ਡਬਲਿਊਪੀਐੱਲ: ਜੇਤੂ ਮੁਹਿੰਮ ਜਾਰੀ ਰੱਖਣ ਲਈ ਮੈਦਾਨ ’ਚ ਉਤਰਨਗੇ ਦਿੱਲੀ ਕੈਪੀਟਲਜ਼ ਤੇ ਰੌਇਲ ਚੈਲੰਜਰਜ਼
ਵਡੋਦਰਾ, 16 ਫਰਵਰੀ
ਆਪਣੇ ਪਹਿਲੇ ਮੈਚ ਵਿੱਚ ਬਦਲਵੇਂ ਅੰਦਾਜ਼ ਵਿੱਚ ਜਿੱਤ ਦਰਜ ਕਰਨ ਵਾਲੇ ਰੌਇਲ ਚੈਲੰਜਰਜ਼ ਬੰਗਲੂਰੂ (ਆਰਸੀਬੀ) ਅਤੇ ਦਿੱਲੀ ਕੈਪੀਟਲਜ਼, ਮਹਿਲਾ ਪ੍ਰੀਮੀਅਰ ਲੀਗ (ਡਬਲਿਊਪੀਐੱਲ) ਵਿੱਚ ਸੋਮਵਾਰ ਨੂੰ ਇੱਥੇ ਜਦੋਂ ਆਹਮੋ-ਸਾਹਮਣੇ ਹੋਣਗੇ ਤਾਂ ਉਨ੍ਹਾਂ ਦਾ ਟੀਚਾ ਆਪਣੀ ਜੇਤੂ ਮੁਹਿੰਮ ਨੂੰ ਜਾਰੀ ਰੱਖਣਾ ਹੋਵੇਗਾ। ਮੌਜੂਦਾ ਚੈਂਪੀਅਨ ਆਰਸੀਬੀ ਨੇ ਟੂਰਨਾਮੈਂਟ ਦੇ ਉਦਘਾਟਨੀ ਮੈਚ ਵਿੱਚ ਗੁਜਰਾਤ ਜਾਇੰਟਸ ਨੂੰ ਛੇ ਵਿਕਟਾਂ ਨਾਲ ਹਰਾਇਆ ਜਦਕਿ ਦਿੱਲੀ ਕੈਪੀਟਲਜ਼ ਨੇ ਮੁੰਬਈ ਇੰਡੀਅਨਜ਼ ਖ਼ਿਲਾਫ਼ ਆਖ਼ਰੀ ਗੇਂਦਾਂ ’ਤੇ ਜਿੱਤ ਦਰਜ ਕੀਤੀ। ਵਧੀਆ ਸ਼ੁਰੂਆਤ ਨਾਲ ਦੋਵੇਂ ਟੀਮਾਂ ਦਾ ਆਤਮ-ਵਿਸ਼ਵਾਸ ਵਧਿਆ ਹੋਵੇਗਾ ਪਰ ਆਰਸੀਬੀ ਦੀ ਟੀਮ ਖ਼ਾਸ ਕਰ ਕੇ ਬੱਲੇਬਾਜ਼ੀ ਤੇ ਗੇਂਦਬਾਜ਼ੀ ਵਿੱਚ ਵਧੇਰੇ ਸੰਤੁਲਿਤ ਨਜ਼ਰ ਆ ਰਹੀ ਹੈ ਅਤੇ ਇਸ ਵਾਸਤੇ ਉਹ ਇਸ ਮੈਚ ਵਿੱਚ ਜਿੱਤ ਦੀ ਮਜ਼ਬੂਤ ਦਾਅਵੇਦਾਰ ਦੇ ਰੂਪ ਵਿੱਚ ਸ਼ੁਰੂਆਤ ਕਰੇਗੀ।
ਆਰਸੀਬੀ ਦੀ ਬੱਲੇਬਾਜ਼ੀ ਇਕਾਈ ਦੀ ਮਜ਼ਬੂਤੀ ਦਾ ਪਤਾ ਇਸ ਤੋਂ ਲੱਗਦਾ ਹੈ ਕਿ ਉਸ ਨੇ 200 ਤੋਂ ਵੱਧ ਦੌੜਾਂ ਦੇ ਟੀਚੇ ਨੂੰ ਕਾਫੀ ਆਸਾਨੀ ਨਾਲ ਹਾਸਲ ਕੀਤਾ। ਸਮ੍ਰਿਤੀ ਮੰਧਾਨਾ ਦੀ ਅਗਵਾਈ ਵਾਲੀ ਟੀਮ ਆਪਣਾ ਇਹ ਪ੍ਰਦਰਸ਼ਨ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗੀ। ਆਰਸੀਬੀ ਨੂੰ ਰਾਘਵੀ ਬਿਸ਼ਟ ਤੇ ਕਨਿਕਾ ਆਹੂਜਾ ਵਰਗੀਆਂ ਨੌਜਵਾਨ ਖਿਡਾਰਨਾਂ ਕਰ ਕੇ ਮਜ਼ਬੂਤ ਮਿਲੀ ਹੈ ਜੋ ਕਿ ਮੰਧਾਨਾ, ਐਲਿਸ ਪੈਰੀ, ਰਿਚਾ ਘੋਸ਼ ਅਤੇ ਡੈਨੀ ਵਿਆਟ ਦੇ ਨਾਲ ਸਹਿਜਤਾ ਨਾਲ ਘੁਲ-ਮਿਲ ਗਈਆਂ ਹਨ। ਰਾਘਵੀ ਤੇ ਕਨਿਕਾ ਨੇ ਪਹਿਲੇ ਮੈਚ ਵਿੱਚ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਸੀ।
ਉੱਧਰ, ਦਿੱਲੀ ਦੀ ਬੱਲੇਬਾਜ਼ੀ ਇਕਾਈ ਕਾਫੀ ਮਜ਼ਬੂਤ ਹੈ, ਜਿਸ ਵਿੱਚ ਕਪਤਾਨ ਮੈਗ ਲੈਨਿੰਗ, ਐਨਾਬੇਲ ਸਦਰਲੈਂਡ, ਸ਼ੈਫਾਲੀ ਵਰਮਾ, ਜੈਮੀਮਾ ਰੌਡਰਿਗਜ਼, ਐਲਿਸ ਕੈਪਸੀ ਤੇ ਸਾਰਾ ਬਰਾਈਸ ਵਰਗੀਆਂ ਬੱਲੇਬਾਜ਼ ਹਨ ਜੋ ਕਿਸੇ ਵੀ ਤਰ੍ਹਾਂ ਦੇ ਹਮਲੇ ਦੀਆਂ ਧੱਜੀਆਂ ਉਡਾ ਸਕਦੀਆਂ ਹੈ। -ਪੀਟੀਆਈ