For the best experience, open
https://m.punjabitribuneonline.com
on your mobile browser.
Advertisement

ਗ਼ਲਤ ਬੰਦਾ

08:41 AM Feb 22, 2024 IST
ਗ਼ਲਤ ਬੰਦਾ
Advertisement

ਰਾਜੇਸ਼ ਰਿਖੀ ਪੰਜਗਰਾਈਆਂ

Advertisement

ਸੁਰਜੀਤ ਸ਼ੁਰੂ ਤੋਂ ਹੀ ਮਿਹਨਤੀ ਨੌਜਵਾਨ ਸੀ। ਉਹ ਪੜ੍ਹਾਈ ਦੇ ਨਾਲ ਨਾਲ ਹੀ ਕੰਮ ਕਰਨ ਲੱਗ ਪਿਆ, ਭਾਵੇਂ ਉਸ ਦੇ ਪਿਤਾ ਜੀ ਉਸ ਦੀ ਇਸ ਆਦਤ ’ਤੇ ਨਾਰਾਜ਼ ਵੀ ਹੋਏ ਕਿ ਉਹ ਆਪਣੀ ਪੜ੍ਹਾਈ ਵੱਲ ਧਿਆਨ ਦੇਵੇ, ਹੁਣੇ ਕੰਮ ਕਰਨ ਦੀ ਕੀ ਲੋੜ ਹੈ। ਫਿਰ ਵੀ ਸੁਰਜੀਤ ਪੜ੍ਹਾਈ ਦੌਰਾਨ ਨਾਲ ਨਾਲ ਪ੍ਰਾਈਵੇਟ ਨੌਕਰੀ ਕਰਦਾ ਰਿਹਾ। ਇਸ ਤਰ੍ਹਾਂ ਉਸ ਨੇ ਆਪਣੀ ਗਰੈਜੂਏਸ਼ਨ ਪਾਸ ਕਰ ਲਈ ਅਤੇ ਇੰਜੀਨੀਅਰਿੰਗ ਦਾ ਡਿਪਲੋਮਾ ਕਰ ਲਿਆ। ਇੱਕ ਪ੍ਰਾਈਵੇਟ ਫੈਕਟਰੀ ਵਿੱਚ ਨੌਕਰੀ ਕਰਨ ਲੱਗਿਆ। ਇੱਥੇ ਵੀ ਉਸ ਨੇ ਪੜ੍ਹਾਈ ਜਾਰੀ ਰੱਖੀ ਤੇ ਪਹਿਲੀ ਐਮ.ਏ. ਹਿੰਦੀ ਵਿਸ਼ੇ ਵਿੱਚ ਕੀਤੀ। ਇਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਤੋਂ ਇਤਿਹਾਸ ਵਿੱਚ ਐਮ.ਏ, ਫਿਰ ਪੱਤਰਕਾਰੀ ਅਤੇ ਜਨ ਸੰਚਾਰ ਵਿੱਚ ਐਮ.ਏ. ਅਤੇ ਫਿਰ ਰਾਜਨੀਤੀ ਸਾਸ਼ਤਰ ਵਿੱਚ ਐਮ.ਏ. ਕੀਤੀ। ਇਸ ਦੇ ਨਾਲ ਉਹ ਬੀ.ਐੱਡ. ਵੀ ਕਰ ਗਿਆ। ਫੈਕਟਰੀ ਵਿੱਚ ਉਸ ਨੇ ਹਮੇਸ਼ਾ ਸਮੇਂ ਸਿਰ ਡਿਊਟੀ ਜਾਣਾ ਅਤੇ ਆਪਣੇ ਫ਼ਰਜ਼ਾਂ ਤੋਂ ਵੱਧ ਕੰਮ ਕਰਨਾ। ਮਾਲਕਾਂ ਨਾਲ ਵਫ਼ਾਦਾਰੀ ਤੇ ਕੰਮ ਨਾਲ ਪਿਆਰ ਉਸ ਦਾ ਪਹਿਲਾ ਅਸੂਲ ਸੀ ਜਿਸ ਕਰਕੇ ਮਿਹਨਤੀ ਤੇ ਕੰਮ ਦੀ ਕਦਰ ਕਰਨ ਵਾਲਿਆਂ ਦੀ ਨਜ਼ਰ ਵਿੱਚ ਸੁਰਜੀਤ ਨੂੰ ਬਾਕੀ ਸਟਾਫ਼ ਨਾਲੋਂ ਵੱਖਰਾ ਪਿਆਰ ਤੇ ਸਤਿਕਾਰ ਮਿਲਦਾ। ਮਾਲਕਾਂ ਤੋਂ ਨਜ਼ਰ ਬਚਾ ਕੇ ਟੋਪੀ ਪਾਉਣ, ਲੇਟ ਆਉਣ ਤੇ ਅਣਸਰਦੇ ਨੂੰ ਹੀ ਕੰਮ ਕਰਨ ਵਾਲਿਆਂ ਨੂੰ ਸੁਰਜੀਤ ਨੂੰ ਮਿਲਦਾ ਸਤਿਕਾਰ ਬਰਦਾਸ਼ਤ ਨਾ ਹੁੰਦਾ। ਉਹ ਇਸੇ ਕਰਕੇ ਸੁਰਜੀਤ ਤੋਂ ਖਾਰ ਖਾਂਦੇ ਕਿ ਮਾਲਕ ਅਤੇ ਉੱਚੇ ਅਹੁਦਿਆਂ ਵਾਲੇ ਸਾਰੇ ਸੁਰਜੀਤ ਦੀ ਮਿਸਾਲ ਅਤੇ ਉਸ ਨੂੰ ਸਤਿਕਾਰ ਦਿੰਦੇ ਹਨ। ਇਹ ਕੋਈ ਮੰਨਣ ਨੂੰ ਤਿਆਰ ਨਾ ਹੁੰਦਾ ਕਿ ਸੁਰਜੀਤ ਨੂੰ ਜੋ ਮਿਲ ਰਿਹਾ ਹੈ ਉਹ ਇਸ ਦੇ ਯੋਗ ਹੈ, ਉਸ ਵੱਲੋਂ ਕੀਤੀ ਜਾ ਰਹੀ ਮਿਹਨਤ ਸਦਕਾ ਹੈ ਅਤੇ ਅਜਿਹੀ ਮਿਹਨਤ ਕਰ ਕੇ ਹਰ ਕੋਈ ਇਹ ਇੱਜ਼ਤ ਹਾਸਲ ਕਰ ਸਕਦਾ ਹੈ।
ਫੈਕਟਰੀ ਵਿੱਚ ਕੁਝ ਸਾਲ ਕੰਮ ਕਰਨ ਉਪਰੰਤ ਸੁਰਜੀਤ ਨਾਲ ਲੱਗਦੇ ਪਿੰਡ ਮਨਾਲ ਵਿਖੇ ਸਕੂਲ ਵਿੱਚ ਬਤੌਰ ਅਧਿਆਪਕ ਭਰਤੀ ਹੋ ਗਿਆ। ਇੱਥੇ ਸ਼ੁਰੂ ਦੇ ਦਿਨਾਂ ਵਿੱਚ ਨੌਕਰੀ ਠੇਕੇ ’ਤੇ ਹੋਣ ਕਰਕੇ ਉਸ ਦੀ ਤਨਖ਼ਾਹ ਭਾਵੇਂ ਘੱਟ ਸੀ ਪਰ ਉਸ ਨੇ ਕਦੇ ਤਨਖ਼ਾਹ ਵੇਖ ਕੇ ਕੰਮ ਨਹੀਂ ਕੀਤਾ। ਉਹ ਬੱਚਿਆਂ ਤੇ ਸਕੂਲ ਲਈ ਦਿਨ ਰਾਤ ਮਿਹਨਤ ਕਰਦਾ ਰਿਹਾ। ਪੜ੍ਹਾਈ ਦੇ ਨਾਲ ਨਾਲ ਸਕੂਲ ਦੇ ਬਾਕੀ ਕੰਮ ਮਿਡ ਡੇਅ ਮੀਲ, ਸਕੂਲ ਦੀ ਡਾਕ ਅਤੇ ਵਿਕਾਸ ਕਾਰਜਾਂ ਵਿੱਚ ਸੁਰਜੀਤ ਦੀ ਸੌ ਫ਼ੀਸਦੀ ਭਾਗੀਦਾਰੀ ਹੁੰਦੀ। ਉਹ ਦੂਰ-ਦੁਰਾਡੇ ਤੱਕ ਬੱਚਿਆਂ ਨੂੰ ਵਿੱਦਿਅਕ ਮੁਕਾਬਲਿਆਂ ਤੇ ਖੇਡਾਂ ਵਿੱਚ ਲੈ ਕੇ ਜਾਂਦਾ। ਚਾਰ ਪੰਜ ਸਾਲਾਂ ਵਿੱਚ ਹੀ ਸੁਰਜੀਤ ਦਾ ਸਕੂਲ ਸੂਬੇ ਭਰ ਵਿੱਚ ਚਮਕਣ ਲੱਗ ਪਿਆ। ਬੱਚੇ ਅਤੇ ਉਨ੍ਹਾਂ ਦੇ ਮਾਪੇ ਸੁਰਜੀਤ ਸੁਰਜੀਤ ਹੀ ਕਰਦੇ ਰਹਿੰਦੇ। ਸਕੂਲ ਦੀਆਂ ਸਾਰੀਆਂ ਮੁੱਢਲੀਆਂ ਲੋੜਾਂ ਉਸ ਨੇ ਪਿੰਡ ਦੇ ਲੋਕਾਂ ਤੋਂ ਦਾਨ ਵਿੱਚ ਪੈਸੇ ਤੇ ਚੀਜ਼ਾਂ ਲੈ ਕੇ ਪੂਰੀਆਂ ਕਰ ਦਿੱਤੀਆਂ। ਸਕੂਲ ਵਿੱਚ ਪੌਦੇ ਤੇ ਫੁੱਲ ਕਿਸੇ ਬਾਗ਼ ਦਾ ਭੁਲੇਖਾ ਪਾਉਂਦੇ ਸਨ। ਹਰ ਕੋਈ ਸੁਰਜੀਤ ਦੀ ਮਿਹਨਤ ਦਾ ਜ਼ਿਕਰ ਕਰਦਾ ਪਰ ਸਕੂਲ ਵਿੱਚ ਪਿਛਲੇ ਕਈ ਸਾਲਾਂ ਤੋਂ ਪੜ੍ਹਾ ਰਹੀਆਂ ਦੋ ਅਧਿਆਪਕਾਵਾਂ ਤੇ ਇੱਕ ਅਧਿਆਪਕ ਅਕਸਰ ਦੇਰ ਨਾਲ ਸਕੂਲ ਆਉਂਦੇ ਤੇ ਆ ਕੇ ਅਧਿਆਪਕਾਵਾਂ ਰਸੋਈ ਵਿੱਚ ਆਪਣੇ ਲਈ ਪਰੌਂਠੇ ਤਿਆਰ ਕਰਦੀਆਂ। ਫਿਰ ਉਹ ਖਾ ਕੇ ਤੇ ਚਾਹ ਪੀ ਕੇ ਜਮਾਤ ਵਿੱਚ ਜਾਂਦੀਆਂ। ਬੱਚਿਆਂ ਨੂੰ ਇੱਕ ਪਾਠ ਪੜ੍ਹਨ ਲਈ ਕਹਿ ਕੇ ਫਿਰ ਆਪਣੀ ਮਹਿਫ਼ਲ ਸਜਾ ਲੈਂਦੀਆਂ। ਅਧਿਆਪਕ ਸਹਬਿਾਨ ਚਾਹ ਬਣਨ ਤੱਕ ਅਖ਼ਬਾਰ ਦਾ ਚੰਗਾ ਅਪ੍ਰੇਸ਼ਨ ਕਰ ਛੱਡਦੇ ਅਤੇ ਚਾਹ ਪੀ ਕੇ ਆਪਣੀ ਕਬੀਲਦਾਰੀ ਦੇ ਰੋਣੇ ਰੋਣ ਵਿੱਚ ਹੀ ਅੱਧਾ ਦਿਨ ਲੰਘਾ ਛੱਡਦੇ। ਉਹ ਤਿੰਨੇ ਸੁਰਜੀਤ ਤੋਂ ਪ੍ਰੇਸ਼ਾਨ ਸਨ। ਉਨ੍ਹਾਂ ਦੀ ਪ੍ਰੇਸ਼ਾਨੀ ਦਾ ਕਾਰਨ ਇਹ ਸੀ ਕਿ ਜਿਹੜਾ ਆਉਂਦਾ ਸੁਰਜੀਤ ਦਾ ਨਾਮ ਲੈਂਦਾ। ਉਹ ਸੋਚਦੇ ਕਿ ਅਸੀਂ ਇੱਥੇ ਸਾਲਾਂ ਤੋਂ ਪੜ੍ਹਾ ਰਹੇ ਹਾਂ, ਸਾਨੂੰ ਕੋਈ ਪੁੱਛਦਾ ਹੀ ਨਹੀਂ। ਸੁਰਜੀਤ ਸਭ ਮਹਿਸੂਸ ਤਾਂ ਕਰਦਾ ਪਰ ਉਹ ਆਪਣੇ ਕੰਮ ਵਿੱਚ ਮਸਤ ਰਹਿੰਦਾ।
ਇਸੇ ਤਰ੍ਹਾਂ ਦੋ ਸਾਲ ਹੋਰ ਬੀਤ ਗਏ। ਸਮੇਂ ਦੀਆਂ ਮਾੜੀਆਂ ਸਰਕਾਰਾਂ ਨੇ ਸੁਰਜੀਤ ਅਤੇ ਉਸ ਦੇ ਸਾਥੀਆਂ ਨੂੰ ਰੈਗੂਲਰ ਨਾ ਕੀਤਾ। ਸਾਰੇ ਕੱਚੇ ਅਧਿਆਪਕ ਊਠ ਦਾ ਬੁੱਲ੍ਹ ਡਿੱਗਣ ਦੀ ਉਡੀਕ ਕਰਦੇ ਰਹੇ। ਕਹਿੰਦੇ ਹਨ ਕਿ ਦਿਲੋਂ ਮਿਹਨਤ ਕਰਨ ਵਾਲਿਆਂ ਦੀ ਜ਼ਰੂਰ ਸੁਣੀ ਜਾਂਦੀ ਹੈ। ਬਿਜਲੀ ਬੋਰਡ ਵਿੱਚ ਨਿਕਲੀਆਂ ਨਿਯਮਤ ਅਸਾਮੀਆਂ ਲਈ ਸੁਰਜੀਤ ਨੇ ਇਮਤਿਹਾਨ ਦਿੱਤਾ ਸੀ। ਉਹ ਉਸ ਵਿੱਚ ਕਾਮਯਾਬ ਹੋ ਗਿਆ ਅਤੇ ਹੁਣ ਉਹ ਜੂਨੀਅਰ ਇੰਜਨੀਅਰ ਦੀ ਨਿਯਮਤ ਅਸਾਮੀ ’ਤੇ ਜਾਇੰਨ ਕਰ ਗਿਆ ਅਤੇ ਆਪਣੇ ਪਿੰਡ ਪੰਜਗਰਾਈਆਂ ਦੇ ਨੇੜੇ ਹੀ ਪਿੰਡ ਮਾਣਕੀ ਵਿਖੇ ਉਸ ਦੀ ਡਿਊਟੀ ਹੋ ਗਈ। ਸੁਰਜੀਤ ਨੇ ਅਣਚਾਹੇ ਮਨ ਨਾਲ ਸਿੱਖਿਆ ਵਿਭਾਗ ਛੱਡਿਆ ਕਿਉਂਕਿ ਸਥਾਈ ਰੁਜ਼ਗਾਰ ਅਤੇ ਬੱਚੇ ਪਾਲਣ ਜੋਗੀ ਤਨਖ਼ਾਹ ਸਭ ਲਈ ਜ਼ਰੂਰੀ ਹੈ, ਉਸ ਲਈ ਵੀ ਸੀ। ਉਸ ਦੇ ਸਕੂਲ ਛੱਡਣ ਮਗਰੋਂ ਵੀ ਬੱਚਿਆਂ ਦੇ ਮਾਪੇ ਸਕੂਲ ਜਾਂਦੇ ਤਾਂ ਉਸ ਦਾ ਜ਼ਿਕਰ ਜ਼ਰੂਰ ਕਰਦੇ। ਇਹ ਜ਼ਿਕਰ ਵੀ ਕਈ ਅਧਿਆਪਕਾਂ ਨੂੰ ਸੂਲ ਵਾਂਗ ਚੁਭਦਾ। ਉਹ ਇਹ ਗੱਲ ਚਾਹ ਕੇ ਵੀ ਮੰਨਣ ਨੂੰ ਤਿਆਰ ਨਹੀਂ ਸਨ ਕਿ ਸੁਰਜੀਤ ਨੇ ਆਪਣੀ ਤਨਖ਼ਾਹ ਨਾਲੋਂ ਚੌਗੁਣਾ ਕੰਮ ਕੀਤਾ, ਸਕੂਲ ਦੀ ਨੁਹਾਰ ਬਦਲ ਦਿੱਤੀ ਅਤੇ ਉਸ ਨੇ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ। ਉਸ ਨੇ ਸਹਿਕਰਮੀਆਂ ਦੇ ਅਨੇਕਾਂ ਨਿੱਜੀ ਕੰਮਾਂ ਵਿੱਚ ਵੀ ਮਦਦ ਕੀਤੀ। ਫਿਰ ਵੀ ਉਹ ਨਫ਼ਰਤ ਵਿੱਚ ਅੰਨ੍ਹੇ ਹੋ ਇਹ ਸਭ ਅੱਖੋਂ-ਪਰੋਖੇ ਕਰ ਕੇ ਉਸ ਦੀ ਤਾਰੀਫ਼ ਵਿੱਚ ਕੁਝ ਸੁਣਨ ਨੂੰ ਤਿਆਰ ਨਹੀਂ ਸਨ।
ਆਪਣੇ ਨਵੇਂ ਵਿਭਾਗ ਵਿੱਚ ਪਹਿਲੇ ਇੱਕ ਦੋ ਸਾਲਾਂ ਵਿੱਚ ਹੀ ਸੁਰਜੀਤ ਦੀ ਮੌਜੂਦਗੀ ਉਸ ਦੇ ਕੰਮ ਰਾਹੀਂ ਬੋਲਣ ਲੱਗ ਪਈ ਸੀ। ਉਹ ਇੱਕ ਚੰਗੇ ਅਧਿਆਪਕ ਵਾਂਗ ਹੀ ਸਮੇਂ ਤੋਂ ਪਹਿਲਾਂ ਡਿਊਟੀ ’ਤੇ ਜਾਂਦਾ ਤੇ ਪੂਰੇ ਸਮੇਂ ਤੋਂ ਬਾਅਦ ਆਉਂਦਾ। ਡਿਊਟੀ ’ਤੇ ਆਪਣੇ ਫਰਜ਼ ਨਾਲੋਂ ਵਧ ਕੇ ਕੰਮ ਕਰਦਾ। ਆਪਣੇ ਦਫ਼ਤਰ ਵਿੱਚ ਉਸ ਨੇ ਸੈਂਕੜੇ ਦਰੱਖਤ ਲਗਾਏ ਅਤੇ ਪਾਲੇ, ਸਾਲਾਂ ਤੋਂ ਬੇਜ਼ਾਨ ਹੋਏ ਪਏ ਦਫ਼ਤਰ ਨੂੰ ਰੰਗ ਰੋਗਨ, ਚਾਰਦੀਵਾਰੀ ਤੇ ਉਸਾਰੀ ਸਮੇਤ ਕਈ ਕੰਮ ਗ੍ਰਾਮ ਪੰਚਾਇਤ ਅਤੇ ਦਾਨੀਆਂ ਦੇ ਸਹਿਯੋਗ ਨਾਲ ਕਰਵਾਏ। ਪਹਿਲੇ ਦੋ ਤਿੰਨ ਸਾਲਾਂ ਵਿੱਚ ਹੀ ਪਿੰਡ ਅਤੇ ਮਹਿਕਮੇ ਦੇ ਚੰਗੀ ਸੋਚ ਵਾਲੇ ਮੁਲਾਜ਼ਮਾਂ ਵਿੱਚ ਉਸ ਦੀ ਮਿਹਨਤ ਦੀਆਂ ਗੱਲਾਂ ਹੋਈਆਂ। ਇਹ ਗੱਲਾਂ ਵੀ ਕਈ ਲੋਕਾਂ ਤੋਂ ਬਰਦਾਸ਼ਤ ਨਹੀਂ ਹੋਈਆਂ। ਅੱਜ ਸੁਰਜੀਤ ਦਫ਼ਤਰ ਆਇਆ ਤਾਂ ਬਾਹਰ ਡੇਕਾਂ ਥੱਲੇ ਬੈਠੇ ਦਰਜਾ ਚਾਰ ਗਰਜਾ ਸਿੰਘ ਨੇ ਨਾਲ ਬੈਠੇ ਡਰਾਈਵਰ ਮੇਹਰ ਸਿੰਘ ਨੂੰ ਕਿਹਾ, ‘‘ਯਾਰ, ਬੰਦਾ ਤਾਂ ਮਿਹਨਤੀ ਹੈ, ਕਦੇ ਲੇਟ ਨਹੀਂ ਆਉਂਦਾ ਅਤੇ ਆਪਣੀ ਡਿਊਟੀ ਤੋਂ ਹਟ ਕੇ ਵਾਧੂ ਕੰਮ ਵੀ ਕਰਦਾ ਰਹਿੰਦਾ ਹੈ। ਜਦੋਂ ਦਾ ਮਹਿਕਮੇ ਵਿੱਚ ਆਇਆ ਹੈ ਦਫ਼ਤਰ ਦੀ ਤਸਵੀਰ ਬਦਲ ਦਿੱਤੀ। ਜਿੱਥੇ ਕਹਿੰਦੇ ਸੀ ਲੋਕ ਦੁੱਕੀ ਨਹੀਂ ਦਿੰਦੇ ਉੱਥੇ ਇਸ ਨੇ ਏ.ਸੀ. ਵੀ ਦਾਨ ਵਿੱਚ ਲੈ ਲਏ। ਸੱਚੀ ਵੱਖਰਾ ਹੈ ਇਹਦੇ ਵਿੱਚ ਕੁਝ।’’ ਗਰਜਾ ਸਿੰਘ ਦੇ ਇਹ ਸ਼ਬਦ ਜਿਵੇਂ ਮੇਹਰ ਸਿੰਘ ਦੇ ਤੀਰ ਵਾਂਗ ਲੱਗੇ ਹੋਣ। ਉਹ ਬੋਲਿਆ, ‘‘ਉਹ ਕਾਹਦਾ ਯਾਰ! ਇਹ ਤਾਂ ਅਜੇ ਵੀ ਮਾਸਟਰਾਂ ਵਾਂਗ ਡਿਊਟੀ ਕਰਦੈ। ਆਪਣੇ ਮਹਿਕਮੇ ਵਿੱਚ ਤਾਂ ਹਫ਼ਤੇ ਵਿੱਚ ਦੋ ਦਿਨ ਆ ਕੇ ਵੀ ਚੱਲਦਾ ਹੈ ਜਦੋਂ ਇਹਦੇ ਵਰਗੇ ਦਿਨ ਰਾਤ ਲੱਗੇ ਰਹਿੰਦੇ ਹਨ ਤਾਂ ਕਦੇ ਕਦੇ ਆਉਣ ਵਾਲਿਆਂ ਨੂੰ ਵੀ ਔਖਾ ਹੋ ਜਾਂਦਾ ਹੈ। ਨਾਲੇ ਇੱਥੇ ਜਿੰਨਾ ਮਰਜ਼ੀ ਕਰ ਲਓ, ਇਹਨੂੰ ਕਿਹੜਾ ਵੱਧ ਤਨਖ਼ਾਹ ਮਿਲਜੂ? ਪੈਸੇ ਤਾਂ ਇਹਨੂੰ ਵੀ ਬਾਕੀਆਂ ਜਿੰਨੇ ਹੀ ਮਿਲਦੇ ਨੇ।’’ ‘‘ਸਾਰੀ ਗੱਲ ਪੈਸਿਆਂ ਦੀ ਨਹੀਂ ਹੁੰਦੀ ਮੇਹਰ ਸਿੰਹਾਂ। ਗੱਲ ਹੱਕ ਦੀ ਕਮਾਈ, ਸੱਚੀ ਕਿਰਤ ਦੀ ਵੀ ਹੁੰਦੀ ਹੈ। ਕੁਝ ਵੀ ਹੋਵੇ ਬੰਦੇ ਵਿੱਚ ਗੁਣ ਹੈਗੇ ਨੇ। ਕੋਈ ਕੰਮ ਦੇ ਦਿਓ ਸਭ ਦਾ ਹੱਲ ਹੈ ਇਹਦੇ ਕੋਲ।’’
ਦਫ਼ਤਰ ਮੂਹਰਦੀ ਲੰਘਣ ਲੱਗਿਆ ਵਰਿੰਦਰ ਸਿੰਘ ਸੁਰਜੀਤ ਕੋਲ ਆ ਖੜ੍ਹਾ ਅਤੇ ਝੁੱਗੀਆਂ ਝੋਂਪੜੀਆਂ ਬਾਰੇ ਗੱਲ ਕਰਨ ਲੱਗਿਆ ਕਿਉਂਕਿ ਸੁਰਜੀਤ ਅਕਸਰ ਇਨ੍ਹਾਂ ਲੋਕਾਂ ਦੀ ਮਦਦ ਲਈ ਵੀ ਕੰਮ ਕਰਦਾ ਅਤੇ ਚੰਗੀ ਸੋਚ ਵਾਲੇ ਸਾਥੀ ਕਰਮਚਾਰੀਆਂ ਨੂੰ ਵੀ ਉਤਸ਼ਾਹਿਤ ਕਰਦਾ। ਵਰਿੰਦਰ ਸਿੰਘ ਵੀ ਉਸ ਦੇ ਕਹਿਣ ’ਤੇ ਆਏ ਸਾਲ ਆਪਣੇ ਪੁੱਤਰ ਦੇ ਜਨਮ ਦਿਨ ’ਤੇ ਝੁੱਗੀ ਝੋਂਪੜੀਆਂ ਵਿੱਚ ਜਾ ਕੇ ਦਾਨ ਕਰਦਾ। ਵਰਿੰਦਰ ਨਾਲ ਗੱਲ ਖ਼ਤਮ ਕਰ ਕੇ ਉਹ ਲੇਖਾ ਸ਼ਾਖਾ ਵਿੱਚ ਚਲਾ ਗਿਆ ਅਤੇ ਉਸ ਨੇ ਕਲਰਕ ਮੈਡਮ ਰਮਨ ਕੁਮਾਰੀ ਨੂੰ ਆਪਣਾ ਕੰਮ ਦੱਸਿਆ। ਸੁਰਜੀਤ ਬਹੁਤੀ ਵਾਰ ਮੈਡਮ ਸ਼ੀਲਾ ਕੁਮਾਰੀ ਨਾਲ ਵੀ ਉਸ ਦੇ ਕੰਮ ਵਿੱਚ ਮਦਦ ਕਰ ਦਿੰਦਾ। ਭਾਵੇਂ ਉਸ ਦਾ ਕੰਮ ਹੁੰਦਾ ਵੀ ਨਾ ਤਾਂ ਵੀ ਹਰ ਕਿਸੇ ਦੀ ਮਦਦ ਕਰ ਦਿੰਦਾ। ਉਸ ਦਾ ਇਹੀ ਕਹਿਣਾ ਹੁੰਦਾ ਕਿ ਕੋਈ ਕੰਮ ਉਸੇ ਨੂੰ ਕਹੂ ਜਿਸ ਨੂੰ ਉਸ ਦੇ ਕਾਬਿਲ ਸਮਝਦਾ ਹੋਵੇਗਾ। ਆਪਣਾ ਕੰਮ ਕਰਵਾ ਕੇ ਸੁਰਜੀਤ ਨੇ ਅਜੇ ਪਿੱਠ ਘੁਮਾਈ ਹੀ ਸੀ ਕਿ ਉੱਥੇ ਬੈਠਾ ਦੂਸਰਾ ਕਲਰਕ ਰਮਨਦੀਪ ਸਿੰਘ ਬੋਲਿਆ, ‘‘ਮੈਡਮ, ਇਹਨੂੰ ਘੱਟ ਹੀ ਮੂੰਹ ਲਾਇਓ, ਇਹ ਬਹੁਤਾ ਠੀਕ ਨਹੀਂ, ਗ਼ਲਤ ਬੰਦਾ ਹੈ।’’
ਰਮਨਦੀਪ ਸਿੰਘ ਆਪ ਇਸ਼ਕ ਮਜਾਜੀ ਦਾ ਸ਼ੌਕ ਰੱਖਣ ਕਾਰਨ ਪੂਰੇ ਮਹਿਕਮੇ ਵਿੱਚ ਮਸ਼ਹੂਰ ਸੀ ਅਤੇ ਦਫ਼ਤਰੀ ਕੰਮਾਂ ਬਦਲੇ ਲੋਕਾਂ ਦੀਆਂ ਜੇਬਾਂ ਵੱਲ ਝਾਕਣਾ ਉਸ ਦੀ ਆਦਤ ਸੀ। ਆਪਣੇ ਆਪ ਨੂੰ ਸਾਰੇ ਦਫ਼ਤਰ ਦਾ ਰੱਬ ਸਮਝਣ ਵਾਲਾ ਰਮਨਦੀਪ ਇਸ ਗੱਲ ਤੋਂ ਕਾਫ਼ੀ ਖਫ਼ਾ ਸੀ ਕਿ ਸੁਰਜੀਤ ਨੇ ਕਦੇ ਆਪਣੇ ਕਿਸੇ ਕੰਮ ਦਾ ਚਾਹ ਪਾਣੀ ਨਹੀਂ ਕੀਤਾ ਤੇ ਨਾ ਹੀ ਹੋਰ ਮੁਲਾਜ਼ਮਾਂ ਨੂੰ ਕਰਨ ਦਿੰਦਾ ਸੀ। ਆਪਣੇ ਸਾਥੀਆਂ ਨਾਲ ਹਰ ਸ਼ਾਮ ਨੂੰ ਕਰਾਰੀ ਬਣਾਉਣ ਵਾਲਾ ਰਮਨਦੀਪ ਇਹ ਚਾਹੁੰਦਾ ਸੀ ਕਿ ਦਫ਼ਤਰ ਵਿੱਚ ਉਸ ਦੀ ਮਰਜ਼ੀ ਬਿਨਾਂ ਪੱਤਾ ਵੀ ਨਾ ਹਿੱਲੇ। ਸੁਰਜੀਤ ਦੀ ਯੋਗਤਾ, ਹੁਨਰ ਅਤੇ ਕਾਬਲੀਅਤ ਉਸ ਨੂੰ ਹਮੇਸ਼ਾ ਚੁੱਭਦੀ ਰਹਿੰਦੀ। ਸੁਰਜੀਤ ਨੇ ਉਸ ਦਾ ਤਾਂ ਕੀ, ਕਿਸੇ ਦਾ ਵੀ ਕਦੇ ਨਾ ਮਾੜਾ ਕੀਤਾ ਨਾ ਮਾੜਾ ਬੋਲਿਆ। ਫਿਰ ਵੀ ਅਜਿਹੇ ਲੋਕ ਉਸ ਨੂੰ ਦੇਖਣਾ ਵੀ ਪਸੰਦ ਨਹੀਂ ਕਰਦੇ ਸਨ। ਉੱਪਰੋਂ ਉੱਪਰੋਂ ਉਸ ਨਾਲ ਮਿੱਠੇ ਰਹਿੰਦੇ ਤੇ ਪਿੱਠ ਘੁਮਾਉਂਦਿਆਂ ਹੀ ਜੜ੍ਹਾਂ ਕੁਤਰਨ ਲੱਗ ਜਾਂਦੇ।
ਸਾਥੀ ਕਲਰਕ ਵੱਲੋਂ ਮੈਡਮ ਸ਼ੀਲਾ ਕੁਮਾਰੀ ਨੂੰ ਕਹੇ ਸ਼ਬਦਾਂ ਨੂੰ ਸੁਣ ਕੇ ਸੁਪਰਡੈਂਟ ਗੁਰਬਾਜ਼ ਸਿੰਘ ਬੋਲਿਆ, ‘‘ਗ਼ਲਤ ਬੰਦਾ! ਹਾਂ ਬੰਦਾ ਤਾਂ ਸੱਚੀਂ ਗ਼ਲਤ ਹੀ ਹੈ। ਰੋਜ਼ ਸਮੇਂ ਸਿਰ ਡਿਊਟੀ ਆਉਂਦਾ ਹੈ। ਆਪਣਾ ਸਾਰਾ ਕੰਮ ਤਾਂ ਪੂਰਾ ਕਰਦਾ ਹੀ ਹੈ, ਬਾਕੀ ਵਾਧੂ ਕੰਮ ਵੀ ਸਾਰੇ ਕਰ ਜਾਂਦਾ ਹੈ। ਖੰਡਰ ਬਣ ਰਹੇ ਆਪਣੇ ਦਫ਼ਤਰ ਨੂੰ ਕੋਲੋਂ ਅਤੇ ਲੋਕਾਂ ਤੋਂ ਪੈਸੇ ਲੈ ਕੇ ਵੇਖਣਯੋਗ ਬਣਾ ਦਿੱਤਾ। ਇਮਾਨਦਾਰ ਪੂਰਾ ਹੈ। ਸੱਚ ਬਹੁਤਾ ਬੋਲ ਜਾਂਦਾ ਹੈ। ਕਹਿਣ ਵਾਲੀ ਗੱਲ ਕਹਿ ਜਾਂਦਾ ਹੈ। ਗ਼ਲਤ ਹੁੰਦਾ ਸਹਿੰਦਾ ਨਹੀਂ। ਰਿਸ਼ਵਤਖ਼ੋਰੀ ਖਿਲਾਫ਼ ਬੋਲਦਾ, ਲਿਖਦਾ ਹੈ। ਆਪਣੇ ਅਹੁਦੇ ਨਾਲੋਂ ਵੱਧ ਪੜ੍ਹਾਈ ਕਰੀ ਫਿਰਦਾ ਹੈ। ਹਾਂ, ਬੰਦਾ ਤਾਂ ਗ਼ਲਤ ਹੀ ਹੈ। ਕਦੇ ਸਾਥੀ ਕਰਮਚਾਰਨਾਂ ਵੱਲ ਗ਼ਲਤ ਨਜ਼ਰ ਨਾਲ ਨਹੀਂ ਵੇਖਦਾ। ਦਰੱਖਤਾਂ, ਪੰਛੀਆਂ, ਪਸ਼ੂਆਂ ਤੇ ਦੱਬੇ ਕੁਚਲੇ ਲੋਕਾਂ ਦੀ ਸੇਵਾ ਕਰਦਾ ਫਿਰਦਾ ਹੈ। ਫਰਲੋ ਦਸਤੂਰ ਵਿੱਚ ਹਿੱਸੇਦਾਰ ਨਹੀਂ ਬਣਿਆ। ਬੰਦਾ ਤਾਂ ਗ਼ਲਤ ਹੀ ਹੈ। ਇਹੋ ਜਿਹੇ ਬੰਦੇ ਗ਼ਲਤ ਹੀ ਹੁੰਦੇ ਹਨ ਕਿਉਂਕਿ ਸਾਡੇ ਮਹਿਕਮਿਆਂ ਵਿੱਚ ‘ਸਹੀ’ ਬੰਦਿਆਂ ਦੀ ਭੀੜ ਹੈ। ਫਿਰ ਇਹੋ ਜਿਹੇ ਬੰਦੇ ਗ਼ਲਤ ਹੀ ਹੋਏ।’’ ਇਹ ਕਹਿੰਦਾ ਕਹਿੰਦਾ ਸੁਪਰਡੈਂਟ ਬਾਹਰ ਨਿਕਲ ਗਿਆ।
ਸੰਪਰਕ: 94644-42300

Advertisement
Author Image

joginder kumar

View all posts

Advertisement
Advertisement
×