ਡਬਲਿਊਟੀਸੀ ਫਾਈਨਲ: ਆਸਟਰੇਲੀਆ ਨੇ 469 ਦੌੜਾਂ ਬਣਾਈਆਂ
ਲੰਡਨ, 8 ਜੂਨ
ਆਸਟਰੇਲੀਆ ਨੇ ਪਹਿਲੀ ਪਾਰੀ ‘ਚ 469 ਦੌੜਾਂ ਬਣਾਉਣ ਮਗਰੋਂ ਭਾਰਤ ਦੇ ਪੰਜ ਬੱਲੇਬਾਜ਼ਾਂ ਨੂੰ ਜਲਦੀ ਹੀ ਆਊਟ ਕਰਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਫਾਈਨਲ ਦੇ ਦੂਜੇ ਦਿਨ ਅੱਜ ਇੱਥੇ ਚਾਹ ਦੇ ਸਮੇਂ ਤੱਕ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ।
ਆਸਟਰੇਲੀਆ ਨੇ ਆਪਣੇ ਕੁੱਲ ਦੇ ਸਕੋਰ ‘ਚ 142 ਦੌੜਾਂ ਹੋਰ ਜੋੜ ਕੇ ਬਾਕੀ ਬਚੀਆਂ ਸੱਤ ਵਿਕਟਾਂ ਗੁਆਈਆਂ। ਮੁਹੰਮਦ ਸਿਰਾਜ ਭਾਰਤ ਵੱਲੋਂ ਸਭ ਤੋਂ ਕਾਮਯਾਬ ਗੇਂਦਬਾਜ਼ ਰਿਹਾ ਜਿਸ ਨੇ 108 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ। ਸ਼ਰਦੁਲ ਠਾਕੁਰ ਤੇ ਮੁਹੰਮਦ ਸ਼ਮੀ ਨੇ ਵੀ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਆਸਟਰੇਲੀਆ ਵੱਲੋਂ ਟਰੈਵਿਸ ਹੈੱਡ ਨੇ 163 ਜਦਕਿ ਸਮਿੱਥ ਨੇ 121 ਦੌੜਾਂ ਦੀ ਪਾਰੀ ਖੇਡੀ।
ਭਾਰਤ ਨੇ ਚਾਹ ਦੇ ਸਮੇਂ ਤੋਂ ਪਹਿਲਾਂ 10 ਓਵਰਾਂ ਿਵੱਚ ਕਪਤਾਨ ਰੋਹਿਤ ਸ਼ਰਮਾ (15) ਅਤੇ ਸ਼ੁਭਮਨ ਗਿੱਲ (13) ਦੀਆਂ ਵਿਕਟਾਂ ਗੁਆ ਕੇ 37 ਦੌੜਾਂ ਬਣਾਈਆਂ। ਚਾਹ ਦੇ ਸਮੇਂ ਤੱਕ ਵਿਰਾਟ ਕੋਹਲੀ ਚਾਰ ਜਦਕਿ ਚੇਤੇਸ਼ਵਰ ਪੁਜਾਰਾ ਤਿੰਨ ਦੌੜਾਂ ਬਣਾ ਕੇ ਖੇਡ ਰਹੇ ਸਨ। ਚਾਹ ਦੇ ਸਮੇਂ ਮਗਰੋਂ ਖੇਡ ਮੁੜ ਸ਼ੁਰੂ ਹੋਣ ਉਤੇ ਵਿਰਾਟ ਕੋਹਲੀ (14) ਅਤੇ ਚੇਤੇਸ਼ਵਰ ਪੁਜਾਰਾ (14) ਵੀ ਜਲਦੀ ਆਊਟ ਹੋ ਗਏ। ਇਸ ਮਗਰੋਂ ਰਵਿੰਦਰ ਜਡੇਜਾ 48 ਦੌੜਾਂ ਬਣਾ ਕੇ ਆਊਟ ਹੋ ਗਿਆ। -ਪੀਟੀਆਈ