ਹਰਿਆਣਾ ’ਚ ਪੀਟੀਆਈਜ਼ ਦੀ ਚੋਣ ਲਈ ਲਿਖਤੀ ਪ੍ਰੀਖਿਆ 23 ਨੂੰ
ਚੰਡੀਗੜ੍ਹ, 20 ਅਗਸਤ
ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ ਫਿਜ਼ੀਕਲ ਟਰੇਨਿੰਗ ਇੰਸਟਰੱਕਟਰਜ਼ (ਪੀਟੀਆਈਜ਼) ਦੀ ਭਰਤੀ ਲਈ 2006 ’ਚ ਸ਼ੁਰੂ ਕੀਤੀ ਗਈ ਚੋਣ ਪ੍ਰਕਿਰਿਆ ਨੂੰ ਮੁਕੰਮਲ ਕਰਨ ਵਾਸਤੇ 23 ਅਗਸਤ ਨੂੰ ਲਿਖਤੀ ਪ੍ਰੀਖਿਆ ਲਵੇਗਾ। ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਇਹ ਫ਼ੈਸਲਾ ਲਿਆ ਗਿਆ ਹੈ। ਇਹ ਪ੍ਰੀਖਿਆ ਹਰਿਆਣਾ ਦੇ ਪੰਜ ਜ਼ਿਲ੍ਹਿਆਂ ਕੁਰੂਕਸ਼ੇਤਰ, ਕਰਨਾਲ, ਪਾਣੀਪਤ, ਕੈਥਲ ਅਤੇ ਹਿਸਾਰ ’ਚ ਲਈ ਜਾਵੇਗੀ। ਕਰੋਨਾ ਮਹਾਮਾਰੀ ਦਰਮਿਆਨ ਸੂਬੇ ’ਚ ਇਹ ਪਹਿਲੀ ਲਿਖਤੀ ਪ੍ਰੀਖਿਆ ਹੋਵੇਗੀ। ਪ੍ਰੀਖਿਆ ਕੇਂਦਰਾਂ ਨੂੰ ਪੂਰੀ ਤਰ੍ਹਾਂ ਨਾਲ ਸੈਨੇਟਾਈਜ਼ ਕਰਨ ਦੇ ਪ੍ਰਬੰਧ ਕੀਤੇ ਗਏ ਹਨ। ਸਮਾਜਿਕ ਦੂਰੀ ਦੇ ਨੇਮਾਂ ਦਾ ਪਾਲਣ ਕਰਦਿਆਂ ਹਰ ਕਮਰੇ ’ਚ ਅੱਧੇ-ਅੱਧੇ ਉਮੀਦਵਾਰ ਬਿਠਾਏ ਜਾਣਗੇ। ਚਿਹਰੇ ’ਤੇ ਮਾਸਕ ਨਾ ਲਗਾਉਣ ਵਾਲੇ ਉਮੀਦਵਾਰਾਂ ਨੂੰ ਅੰਦਰ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸਰਕਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਪੰਜ ਜ਼ਿਲ੍ਹਿਆਂ ’ਚ 95 ਪ੍ਰੀਖਿਆ ਕੇਂਦਰਾਂ ’ਤੇ ਇਹ ਪ੍ਰੀਖਿਆ ਲਈ ਜਾਵੇਗੀ ਅਤੇ 9273 ਉਮੀਦਵਾਰਾਂ ਨੂੰ ਦਾਖ਼ਲਾ ਕਾਰਡ ਜਾਰੀ ਕੀਤੇ ਗਏ ਹਨ। ਇਨ੍ਹਾਂ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ 23 ਅਗਸਤ ਨੂੰ ਦਫ਼ਾ 144 ਲਾਗੂ ਕੀਤੀ ਜਾਵੇਗੀ। ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਹਰਿਆਣਾ ਦੇ ਸਕੂਲਾਂ ’ਚ 2010 ’ਚ ਭਰਤੀ ਕੀਤੇ ਗਏ 1983 ਪੀਟੀਆਈਜ਼ ਦੀਆਂ ਨਿਯੁਕਤੀਆਂ ਨੂੰ ਰੱਦ ਕਰਨ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਨੇ ਅਪਰੈਲ ’ਚ ਕਾਇਮ ਰੱਖਿਆ ਸੀ।
-ਪੀਟੀਆਈ