ਵੁਸ਼ੂ: ਹਰਕਰਨਜੋਤ ਤੇ ਗੁਣਵੀਨ ਨੇ ਤਗ਼ਮੇ ਜਿੱਤੇ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 11 ਨਵੰਬਰ
68ਵੀਆਂ ਪੰਜਾਬ ਸਕੂਲ ਖੇਡਾਂ ਵੁਸ਼ੂ ਅੰਡਰ-19 (ਲੜਕੇ) ਸਥਾਨਕ ਡੀਏਵੀ ਸੈਂਟਨਰੀ ਪਬਲਿਕ ਸਕੂਲ ਦੇ ਦੋ ਖਿਡਾਰੀਆਂ ਨੇ ਤਗ਼ਮੇ ਜਿੱਤੇ ਹਨ। ਇਸ ਜਿੱਤ ਸਦਕਾ ਨੈਸ਼ਨਲ ਸਕੂਲ ਖੇਡਾਂ ਵਿੱਚ ਥਾਂ ਵੀ ਪੱਕੀ ਕੀਤੀ ਹੈ। ਸਕੂਲ ਦੇ ਪ੍ਰਿੰਸੀਪਲ ਵੇਦ ਵ੍ਤ ਪਲਾਹ ਨੇ ਜਿੱਤ ਕੇ ਪਰਤੇ ਦੋਹਾਂ ਖਿਡਾਰੀਆਂ ਦਾ ਅੱਜ ਸਵਾਗਤ ਕੀਤਾ। ਇਸ ਮੌਕੇ ਪ੍ਰਿੰ. ਪਲਾਹ ਨੇ ਦੱਸਿਆ ਇਨ੍ਹਾਂ ਸਕੂਲ ਖੇਡਾਂ ਵਿੱਚ ਡੀਏਵੀ ਦੇ ਦੋ ਖਿਡਾਰੀਆਂ ਨੇ ਭਾਗ ਲਿਆ। ਇਸ ’ਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਇਕ ਸੋਨੇ ਅਤੇ ਇਕ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਹਰਕਰਨਜੋਤ ਸਿੰਘ ਨੇ ਅੰਡਰ-19 ਦੇ-75 ਕਿਲੋ ਭਾਰ ਵਿੱਚ ਸੋਨ ਤਗ਼ਮਾ ਜਿੱਤਿਆ ਅਤੇ-48 ਕਿਲੋ ’ਚ ਸਕਸ਼ਮ ਗੁਪਤਾ ਨੇ ਚਾਂਦੀ ਦਾ ਤਗ਼ਮਾ ਜਿੱਤਿਆ।
ਇਸ ਤੋਂ ਪਹਿਲਾਂ ਅੰਡਰ-19 (ਲੜਕੀਆਂ) ਦੇ 65 ਕਿਲੋ ਵਰਗ ’ਚ ਇਸੇ ਸਕੂਲ ਦੀ ਗੁਣਵੀਨ ਕੌਰ ਸੋਨ ਤਗ਼ਮਾ ਜਿੱਤ ਕੇ ਨੈਸ਼ਨਲ ਸਕੂਲ ਖੇਡਾਂ ’ਚ ਜਗ੍ਹਾ ਬਣਾ ਚੁੱਕੀ ਹੈ।
ਹੁਣ ਲੜਕਿਆਂ ’ਚ ਹਰਕਰਨਜੋਤ ਸਿੰਘ ਨੇ ਪੰਜਾਬ ’ਚ ਵੁਸ਼ੂ ਵਿੱਚ ਸੋਨ ਤਗ਼ਮਾ ਜਿੱਤ ਕੇ ਨੈਸ਼ਨਲ ਸਕੂਲ ਖੇਡਾਂ ’ਚ ਆਪਣੀ ਜਗ੍ਹਾ ਬਣਾ ਲਈ ਹੈ। ਜੇਤੂ ਖਿਡਾਰੀਆਂ ਅਤੇ ਕੋਚ ਦਾ ਸਕੂਲ ਪਹੁੰਚਣ ’ਤੇ ਨਿੱਘਾ ਸਵਾਗਤ ਕਰਨ ਮਗਰੋਂ ਸਨਮਾਨ ਕੀਤਾ ਗਿਆ। ਇਸ ਮੌਕੇ ਡੀਪੀਈ ਹਰਦੀਪ ਸਿੰਘ ਬਿੰਜਲ, ਡੀਪੀਈ ਸੁਰਿੰਦਰਪਾਲ ਵਿੱਜ, ਡੀਪੀਈ ਜਗਦੀਪ ਸਿੰਘ ਸਿੱਧਵਾਂ ਅਤੇ ਸਮੂਹ ਸਟਾਫ਼ ਹਾਜ਼ਰ ਸੀ।
ਖੰਨਾ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਵਾਰਡ ਨੰਬਰ-19 ਨੰਦ ਸਿੰਘ ਐਵਨਿਊ ਦੇ ਵਸਨੀਕ ਸੁਰਿੰਦਰ ਸ਼ਰਮਾ ਨੇ ‘ਖੇਡਾਂ ਵਤਨ ਪੰਜਾਬ ਦੀਆਂ’ 2024 ਦੌਰਾਨ 75 ਸਾਲ ਤੋਂ ਵੱਧ ਬਜ਼ੁਰਗਾਂ ਦੇ ਮੁਕਾਬਲੇ ਵਿਚ ਹਿੱਸਾ ਲੈਂਦਿਆਂ ਬਲਾਕ ਪੱਧਰ ’ਤੇ ਪਹਿਲਾ, ਜ਼ਿਲ੍ਹਾ ਪੱਧਰ ’ਤੇ ਦੂਜਾ ਅਤੇ ਪੰਜਾਬ ਪੱਧਰ ’ਤੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿੱਚ ਹੋਈਆਂ ਖੇਡਾਂ ਦੌਰਾਨ 300 ਮੀਟਰ ’ਚ ਤੀਜਾ ਸਥਾਨ ਹਾਸਲ ਕੀਤਾ। ਸ੍ਰੀ ਸ਼ਰਮਾ ਨੇ ਮੁਕਾਮ ਹਾਸਲ ਕਰਨ ਉਪਰੰਤ ਦੱਸਿਆ ਕਿ ਉਨ੍ਹਾਂ ਨੇ ਬਿਜਲੀ ਬੋਰਡ ਦੀ ਨੌਕਰੀ ਦੀ ਰਿਟਾਇਰਮੈਂਟ ਤੋਂ ਬਾਅਦ ਆਪਣੀ ਜ਼ਿੰਦਗੀ ਵਿਚ ਰੋਜ਼ਾਨਾ ਗਰਾਊਂਡ ਵਿਚ ਦੌੜਨਾ ਅਰੰਭ ਕੀਤਾ। ਉਨ੍ਹਾਂ ਨੇ ਹੁਣ ਤੱਕ ਵੱਖ ਵੱਖ ਨੈਸ਼ਨਲ ਪੱਧਰ ਦੇ ਬਜ਼ੁਰਗ ਦੌੜਾਂ ਵਿਚ ਹਿੱਸਾ ਲੈ ਕੇ ਕਿੰਨੇ ਹੀ ਗੋਲਡ, ਸਿਲਵਰ ਅਤੇ ਕਾਂਸੀ ਦੇ ਤਗ਼ਮੇ ਜਿੱਤੇ ਹਨ। ਕੌਂਸਲਰ ਰੂਬੀ ਭਾਟੀਆ ਨੇ ਸੁਰਿੰਦਰ ਸ਼ਰਮ ਦੀ ਜਿੱਤ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਸਕੂਲ ਵਿੱਚ ਸਾਲਾਨਾ ਸਪੋਰਟਸ ਮੀਟ ਕਰਵਾਈ
ਮਾਛੀਵਾੜਾ (ਪੱਤਰ ਪ੍ਰੇਰਕ): ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬੁਰਜ ਕੱਚਾ ਮਾਛੀਵਾੜਾ ਸਾਹਿਬ ਵਿੱਚ ਸਾਲਾਨਾ ਸਪੋਰਟਸ ਮੀਟ ਕਰਵਾਈ ਗਈ। ਸਕੂਲ ਪ੍ਰਿੰਸੀਪਲ ਹਰਿੰਦਰਪਾਲ ਕੌਰ ਤੂਰ ਨੇ ਦੱਸਿਆ ਕਿ ਸਕੂਲ ’ਚ ਅੰਤਰ ਹਾਊਸ ਮੁਕਾਬਲੇ ਕਰਵਾਏ ਗਏ ਜਿਸ ਵਿਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਚਾਰ ਰੋਜ਼ਾ ਸਪੋਰਟਸ ਮੀਟ ਦੇ ਦੌਰਾਨ ਦੌੜਾਂ, ਹਾਈ ਜੰਪ, ਲੌਂਗ ਜੰਪ, ਵਾਲੀਬਾਲ, ਬੈਡਮਿੰਟਨ, ਸ਼ਾਟਪੁੱਟ, ਡਿਸਕ ਥਰੋਅ, ਖੋ-ਖੋ, ਰੱਸਾਕਸ਼ੀ ਦੇ ਮੁਕਾਬਲੇ ਹੋਏ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਰੀਰਕ ਪੱਖੋਂ ਤੰਦਰੁਸਤ ਰੱਖਣ ਅਤੇ ਆਉਣ ਵਾਲੇ ਸਮੇਂ ਵਿਚ ਚੰਗੇ ਖਿਡਾਰੀ ਪੈਦਾ ਕਰਨ ਦੇ ਮੰਤਵ ਨਾਲ ਹਰ ਸਾਲ ਇਹ ਖੇਡਾਂ ਕਰਵਾਈਆਂ ਜਾਂਦੀਆਂ ਹਨ। ਜ਼ਿਕਰਯੋਗ ਹੈ ਕਿ ਸਕੂਲ ਦੇ ਮੁੱਖ ਪ੍ਰਬੰਧਕ ਬਲਜਿੰਦਰ ਸਿੰਘ ਤੂਰ ਖੁਦ ਗੱਤਕੇ ਦੇ ਨੈਸ਼ਨਲ ਪੱਧਰ ਦੇ ਖਿਡਾਰੀ ਰਹੇ ਹਨ ਅਤੇ ਅੱਜ ਵੀ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਜਨਰਲ ਸਕੱਤਰ ਵਜੋਂ ਖੇਡਾਂ ਨੂੰ ਪ੍ਰਮੋਟ ਕਰਨ ਲਈ ਰਾਸ਼ਟਰੀ ਪੱਧਰ ’ਤੇ ਕੰਮ ਕਰ ਰਹੇ ਹਨ। ਸਪੋਰਟਸ ਮੀਟ ਦੇ ਦੌਰਾਨ ਸਾਰੀਆਂ ਖੇਡਾਂ ਦੀ ਰੈਫਰਸ਼ਿਪ ਕੋਚ ਗੁਰਿੰਦਰ ਸਿੰਘ ਅਤੇ ਸਹਾਇਕ ਕੋਚ ਤਲਵਿੰਦਰ ਸਿੰਘ ਵੱਲੋਂ ਬਾਖੂਬੀ ਕੀਤੀ ਗਈ। ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ 178 ਅੰਕਾਂ ਦੇ ਨਾਲ ਓਵਰਆਲ ਚੈਂਪੀਅਨ ਬਣਿਆ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਹਾਊਸ 177 ਅੰਕਾਂ ਦੇ ਨਾਲ ਦੂਸਰੇ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ 167 ਅੰਕਾਂ ਦੇ ਨਾਲ ਤੀਸਰੇ ਸਥਾਨ ’ਤੇ ਰਿਹਾ। ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਆ ਗਿਆ। ਇਸ ਮੌਕੇ ਵਾਈਸ ਪ੍ਰਿੰਸੀਪਲ ਰੀਨਾ ਮਲਹੋਤਰਾ, ਮੈਨੇਜਰ ਸੁਖਦੇਵ ਸਿੰਘ, ਅਮਰਿੰਦਰ ਸਿੰਘ, ਜਗਦੀਪ ਕੌਰ, ਸੰਦੀਪ ਕੌਰ, ਕਿਰਨਾ ਦੇਵੀ, ਗੁਰਪ੍ਰੀਤ ਕੌਰ, ਹਰਜੋਤ ਕੌਰ, ਮੈਡਮ ਸਾਵਿੱਤਰੀ ਦਾ ਵਿਸ਼ੇਸ਼ ਸਹਿਯੋਗ ਰਿਹਾ।