ਕੁਸ਼ਤੀ: ਅੰਤਿਮ ਪੰਘਾਲ ਨੇ ਜਿੱਤੀ ਕਾਂਸੀ
ਹਾਂਗਜ਼ੂ, 5 ਅਕਤੂਬਰ
ਮਹਿਲਾ ਪਹਿਲਵਾਨ ਅੰਤਿਮ ਪੰਘਾਲ (19) ਨੇ 53 ਕਿਲੋ ਭਾਰ ਵਰਗ ਦੇ ਮੁਕਾਬਲੇ ਵਿੱਚ ਟੋਕੀਓ ਓਲੰਪਿਕ ਤਗ਼ਮਾ ਜੇਤੂ ਬੋਲੋਰਤੁਆ ਬਾਤ-ਓਚਿਰ ਨੂੰ 3-1 ਨਾਲ ਹਰਾ ਕੇ ਏਸ਼ਿਆਈ ਖੇਡਾਂ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ, ਜਦਕਿ ਕੁਸ਼ਤੀ ਵਿੱਚ ਬਾਕੀ ਭਾਰਤੀ ਪਹਿਲਵਾਨਾਂ ਦੇ ਹੱਥ ਨਿਰਾਸ਼ਾ ਲੱਗੀ। ਅੰਤਿਮ ਨੇ ਜਾਪਾਨ ਦੀ ਦੋ ਵਾਰ ਦੀ ਵਿਸ਼ਵ ਚੈਂਪੀਅਨ ਅਕਾਰੀ ਫੁਜੀਨਾਮੀ ਤੋਂ ਮਹਿਲਾਵਾਂ ਦੇ ਸੈਮੀਫਾਈਨਲ ਵਿੱਚ ਹਾਰਨ ਮਗਰੋਂ ਕਾਂਸੇ ਦੇ ਤਗ਼ਮੇ ਲਈ ਮੁਕਾਬਲੇ ਵਿੱਚ ਸ਼ਾਨਦਾਰ ਵਾਪਸੀ ਕੀਤੀ। ਉਸ ਨੇ ਮੰਗੋਲੀਆ ਦੀ ਖਿਡਾਰਨ ਨੂੰ ਆਪਣੇ ’ਤੇ ਹਾਵੀ ਹੋਣ ਦਾ ਮੌਕਾ ਨਹੀਂ ਦਿੱਤਾ। ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਗ਼ਮਾ ਜਿੱਤ ਕੇ ਇੱਥੇ ਆਈ ਅੰਤਿਮ ਨੇ 3-0 ਦੀ ਲੀਡ ਬਣਾ ਕੇ ਮੰਗੋਲੀਆ ਦੀ ਪਹਿਲਵਾਨ ’ਤੇ ਜੰਮ ਕੇ ਜਵਾਬੀ ਹਮਲੇ ਕੀਤੇ। ਉਸ ਨੇ ਲੱਤ ’ਤੇ ਹਮਲੇ ਨੂੰ ਵੀ ਨਾਕਾਮ ਕੀਤਾ।
ਵਨਿੇਸ਼ ਫੋਗਾਟ ਦੇ ਸੱਟ ਲੱਗਣ ਕਾਰਨ ਨਾਮ ਵਾਪਸ ਲੈਣ ਮਗਰੋਂ ਅੰਤਿਮ ਨੂੰ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਉਸ ਨੇ ਵਨਿੇਸ਼ ਨੂੰ ਟਰਾਇਲ ਲਈ ਚੁਣੌਤੀ ਦਿੱਤੀ ਸੀ ਪਰ ਵਨਿੇਸ਼ ਨੇ ਏਸ਼ਿਆਈ ਖੇਡਾਂ ਵਿੱਚ ਸਿੱਧੇ ਦਾਖ਼ਲੇ ਨੂੰ ਚੁਣਿਆ। ਬਾਅਦ ਵਿੱਚ ਵਨਿੇਸ਼ ਦੇ ਗੋਡੇ ’ਤੇ ਸੱਟ ਲੱਗਣ ਕਾਰਨ ਅੰਤਿਮ ਲਈ ਰਾਹ ਖੁੱਲ੍ਹਿਆ। -ਪੀਟੀਆਈ
ਗਰੀਕੋ ਰੋਮਨ ’ਚ ਭਾਰਤੀ ਪਹਿਲਵਾਨਾਂ ਦੇ ਹੱਥ ਲੱਗੀ ਨਿਰਾਸ਼ਾ
ਭਾਰਤ ਦੇ ਨਰਿੰਦਰ ਚੀਮਾ ਗਰੀਕੋ ਰੋਮਨ 97 ਕਿਲੋ, ਨਵੀਨ ਗਰੀਕੋ ਰੋਮਨ 130 ਕਿਲੋ ਅਤੇ ਪੂਜਾ ਗਹਿਲੋਤ ਮਹਿਲਾ 50 ਕਿਲੋ ਭਾਰ ਵਰਗ ਵਿੱਚ ਹਾਰ ਕੇ ਬਾਹਰ ਹੋ ਗਏ। ਪੂਜਾ ਨੂੰ ਕਾਂਸੇ ਦੇ ਤਗ਼ਮੇ ਲਈ ਮੁਕਾਬਲੇ ਵਿੱਚ ਅਕਤੇਂਗੇ ਕੇਉਨਿਮਜਾਏਵਾ ਨੇ 9-2 ਨਾਲ ਹਰਾਇਆ। ਮਾਨਸੀ ਅਹਲਾਵਤ ਤੋਂ ਮਹਿਲਾ 57 ਕਿਲੋ ਭਾਰ ਵਰਗ ਵਿੱਚ ਕਾਫ਼ੀ ਉਮੀਦਾਂ ਸੀ ਪਰ ਉਜਬੇਕਿਸਤਾਨ ਦੀ ਲੇਲੋਖੋਨ ਸੋਬਿਰੋਵਾ ਖ਼ਿਲਾਫ਼ ਕਾਂਸੇ ਦੇ ਤਗ਼ਮੇ ਦੇ ਮੁਕਾਬਲੇ ਵਿੱਚ ਉਹ 70 ਸੈਕਿੰਡ ਵਿੱਚ ਹੀ ਚਿੱਤ ਹੋ ਗਈ। ਨਰਿੰਦਰ ਚੀਮਾ ਨੂੰ ਕੁਆਰਟਰ ਫਾਈਨਲ ਵਿੱਚ ਦੱਖਣੀ ਕੋਰੀਆ ਦੇ ਲੀ ਸਿਓਲ ਨੇ 3-1 ਨਾਲ ਹਰਾਇਆ। ਮਾਨਸੀ ਨੂੰ ਜਾਪਾਨ ਦੀ ਸਕੁਰਾਈ ਸੁਗੁਮੀ ਨੇ 5-2 ਨਾਲ ਹਰਾਇਆ। ਗਰੀਕੋ ਰੋਮਨ ਵਿੱਚ ਨਵੀਨ ਨੂੰ ਚੀਨ ਦੇ ਮੇਂਗ ਲਿੰਗਜੇ ਨੇ 3-0 ਨਾਲ ਹਰਾਇਆ। ਬਜਰੰਗ ਪੂਨੀਆ ਅਤੇ ਅਮਨ ਸਹਿਰਾਵਤ ਭਲਕੇ ਅਖਾੜੇ ਵਿੱਚ ਜ਼ੋਰ ਅਜ਼ਮਾਉਣਗੇ।