ਲਿਖਣਾ ਬੰਦ ਹੈ...
ਸਵਰਾਜਬੀਰ
ਦੁਨੀਆ ਦੇ ਇਤਿਹਾਸ ਵਿਚ ਲੇਖਕਾਂ, ਵਿਦਵਾਨਾਂ, ਵਿਗਿਆਨੀਆਂ, ਕਵੀਆਂ ਤੇ ਹੋਰ ਖੇਤਰਾਂ ਦੇ ਸਿਰਜਕਾਂ ਨੇ ਆਪਣੀ ਹੋਂਦ ਬਣਾਈ ਰੱਖੀ ਹੈ। ਜਦੋਂ ਚਾਰੇ ਪਾਸੇ ਨਿਰਾਸ਼ਾ ਹੋ ਰਹੀ ਹੋਵੇ ਤਾਂ ਵੀ ਸਿਰਜਕ ਆਸ ਦਾ ਪੱਲਾ ਨਹੀਂ ਛੱਡਦੇ। ਨਜਮ ਹੁਸੈਨ ਸੱਯਦ ਨੇ ਇਕ ਕਵੀ ਦਾ ਹਾਲ ਇਉਂ ਚਿਤਰਿਆ ਹੈ:
ਜਦ ਦੁੱਖਾਂ ਧੁਆਂਖੀ ਖ਼ਲਕਤ ਨਿਕਲੀ
ਮੁਡ਼ ਅੰਦਰਾਂ ਵਿਚ ਬਹਿ ਗਈ ਏ
ਜਦ ਪੀਰ ਪੈਗ਼ੰਬਰਾਂ ਨੂੰ
ਆਪੋ ਆਪਣੀ ਪੈ ਗਈ ਏ
ਜਦ ਟੀ ਵੀ ਅੱਗੇ ਸੁੱਤਿਆਂ ਸੁੱਤਿਆਂ
ਸੱਜ ਜੰਮਿਆਂ ਦੀ ਚਡ਼੍ਹੀ ਜਵਾਨੀ ਲਹਿ ਗਈ ਏ
ਜਦ ਵੇਲਾ ਲੰਘ ਗਿਐ
ਦਿਲ ਦੀ ਦਿਲ ਵਿਚ ਰਹਿ ਗਈ ਏ
ਤੈਨੂੰ ਕੀ ਹੋਇਐ
ਜਿਹਡ਼ਾ, ਏਸ ਉਮਰੇ
ਤੇਰਾ ਗੀਤ ਜੋਡ਼ਨ ਨੂੰ ਜੀਅ ਕਰਦੈ।
ਲੇਖਕਾਂ-ਸਿਰਜਕਾਂ ਨੇ ਮਨੁੱਖਤਾ ਦੇ ਸੁੱਖ-ਦੁੱਖ ਦੇ ਗੀਤ ਤੇ ਕਹਾਣੀਆਂ ਲਿਖਣੀਆਂ ਹਨ; ਲਿਖਣਾ ਸੰਘਰਸ਼ ਮੰਗਦਾ ਹੈ; ਆਪਣੇ ਆਪ ਨਾਲ ਵੀ, ਦੁਨੀਆ ਨਾਲ ਵੀ ਤੇ ਮੰਡੀ ਨਾਲ ਵੀ।
'ਲਿਖਣਾ ਬੰਦ ਹੈ। ਲੇਖਕ ਹਡ਼ਤਾਲ ’ਤੇ ਹਨ।’ ਇਹ ਸ਼ਬਦ ਪੰਜਾਬ, ਪੰਜਾਬੀ ਲੇਖਕਾਂ ਤੇ ਪਾਠਕਾਂ ਨੂੰ ਓਪਰੇ ਲੱਗਣਗੇ ਕਿਉਂਕਿ ਇਹ ਸੋਚਣਾ ਤੇ ਕਲਪਨਾ ਕਰਨਾ ਮੁਸ਼ਕਲ ਹੈ ਕਿ ਕੀ ਕਦੀ ਲੇਖਕ ਵੀ ਲਿਖਣਾ ਬੰਦ ਕਰ ਸਕਦੇ ਨੇ, ਹਡ਼ਤਾਲ ਕਰ ਸਕਦੇ ਹਨ?
ਅਮਰੀਕਾ ਵਿਚ ਹਾਲੀਵੁੱਡ ਦੀਆਂ ਫਿਲਮਾਂ ਅਤੇ ਟੀਵੀ, ਇੰਟਰਨੈੱਟ, ਰੇਡੀਓ ਆਦਿ ’ਤੇ ਬਣਨ ਵਾਲੇ ਸੀਰੀਅਲਾਂ ਦੀਆਂ ਪਟਕਥਾ/ਸੰਵਾਦ ਤੇ ਕਹਾਣੀਆਂ ਲਿਖਣ ਵਾਲੇ ਲੇਖਕ ਦੋ ਮਈ ਤੋਂ ਹਡ਼ਤਾਲ ’ਤੇ ਹਨ। ਲੇਖਕਾਂ ਦੀ ਜਥੇਬੰਦੀ ‘ਰਾਈਟਰਜ਼ ਗਿਲਡ ਆਫ ਅਮੈਰਿਕਾ’ ਜਿਸ ਦੇ 11,000 ਤੋਂ ਜ਼ਿਆਦਾ ਮੈਂਬਰ ਹਨ, ਨੇ ਬਿਹਤਰ ਤਨਖ਼ਾਹਾਂ, ਸਹੂਲਤਾਂ, ਇੰਟਰਨੈੱਟ ਤੋਂ ਹੋਣ ਵਾਲੀ ਆਮਦਨੀ ਵਿਚ ਹਿੱਸਾ, ਪਟਕਥਾ ਲਿਖਣ ਵਿਚ ਮਸਨੂਈ ਬੁੱਧੀ (Artificial Intelligence) ਦੀ ਵਰਤੋਂ ਆਦਿ ਦੇ ਮੁੱਦਿਆਂ ’ਤੇ ਹਡ਼ਤਾਲ ਕੀਤੀ ਹੋਈ ਹੈ। ਲੇਖਕ ਪੈਨਸ਼ਨ ਅਤੇ ਸਿਹਤ ਸੰਭਾਲ ਲਈ ਫੰਡਾਂ ਦੀ ਮੰਗ ਵੀ ਕਰ ਰਹੇ ਹਨ। ਦੂਸਰੇ ਪਾਸੇ ਫਿਲਮਾਂ ਤੇ ਟੈਲੀਵਿਜ਼ਨ ਪ੍ਰੋਡਿਊਸਰਾਂ ਦੀ ਜਥੇਬੰਦੀ ‘ਅਲਾਇੰਸ ਆਫ ਮੋਸ਼ਨ ਪਿਕਚਰ ਐਂਡ ਟੈਲੀਵਿਜ਼ਨ ਪ੍ਰੋਡਿਊਸਰ-ਏਐੱਮਪੀਟੀਪੀ’ ਹੈ। ਏਐੱਮਪੀਟੀਪੀ ਹਾਲੀਵੁੱਡ ਦੀਆਂ ਪ੍ਰਮੁੱਖ ਕੰਪਨੀਆਂ ਦੀ ਪ੍ਰਤੀਨਿਧਤਾ ਕਰਦੀ ਹੈ ਜਿਨ੍ਹਾਂ ਵਿਚ ਨੈੱਟਫਲਿੱਕਸ, ਵਾਲਟ ਡਿਜ਼ਨੀ, ਸੋਨੀ, ਵਾਰਨਰ ਬ੍ਰਦਰਜ਼, ਡਿਸਕਵਰੀ (ਡਬਲਿਉੂਬੀਡੀ), ਐਪਲ ਸਟੂਡਿਓਜ਼, ਐਮੇਜ਼ੌਨ ਸਟੂਡਿਓਜ਼, ਪਾਰਾਮਾਊਂਟ ਗਲੋਬਲ ਅਤੇ ਹੋਰ ਕਾਰਪੋਰੇਟ ਕੰਪਨੀਆਂ ਹਨ। ਲੇਖਕ ਥਾਂ ਥਾਂ ’ਤੇ ਜਲੂਸ ਕੱਢ ਰਹੇ ਹਨ। ਖ਼ਬਰਾਂ ਦੱਸਦੀਆਂ ਹਨ ਕਿ ਕਈ ਫਿਲਮਾਂ ਤੇ ਟੀਵੀ/ਇੰਟਰਨੈੱਟ ਸੀਰੀਅਲ ਦੇ ਬਣਨ ਵਿਚ ਰੁਕਾਵਟਾਂ ਆਈਆਂ ਹਨ ਅਤੇ ਕਈਆਂ ਵਿਚ ਕੰਮ ਬੰਦ ਹੋ ਗਿਆ ਹੈ; ਉਹੀ ਫਿਲਮਾਂ/ਸੀਰੀਅਲ ਬਣ ਰਹੇ ਹਨ ਜਿਨ੍ਹਾਂ ਵਿਚ ਲਿਖਣ ਦਾ ਕੰਮ ਦੋ ਮਈ ਤੋਂ ਪਹਿਲਾਂ ਪੂਰਾ ਹੋ ਗਿਆ ਸੀ।
ਪੰਜਾਬ ਵਿਚ ਲੇਖਕ ਦਾ ਅਕਸ ਵੱਖਰਾ ਹੈ। ਸਾਡੇ ਇੱਥੇ ਇਹ ਸਮਝਿਆ ਜਾਂਦਾ ਹੈ ਕਿ ਲੇਖਕ ਆਪਣੇ ਅੰਦਰ ਪੈਦਾ ਹੁੰਦੇ ਸਿਰਜਣਾਤਮਕ ਅਮਲ ਤੇ ਉਤੇਜਨਾ ਕਾਰਨ ਲਿਖਦਾ ਹੈ; ਉਹ ਆਦਰਸ਼ਾਤਮਕ ਮੰਜ਼ਿਲਾਂ ਨੂੰ ਜਾਂਦੇ ਪੰਧਾਂ ਦਾ ਪਾਂਧੀ ਹੈ; ਉਹ ਸਮਾਜ, ਸ੍ਵੈ, ਸੱਭਿਆਚਾਰ, ਕਲਾ ਤੇ ਅਜਿਹੇ ਹੋਰ ਪਸਾਰਾਂ ਵਿਚ ਸ਼ਬਦਾਂ ਦੇ ਪੁਲ ਬਣਾਉਣ ਵਾਲਾ ਸ਼ੁਭਚਿੰਤਨੀ ਸਿਰਜਕ ਹੈ। ਉਸ ਨੂੰ ਤਿਆਗੀ ਤੇ ਜੁਝਾਰੂ ਕਿਸਮ ਦਾ ਇਨਸਾਨ ਸਮਝਿਆ ਜਾਂਦਾ ਹੈ।
ਪੰਜਾਬ ਦੀ ਸਾਹਿਤਕ ਅਤੇ ਆਰਥਿਕ ਸਪੇਸ ਵੱਖਰੀ ਤਰ੍ਹਾਂ ਦੀ ਹੈ। ਅਮਰੀਕਾ ਵਿਚ ਸਾਹਿਤ, ਫਿਲਮਾਂ, ਟੀਵੀ ਸੀਰੀਅਲ, ਲਿਖਤਾਂ ਦੀ ਪ੍ਰਕਾਸ਼ਨਾ, ਨਾਟਕ ਮੰਚਨ, ਇਨਾਮ, ਸਭ ਕੁਝ ਇਕ ਵੱਡੀ ਮੰਡੀ ਦਾ ਹਿੱਸਾ ਹਨ। ਹਡ਼ਤਾਲ ਕਰ ਰਹੇ 11,000 ਤੋਂ ਵੱਧ ਲੇਖਕ ਵੀ ਇਸੇ ਮੰਡੀ ਦਾ ਹਿੱਸਾ ਹਨ; ਉਹ ਸ਼ਬਦਾਂ ਦੇ ਸਹਾਰੇ ਰੋਜ਼ੀ-ਰੋਟੀ ਤੇ ਇੱਜ਼ਤ ਕਮਾਉਂਦੇ ਹਨ। ਮੰਡੀ ਰੋਜ਼ੀ-ਰੋਟੀ ਤੇ ਆਰਥਿਕ ਸੁਰੱਖਿਆ ਇਕੋ ਪੈਮਾਨੇ ’ਤੇ ਮੁਹੱਈਆ ਕਰਵਾਉਂਦੀ ਹੈ, ਉਹ ਹੈ ਕਿਸੇ ਵੀ ਉਤਪਾਦਕ (ਭਾਵੇਂ ਉਹ ਲੇਖਕ ਹੈ ਜਾਂ ਫਿਲਮਸਾਜ਼, ਹਿਦਾਇਤਕਾਰ ਜਾਂ ਗੀਤਕਾਰ) ਨੂੰ ਮੰਡੀ ਵਿਚ ਮਿਲਦੀ ਆਰਥਿਕ ਸਫ਼ਲਤਾ। ਜੇ ਲਿਖਤ ਜਾਂ ਹੋਰ ਸਿਰਜਣਾਤਮਕ ਅਮਲ ਆਰਥਿਕ ਪੱਧਰ ’ਤੇ ਸਫ਼ਲ ਹੈ ਤਾਂ ਲੇਖਕ/ਸਿਰਜਕ ਸਫ਼ਲ ਹੈ, ਜੇ ਨਹੀਂ ਤਾਂ ਉਸ ਲਈ ਉੱਥੇ ਕੋਈ ਥਾਂ ਨਹੀਂ। ਇਹੀ ਨਹੀਂ, ਮੰਡੀ ਆਪਣੇ ਸਿਧਾਂਤ ਅਨੁਸਾਰ ਹਰ ਕਾਮੇ, ਚਾਹੇ ਉਹ ਲੇਖਕ ਹੈ ਜਾਂ ਹੋਰ ਕੋਈ, ਤੋਂ ਘੱਟ ਤੋਂ ਘੱਟ ਉਜਰਤ ’ਤੇ ਘੱਟ ਤੋਂ ਘੱਟ ਸਮੇਂ ਵਿਚ ਵੱਧ ਤੋਂ ਵੱਧ ਕੰਮ ਕਰਵਾਉਣਾ ਚਾਹੁੰਦੀ ਹੈ; ਕੰਮ ਵੀ ਅਜਿਹਾ ਜਿਸ ਤੋਂ ਹੋਰ ਜ਼ਿਆਦਾ ਤੋਂ ਜ਼ਿਆਦਾ ਪੈਸਾ ਬਣੇ ਤੇ ਉਸ ਪੈਸੇ ’ਤੇ ਸਿਰਜਕ ਦਾ ਕੋਈ ਵੀ ਅਧਿਕਾਰ ਨਹੀਂ ਹੋਵੇਗਾ। ਇੰਟਰਨੈੱਟ ਨੇ ਇਨ੍ਹਾਂ ਲੇਖਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ; ਪਹਿਲਾਂ ਟੀਵੀ ਸੀਰੀਅਲਾਂ ਨੂੰ ਦੁਬਾਰਾ ਦਿਖਾਉਣ ਆਦਿ ਦੀ ਮਸ਼ਕ ਵਿਚੋਂ ਉਨ੍ਹਾਂ ਨੂੰ ਕੁਝ ਪੈਸੇ ਮਿਲਦੇ ਸਨ ਪਰ ਹੁਣ ਸਭ ਕੁਝ ਇੰਟਰਨੈੱਟ ’ਤੇ ਇਕੋ ਵਾਰੀ ਪਾ ਦਿੱਤਾ (Stream ਕਰ ਦਿੱਤਾ) ਜਾਂਦਾ ਹੈ।
ਮੰਡੀ ਵਿਚ ਸਿਰਜਣਾ ਤੇ ਸਿਰਜਣਾਤਮਕ ਅਮਲ ਦਾਅ ’ਤੇ ਲੱਗਦਾ ਹੈ। ਹਰ ਤਰ੍ਹਾਂ ਦੇ ਸਿਰਜਕ, ਲੇਖਕ, ਅਦਾਕਾਰ, ਪਟਕਥਾ ਲੇਖਕ, ਸੰਵਾਦ ਲੇਖਕ, ਗੀਤਕਾਰ ਆਦਿ ਨੂੰ ਉਹੀ ਲਿਖਣਾ/ਪੈਦਾ ਕਰਨਾ ਪੈਂਦਾ ਹੈ ਜੋ ਮੰਡੀ ਦੀਆਂ ਮੰਗਾਂ ਅਨੁਸਾਰ ਹੁੰਦਾ ਹੈ, ਜੋ ਲੋਕਾਂ ਨੂੰ ਪਸੰਦ ਆਵੇਗਾ, ਹਿੱਟ ਹੋਵੇਗਾ, ਸਫ਼ਲ ਹੋਵੇਗਾ; ਮੰਡੀ ਵਿਚ ਅਸਫ਼ਲਤਾ ਲਈ ਕੋਈ ਥਾਂ ਨਹੀਂ। ਇਹ ਨਹੀਂ ਕਿ ਸ਼ਬਦਾਂ, ਤਸਵੀਰਾਂ, ਅਕਸਾਂ, ਨਜ਼ਾਰਿਆਂ ਤੇ ਚਮਕ-ਦਮਕ ਨਾਲ ਭਰੀਆਂ ਫਿਲਮਾਂ, ਟੈਲੀਵਿਜ਼ਨ ਸੀਰੀਅਲਾਂ ਤੇ ਹੋਰ ਟੀਵੀ-ਤਮਾਸ਼ਿਆਂ ਵਿਚ ਕੁਝ ਹਾਂ-ਪੱਖੀ ਪੈਦਾ ਨਹੀਂ ਹੁੰਦਾ; ਵਧੀਆ ਫਿਲਮਾਂ ਤੇ ਟੀਵੀ ਸੀਰੀਅਲ ਵੀ ਬਣਦੇ ਹਨ; ਮਨੁੱਖ ਦੇ ਸੁੱਖ-ਦੁੱਖ, ਦਾਅਵੇ, ਮਿਲਾਪ-ਵਿਛੋਡ਼ਾ, ਕੁਹਜ-ਸੁਹਜ, ਅਪਣੱਤ-ਬੇਗਾਨਗੀ, ਸਿਦਕ, ਸੰਤੋਖ, ਸਬਰ, ਲਾਲਚ, ਲੋਭ, ਸੁੰਞ, ਖੇਡ਼ਾ, ਸਿਰਡ਼, ਜਿੱਤਾਂ-ਹਾਰਾਂ, ਸਭ ਕੁਝ ਫਿਲਮੀ ਤੇ ਟੈਲੀਵਿਜ਼ਨ ਸਕਰੀਨਾਂ ’ਤੇ ਪੇਸ਼ ਹੁੰਦਾ ਹੈ। ਕਈ ਸ਼ਾਹਕਾਰ ਫਿਲਮਾਂ ਤੇ ਟੀਵੀ ਸੀਰੀਅਲ ਹੋਂਦ ਵਿਚ ਆਉਂਦੇ ਹਨ। ਮੰਡੀ ਜਾਣਦੀ ਹੈ ਕਿ ਮਨੁੱਖ ਆਪਣੀ ਹੋਂਦ ਦੀਆਂ ਪਰਤਾਂ ਦੇ ਇਮਾਨਦਾਰੀ ਨਾਲ ਹੋਏ ਪ੍ਰਗਟਾਵੇ ਨੂੰ ਵੀ ਦੇਖਣਾ ਤੇ ਮਾਣਨਾ ਚਾਹੁੰਦਾ ਹੈ। ਅਜਿਹੇ ਸਮੇਂ ਲੇਖਕਾਂ ਤੇ ਹੋਰ ਸਿਰਜਕਾਂ ਦੀ
ਸਿਰਜਣ-ਸ਼ਕਤੀ ਦਾ ਇਮਤਿਹਾਨ ਹੁੰਦਾ ਹੈ; ਲੇਖਕ ਬਿਹਤਰੀਨ ਲਿਖਤਾਂ ਲਿਖਦੇ, ਸੰਵਾਦਾਂ ਵਿਚ ਜ਼ਿੰਦਗੀ ਦੇ ਰੰਗ ਭਰਦੇ ਤੇ ਪਟਕਥਾ ਨੂੰ ਸਮਾਜਿਕ, ਸੱਭਿਆਚਾਰਕ ਤੇ ਮਨੋਵਿਗਿਆਨਕ ਪਸਾਰ ਦਿੰਦੇ ਹੋਏ, ਬਣਾਉਣ ਵਾਲੇ ਪ੍ਰੋਡਿਊਸਰਾਂ ਤੇ ਹਿਦਾਇਤਕਾਰਾਂ ਸਾਹਮਣੇ ਪੇਸ਼ ਕਰਦੇ ਹਨ।
ਇਸ ਸਭ ਕੁਝ ਦੇ ਨਾਲ ਨਾਲ ਮੰਡੀ ਖ਼ੁਦ ਵੱਡੀ ਪੱਧਰ ’ਤੇ ਦਰਸ਼ਕ ਤੇ ਸਰੋਤੇ ਪੈਦਾ ਕਰਦੀ ਹੈ; ਮੰਡੀ ਜਾਣਦੀ ਹੈ ਕਿ ਸਤਹੀ ਤੇ ਭਾਵੁਕ ਪੱਧਰ ਦੀ ਸਮੱਗਰੀ ਵੀ ਵਿਕਦੀ ਹੈ; ਇਹੋ ਜਿਹੀ ਸਮੱਗਰੀ ਦੀਆਂ ਵੀ ਅਨੇਕ ਕਿਸਮਾਂ ਹਨ; ਲੋਕ ਹਲਕਾ ਮਜ਼ਾਹ, ਹਲਕੀ ਪੱਧਰ ਦੀਆਂ ਕਹਾਣੀਆਂ, ਗੀਤ ਤੇ ਸਿਆਸੀ ਟਿੱਪਣੀਆਂ ਪਸੰਦ ਕਰਦੇ ਹਨ। ਬਹੁਤ ਸਾਰੀਆਂ ਫਿਲਮਾਂ ਤੇ ਟੀਵੀ ਸੀਰੀਅਲ ਅਜਿਹੀ ਸਮੱਗਰੀ ਨਾਲ ਭਰਪੂਰ ਹੁੰਦੇ ਹਨ। ਅਜਿਹੀ ਸਮੱਗਰੀ ਨੂੰ ਵੀ ਲਗਾਤਾਰ ਪੈਦਾ ਕਰਨਾ ਪੈਂਦਾ ਹੈ। ਇੱਥੇ ਮਨੁੱਖ ਦੀ ਸਿਰਜਣਾ ’ਤੇ ਦੋਧਾਰੀ ਤਲਵਾਰ ਚੱਲਦੀ ਹੈ। ਇਕ ਪਾਸੇ ਲੇਖਕ ਨੂੰ ਉਹ ਲਿਖਣਾ/ਪੈਦਾ ਕਰਨਾ ਪੈਂਦਾ ਹੈ ਜਿਸ ਨਾਲ ਉਸ ਦੇ ਆਪੇ ਨੂੰ ਸੰਤੁਸ਼ਟੀ ਨਹੀਂ ਮਿਲਦੀ, ਦੂਸਰੇ ਪਾਸੇ ਅਸਫ਼ਲ ਹੋਣਾ ਉਸ ਨੂੰ ਵਾਰਾ ਨਹੀਂ ਖਾਂਦਾ। ਲੇਖਕ ਇਹੋ ਜਿਹੀ ਸਮੱਗਰੀ ਬਣਾਉਂਦੇ ਤੇ ਪੇਸ਼ ਕਰਦੇ ਹਨ ਪਰ ਨਾਲ ਨਾਲ ਉਨ੍ਹਾਂ ਦੇ ਮਨਾਂ ਵਿਚ ਇਕ ਨਕਾਰਾਤਮਕ ਅਮਲ ਚੱਲਦਾ ਰਹਿੰਦਾ ਹੈ; ਉਨ੍ਹਾਂ ਦੀ ਆਤਮਾ ਉਨ੍ਹਾਂ ਨੂੰ ਦੱਸਦੀ ਰਹਿੰਦੀ ਹੈ ਕਿ ਜੋ ਉਹ ਕਰ ਰਹੇ ਹਨ, ਉਹ ਸਹੀ ਨਹੀਂ ਹੈ ਪਰ ਉਨ੍ਹਾਂ ਨੂੰ ਮੰਡੀ ਦੇ ਇਸ ਵਹਾਅ ਨਾਲ ਸਮਝੌਤਾ ਕਰਨਾ ਪੈਂਦਾ ਹੈ। ਉਹ ਮੰਡੀ ਦੀ ਪ੍ਰਕਿਰਿਆ ਦਾ ਹਿੱਸਾ ਬਣ ਜਾਂਦੇ ਹਨ; ਉਨ੍ਹਾਂ ਦੀ ਸਿਰਜਣਾਤਮਕਤਾ ਕਿਤੇ ਕਿਤੇ ਤਾਂ ਝਲਕਦੀ ਤੇ ਚੰਗਿਆਡ਼ੇ ਛੱਡਦੀ ਹੈ ਪਰ ਬਹੁਤਾ ਕਰਕੇ ਸਫ਼ਲਤਾ ਲਈ ਲੋਡ਼ੀਂਦੇ ਅਮਲ ਦਾ ਕਿਹਾ ਮੰਨਦੀ ਤੇ ਗੁਲਾਮੀ ਸਹਿੰਦੀ ਹੈ।
ਮੰਡੀ ਸੂਖ਼ਮ ਗੁਲਾਮੀ ਸਹਿ ਰਹੇ ਇਨ੍ਹਾਂ ਲੇਖਕਾਂ-ਸਿਰਜਕਾਂ ਨੂੰ ਕੋਈ ਵੱਡੇ ਧਨਾਢ ਨਹੀਂ ਬਣਾ ਦਿੰਦੀ; ਕੁਝ ਲੇਖਕ ਜ਼ਰੂਰ ਸਟਾਰ ਲੇਖਕ ਬਣਦੇ ਤੇ ਬਹੁਤ ਪੈਸੇ ਕਮਾਉਂਦੇ ਹਨ ਪਰ ਆਮ ਲੇਖਕਾਂ ਦੀ ਕਹਾਣੀ ਵੱਖਰੀ ਹੈ। ਇਕ ਟੀਵੀ ਸੀਰੀਅਲ ਬਣਾਉਣ ਵਾਲਾ ਇਨ੍ਹਾਂ ਲੇਖਕਾਂ ਦੀ ਕਹਾਣੀ ਇੰਞ ਬਿਆਨ ਕਰਦਾ ਹੈ, ‘‘ਇਕ ਸ਼ੋਅ ਚਲਾਉਣ ਵਾਲੇ ਵਜੋਂ ਮੇਰਾ ਸਭ ਤੋਂ ਔਖਾ ਕੰਮ ਲੇਖਕਾਂ ਦੀ ਟੀਮ ਬਣਾਉਣਾ ਹੁੰਦਾ ਹੈ। ਪਹਿਲਾਂ ਉਨ੍ਹਾਂ (ਕੰਪਨੀ ਦੇ ਮਾਲਕਾਂ) ਮੈਨੂੰ ਤਿੰਨ ਲੇਖਕ ਦਿੱਤੇ; ਇਕ ਤਾਕਤਵਰ ਨਿਰਮਾਤਾ ਦੀ ਮਦਦ ਨਾਲ ਮੈਂ ਲੇਖਕਾਂ ਦੀ ਗਿਣਤੀ ਛੇ ਕਰ ਲਈ। ਅਸੀਂ 15 ਹਫ਼ਤਿਆਂ ਵਿਚ 10 ਐਪੀਸੋਡ/ਟੀਵੀ ਸ਼ੋਅ ਬਣਾਉਣੇ ਸਨ। ... ਹਰ ਹਫਤੇ... ਮੈਨੂੰ ਇਕ ਜਾਂ ਦੋ ਲੇਖਕ ਦਿਹਾਡ਼ੀ ’ਤੇ ਲੈਣ ਦੀ ਆਗਿਆ ਲੈਣੀ ਪੈਂਦੀ ਸੀ। ਪ੍ਰਸ਼ਾਸਕ ਆਗਿਆ ਦੇ ਦਿੰਦੇ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਲੇਖਕਾਂ ਦੀ ਅਜੇ ਵੀ ਲੋਡ਼ ਹੈ।’’ ਇਸ ਲਿਖਤ ਨੂੰ ਦੇਖੋ... ਹੁਣ ਲੇਖਕ ਦਿਹਾਡ਼ੀ ’ਤੇ, ਠੇਕੇ ’ਤੇ ਲਏ ਜਾਂਦੇ ਹਨ। ਦਿਹਾਡ਼ੀਦਾਰ ਹੋਣਾ ਕੋਈ ਮਿਹਣਾ ਨਹੀਂ; ਮੰਡੀ ਵਿਚ ਹੋਰ ਦਿਹਾਡ਼ੀਦਾਰਾਂ ਦੇ ਨਾਲ ਨਾਲ ਲੇਖਕ ਦੀ ਵੀ ਇਹੀ ਹੋਣੀ ਹੈ।
ਦਿਹਾਡ਼ੀਦਾਰ ਹੋਣ, ਘੱਟ ਪੈਸੇ ਮਿਲਣ, ਸਹੂਲਤਾਂ ਨਾ ਹੋਣ ਅਤੇ ਮੰਡੀ ਦੀਆਂ ਸ਼ਰਤਾਂ ’ਤੇ ਪੂਰਾ ਉਤਰਨ ਦੀਆਂ ਪਾਬੰਦੀਆਂ ਦੇ ਬਾਵਜੂਦ, ਲੇਖਕ ਆਪਣੇ ਧੁਰ ਅੰਦਰ ਸਿਰਜਕ ਹੁੰਦਾ ਹੈ; ਮੰਡੀ ਉਸ ਨੂੰ ਤੋਡ਼ਦੀ-ਮਰੋਡ਼ਦੀ ਹੈ ਪਰ ਉਹ ਫਿਰ ਵੀ ਲਿਖਦਾ ਹੈ ਪਰ ਹਰ ਲਿਖਤ ਤੇ ਟੀਵੀ ਸ਼ੋਅ ਦਰਸ਼ਕਾਂ ਤਕ ਨਹੀਂ ਪਹੁੰਚਦਾ। ਉਪਰੋਕਤ ਕਥਾ ਦੱਸਦਿਆਂ ਟੀਵੀ ਸ਼ੋਅ ਬਣਾਉਣ ਵਾਲਾ ਦੱਸਦਾ ਹੈ ਕਿ ਸਭ ਕੁਝ ਹੋ ਗਿਆ (ਭਾਵ ਪਟਕਥਾ, ਸੰਵਾਦ ਆਦਿ ਲਿਖੇ ਗਏ) ਪਰ ਮਾਲਕਾਂ ਨੇ ਉਸ ਨੂੰ ਦੱਸਿਆ ਕਿ ਉਹ ਸੀਰੀਅਲ ਨਹੀਂ ਬਣਾਉਣਗੇ; ਉਹ ਲਿਖਦਾ ਹੈ, ‘‘ਉਨ੍ਹਾਂ ਮੈਨੂੰ ਦੱਸਿਆ ਕਿ ਉਨ੍ਹਾਂ ਨੇ ਡੇਟਾ ਅਤੇ ਉਚੇਰੇ ਹਿਸਾਬ ਦੇ ਫਾਰਮੂਲੇ (ਅਲਾਗਰਿਥਮ) ਨਾਲ ਅੰਦਾਜ਼ਾ ਲਗਾਇਆ ਹੈ ਕਿ ਇਸ ਕਿਸਮ ਦੀ ਲਿਖਤ (ਜਿਸ ਤਰ੍ਹਾਂ ਦੀ ਉਨ੍ਹਾਂ ਖ਼ੁਦ ਕਰਾਈ ਸੀ) ਵਾਲਾ ਸੀਰੀਅਲ ਕਾਮਯਾਬ ਨਹੀਂ ਹੋਣਾ।’’ ਕੰਪਨੀਆਂ ਦੇ ਇਹ ਮਾਲਕ ਉਹ ਨਹੀਂ ਜਿਨ੍ਹਾਂ ਦਾ ਜ਼ਿਕਰ ਸਾਅਦਤ ਹਸਨ ਮੰਟੋ ਦੇ ਲਿਖੇ ਰੇਖਾ-ਚਿੱਤਰਾਂ ਵਿਚ ਆਉਂਦਾ ਹੈ ਜਿਵੇਂ ਵੀਐੱਨ ਸਰਕਾਰ, ਸੇਠ ਨਾਨੂੰ ਭਾਈ ਡੇਸਾਈ, ਸ਼ਾਂਤਾ ਰਾਮ, ਡਬਲਿਊ.ਜ਼ੈੱਡ. ਅਹਿਮਦ ਆਦਿ।
ਇਹ ਮਾਲਕ ਵੱਡੀਆਂ ਕਾਰਪੋਰੇਸ਼ਨਾਂ ਹਨ। ਟੀਵੀ ਸ਼ੋਅ ਬਣਾਉਣ ਵਾਲਾ ਲਿਖਦਾ ਹੈ, ‘‘ਇਹ ਵੱਡੀਆਂ ਕਾਰਪੋਰੇਸ਼ਨਾਂ ਸਿਰਫ਼ ਪੈਸੇ ਨੂੰ ਹੁੰਗਾਰਾ ਭਰਦੀਆਂ ਹਨ। ਉਨ੍ਹਾਂ ਦੀ ਸਿਰਜਣਾ ਦੀਆਂ ਖ਼ੂਬੀਆਂ ’ਚ ਕੋਈ ਦਿਲਚਸਪੀ ਨਹੀਂ; ਉਨ੍ਹਾਂ ਦੀ ਦਿਲਚਸਪੀ ਹੈ ਖਰਚ ਅਤੇ ਮੁਨਾਫ਼ੇ ਦੇ ਰੂਹਹੀਣੇ ਵਿਸ਼ਲੇਸ਼ਣਾਂ ਵਿਚ।’’ ਇਹ ਕਾਰਪੋਰੇਟ ਕੰਪਨੀਆਂ ਲੱਖਾਂ ਡਾਲਰਾਂ ਦੇ ਮੁਨਾਫ਼ੇ ਕਮਾਉਂਦੀਆਂ ਹਨ, ਪਰ ਲੇਖਕਾਂ ਨੂੰ ਬਣਦੀ ਉਜਰਤ ਦੇਣ ਤੋਂ ਇਨਕਾਰੀ ਹਨ।
ਸਿਰਜਣਾਤਮਕ ਖੇਤਰ ਵਿਚ ਵੱਡਾ ਉਜਾਡ਼ਾ ਦਿਖਾਈ ਦਿੰਦਾ ਹੈ। ਅਰਬਾਂ ਰੁਪਈਆਂ ਨਾਲ ਬਣਦੀਆਂ ਫਿਲਮਾਂ ਤੇ ਟੀਵੀ ਸੀਰੀਅਲਾਂ ਵਿਚੋਂ ਸਿਰਜਣਾ ਮਨਫ਼ੀ ਹੋ ਰਹੀ ਹੈ ਅਤੇ ਤਕਨੀਕ ਹਾਵੀ। ਤਕਨੀਕ ਨੂੰ ਸਿਰਜਣਾ ਵਜੋਂ ਪੇਸ਼ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਲੋਕਾਂ ਸਾਹਮਣੇ ਅਜਿਹਾ ਕੁਝ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਦੇਖਣ ਵਾਲੇ ਪਲ ਵਿਚ ਉਨ੍ਹਾਂ ਨੂੰ ਅਚੰਭੇ ਵਿਚ ਪਾ ਦੇਵੇ। ਹਾਲੀਵੁੱਡ ਦੇ ਲੇਖਕਾਂ ਨੂੰ ਡਰ ਹੈ ਕਿ ਮਸਨੂਈ ਬੁੱਧੀ ਦੇ ਸੰਦਾਂ ਜਿਵੇਂ ਚੈਟਜੀਪੀਟੀ (ChatGPT) ਤੇ ਹੋਰਾਂ ਨੂੰ ਕਹਾਣੀਆਂ ਤੇ ਪਟਕਥਾਵਾਂ ਲਿਖਣ ਲਈ ਵਰਤਿਆ ਜਾਵੇਗਾ ਅਤੇ ਲੇਖਕਾਂ ਦਾ ਕੰਮ ਉਨ੍ਹਾਂ ਕਹਾਣੀਆਂ ਤੇ ਪਟਕਥਾਵਾਂ ਨੂੰ ਮਾਂਜਣ, ਸੰਵਾਰਨ ਆਦਿ ਤਕ ਸੀਮਤ ਰਹਿ ਜਾਵੇਗਾ। ਕੀ ਇਸ ਤਰ੍ਹਾਂ ਹੋਵੇਗਾ? ਕੀ ਕਲਾ, ਵਿਰਸੇ, ਸੱਭਿਆਚਾਰ, ਲੋਕ-ਸਾਹਿਤ, ਪਹਿਲਾਂ ਲਿਖੇ ਜਾ ਚੁੱਕੇ ਸਾਹਿਤ, ਸਭ ਨੂੰ ਹਿਸਾਬ ਦੇ ਫਾਰਮੂਲਿਆਂ/ਅਲਾਗਰਿਥਮ ਵਿਚ ਤਬਦੀਲ ਕਰ ਕੇ ਕੰਪਿਊਟਰ ’ਤੇ ਬਣ ਰਹੀ ਮਸਨੂਈ ਬੁੱਧੀ ਅਜਿਹੀ ਸਿਰਜਣਾ ਕਰ ਸਕੇਗੀ ਜੋ ਮਨੁੱਖੀ ਹੋਵੇ, ਮਨੁੱਖ ਦੀ ਆਪਣੀ, ਮਨੁੱਖ ਦੇ ਮਨ ਵਿਚਲੇ ਵਿਰੋਧਾਭਾਸਾਂ, ਖ਼ੁਆਹਿਸ਼ਾਂ, ਆਸ-ਉਮੀਦਾਂ, ਉਦਾਸੀਆਂ, ਖ਼ੁਸ਼ੀਆਂ, ਗ਼ਮਾਂ, ਦੁਸ਼ਵਾਰੀਆਂ, ਸੰਘਰਸ਼ਾਂ, ਸਭ ਕਿਸੇ ਨੂੰ ਜ਼ੁਬਾਨ ਦੇਣ ਵਾਲੀ। ਕੀ ਇਹ ਫ਼ੈਸਲਾ ਤਕਨੀਕ ਤੇ ਮਸਨੂਈ ਬੁੱਧੀ ਕਰੇਗੀ ਕਿ ਮਨੁੱਖ ਨੇ ਕੀ ਪਡ਼੍ਹਨਾ, ਵੇਖਣਾ ਤੇ ਸੁਣਨਾ ਹੈ?
ਇਹ ਵੱਡੇ ਸਵਾਲ ਹਨ। ਨਾਲ ਹੀ ਖ਼ਬਰ ਹੈ ਕਿ ਅਮਰੀਕਾ ਦੇ ਅਦਾਕਾਰਾਂ ਦੀ ਜਥੇਬੰਦੀ ਜਿਸ ਦੇ 1,60,000 ਤੋਂ ਜ਼ਿਆਦਾ ਮੈਂਬਰ ਹਨ, ਵੀ ਹਡ਼ਤਾਲ ਕਰ ਸਕਦੇ ਹਨ। ਜੇ ਇਸ ਤਰ੍ਹਾਂ ਹੋਇਆ ਤਾਂ ਮਨੋਰੰਜਨ ਦੀ ਦੁਨੀਆ ਵਿਚ ਵੱਡੀ ਹਲਚਲ ਹੋਵੇਗੀ; ਮੰਡੀ ਦੀ ਚੂਲਾਂ ਚਰਮਰਾਉਣਗੀਆਂ। ਮੰਡੀ ਵੱਡੇ ਸਮਝੌਤੇ ਕਰਨ ਦੀ ਸਮਰੱਥਾ ਰੱਖਦੀ ਹੈ; ਉਹ ਸਮਝੌਤੇ ਕਰੇਗੀ ਤੇ ਆਪਣੇ ਆਪ ਨੂੰ ਬਚਾਏਗੀ। ਇਸ ਸਭ ਕੁਝ ਦੇ ਬਾਵਜੂਦ ਅਮਰੀਕਾ ਵਿਚ ਲੇਖਕਾਂ ਦੀ ਹਡ਼ਤਾਲ ਨੇ ਕਈ ਵਰਤਾਰਿਆਂ ਦੇ ਮਹੱਤਵ ਦੀ ਤਸਦੀਕ ਕੀਤੀ ਹੈ; ਉਨ੍ਹਾਂ ਵਿਚੋਂ ਪ੍ਰਮੁੱਖ ਹਨ: ਲੇਖਕਾਂ ਦੇ ਸੰਘਰਸ਼ ਨੂੰ ਕਿਰਤੀ ਲਹਿਰ ਦਾ ਹਿੱਸਾ ਮੰਨੇ ਜਾਣਾ ਅਤੇ ਇਹ ਮੰਨੇ ਜਾਣਾ ਕਿ ਲੇਖਕ ਵੀ ਕਿਰਤੀ ਹਨ।
ਸੰਘਰਸ਼ ਮਨੁੱਖ ਨੇ ਕਰਨੇ ਹਨ, ਮਸਨੂਈ ਬੁੱਧੀ ਨੇ ਨਹੀਂ। ਸਿਰਜਣਾ ਤੇ ਵਿਵੇਕ ਸੰਘਰਸ਼ਾਂ ’ਚੋਂ ਜਨਮਦੇ ਹਨ। ਮਨੁੱਖ ਨੂੰ ਕਿਤਾਬਾਂ, ਗਿਆਨ-ਵਿਗਿਆਨ ਦੇ ਵੱਖ ਵੱਖ ਸਰੋਤਾਂ, ਇੰਟਰਨੈੱਟ, ਮਸਨੂਈ ਬੁੱਧੀ ਦੇ ਸੰਦਾਂ ਆਦਿ ਤੋਂ ਵੱਖਰੀ ਤਰ੍ਹਾਂ ਦਾ ਵਿਵੇਕ ਮਿਲਦਾ ਹੈ ਪਰ ਸੰਘਰਸ਼ਾਂ ਤੋਂ ਪੈਦਾ ਹੁੰਦਾ ਵਿਵੇਕ ਤੇ ਸਿਰਜਣਾ ਵੱਖਰੀ ਤਰ੍ਹਾਂ ਦੇ ਹੁੰਦੇ ਹਨ, ਮਨੁੱਖ ਦੀ ਮਨੁੱਖ ਬਣੇ ਰਹਿਣ ਦੀ ਚਾਹਤ ਨੂੰ ਡੂੰਘਿਆਂ ਕਰਦੇ ਹੋਏ। ਸਭ ਸੀਮਾਵਾਂ ਦੇ ਬਾਵਜੂਦ ਅਮਰੀਕੀ ਲੇਖਕਾਂ ਦੇ ਮੌਜੂਦਾ ਸੰਘਰਸ਼ ਨੂੰ ਵੀ ਇਸੇ ਦ੍ਰਿਸ਼ਟੀਕੋਣ ਤੋਂ ਦੇਖਣਾ ਚਾਹੀਦਾ ਹੈ।