ਪੁਲੀਸ ਦੀ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਲਿਖਤੀ ਸਮਰਥਨ
ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 10 ਮਾਰਚ
ਇੱਥੋਂ ਦੀ ਅਹਿਮਦਗੜ੍ਹ ਸਪੋਰਟਸ ਐਂਡ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਗਾਂਧੀ ਸਕੂਲ ਵਿੱਚ ਫੁਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਅੱਜ ਐੱਸਐੱਸਪੀ ਮਾਲੇਰਕੋਟਲਾ ਹਰਕਮਲਪ੍ਰੀਤ ਸਿੰਘ ਖੱਖ ਮੁੱਖ ਮਹਿਮਾਨ ਵਜੋਂ ਪਹੁੰਚੇ, ਜਿਨ੍ਹਾਂ ਨੂੰ ਪ੍ਰਬੰਧਕਾਂ ਨੇ ਵੀਹ ਪੰਨਿਆਂ ਦੀ ਫਾਈਲ ਸੌਂਪੀ ਹੈ। ਇਸ ਫਾਈਲ ਵਿੱਚ ਕਰੀਬ ਚਾਰ ਸੌ ਵਿਅਕਤੀਆਂ ਨੇ ਸੂਬਾ ਪੱਧਰ ’ਤੇ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਨੂੰ ਸਮਰਥਨ ਦੇਣ ਦੀ ਸਹੁੰ ਚੁੱਕੀ ਹੈ। ਐੱਸਐੱਸਪੀ ਖੱਖ ਨੇ ਦਾਅਵਾ ਕੀਤਾ ਕਿ ਖੇਡ ਮੈਦਾਨਾਂ ਵਿੱਚ ਨੌਜਵਾਨ ਖਿਡਾਰੀਆਂ ਦੇ ਨਾਲ ਨਾਲ ਵੱਡੀ ਗਿਣਤੀ ਖੇਡ ਪ੍ਰੇਮੀਆਂ ਦੇ ਆਉਣ ਨਾਲ ਇਲਾਕੇ ਵਿੱਚ ਨਸ਼ਿਆਂ ਦੇ ਵਪਾਰ ਰਾਹੀਂ ਪੰਜਾਬ ਦੀ ਨੌਜਵਾਨੀ ਦਾ ਘਾਣ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਭਾਜੜਾਂ ਪਈਆਂ ਹਨ। ਉਨ੍ਹਾਂ ਕਿਹਾ ਕਿ ਭਾਵੇਂ ਪੁਲੀਸ ਨੇ ਪਹਿਲਾਂ ਹੀ ਨਸ਼ਿਆਂ ਦੀ ਸਪਲਾਈ ਚੇਨ ਤੋੜਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਪਰ ਅੱਜ ਇੰਨੀ ਵੱਡੀ ਗਿਣਤੀ ’ਚ ਲਿਖਤੀ ਤੌਰ ’ਤੇ ਨਸ਼ਿਆਂ ਵਿਰੁੱਧ ਜੰਗ ਲੜ ਰਹੇ ਜਾਬਾਜ਼ ਪੁਲੀਸ ਮੁਲਾਜ਼ਮਾਂ ਦੀ ਪਿੱਠ ਥਾਪੜੇ ਜਾਣ ਤੋਂ ਬਾਅਦ ਇਹ ਆਸ ਬੱਝੀ ਹੈ ਕਿ ਜਲਦੀ ਹੀ ਮਾਲੇਰਕੋਟਲਾ ਸੂਬੇ ਦਾ ਪਹਿਲਾ ਨਸ਼ਾਮੁਕਤ ਜਇਲਾਕਾ ਬਣ ਕੇ ਉੱਭਰੇਗਾ।