ਲਿਖੋ ਇਹੋ ਜਿਹੇ ਗੀਤ ਕਲਮਾਂ ਵਾਲਿਓ: ਦੇਵ ਖੁੱਡੀ ਕਲਾਂ ਵਾਲਾ
ਮੇਜਰ ਸਿੰਘ ਜਖੇਪਲ
ਦੇਵ ਖੁੱਡੀ ਕਲਾਂ ਵਾਲਾ ਦਾ ਨਾਂ ਪੰਜਾਬੀ ਗੀਤਕਾਰੀ ਵਿੱਚ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਫੋਕੀ ਸ਼ੁਹਰਤ ਲਈ ਉਹ ਜੋੜੇ ਲਾਹ ਕੇ ਨਹੀਂ ਭੱਜਿਆ, ਸਗੋਂ ਆਪਣੀ ਮੜ੍ਹਕ ਵਾਲੀ ਤੋਰ ਹੀ ਤੁਰਿਆ ਹੈ। ਸੱਚੀ ਗੱਲ ਮੂੰਹ ’ਤੇ ਕਹਿਣਾ ਉਸ ਦੀ ਆਦਤ ਹੈ। ਗੀਤਕਾਰੀ ਵਿੱਚ ਉਸ ਦਾ ਨਾਂ ਦੇਵ ਖੁੱਡੀ ਕਲਾਂ ਵਾਲਾ ਕਰਕੇ ਪ੍ਰਸਿੱਧ ਹੈ। ਉਂਝ ਲੋਕ ਹਰਦੇਵ ਸਿੰਘ ਤੇ ਗਿਆਨੀ ਜੀ ਕਹਿ ਕੇ ਵੀ ਬੁਲਾ ਲੈਂਦੇ ਹਨ।
ਦੇਵ ਦੇ ਪਿਤਾ ਜੈਮਲ ਸਿੰਘ ਅਨਪੜ੍ਹ ਸਨ, ਪਰ ਉਹ ਛਪਾਰ ਦੇ ਮੇਲੇ ’ਤੇ ਖੜ੍ਹੇ-ਖੜ੍ਹੇ ਬੋਲੀਆਂ ਜੋੜ ਦਿੰਦੇ ਸਨ। ਉਸ ਨੂੰ ਪੜ੍ਹਨ ਲਈ ਕਿੱਸੇ ਲਿਆ ਕੇ ਦਿੰਦੇ ਸਨ ਤਾਂ ਜੋ ਉਨ੍ਹਾਂ ਦਾ ਮੁੰਡਾ ਚੰਗਾ ਕਵੀਸ਼ਰ ਬਣ ਜਾਵੇ। ਦਰਅਸਲ, ਦੇਵ ਨੂੰ ਲਿਖਣ ਦੀ ਪ੍ਰੇਰਨਾ ਆਪਣੇ ਅਧਿਆਪਕ ਰਾਮ ਮੂਰਤ ਵਰਮਾ ਤੋਂ ਮਿਲੀ ਜੋ ਇਸ ਤੋਂ ਆਪਣੇ ਲਿਖੇ ਗੀਤਾਂ ਦੀ ਤਿਆਰੀ ਕਰਾ ਕੇ ਸਟੇਜ ’ਤੇ ਗਵਾਉਂਦੇ ਹੁੰਦੇ ਸਨ। ਰੋਜ਼ੀ-ਰੋਟੀ ਦੇ ਆਹਰ ਲਈ ਦੇਵ ਨੇ ਗਿਆਨੀ ਦੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ, ਓ.ਟੀ. (ਟੀਚਰ ਟਰੇਨਿੰਗ) ਦੇਸ ਰਾਜ ਮੈਮੋਰੀਅਲ ਸਰਕਾਰੀ ਹਾਈ ਸਕੂਲ, ਬਠਿੰਡਾ ਤੋਂ ਪਾਸ ਕੀਤੀ। ਫਿਰ ਬੀ.ਏ. ਕਰਕੇ ਪੰਜਾਬੀ ਅਧਿਆਪਕ ਨਿਯੁਕਤ ਹੋਇਆ।
ਦੇਵ ਖੁੱਡੀ ਕਲਾਂ ਵਾਲਾ ਦੇ ਲਿਖੇ ਬਹੁਤੇ ਗੀਤਾਂ ਨੂੰ ਗਾਇਕ ਕਰਮਜੀਤ ਧੂਰੀ ਤੇ ਉਸ ਦੇ ਪੁੱਤਰ ਮਿੰਟੂ ਧੂਰੀ ਨੇ ਗਾਇਆ ਹੈ। ‘ਜੇ ਤੂੰ ਬਣਨਾ ਸਿੰਘ ਗੁਰੂ ਦਾ ਪੰਜੇ ਕੱਕੇ ਧਾਰ’, ‘ਗੁਰੂ ਨੂੰ ਜਗਾਵੇ ਕਾਜੀ ਹਾਕ ਮਾਰ ਕੇ’, ‘ਤੋਰਦੇ ਦੇ ਕੇ ਅੰਮੀਏ ਆਖਰੀ ਪਿਆਰ ਨੂੰ’ ਤੇ ‘ਸਿੰਘਾਂ ਦਾ ਬੇਦਾਵਾ’ ਧਾਰਮਿਕ ਗੀਤਾਂ ਨੂੰ ਕਰਮਜੀਤ ਧੂਰੀ ਨੇ ਐਨੀ ਸ਼ਿੱਦਤ ਨਾਲ ਗਾਇਆ ਕਿ ਇਹ ਗੀਤ ਅੱਜ ਵੀ ਸਪੀਕਰਾਂ ਉੱਪਰ ਵੱਜਦੇ ਹਨ। ਇਸ ਤੋਂ ਇਲਾਵਾ ਸਵਰਨ ਲਤਾ, ਮੋਹਣੀ ਨਰੂਲਾ, ਜੋਗਿੰਦਰ ਸਾਜਨ, ਰੂਪ ਲਾਲ ਧੀਰ, ਬਲਜਿੰਦਰ ਗਰਚਾ, ਮੱਖਣ ਪੱਖੋ ਕਲਾਂ, ਹਰਜੀਤ ਜੱਸੀ, ਰਾਣੀ ਅਰਮਾਨ, ਜਸਪਾਲ ਛੋਕਰ ਤੇ ਕਈ ਹੋਰ ਕਲਾਕਾਰਾਂ ਨੇ ਵੀ ਦੇਵ ਦੇ ਲਿਖੇ ਗੀਤਾਂ ਨੂੰ ਰਿਕਾਰਡ ਕਰਵਾਇਆ ਹੈ। ਦੇਵ ਦੇ ਲਿਖੇ ਚਰਚਿਤ ਗੀਤ ਹਨ, ‘ਕੋਠੇ ’ਤੇ ਸਪੀਕਰ ਲਾਈ ਰੱਖਣਾ’, ‘ਹੁਣ ਨੂੰ ਤਾਂ ਥਾਣੇਦਾਰ ਲੱਗ ਜਾਂਦੇ’, ‘ਰੋਂਦੀ ਦਾ ਰੁਮਾਲ ਭਿੱਜ ਗਿਆ’, ‘ਆਹ ਲੈ ਸਾਡੀ ਲੈਜਾ ਛੱਤਰੀ’, ‘ਲੱਗ ਜੇ ਨਾ ਧੁੱਪ ਕਿਤੇ’, ‘ਬਠਿੰਡੇ ਵਾਲੀ ਰੇਲ ਵਾਂਗੂ’, ‘ਮੰਗਾਂ ਰੱਬ ਤੋਂ ਹਮੇਸ਼ਾ ਸੱਜਣਾਂ ਦੀ ਖੈਰ’, ‘ਛੇੜ ਕੇ ਭਰਿੰਡ ਰੰਗੀਆਂ’ ਆਦਿ।
ਗਾਇਕ ਮੱਖਣ ਪੱਖੋਂ ਕਲਾਂ ਨੇ ਦੇਵ ਦੇ ਲਿਖੇ ਤਿੰਨ ਗੀਤ ਰਿਕਾਰਡ ਕਰਵਾਏ ਹਨ, ਜਿਨ੍ਹਾਂ ਵਿੱਚ ‘ਪੱਗ’, ‘ਚੁੰਨੀ’ ਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਅਵਤਾਰ ਪੁਰਬ ਨਾਲ ਸਬੰਧਿਤ ਇੱਕ ਧਾਰਮਿਕ ਗੀਤ ਸ਼ਾਮਲ ਹੈ। ਉਸ ਦੇ ਇੱਕ ਗੀਤ ‘ਲੱਗ ਜੇ ਨਾ ਧੁੱਪ ਕਿਤੇ’ ਨੂੰ ਗਾਇਕਾ ਬਲਜਿੰਦਰ ਗਰਚਾ ਨੇ ਦੂਰਦਰਸ਼ਨ ਉੱਪਰ ਗਾਇਆ ਹੈ। ਉਹ ਆਪ ਵੀ ਗਾਉਣ ਦਾ ਸ਼ੌਕ ਰੱਖਦਾ ਹੈ। ਉਸ ਨੇ ਤਿੰਨ ਸਿੰਗਲ ਟਰੈਕ ‘ਬੇਗਮਪੁਰਾ’, ‘ਰਵਿਦਾਸ ਗੁਰੂ ਜੀ’ ਤੇ ‘ਸਾਡਾ ਪਿੰਡ ਸ਼ੌਕੀਨਾਂ ਦਾ’ ਰਿਕਾਰਡ ਕਰਵਾਏ ਹਨ। ਇਸ ਤੋਂ ਇਲਾਵਾ ਦੇਵ ਦੀ ਕਲਮ ਨੇ ਭਰੂਣ ਹੱਤਿਆ, ਦਾਜ, ਨਸ਼ੇ, ਭ੍ਰਿਸ਼ਟਾਚਾਰ, ਪਾਖੰਡੀ ਸਾਧਾਂ ਤੇ ਅਨਪੜ੍ਹਤਾ ਬਾਰੇ ਅਨੇਕਾਂ ਗੀਤ ਲਿਖੇ ਹਨ। ਲੱਚਰ ਸਾਹਿਤ ਲਿਖਣ ਵਾਲੇ ਲੋਕਾਂ ਬਾਰੇ ਉਸ ਦੀ ਕਲਮ ਲਿਖਦੀ ਹੈ ‘ਲਿਖੋ ਇਹੋ ਜਿਹੇ ਗੀਤ ਕਲਮਾਂ ਵਾਲਿਓ, ਜਿਹੜੇ ਹੋਣ ਨਾ ਪਲੀਤ ਕਲਮਾਂ ਵਾਲਿਓ’, ਰੁੱਖਾਂ ਦੀ ਅੰਨ੍ਹੇਵਾਹ ਕਟਾਈ ਬਾਰੇ ‘ਜ਼ਿੰਦਗੀ ਰਹਿਣ ਬਖ਼ਸ਼ਦੇ ਸਦਾ ਮਨੁੱਖਾਂ ਨੂੰ, ਰਲ ਮਿਲ ਕੇ ਇਸ ਧਰਤੀ ਉੱਤੇ ਲਾਉਂਦੇ ਰਹੀਏ ਰੁੱਖਾਂ ਨੂੰ’ ਲਿਖਿਆ। ਕਿਰਤੀ ਵਰਗ ਦੀ ਹੱਡ ਭੰਨਵੀਂ ਮਿਹਨਤ ਲਈ ਦੇਵ ਲਿਖਦਾ ਹੈ ‘ਨਮਸਕਾਰ ਮਜ਼ਦੂਰਾ, ਤੈਨੂੰ ਨਮਸਕਾਰ ਲੱਖ ਵਾਰ।’ ਕੌਮੀ ਝੰਡੇ ਬਾਰੇ ਉਹ ਲਿਖਦਾ ਹੈ, ‘ਕੌਮੀ ਝੰਡਾ ਤਿੰਨ ਰੰਗਾਂ ਸਾਡਾ ਕਿੰਨਾ ਏ ਮਹਾਨ, ਇਹੇ ਸਾਡੀ ਜ਼ਿੰਦ-ਜਾਨ, ਇਹੇ ਸਾਡੀ ਆਨ-ਸ਼ਾਨ।’ ਪ੍ਰਦੇਸਾਂ ਬਦਲੇ ਪੰਜਾਬ ਨੂੰ ਪਿਆਰਦੀ ਦੇਵ ਦੀ ਕਲਮ ਲਿਖਦੀ ਹੈ ‘ਕਿਤੇ ਪੰਜਾਬ ਨਾਲ ਦੀ ਨਾ ਸਰਦਾਰੀ।’ ਉਸ ਨੂੰ ਸਭ ਤੋਂ ਵੱਡਾ ਮਾਣ ਇਹ ਹੈ ਕਿ ਉਸ ਨੇ ਗੀਤ ਰਿਕਾਰਡ ਕਰਵਾਉਣ ਲਈ ਗਾਇਕਾਂ ਦੇ ਦਫ਼ਤਰਾਂ ਦੇ ਗੇੜੇ ਨਹੀਂ ਮਾਰੇ। ਉਸ ਦੀਆਂ ਚਾਰ ਪੁਸਤਕਾਂ ‘ਪੰਥ ਦਾ ਸਰਦਾਰ’,‘ਕੋਠੇ ’ਤੇ ਸਪੀਕਰ’, ‘ਧੀਆਂ ਦੀ ਕਦਰ ਕਰੋ’ ਅਤੇ ‘ਸਰਹਿੰਦ ਫਤਹਿ’ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਪਰਿਵਾਰਕ ਜ਼ਿੰਮੇਵਾਰੀਆਂ ਤੋਂ ਮੁਕਤ ਦੇਵ ਦੀ ਕਲਮ ਅਜੇ ਵੀ ਉਸੇ ਸ਼ਿੱਦਤ ਨਾਲ ਗੀਤ ਲਿਖ ਰਹੀ ਹੈ।
ਸੰਪਰਕ: 94631-28483