ਲੇਖਿਕਾ ਰੂਪੀ ਕਵਿਸ਼ਾ ਦਾ ਨਾਟਕ ‘ਭਾਵਗੁਰੂ’ ਰਿਲੀਜ਼
ਦਲਬੀਰ ਸੱਖੋਵਾਲੀਆ
ਬਟਾਲਾ, 2 ਫਰਵਰੀ
ਵਿਸ਼ਵ ਪੰਜਾਬੀ ਸਾਹਿਤ ਕਲਾ ਕੇਂਦਰ ਬਟਾਲਾ ਵੱਲੋਂ ਸਥਾਨਕ ਆਰਆਰ ਬਾਵਾ ਡੀਏਵੀ ਕਾਲਜ ਫਾਰ ਗਰਲਜ਼ ਵਿਖੇ ਸਾਹਿਤਕ ਸਮਾਗਮ ਕੀਤਾ ਗਿਆ। ਬਹੁਭਾਸ਼ਾਈ ਪਰਵਾਸੀ ਲੇਖਿਕਾ ਰੂਪੀ ਕਵਿਸ਼ਾ ਦਾ ਪੰਜਾਬੀ ਨਾਟਕ ‘ਭਾਵਗੁਰੂ’ ਲੋਕ ਅਰਪਣ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਜਗਜੀਤ ਕੌਰ ਨੇ ਕੀਤੀ। ਮੁੱਖ ਮਹਿਮਾਨ ਪਰਵਾਸੀ ਸ਼ਾਇਰ ਹਰਜਿੰਦਰ ਸਿੰਘ ਪੱਤੜ ਅਤੇ ਵਿਸੇਸ਼ ਮਹਿਮਾਨ ਗ਼ਜ਼ਲਗੋ ਅਮਰਜੀਤ ਸਿੰਘ ਜੀਤ ਵਜੋਂ ਹਾਜ਼ਰ ਰਹੇ। ਜਦੋਂਕਿ ਪ੍ਰਧਾਨਗੀ ਮੰਡਲ ਵਿੱਚ ਨਾਮਵਰ ਸ਼ਾਇਰ ਡਾ. ਰਵਿੰਦਰ, ਲੇਖਕ ਡਾ. ਅਨੂਪ ਸਿੰਘ, ਡਾ. ਸਤਨਾਮ ਨਿੱਝਰ, ਪ੍ਰਿੰਸੀਪਲ ਡਾ. ਏਕਤਾ ਖੋਸਲਾ, ਸਾਬਕਾ ਡੀਈਓ ਗੁਰਮੀਤ ਸਿੰਘ ਅਤੇ ਪ੍ਰਿੰਸੀਪਲ ਡਾ. ਅਸ਼ਵਨੀ ਕਾਂਸਰਾ ਨੇ ਸ਼ਿਰਕਤ ਕੀਤੀ।
ਸਮਾਗਮ ਦਾ ਆਗਾਜ਼ ਡਾ. ਸਿਮਰਤ ਸੁਮੈਰਾ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਉਨ੍ਹਾਂ ਆਪਣੀ ਇੱਕ ਨਜ਼ਮ ਵੀ ਸਰੋਤਿਆਂ ਨਾਲ ਸਾਂਝੀ ਕੀਤੀ। ਲੇਖਿਕਾ ਕਵਿਸ਼ਾ ਨੇ ਵੀ ਨਾਟਕ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਸ਼ਾਇਰਾ ਵੱਜੋਂ ਆਪਣੀਆਂ ਨਜ਼ਮਾਂ ਪੇਸ਼ ਕੀਤੀਆਂ। ਕਵੀ ਦਰਬਾਰ ਦੌਰਾਨ ਪੰਜਾਬ ਦੇ ਵੱਖੋ-ਵੱਖ ਕੋਨਿਆਂ ਤੋਂ ਪਹੁੰਚੇ ਕਵੀਆਂ ਨੇ ਭਰਪੂਰ ਰੰਗ ਬੰਨ੍ਹਿਆ। ਹਰਜਿੰਦਰ ਸਿੰਘ ਪੱਤੜ ਨੇ ਵਿਦਿਆਰਥਣਾਂ ਦੇ ਰੂ-ਬ-ਰੂ ਹੁੰਦਿਆਂ ਕੈਨੇਡਾ ਦੇ ਪਰਵਾਸ ਬਾਰੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਨੇ ਪਰਵਾਸ ਦੌਰਾਨ ਹੰਢਾਏ ਪਲ ਸਾਂਝੇ ਕਰਦਿਆਂ ਉੱਥੋਂ ਦੀਆਂ ਖੂਬੀਆਂ ਤੇ ਤਲਖ਼ ਹਕੀਕਤਾਂ ਬਾਰੇ ਖੁੱਲ੍ਹ ਕੇ ਵਿਚਾਰ ਪੇਸ਼ ਕੀਤੇ। ਇੱਕ ਪ੍ਰੋੜ੍ਹ ਸ਼ਾਇਰ ਵੱਜੋਂ ਆਪਣੀਆਂ ਨਜ਼ਮਾਂ ਨਾਲ ਭਰਪੂਰ ਰੰਗ ਬੰਨ੍ਹਿਆ। ਕਾਲਜ ਪ੍ਰਿੰਸੀਪਲ ਡਾ. ਏਕਤਾ ਖੋਸਲਾ ਵੱਲੋਂ ਖੁਸ਼ੀ ਦੇ ਰੌਂਅ ’ਚ ਸਫਲ ਸਮਾਗਮ ਲਈ ਤਸੱਲੀ ਜ਼ਾਹਿਰ ਕੀਤੀ ਗਈ। ਪੰਜਾਬੀ ਸਾਹਿਤ ਕਲਾ ਕੇਂਦਰ ਦੇ ਮੁਖੀ ਡਾ. ਸਿਮਰਤ ਸੁਮੈਰਾ ਨੇ ਸਮਾਗਮ ਦੇ ਸਿਖਰ ’ਤੇ ਆਪਣੀ ਸ਼ਾਇਰੀ ਦੀ ਸਾਂਝ ਪਾਉਂਦਿਆਂ ਫਿਰ ਮਿਲਣ ਦੇ ਵਾਅਦੇ ਨਾਲ ਸਭ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਵਰਗਿਸ ਸਲਾਮਤ ਤੇ ਡਾ. ਇੰਦਰਾ ਵਿਰਕ ਨੇ ਕੀਤਾ।