ਕੁਸ਼ਤੀ: ਤਗ਼ਮੇ ਤੋਂ ਖੁੰਝੀ ਅੰਤਿਮ ਪੰਘਾਲ
ਪੈਰਿਸ, 7 ਅਗਸਤ
ਕੁਸ਼ਤੀ ਵਿੱਚ ਭਾਰਤ ਦੀ ਸਭ ਤੋਂ ਵੱਡੀ ਤਗ਼ਮੇ ਦੀ ਉਮੀਦ ਪੈਰਿਸ ਓਲੰਪਿਕ ਵਿੱਚ ਅੱਜ ਮਹਿਲਾਵਾਂ ਦੇ 53 ਕਿਲੋ ਭਾਰ ਵਰਗ ਵਿੱਚ ਤੁਰਕੀ ਦੀ ਯੇਤਗਿਲ ਜ਼ੇਨਿਪ ਤੋਂ 0-10 ਨਾਲ ਹਾਰ ਮਗਰੋਂ ਖ਼ਤਮ ਹੋ ਗਈ। ਅੰਤਿਮ ਦੇ ਰੈਪੇਚੇਜ਼ ਜ਼ਰੀਏ ਕਾਂਸੇ ਦਾ ਤਗ਼ਮੇ ਦੀ ਦੌੜ ਵਿੱਚ ਬਣ ਰਹਿਣ ਦੀ ਉਮੀਦ ਵੀ ਉਦੋਂ ਟੁੱਟ ਗਈ, ਜਦੋਂ ਜ਼ੇਨਿਪ ਕੁਆਰਟਰ ਫਾਈਨਲ ਵਿੱਚ ਜਰਮਨੀ ਦੀ ਅੰਨਿਕਾ ਵੈਂਡਲ ਤੋਂ ਹਾਰ ਗਈ। ਇਸ ਤੋਂ ਪਹਿਲਾਂ ਵਿਸ਼ਵ ਕੱਪ ਚੈਂਪੀਅਨਸ਼ਿਪ ਦੀ ਕਾਂਸੇ ਦਾ ਤਗ਼ਮਾ ਜੇਤੂ ਅਤੇ ਇਸ ਵਰਗ ਵਿੱਚ ਓਲੰਪਿਕ ਕੋਟਾ ਹਾਸਲ ਕਰਨ ਵਾਲੀ ਅੰਤਿਮ 101 ਸੈਕਿੰਡ ਵਿੱਚ ਹੀ ਹਾਰ ਗਈ।
ਪਹਿਲਾਂ ਵਿਨੇਸ਼ ਇਸ ਭਾਰ ਵਰਗ ਵਿੱਚ ਖੇਡਦੀ ਸੀ। ਤੁਰਕੀ ਦੀ ਪਹਿਲਵਾਨ ਨੂੰ ਤਕਨੀਕੀ ਸਮਰੱਥਾ ਦੇ ਆਧਾਰ ’ਤੇ ਜੇਤੂ ਐਲਾਨਿਆ ਗਿਆ। ਕੁਸ਼ਤੀ ਵਿੱਚ ਰੈਪੇਚੇਜ਼ ਨਿਯਮ ਉਨ੍ਹਾਂ ਪਹਿਲਵਾਨਾਂ ਲਈ ਇਸਤੇਮਾਲ ਹੁੰਦਾ ਹੈ, ਜੋ ਪ੍ਰੀ-ਕੁਆਰਟਰ ਫਾਈਨਲ ਜਾਂ ਇਸ ਤੋਂ ਮਗਰੋਂ ਦੇ ਰਾਊਂਡ ਵਿੱਚ ਫਾਈਨਲ ਵਿੱਚ ਪਹੁੰਚਣ ਵਾਲੇ ਖਿਡਾਰੀਆਂ ਤੋਂ ਹਾਰ ਜਾਂਦੇ ਹਨ। ਰੈਪੇਚੇਜ਼ ਪਹਿਲਵਾਨਾਂ ਨੂੰ ਹਾਰਨ ਮਗਰੋਂ ਵੀ ਵਾਪਸੀ ਕਰਨ ਅਤੇ ਕਾਂਸੇ ਦਾ ਤਗ਼ਮਾ ਜਿੱਤਣ ਦਾ ਮੌਕਾ ਦਿੰਦਾ ਹੈ। ਅੰਤਿਮ ਦੇਸ਼ ਦੀ ਤੀਜੀ ਪਹਿਲਵਾਨ ਬਣ ਗਈ ਹੈ, ਜੋ ਖਾਲੀ ਹੱਥ ਪਰਤੇਗੀ। ਨਿਸ਼ਾ ਦਹੀਆ (68 ਕਿਲੋ ਭਾਰ ਵਰਗ) ਦੀ ਮੁਹਿੰਮ ਸੋਮਵਾਰ ਨੂੰ ਸਮਾਪਤ ਹੋ ਗਈ, ਜਦਕਿ ਵਿਨੇਸ਼ ਨੂੰ 50 ਕਿਲੋ ਭਾਰ ਵਰਗ ਵਿੱਚ ਅੱਜ ਸੋਨ ਤਗ਼ਮੇ ਦੇ ਮੁਕਾਬਲੇ ਤੋਂ ਕੁੱਝ ਘੰਟੇ ਪਹਿਲਾਂ ਹੀ ਵਜ਼ਨ ਸੀਮਾ ਤੋਂ 100 ਗ੍ਰਾਮ ਵੱਧ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ। -ਪੀਟੀਆਈ