ਕ੍ਰਿਕਟ ਨੂੰ ਛੇਤੀ ਅਲਵਿਦਾ ਕਹੇਗਾ ਰਿਧੀਮਾਨ ਸਾਹਾ
ਨਵੀਂ ਦਿੱਲੀ, 4 ਨਵੰਬਰ
ਭਾਰਤ ਤਰਫ਼ੋਂ 40 ਟੈਸਟ ਮੈਚ ਖੇਡਣ ਵਾਲੇ ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਨੇ ਐਲਾਨ ਕੀਤਾ ਹੈ ਕਿ ਰਣਜੀ ਟਰਾਫੀ ਦੇ ਮੌਜੂਦਾ ਸੈਸ਼ਨ ਮਗਰੋਂ ਉਹ ਕ੍ਰਿਕਟ ਤੋਂ ਸੰਨਿਆਸ ਲੈ ਲਵੇਗਾ। ਬੰਗਾਲ ਦੇ ਇਸ 40 ਸਾਲਾ ਵਿਕਟਕੀਪਰ ਨੇ 2010 ਵਿੱਚ ਕੌਮਾਂਤਰੀ ਕ੍ਰਿਕਟ ’ਚ ਸ਼ੁਰੂਆਤ ਮਗਰੋਂ 40 ਟੈਸਟ ਤੋਂ ਇਲਾਵਾ ਨੌਂ ਇੱਕ ਰੋਜ਼ਾ ਮੈਚ ਵਿੱਚ ਵੀ ਭਾਰਤ ਦੀ ਅਗਵਾਈ ਕੀਤੀ। ਸਾਹਾ ਨੇ ਪਿਛਲੇ ਤਿੰਨ ਸਾਲ ਤੋਂ ਵੀ ਵੱਧ ਸਮੇਂ ਤੋਂ ਕੌਮੀ ਟੀਮ ਤਰਫ਼ੋਂ ਖੇਡਣ ਦਾ ਮੌਕਾ ਨਾ ਮਿਲਣ ਮਗਰੋਂ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਲਿਆ ਹੈ। ਸਾਹਾ ਨੇ ਸੋਸ਼ਲ ਮੀਡੀਆ ’ਤੇ ਪੋਸਟ ਵਿੱਚ ਕਿਹਾ, ‘‘ਕ੍ਰਿਕਟ ਵਿੱਚ ਇੱਕ ਸ਼ਾਨਦਾਰ ਸਫ਼ਰ ਮਗਰੋਂ ਇਹ ਮੇਰਾ ਆਖ਼ਰੀ ਸੈਸ਼ਨ ਹੋਵੇਗਾ। ਮੈਂ ਆਖ਼ਰੀ ਵਾਰ ਬੰਗਾਲ ਦੀ ਅਗਵਾਈ ਕਰਨ ਅਤੇ ਸੰਨਿਆਸ ਲੈਣ ਤੋਂ ਪਹਿਲਾਂ ਸਿਰਫ਼ ਰਣਜੀ ਟਰਾਫੀ ਵਿੱਚ ਖੇਡਣ ’ਤੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।’’ ਉਸ ਨੇ ਐਤਵਾਰ ਦੇਰ ਰਾਤ ਜਾਰੀ ਪੋਸਟ ਵਿੱਚ ਕਿਹਾ, ‘‘ਆਓ ਇਸ ਸੈਸ਼ਨ ਨੂੰ ਯਾਦਗਾਰ ਬਣਾਈਏ।’’ ਸਾਹਾ ਨੇ ਵਿਕਟਕੀਪਿੰਗ ਜ਼ਰੀਏ ਭਾਰਤੀ ਕ੍ਰਿਕਟ ਵਿੱਚ ਆਪਣੀ ਵਿਸ਼ੇਸ਼ ਜਗ੍ਹਾ ਬਣਾਈ ਸੀ। -ਪੀਟੀਆਈ