ਕੁਸ਼ਤੀ: ਰਵੀ ਦਹੀਆ ਗੋਡੇ ਦੀ ਸੱਟ ਕਾਰਨ ਬਿਸ਼ਕੇਕ ਰੈਂਕਿੰਗ ਸੀਰੀਜ਼ ’ਚੋਂ ਹਟਿਆ
ਬਿਸ਼ਕੇਕ, 4 ਜੂਨ
ਓਲੰਪਿਕ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਪਹਿਲਵਾਨ ਰਵੀ ਕੁਮਾਰ ਦਹੀਆ ਅੱਜ ਇੱਥੇ ਅਭਿਆਸ ਮੈਚ ਵਿੱਚ ਗੋਡੇ ‘ਤੇ ਸੱਟ ਲੱਗਣ ਕਾਰਨ ਬਿਸ਼ਕੇਕ ਰੈਂਕਿੰਗ ਸੀਰੀਜ਼ ਕੁਸ਼ਤੀ ਚੈਂਪੀਅਨਸ਼ਿਪ ਵਿੱਚੋਂ ਹਟ ਗਿਆ। ਇਸੇ ਦੌਰਾਨ ਮੁਲਾਇਮ ਯਾਦਵ ਅਤੇ ਪੰਕਜ ਨੂੰ ਕਾਂਸੀ ਦੇ ਤਗ਼ਮੇ ਲਈ ਪਲੇਅ-ਆਫ ਮੁਕਾਬਲੇ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਰਵੀ ਵੱਲੋਂ ਟੂਰਨਾਮੈਂਟ ਤੋਂ ਹਟਣ ਤੋਂ ਇਲਾਵਾ ਪੰਕਜ ਅਤੇ ਮੁਲਾਇਮ ਦੇ ਹਾਰ ਜਾਣ ਕਾਰਨ ਭਾਰਤੀ ਪੁਰਸ਼ ਫ੍ਰੀਸਟਾਈਲ ਟੀਮ ਟੂਰਨਾਮੈਂਟ ਵਿੱਚੋਂ ਖਾਲੀ ਹੱਥ ਪਰਤੇਗੀ। ਦਹੀਆ ਨੇ 61 ਕਿੱਲੋ ਭਾਰ ਵਰਗ ਦੇ ਕੁਆਲੀਫਿਕੇਸ਼ਨ ਰਾਊਂਡ ਵਿੱਚ ਕਿਰਗਿਜ਼ਸਤਾਨ ਦੇ ਤਾਇਰਬੈਕ ਜ਼ੁਮਾਸ਼ਬੇਕ ਨਾਲ ਭਿੜਨਾ ਸੀ। ਰਵੀ ਦਹੀਆ ਦਾ ਸਤੰਬਰ 2022 ਵਿੱਚ ਬੈਲਗਰੇਡ ਵਿੱਚ ਵਿਸ਼ਵ ਚੈਂਪੀਅਨਸ਼ਿਪ ‘ਚ ਛੇਵੇਂ ਸਥਾਨ ‘ਤੇ ਰਹਿਣ ਮਗਰੋਂ ਇਹ ਪਹਿਲਾ ਮੁਕਾਬਲਾ ਸੀ।
ਭਾਰਤੀ ਟੀਮ ਦੇ ਸਹਿਯੋਗੀ ਸਟਾਫ ਦੇ ਇਕ ਮੈਂਬਰ ਨੇ ਕਿਹਾ, ”ਇਸ ਸਾਲ ਜਨਵਰੀ ਵਿੱਚ ਰਵੀ ਦੇ ਗੋਡੇ ‘ਤੇ ਸੱਟ ਲੱਗ ਗਈ ਸੀ ਜਿਸ ਤੋਂ ਉਹ ਤੋਂ ਉੱਭਰ ਆਇਆ ਸੀ। ਇੱਥੇ ਅਭਿਆਸ ਦੌਰਾਨ ਉਸ ਦੇ ਉਸੇ ਗੋਡੇ ਨੂੰ ਖਿੱਚ ਪੈ ਗਈ। ਏਸ਼ਿਆਈ ਖੇਡਾਂ ਲਈ ਟਰਾਇਲ ਹੋਣ ਵਾਲੇ ਹਨ ਅਤੇ ਅਜਿਹੇ ਵਿੱਚ ਉਸ ਨੇ ਚੈਂਪੀਅਨਸ਼ਿਪ ‘ਚੋਂ ਹਟਣ ਦਾ ਫ਼ੈਸਲਾ ਕੀਤਾ ਹੈ ਤਾਂ ਕਿ ਉਸ ਦੀ ਸੱਟ ਹੋਰ ਗੰਭੀਰ ਨਾ ਹੋ ਜਾਵੇ।” -ਪੀਟੀਆਈ