ਹਿਸਾਰ ਵਿੱਚ ਸੜਕਾਂ ’ਤੇ ਉੱਤਰੇ ਪਹਿਲਵਾਨ
ਹਿਸਾਰ, 19 ਜੁਲਾਈ
ਪਹਿਲਵਾਨ ਬਜਰੰਗ ਪੂਨੀਆ ਅਤੇ ਵਨਿੇਸ਼ ਫੋਗਾਟ ਨੂੰ ਏਸ਼ੀਅਨ ਗੇਮਜ਼ ਦੇ ਟਰਾਇਲ ਵਿੱਚ ਛੋਟ ਦੇਣ ਦੇ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੀ ਐਡਹਾਕ ਕਮੇਟੀ ਦੇ ਫ਼ੈਸਲੇ ਨੂੰ ਨਾਜਾਇਜ਼ ਕਰਾਰ ਦਿੰਦਿਆਂ ਜੂਨੀਅਰ ਵਿਸ਼ਵ ਚੈਂਪੀਅਨ ਅੰਤਿਮ ਪੰਘਾਲ ਸਮੇਤ ਕੌਮੀ ਪੱਧਰ ਦੇ ਕਈ ਪਹਿਲਵਾਰ ਇੱਥੇ ਅੱਜ ਵਿਰੋਧ ਪ੍ਰਦਰਸ਼ਨ ਕਰਦਿਆਂ ਸੜਕਾਂ ’ਤੇ ਉੱਤਰ ਆਏ। ਵਨਿੇਸ਼ (53 ਕਿਲੋ) ਅਤੇ ਬਜਰੰਗ ਪੂਨੀਆ (65 ਕਿਲੋ) ਨੂੰ ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਐਡਹਾਕ ਕਮੇਟੀ ਨੇ ਮੰਗਲਵਾਰ ਨੂੰ ਏਸ਼ੀਅਨ ਗੇਮਜ਼ ਵਿੱਚ ਸਿੱਧੇ ਦਾਖ਼ਲਾ ਦੇਣ ਦਾ ਫ਼ੈਸਲਾ ਕੀਤਾ, ਜਦਕਿ ਬਾਕੀ ਪਹਿਲਵਾਨਾਂ ਨੂੰ 22 ਅਤੇ 23 ਜੁਲਾਈ ਨੂੰ ਟਰਾਇਲ ਵਿੱਚੋਂ ਲੰਘਣਾ ਪਵੇਗਾ। ਏਸ਼ੀਅਨ ਗੇਮਜ਼ ਚੀਨ ਦੇ ਹਾਂਗਜ਼ੇਊ ਸ਼ਹਿਰ ਵਿੱਚ 23 ਸਤੰਬਰ ਤੋਂ ਹੋਣਗੀਆਂ। ਪ੍ਰਦਰਸ਼ਨਕਾਰੀ ਪਹਿਲਵਾਨ ਹਿਸਾਰ ਦੇ ਛੋਟੂ ਰਾਮ ਚੌਕ ਵਿੱਚ ਇਕੱਠੇ ਹੋਏ ਅਤੇ ਉਨ੍ਹਾਂ ਹਰੇਕ ਭਾਰ ਵਰਗ ਵਿੱਚ ਟਰਾਇਲ ਕਰਵਾਉਣ ਦੀ ਮੰਗ ਕੀਤੀ। ਇਨ੍ਹਾਂ ਪਹਿਲਵਾਨਾਂ ਵਿੱਚ ਅੰਤਿਮ ਪੰਘਾਲ ਤੋਂ ਇਲਾਵਾ ਬਜਰੰਗ ਦੇ ਭਾਰ ਵਰਗ ਵਿੱਚ ਮੁਕਾਬਲਾ ਕਰਨ ਵਾਲੇ ਵਿਸ਼ਾਲ ਕਾਲੀਰਮਨ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹੋਏ। ਹਿਸਾਰ ਦੇ ਬਾਲਾ ਲਾਲਦਾਸ ਅਖ਼ਾੜਾ ਅਤੇ ਨਵੀਂ ਦਿੱਲੀ ਦੇ ਮਸ਼ਹੂਰ ਛਤਰਸਾਲ ਸਟੇਡੀਅਮ ਦੇ ਪਹਿਲਵਾਨਾਂ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਲੋਕ ਵੀ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ। -ਪੀਟੀਆਈ