚ ਸ਼ਾਮਲ ਹੋਏ ਹਨ। -ਪੀਟੀਆਈ
ਸਮਾਜਵਾਦੀ ਪਾਰਟੀ ਨੇ ਬਿਜਨੌਰ ਤੋਂ ਉਮੀਦਵਾਰ ਬਦਲਿਆ
ਲਖਨਊ: ਸਮਾਜਵਾਦੀ ਪਾਰਟੀ ਨੇ ਬਿਜਨੌਰ ਸੀਟ ਤੋਂ ਆਪਣਾ ਉਮੀਦਵਾਰ ਬਦਲ ਕੇ ਦੀਪਕ ਸੈਣੀ ਨੂੰ ਮੈਦਾਨ ਵਿੱਚ ਉਤਾਰਿਆ। ਇਸ ਦੇ ਨਾਲ ਹੀ ਪਾਰਟੀ ਨੇ ਮੁਰਾਦਾਬਾਦ ਤੋਂ ਮੌਜੂਦਾ ਲੋਕ ਸਭਾ ਮੈਂਬਰ ਐਸਟੀ ਹਸਨ ਨੂੰ ਇਸੇ ਸੀਟ ਤੋਂ ਮੈਦਾਨ ’ਚ ਉਤਾਰਿਆ ਹੈ। ਪਾਰਟੀ ਨੇ ਐਕਸ ’ਤੇ ਇਕ ਪੋਸਟ ਵਿਚ ਇਨ੍ਹਾਂ ਨਾਵਾਂ ਦਾ ਐਲਾਨ ਕੀਤਾ। ਸਮਾਜਵਾਦੀ ਪਾਰਟੀ ਨੇ ਪਹਿਲਾਂ ਯਸ਼ਵੀਰ ਸਿੰਘ ਨੂੰ ਬਿਜਨੌਰ ਤੋਂ ਉਮੀਦਵਾਰ ਬਣਾਇਆ ਸੀ। ਦੀਪਕ ਸੈਣੀ ਬਿਜਨੌਰ ਸੰਸਦੀ ਹਲਕੇ ਦੇ ਅਧੀਨ ਆਉਂਦੇ ਨੂਰਪੁਰ ਵਿਧਾਨ ਸਭਾ ਖੇਤਰ ਤੋਂ ਸਪਾ ਵਿਧਾਇਕ ਰਾਮ ਅਵਤਾਰ ਸੈਣੀ ਦਾ ਪੁੱਤਰ ਹੈ। -ਪੀਟੀਆਈ