ਲੇਖਕ ਮੂਲ ਚੰਦ ਸ਼ਰਮਾ ਸਾਹਿਤਕਾਰਾਂ ਦੇ ਰੂਬਰੂ ਹੋਏ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 14 ਜਨਵਰੀ
ਇੱਥੇ ਸਰਕਾਰੀ ਪ੍ਰਾਇਮਰੀ ਸਕੂਲ (ਕੁੜੀਆਂ) ਵਿੱਚ ਅੱਜ ਸਾਹਿਤ ਸਿਰਜਣਾ ਮੰਚ ਭਵਾਨੀਗੜ੍ਹ ਦੇ ਕੁਲਵੰਤ ਖਨੌਰੀ ਦੀ ਪ੍ਰਧਾਨਗੀ ਹੇਠ ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਅਤੇ ‘ਪੱਥਰ ’ਤੇ ਲਕੀਰਾਂ’ ਕਿਤਾਬ ਦੇ ਲੇਖਕ ਮੂਲ ਚੰਦ ਸ਼ਰਮਾ ਦਾ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਮੂਲ ਚੰਦ ਸ਼ਰਮਾ ਨੇ ਆਪਣੇ ਜੀਵਨ ਅਤੇ ਲੇਖਣੀ ਬਾਰੇ ਚਰਚਾ ਕੀਤੀ। ਰੂ-ਬ-ਰੂ ਦੌਰਾਨ ਉਨ੍ਹਾਂ ਤੋਂ ਸੁਖਵਿੰਦਰ ਲੋਟੇ ਅਤੇ ਡਾ. ਇਕਬਾਲ ਸਿੰਘ ਸਕਰੌਦੀ ਨੇ ਸਾਹਿਤ ਰਚਨਾ ਅਤੇ ਗੀਤਕਾਰੀ ਸਬੰਧੀ ਸਵਾਲ ਪੁੱਛੇ ਜਿਨ੍ਹਾਂ ਦੇ ਸ਼ਰਮਾ ਵੱਲੋਂ ਖੂਬਸੂਰਤ ਜਵਾਬ ਦਿੱਤੇ ਗਏ। ਸਮਾਗਮ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਰਾਜਿੰਦਰ ਸਿੰਘ ਰਾਜਨ, ਮਾਲਵਾ ਲਿਖਾਰੀ ਸਭਾ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਅਤੇ ਬਾਲ ਸਾਹਿਤ ਦੇ ਕਵੀ ਜਗਜੀਤ ਸਿੰਘ ਲੱਡਾ ਪਹੁੰਚੇ। ਇਸ ਮਗਰੋਂ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਸ਼ਸ਼ੀ ਬਾਲਾ, ਗੁਰਦੀਪ ਸਿੰਘ, ਜਰਨੈਲ ਸਿੰਘ ਸੱਗੂ, ਪੰਮੀ ਫੱਗੂਵਾਲੀਆ, ਹਰਵੀਰ ਸਿੰਘ, ਜਗਤਾਰ ਨਿਮਾਣਾ, ਸੁਰਜੀਤ ਸਿੰਘ ਮੌਜੀ, ਚਰਨਜੀਤ ਸਿੰਘ ਮੀਮਸਾ ਆਦਿ ਨੇ ਹਿੱਸਾ ਲਿਆ। ਮੰਚ ਦੇ ਸਰਪ੍ਰਸਤ ਚਰਨ ਸਿੰਘ ਚੋਪੜਾ ਨੇ ਪਹੁੰਚੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਜੰਟੀ ਬੇਤਾਬ ਨੇ ਕੀਤਾ।