For the best experience, open
https://m.punjabitribuneonline.com
on your mobile browser.
Advertisement

ਕੁਸ਼ਤੀ ਟਰਾਇਲ: ਬਜਰੰਗ ਤੇ ਰਵੀ ਪੈਰਿਸ ਓਲੰਪਿਕ ਕੁਆਲੀਫਿਕੇਸ਼ਨ ਦੌੜ ’ਚੋਂ ਬਾਹਰ

06:54 AM Mar 11, 2024 IST
ਕੁਸ਼ਤੀ ਟਰਾਇਲ  ਬਜਰੰਗ ਤੇ ਰਵੀ ਪੈਰਿਸ ਓਲੰਪਿਕ ਕੁਆਲੀਫਿਕੇਸ਼ਨ ਦੌੜ ’ਚੋਂ ਬਾਹਰ
Advertisement

ਸੋਨੀਪਤ, 10 ਮਾਰਚ
ਟੋਕੀਓ ਓਲੰਪਿਕ ਖੇਡਾਂ ਦੇ ਤਗ਼ਮਾ ਜੇਤੂ ਬਜਰੰਗ ਪੂਨੀਆ ਅਤੇ ਰਵੀ ਦਹੀਆ ਅੱਜ ਇੱਥੇ ਨੈਸ਼ਨਲ ਟੀਮ ਲਈ ਚੋਣ ਟਰਾਇਲ ਵਿੱਚ ਆਪਣੇ ਭਾਰ ਵਰਗ ਦਾ ਮੁਕਾਬਲਾ ਹਾਰਨ ਮਗਰੋਂ ਪੈਰਿਸ ਓਲੰਪਿਕ ਕੁਆਲੀਫਿਕੇਸ਼ਨ ਦੀ ਦੌੜ ’ਚੋਂ ਬਾਹਰ ਹੋ ਗਏ। ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ਪੂਨੀਆ ਨੂੰ ਪੁਰਸ਼ਾਂ ਦੇ ਫਰੀਸਟਾਈਲ 65 ਕਿਲੋ ਸੈਮੀਫਾਈਨਲ ਵਿੱਚ ਰੋਹਿਤ ਕੁਮਾਰ ਤੋਂ 1-9 ਨਾਲ ਹਾਰ ਮਿਲੀ। ਇਸ ਤੋਂ ਪਹਿਲਾਂ ਉਹ ਰਵਿੰਦਰ (3-3) ਖ਼ਿਲਾਫ਼ ਮੁਸ਼ਕਲ ਨਾਲ ਜਿੱਤ ਦਰਜ ਕਰਨ ’ਚ ਕਾਮਯਾਬ ਹੋਇਆ ਸੀ। ਜੇਕਰ ਰਵਿੰਦਰ ਨੇ ਮੁਕਾਬਲੇ ’ਚ ਚਿਤਾਵਨੀ ਨਾਲ ਅੰਕ ਨਾਲ ਗੁਆਇਆ ਹੁੰਦਾ ਤਾਂ ਪੂਨੀਆ ਪਹਿਲਾਂ ਹੀ ਮੁਕਾਬਲੇ ’ਚੋਂ ਬਾਹਰ ਹੋ ਗਿਆ ਹੁੰਦਾ। ਸੈਮੀਫਾਈਨਲ ’ਚ ਹਾਰਨ ਮਗਰੋਂ ਬਜਰੰਗ ਪੂਨੀਆ ਗੁੱਸੇ ਵਿੱਚ ਤੁਰੰਤ ਭਾਰਤੀ ਖੇਡ ਅਥਾਰਿਟੀ (ਸਾਈ) ਕੇਂਦਰ ਤੋਂ ਚਲਾ ਗਿਆ। ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਦੇ ਅਧਿਕਾਰੀਆਂ ਨੇ ਪੂਨੀਆ ਤੋਂ ਡੋਪ ਦੇ ਨਮੂਨੇ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹ ਤੀਜੇ-ਚੌਥੇ ਸਥਾਨ ਦੇ ਮੁਕਾਬਲੇ ਲਈ ਵੀ ਨਹੀਂ ਰੁਕਿਆ।

Advertisement


ਪੂਨੀਆ ਨੇ ਟਰਾਇਲ ਦੀ ਤਿਆਰੀ ਲਈ ਰੂਸ ’ਚ ਟਰੇਨਿੰਗ ਲਈ ਸੀ। ਇਹ ਟਰਾਇਲ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੀ ਐਡਹਾਕ ਕਮੇਟੀ ਵੱਲੋਂ ਕਰਵਾਏ ਜਾ ਰਹੇ ਹਨ। ਹਾਲਾਂਕਿ ਪੂਨੀਆ ਨੇ ਦਿੱਲੀ ਹਾਈ ਕੋਰਟ ਵਿੱਚ ਇਹ ਕਹਿੰਦਿਆਂ ਮੁਕੱਦਮਾ ਜਿੱਤ ਲਿਆ ਸੀ ਕਿ ਮੁਅੱਤਲ ਡਬਲਿਊਐੱਫਆਈ ਕੋਲ ਟਰਾਇਲ ਕਰਵਾਉਣ ਦਾ ਕੋਈ ਅਧਿਕਾਰ ਨਹੀਂ ਹੈ। ਸੁਜੀਤ ਕਲਕਲ ਨੇ ਫਾਈਨਲ ਵਿੱਚ ਰੋਹਿਤ ਨੂੰ ਤਕਨੀਕੀ ਮੁਹਾਰਤ ਨਾਲ ਹਰਾ ਕੇ ਭਾਰਤੀ ਟੀਮ ’ਚ ਜਗ੍ਹਾ ਬਣਾਈ ਅਤੇ ਹੁਣ ਉਹ ਪੈਰਿਸ ਓਲੰਪਿਕ ਲਈ 65 ਕਿਲੋ ਵਰਗ ਦਾ ਕੋਟਾ ਦਿਵਾਉਣ ਦੀ ਕੋਸ਼ਿਸ਼ ਕਰੇਗਾ। ਸੁਜੀਤ ਨੇ ਹਾਂਗਜ਼ੂ ਏਸ਼ਿਆਈ ਖੇਡਾਂ ਲਈ ਪੂਨੀਆ ਨੂੰ ਸਿੱਧਾ ਦਾਖ਼ਲਾ ਦੇਣ ਖ਼ਿਲਾਫ਼ ਚੁਣੌਤੀ ਦਿੱਤੀ ਸੀ ਪਰ ਉਹ ਇਹ ਕਾਨੂੰਨੀ ਮੁਕੱਦਮਾ ਹਾਰ ਗਿਆ ਸੀ। ਰੋਹਿਤ ਹੁਣ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਅਗਵਾਈ ਕਰੇਗਾ। ਟਰਾਇਲ ਦੇ ਜੇਤੂਆਂ ਨੂੰ 19 ਤੋਂ 21 ਅਪਰੈਲ ਤੱਕ ਬਿਸ਼ਕੇਕ ਅਤੇ ਨੌਂ ਤੋਂ 12 ਮਈ ਤੱਕ ਇਸਤਾਂਬੁਲ ਵਿੱਚ ਹੋਣ ਵਾਲੇ ਏਸ਼ਿਆਈ ਅਤੇ ਵਿਸ਼ਵ ਓਲੰਪਿਕ ਕੁਆਲੀਫਾਇਰ ਵਿੱਚ ਮੁਕਾਬਲਾ ਕਰਨ ਦਾ ਮੌਕਾ ਮਿਲੇਗਾ। ਪੁਰਸ਼ 57 ਕਿਲੋ ਹਮੇਸ਼ਾ ਹੀ ਮੁਸ਼ਕਲ ਵਰਗ ਰਿਹਾ ਹੈ, ਜਿਸ ਵਿੱਚ ਟੋਕੀਓ ਓਲੰਪਿਕ ਦੇ ਚਾਂਦੀ ਦਾ ਤਗ਼ਮਾ ਜੇਤੂ ਰਵੀ ਦਹੀਆ ਅਤੇ ਅਮਨ ਸੇਹਰਾਵਤ ਦੌੜ ਵਿੱਚ ਹਨ। ਸੱਟ ਲੱਗਣ ਮਗਰੋਂ ਵਾਪਸੀ ਕਰ ਰਿਹਾ ਦਹੀਆ ਵੱਡੇ ਸਕੋਰ ਵਾਲੇ ਪਹਿਲੇ ਮੁਕਾਬਲੇ ਵਿੱਚ ਅਮਨ ਤੋਂ 13-14 ਨਾਲ ਹਾਰ ਗਿਆ।
ਦਹੀਆ ਅਗਲੇ ਮੁਕਾਬਲੇ ਵਿੱਚ ਅੰਡਰ-20 ਏਸ਼ਿਆਈ ਚੈਂਪੀਅਨ ਉਦਿਤ ਤੋਂ ਹਾਰ ਗਿਆ। ਅਮਨ 57 ਕਿਲੋ ਭਾਰ ਵਰਗ ਵਿੱਚ ਓਲੰਪਿਕ ਕੁਆਲੀਫਾਇਰ ’ਚ ਭਾਰਤ ਦੀ ਅਗਵਾਈ ਕਰੇਗਾ। ਭਾਰਤ ਨੇ ਹੁਣ ਤੱਕ ਅੰਤਿਮ ਪੰਘਾਲ (ਮਹਿਲਾ 53 ਕਿਲੋ) ਜ਼ਰੀਏ ਹੀ ਪੈਰਿਸ ਓਲੰਪਿਕ ਲਈ ਇੱਕ ਕੋਟਾ ਹਾਸਲ ਕੀਤਾ ਹੈ। ਟਰਾਇਲ ਜਿੱਤਣ ਵਾਲੇ ਹੋਰ ਪਹਿਲਵਾਨ ਜੈਦੀਪ (74 ਕਿਲੋ), ਦੀਪਕ ਪੂਨੀਆ (86 ਕਿਲੋ), ਦੀਪਕ ਨੇਹਰਾ (97 ਕਿਲੋ) ਅਤੇ ਸੁਮਿਤ ਮਲਿਕ (123 ਕਿਲੋ) ਹਨ। ਏਸ਼ਿਆਈ ਕੁਆਲੀਫਾਇਰ ਲਈ ਭਾਰਤੀ ਟੀਮ ਵਿੱਚ ਅਮਨ ਸੇਹਰਾਵਤ (57 ਕਿਲੋ), ਸੁਜੀਤ ਕਲਕਲ (65 ਕਿਲੋ), ਜੈਦੀਪ (74 ਕਿਲੋ), ਦੀਪਕ ਪੂਨੀਆ (86 ਕਿਲੋ), ਦੀਪਕ ਨੇਹਰਾ (97 ਕਿਲੋ), ਸੁਮਿਤ ਮਲਿਕ (123 ਕਿਲੋ) ਸ਼ਾਮਲ ਹਨ। -ਪੀਟੀਆਈ

Advertisement
Author Image

Advertisement
Advertisement
×