ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਾਹ! ਜ਼ਿੰਦਗੀ

07:45 AM Jan 15, 2025 IST

ਡਾ. ਗੁਰਬਖ਼ਸ਼ ਸਿੰਘ ਭੰਡਾਲ
Advertisement

ਜ਼ਿੰਦਗੀ ਜਿਊਣ ਦਾ ਹੁਨਰ ਹੀ ਇਸ ਨੂੰ ਖ਼ੂਬਸੂਰਤ ਬਣਾਉਂਦਾ ਹੈ ਅਤੇ ਇਹੀ ਸਾਡਾ ਹਾਸਲ ਬਣ ਜਾਂਦਾ ਹੈ। ਇਸ ਦੀਆਂ ਰਹਿਮਤਾਂ ਦਾ ਸ਼ੁਕਰਾਨਾ ਅਤੇ ਨਿਆਮਤਾਂ ਦਾ ਗੁਣਗਾਣ ਕਰਨਾ ਚਾਹੀਦਾ ਹੈ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਹੋਰ ਵੀ ਹੁਸੀਨ ਅਤੇ ਯਾਦਗਾਰੀ ਬਣਾਉਣਾ ਹੈ।
ਜ਼ਿੰਦਗੀ ਨੂੰ ਮਾਣਨ ਅਤੇ ਇਸ ਦੇ ਹਰ ਪਲ ਨੂੰ ਜਿਊਣ ਜੋਗਾ ਕਰਨ ਦਾ ਜਜ਼ਬਾ ਹੋਣਾ ਜ਼ਰੂਰੀ ਹੈ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਇਸ ਨੂੰ ਜ਼ਿਕਰਯੋਗ ਪਲਾਂ ਦਾ ਨਾਮ ਦੇਣਾ ਹੈ ਜਿਨ੍ਹਾਂ ਨੂੰ ਸਾਡੇ ਜਾਣ ਤੋਂ ਬਾਅਦ ਵੀ ਸਾਡੀਆਂ ਨਸਲਾਂ ਨੇ ਯਾਦ ਕਰਨਾ ਹੈ। ਜ਼ਿੰਦਗੀ ਜਨੂੰਨ ਹੈ, ਇਸ ਲਈ ਸਾਨੂੰ ਕੁਝ ਅਜਿਹਾ ਕਰਨਾ ਹੈ ਕਿ ਸਮਾਜ ਦਾ ਮੁਹਾਂਦਰਾ ਲਿਸ਼ਕਦਾ ਰਹੇ। ਕਦਰਾਂ-ਕੀਮਤਾਂ ਜਿਉਂਦੀਆਂ ਰਹਿਣ ਅਤੇ ਇਸ ਦੇ ਵਿਰਸੇ ਨੂੰ ਕੋਈ ਆਂਚ ਨਾ ਆਵੇ। ਸਾਡੀ ਜ਼ਿੰਦਗੀ ਸਾਡੀ ਕੌਮ ਦੀ ਪਛਾਣ ਬਣੇ।
ਜ਼ਿੰਦਗੀ ਜਜ਼ਬਾਤ ਹੈ ਜੋ ਸਾਡੀ ਚੁੱਪ ਨੂੰ ਬੋਲ ਬਖ਼ਸ਼ਦੀ ਹੈ, ਸਾਡੇ ਰਾਹਾਂ ਨੂੰ ਪੈੜਾਂ, ਦੀਦਿਆਂ ਨੂੰ ਸੁਪਨੇ ਅਤੇ ਸਾਡੀਆਂ ਸੋਚਾਂ ਨੂੰ ਭਵਿੱਖਮੁਖੀ ਬਣਾਉਂਦੀ ਹੈ। ਇਨ੍ਹਾਂ ਵਿੱਚੋਂ ਹੀ ਆਉਣ ਵਾਲੀਆਂ ਜ਼ਿੰਦਗੀਆਂ ਲਈ ਨਵੀਆਂ ਅਤੇ ਰੋਸ਼ਨ ਰਾਹਾਂ ਸਿਰਜੀਆਂ ਜਾਂਦੀਆਂ ਹਨ। ਇਹ ਜੋਤ ਹੈ ਜਿਹੜੀ ਹਨੇਰੇ ਰਾਹਾਂ ਵਿੱਚ ਚਾਨਣ ਛਿੜਕਦੀ ਹੈ। ਕਾਲੀਆਂ ਰਾਤਾਂ ਵਿੱਚ ਪੁੰਨਿਆਂ ਦਾ ਚੰਦ ਬਣਦੀ ਹੈ। ਨਵੇਂ ਵਿਚਾਰਾਂ ਦੀ ਧਰਾਤਲ ਅਤੇ ਨਵੀਆਂ ਪਹਿਲਕਦਮੀਆਂ ਦਾ ਸ਼ੁਭ-ਸ਼ਗਨ ਜ਼ਿੰਦਗੀ ਹੀ ਹੁੰਦੀ ਹੈ।
ਸਾਨੂੰ ਕੁਦਰਤ ਵੱਲੋਂ ਬਖ਼ਸ਼ੀਆਂ ਸੌਗਾਤਾਂ ਦੀ ਜ਼ਿੰਦਗੀ ਗਵਾਹ ਹੈ। ਕਦੇ ਕਦਾਈਂ ਇਨ੍ਹਾਂ ਬਖ਼ਸ਼ਿਸ਼ਾਂ ਵਿੱਚੋਂ ਜ਼ਿੰਦਗੀ ਨੂੰ ਨਿਹਾਰਨਾ ਤਾਂ ਤੁਹਨੂੰ ਪਤਾ ਲੱਗੇਗਾ ਕਿ ਜ਼ਿੰਦਗੀ ਦੀ ਸੌਗਾਤ ਕਿੰਨੀ ਅਮੁੱਲ, ਅਜ਼ੀਮ ਅਤੇ ਅਦਭੁੱਤ ਹੈ? ਅਸੀਂ ਕਿੰਨੇ ਭਾਗਸ਼ਾਲੀ ਹਾਂ ਕਿ ਜ਼ਿੰਦਗੀ ਦੀ ਦਾਤ ਨਾਲ ਵਰੋਸਾਏ ਹਾਂ। ਜ਼ਿੰਦਗੀ ਜਿਊਣ ਦੀ ਕਲਾ ਹੈ। ਦਰਅਸਲ, ਜਿਊਣ-ਜਾਚ ਹੀ ਹੁੰਦੀ ਹੈ ਜਿਹੜੀ ਇੱਕ ਮਨੁੱਖ ਨੂੰ ਦੂਸਰੇ ਤੋਂ ਵਖਰਿਆਉਂਦੀ ਹੈ ਕਿਉਂਕਿ ਕਿਸੇ ਲਈ ਜ਼ਿੰਦਗੀ ਬੋਝ ਹੁੰਦੀ ਹੈ, ਜਦੋਂ ਕਿ ਕੁਝ ਜ਼ਿੰਦਗੀ ਨੂੰ ਕੁਦਰਤ ਦਾ ਅਣਮੁੱਲਾ ਤੋਹਫ਼ਾ ਮੰਨਦੇ ਹਨ। ਉਹ ਇਸ ਤੋਹਫ਼ੇ ਦੇ ਹਰ ਰੰਗ ਵਿੱਚ ਖ਼ੁਸ਼ ਰਹਿ ਕੇ ਜ਼ਿੰਦਗੀ ਦੇ ਨਵੇਂ ਅਰਥਾਂ ਦੀ ਪਛਾਣ ਕਰਦੇ ਹਨ।
ਜ਼ਿੰਦਗੀ ਕਦੇ ਵੀ ਜੇਲ੍ਹ ਨਹੀਂ ਜਿਸ ਵਿੱਚ ਅਸੀਂ ਕੈਦ ਕੱਟਣ ਲਈ ਆਉਂਦੇ ਹਾਂ, ਸਗੋਂ ਇਹ ਤਾਂ ਖੁੱਲ੍ਹੇ ਅੰਬਰਾਂ ਦੀ ਉਡਾਣ ਹੁੰਦੀ ਹੈ ਜਿੱਥੇ ਅਸੀਂ ਤਾਰਿਆਂ ਨੂੰ ਆਪਣਾ ਆੜੀ ਬਣਾਉਣਾ ਹੁੰਦਾ ਹੈ। ਜ਼ਿੰਦਗੀ ਜ਼ਬਰਦਸਤੀ ਵੀ ਨਹੀਂ ਕਿਉਂਕਿ ਮਨ ਦੀਆਂ ਮੁਹਾਰਾਂ ਮੋਕਲੀਆਂ ਹੋਣਗੀਆਂ ਤਾਂ ਸਾਡੇ ਲਈ ਵਸੀਹ ਦਰ ਖੁੱਲ੍ਹਣਗੇ। ਜ਼ਬਰਦਸਤੀ ਕੀਤਿਆਂ ਜ਼ਿੰਦਗੀ ਜਿਊਣ ਦਾ ਚਾਅ ਮਰ ਜਾਂਦਾ ਹੈ, ਅੱਧਮੋਏ ਹੋ ਜਾਂਦੇ ਨੇ ਅਹਿਸਾਸ ਅਤੇ ਬਦਹਵਾਸ ਹੋਇਅ ਬੰਦਾ ਸਿਰਫ਼ ਆਪਣੀ ਅਰਥੀ ਨੂੰ ਸਿਵਿਆਂ ਵੰਨੀਂ ਜਾਂਦਿਆਂ ਹੀ ਕਿਆਸਦਾ ਹੈ।

ਜ਼ਿੰਦਗੀ ਜਾਗਦੀ ਜ਼ਮੀਰ ਦਾ ਸਿਰਨਾਵਾਂ ਹੁੰਦੀ ਹੈ। ਜਿਊਂਦੀ ਜ਼ਮੀਰ ਵਾਲੇ ਲੋਕ ਜ਼ਿੰਦਗੀ ਨੂੰ ਮਜੀਠੀ ਰੰਗ ਵਿੱਚ ਰੰਗਦੇ ਹਨ। ਉਹ ਦੁਨੀਆ ਵਿੱਚ ਵਿਚਰਦਿਆਂ ਆਪਣੇ ਹਿੱਸੇ ਦੀ ਜ਼ਿੰਦਗੀ ਵੀ ਜਿਊਂਦੇ ਹਨ। ਉਹ ਸਮਝਦੇ ਹਨ ਕਿ ਜ਼ਿੰਦਗੀ ਸਿਰਫ਼ ਇੱਕ ਵਾਰ ਮਿਲਦੀ ਅਤੇ ਇਸ ਨੂੰ ਰੂਹਦਾਰੀ ਨਾਲ ਜਿਊਂਦਿਆਂ ਤੁਹਾਡੇ ਮਨ ਵਿੱਚ ਕੋਈ ਰੋਸ ਜਾਂ ਸ਼ਿਕਵਾ ਨਹੀਂ ਰਹੇਗਾ ਕਿ ਮੈਂ ਆਪਣੇ ਹਿੱਸੇ ਦੀ ਜ਼ਿੰਦਗੀ ਹੀ ਨਹੀਂ ਮਾਣੀ। ਜ਼ਿੰਦਗੀ ਤਾਂ ਜਸ਼ਨ ਹੈ। ਇਸ ਨੂੰ ਮਨਾਓ। ਦਿਲਲਗੀਆਂ ਕਰੋ। ਯਾਰਾਂ ਬੇਲੀਆਂ ਨਾਲ ਮਸਤੀ ਕਰੋ। ਦੇਖਣਯੋਗ ਥਾਵਾਂ ’ਤੇ ਜਾਓ, ਅਣਗਾਹੀਆਂ ਧਰਤੀਆਂ ਨੂੰ ਗਾਹੋ। ਮਨ ਦੀਆਂ ਕਰੋ ਕਿਉਂਕਿ ਤੁਸੀਂ ਪਰਿਵਾਰ ਅਤੇ ਦੂਸਰਿਆਂ ਲਈ ਤਾਂ ਕਰਦੇ ਹੀ ਹੋ ਕਦੇ ਆਪਣੇ ਲਈ ਵੀ ਜੀਅ ਭਰ ਕੇ ਜੀਓ ਤਾਂ ਕਿ ਇਹ ਜਸ਼ਨਾਂ ਭਰੇ ਵਕਤ ਤੁਹਾਡੇ ਚੇਤਿਆਂ ਦਾ ਸਦੀਵੀ ਹਿੱਸਾ ਬਣ ਜਾਣ।
ਜ਼ਿੰਦਗੀ ਤਾਂ ਇੱਕ ਜੋੜਮੇਲਾ ਹੈ। ਦੁਨੀਆ ਦੇ ਵੱਖ-ਵੱਖ ਰੰਗਾਂ ਨੂੰ ਨਿਹਾਰਨ, ਹਰ ਕਿਸਮ ਦੇ ਲੋਕਾਂ ਨੂੰ ਮਿਲਣ ਅਤੇ ਜਾਣਨ ਦਾ ਸਬੱਬ ਹੈ। ਇਸ ਵਿੱਚੋਂ ਹੀ ਤੁਸੀਂ ਆਪਣੀਆਂ ਤਰਜੀਹਾਂ ਅਤੇ ਤਸ਼ਬੀਹਾਂ ਨੂੰ ਸਿਰਜ ਸਕਦੇ ਹੋ। ਦੁਨੀਆ ਦੇ ਰੰਗ-ਤਮਾਸ਼ਿਆਂ ਦਾ ਇਹ ਜੋੜ ਮੇਲਾ ਵੀ ਤੁਹਾਡੇ ਕਰਕੇ ਹੀ ਹੈ। ਸੋ ਤੁਹਾਡੀ ਹਾਜ਼ਰੀ ਹੀ ਇਸ ਨੂੰ ਹੋਰ ਖ਼ੁਸ਼ਗਵਾਰ ਅਤੇ ਖੇੜਿਆਂ ਤੇ ਖ਼ੁਸ਼ੀਆਂ ਭਰਪੂਰ ਕਰੇਗੀ।
ਜ਼ਿੰਦਗੀ ਕਦੇ ਵੀ ਬੋਝ ਨਹੀਂ ਹੁੰਦੀ। ਇਹ ਤਾਂ ਸੁਖਨ ਅਤੇ ਸਰੂਰ ਦਾ ਸਰੋਤ ਹੈ। ਇਸ ਵਿੱਚੋਂ ਹੀ ਤੁਸੀਂ ਮਨ ਦੀਆਂ ਮੌਜਾਂ ਅਤੇ ਰੂਹ ਦਾ ਰੱਜ ਮਾਣਨਾ ਹੁੰਦਾ ਹੈ। ਇਸ ਰੱਜ ਨੇ ਹੀ ਤੁਹਾਡੇ ਨਾਲ ਜਾਣਾ ਹੈ। ਤੁਹਾਡੀ ਦੌਲਤ ਦੇ ਅੰਬਾਰ ਅਤੇ ਸੁੱਖ ਸਹੂਲਤਾਂ ਨੇ ਤਾਂ ਇੱਥੇ ਹੀ ਰਹਿ ਜਾਣਾ ਹੈ। ਤੁਹਾਡੇ ਨਾਲ ਜਾਣੀਆਂ ਨੇ ਤੁਹਾਡੀਆਂ ਸਾਂਝਾਂ, ਦੋਸਤੀਆਂ, ਆਪਣਿਆਂ ਨਾਲ ਮਾਣੇ ਪਿਆਰੇ ਪਲ, ਤੁਹਾਡੇ ਨੇਕ ਕਾਰਜ, ਹਮਦਰਦੀ ਭਰੇ ਬੋਲ ਜਾਂ ਸੁਖਨ ਦੇ ਸ਼ਬਦ ਜਿਨ੍ਹਾਂ ਨੇ ਵਕਤ ਨਾਲ ਮੱਧਮ ਨਹੀਂ ਹੋਣਾ ਸਗੋਂ ਇਨ੍ਹਾਂ ਦੀ ਰੰਗਤ ਸਮੇਂ ਨਾਲ ਹੋਰ ਗੂੜ੍ਹੀ ਹੋਣੀ ਏ।
ਜ਼ਿੰਦਗੀ ਦੀ ਅਰਥਕਾਰੀ ਕਰਨ ਲਈ ਅਕਸਰ ਹੀ ਮੈਂ ਸ਼ਬਦਾਂ ਦੀ ਪਨਾਹ ਵਿੱਚ ਜਾਂਦਾ ਹਾਂ। ਹਰਫ਼ ਮੇਰੀਆਂ ਝੋਲੀਆਂ ਭਰਦੇ ਹਨ। ਇਨ੍ਹਾਂ ਵਿੱਚ ਅਰਥਾਂ ਦੇ ਜਗਦੇ ਚਿਰਾਗ ਮੇਰੇ ਮਨ ਮਸਤਕ ਨੂੰ ਰੁਸ਼ਨਾਉਂਦੇ ਹਨ। ਇਸ ਰੋਸ਼ਨੀ ਵਿੱਚ ਜ਼ਿੰਦਗੀ ਦਾ ਚਮਕਦਾ ਚਿਹਰਾ ਮੈਨੂੰ ਅਤੇ ਮੇਰੀ ਜ਼ਿੰਦਗੀ ਨੂੰ ਹੋਰ ਹੁਸੀਨ ਅਤੇ ਜਿਊਣ ਜੋਗੀ ਕਰਦਾ ਹੈ। ਜ਼ਿੰਦਗੀ ਦੀ ਇਹ ਇਬਾਰਤ ਸਫ਼ਿਆਂ ’ਤੇ ਫੈਲ ਹੌਲੀ ਹੌਲੀ ਇਬਾਦਤ ਦਾ ਰੂਪ ਧਾਰਦੀ ਹੈ।
ਜ਼ਿੰਦਗੀ ਸਿਰਫ਼ ਸਾਹ ਪੂਰੇ ਕਰਨਾ ਨਹੀਂ ਅਤੇ ਨਾ ਹੀ ਇਸ ਨੂੰ ਸਾਲਾਂ ਵਿੱਚ ਮਿਣਿਆ ਜਾਵੇ। ਇਹ ਕਦੇ ਉਮਰ ਦੀ ਮੁਥਾਜ਼ ਨਹੀਂ ਹੁੰਦੀ। ਜ਼ਿੰਦਗੀ ਤਾਂ ਉਹ ਹੁੰਦੀ ਹੈ ਜਿਹੜੀ ਕੁਝ ਅਮਿੱਟ ਯਾਦਾਂ ਤੇ ਸੁਖਨ-ਸੁਹਜ, ਸਮਿਆਂ ਦੇ ਨਾਮ ਕਰ ਖੁ਼ਦ ਰੁਖਸਤਗੀ ਦਾ ਮਾਣ ਬਣਦੀ ਹੈ। ਜ਼ਿੰਦਗੀ ਤਾਂ ਹੁੰਦੀ ਏ ਆਸਾਂ ਤੇ ਵਿਸ਼ਵਾਸਾਂ ਦੀ ਅਧਾਰਸ਼ਿਲਾ, ਸੋਚਾਂ ਤੇ ਸੁਪਨਿਆਂ ਦੀ ਸੁੰਦਰ ਸਾਂਝ, ਪ੍ਰਾਪਤੀਆਂ ਤੇ ਪਹਿਲਾਂ ਦਾ ਨਾਮਕਰਣ, ਕਰਮਯੋਗਤਾ ਤੇ ਕੀਰਤੀਆਂ ਦਾ ਹਰਫ਼ਨਾਮਾ, ਮੁਹੱਬਤਾਂ ਤੇ ਮੋਹ ਦਾ ਪੈਗ਼ਾਮ, ਤਾਂਘਾਂ ਤੇ ਤਮੰਨਾਵਾਂ ਦੀ ਤਰਲਤਾ ਅਤੇ ਸੁਗੰਧ ਅਤੇ ਸੁਹੱਪਣ ਦਾ ਸ਼ਰਫਨਾਮਾ।
ਜ਼ਿੰਦਗੀ ਹੁੰਦਿਆਂ ਇਸ ਨੂੰ ਬਿਹਤਰੀਨ ਢੰਗ ਨਾਲ ਜੀਅ ਲਈਏ ਕਿਉਂਕਿ ਜਦੋਂ ਜ਼ਿੰਦਗੀ ਨਾ ਰਹੀ ਤਾਂ ਆਪਣੇ ਹੀ ਸ਼ਰਧਾਂਜਲੀ ਸਮਾਗਮ ਵਿੱਚ ਅਸੀਂ ਆਪ ਹੀ ਗ਼ੈਰਹਾਜ਼ਰ ਹੋ ਜਾਣਾ ਹੈ। ਸਾਡੇ ਪਿਆਰਿਆਂ ਨੇ ਸਾਡੀ ਜ਼ਿੰਦਗੀ ਦੀਆਂ ਹੀ ਪਰਤਾਂ ਫਰੋਲਣੀਆਂ ਨੇ ਜਿਸ ਦੇ ਰੰਗ ਤੁਸੀਂ ਦੇਖੇ ਅਤੇ ਮਾਣੇ ਹੁੰਦੇ ਹਨ। ਇਨ੍ਹਾਂ ਪਰਤਾਂ ਨੇ ਹੀ ਤੁਹਾਨੂੰ ਆਖ਼ਰੀ ਅਲਵਿਦਾ ਕਹਿਣ ਆਏ ਲੋਕਾਂ ਦੇ ਮਨਾਂ ਵਿੱਚ ਸਦਾ ਰਹਿਣਾ ਹੈ।
ਜ਼ਿੰਦਗੀ ਬਹੁਤ ਹੀ ਖ਼ੁਸ਼ਨੁਮਾ ਹੁੰਦੀ ਹੈ ਜਦੋਂ ਅਸੀਂ ਆਪਣੇ ਮਿੱਤਰ ਪਿਆਰਿਆਂ ਦੀ ਸੰਗਤ ਮਾਣਦੇ ਹਾਂ। ਆਪਣਿਆਂ ਨਾਲ ਸਾਹਾਂ ਦੀ ਸਾਂਝ ਅਤੇ ਸੁਗੰਧਤ ਫਿਜ਼ਾ ਦਾ ਲੁਤਫ਼ ਮਾਣਦੇ ਹਾਂ। ਆਪਣਿਆਂ ਨਾਲ ਦਿਲਲਗੀ ਤੋਂ ਬਗੈਰ ਜ਼ਿੰਦਗੀ ਦੇ ਕੀ ਮਾਅਨੇ ਰਹਿ ਜਾਂਦੇ ਨੇ? ਜ਼ਿੰਦਗੀ ਤਾਂ ਜ਼ਫਰਨਾਮੇ ਦੀ ਜ਼ਿਆਰਤ ਵਰਗੀ ਹੋਣੀ ਚਾਹੀਦੀ ਹੈ ਜਿੱਥੇ ਤੁਸੀਂ ਗ਼ਲਤ ਨੂੰ ਗ਼ਲਤ ਕਹਿ ਕੇ ਕਿਸੇ ਦੁਸ਼ਟ ਦੀਆਂ ਕਮੀਨਗੀਆਂ ਦੀ ਖਿੱਦੋ ਉਧੇੜ, ਉਸ ਦਾ ਕੂੜ ਉਸ ਦੇ ਰੂਬਰੂ ਕਰ ਸਕੋ।
ਜ਼ਿੰਦਗੀ ਤਾਂ ਜ਼ਿਆਰਤ ਹੁੰਦੀ ਹੈ ਆਪਣੇ ਆਪ ਦੀ, ਆਪਣੀਆਂ ਸਮਰੱਥਾਵਾਂ, ਸੰਭਾਵਨਾਵਾਂ, ਸੁਪਨਿਆਂ ਅਤੇ ਸਫਲਤਾਵਾਂ ਦੀ। ਸੰਤੁਸ਼ਟੀ, ਸਹਿਜਤਾ ਅਤੇ ਸਮਰਪਿਤਾ ਦੇ ਸਫ਼ਲਨਾਮੇ ਦੀ। ਅੰਤਰੀਵ ਦੀ ਯਾਤਰਾ ਦੀ, ਆਪਣੇ ਤੋਂ ਆਪਣੇ ਤੀਕ ਦੇ ਸਫ਼ਰ ਦੀ ਅਤੇ ਆਪਣੇ ਮੂਲ ਨੂੰ ਜਾਣਨ ਅਤੇ ਪਛਾਣਨ ਦੀ। ਆਪਣੀਆਂ ਜੜਾਂ ਨੂੰ ਯਾਦ ਰੱਖਣ ਅਤੇ ਇਸ ਨੂੰ ਗਾਹੇ ਬਗਾਹੇ ਨਤਮਸਤਕ ਹੋਣ ਦੀ। ਸਭ ਤੋਂ ਅਹਿਮ ਹੁੰਦਾ ਹੈ ਆਪਣੇ ਆਪ ਨੂੰ ਮਿਲਣਾ ਅਤੇ ਸਮਝਣਾ।
ਜ਼ਿੰਦਗੀ ਵਿੱਚ ਅਹੁਦੇਦਾਰੀਆਂ, ਰੁਤਬਿਆਂ ਅਤੇ ਜਾਤਾਂ ਦੀ ਵਰਣਵੰਡ ਨੂੰ ਨਕਾਰ ਕੇ ਹਰ ਇੱਕ ਨੂੰ ਆਪਣਾ ਬਣਾਓ, ਹਿੱਕ ਨਾਲ ਲਾਓ। ਹਰੇਕ ਦੀਆਂ ਭਾਵਨਾਵਾਂ ਦੀ ਕਦਰ ਕਰੋ ਅਤੇ ਆਪ ਕਦਰ ਕਰਵਾਓ। ਦਿਲੋਂ ਕਦਰ ਸਿਰਫ਼ ਉਹੀ ਕਰਦੇ ਹਨ ਜਦੋਂ ਤੁਸੀਂ ਇਸ ਕਦਰ ਦੇ ਕਾਬਲ ਹੁੰਦੇ ਹੋ। ਮੁੱਲ ਦੀ ਜਾਂ ਰੋਅਬ ਨਾਲ ਕਰਵਾਈ ਇੱਜ਼ਤ ਤੇ ਮਾਣ ਬੇਅਰਥੀ ਅਤੇ ਥੋੜ੍ਹਚਿਰੀ ਹੁੰਦੀ ਹੈ। ਬੜੀ ਜਲਦੀ ਤੁਹਾਨੂੰ ਤੁਹਾਡੀ ਹੀ ਔਕਾਤ ਪਤਾ ਲੱਗ ਜਾਂਦੀ ਹੈ।
ਜ਼ਿੰਦਗੀ ਕਦੇ ਵੀ ਜਮਾਂ/ਘਟਾਓ ਨਹੀਂ ਹੁੰਦੀ। ਦਿਮਾਗ਼ ਦੀਆਂ ਗਿਣਤੀਆਂ ਵਿੱਚ ਉਲਝੀ ਜ਼ਿੰਦਗੀ ਹਮੇਸ਼ਾ ਹਾਰ ਜਾਂਦੀ ਹੈ। ਦਿਲ ਦੇ ਆਖੇ ਲੱਗ ਕੇ ਜੀਵੀ ਜ਼ਿੰਦਗੀ ਦਾ ਸੁਰਖ ਅਤੇ ਸੂਹਾ ਰੰਗ, ਤੁਹਾਡੀਆਂ ਜੀਵਨ-ਰੁੱਤਾਂ ਦਾ ਸਦਾ ਖ਼ੈਰਖਵਾਹ ਹੁੰਦਾ ਹੈ। ਤੁਸੀਂ ਇਸ ਵਿੱਚੋਂ ਅਜਿਹੇ ਪਲਾਂ ਨੂੰ ਆਪਣੇ ਨਾਵੇਂ ਕਰਦੇ ਹੋ ਜੋ ਤੁਹਾਡੇ ਹੋਣਾ ਲੋਚਦੇ ਹਨ। ਜ਼ਿੰਦਗੀ ਵਗਦੇ ਪਾਣੀਆਂ ਵਰਗੀ ਗਤੀਸ਼ੀਲ, ਪਾਕੀਜ਼ ਅਤੇ ਪਵਿੱਤਰ ਹੋਣੀ ਚਾਹੀਦੀ ਹੈ ਕਿਉਂਕਿ ਛੱਪੜਾਂ ਦੇ ਪਾਣੀ ਬੜੀ ਜਲਦੀ ਬੋਅ ਮਾਰਨ ਲੱਗ ਪੈਂਦੇ ਨੇ।
ਜ਼ਿੰਦਗੀ ਨੂੰ ਹਮੇਸ਼ਾਂ ਰੋਸ਼ਨ ਪੱਖ ਰਾਹੀਂ ਦੇਖੋਗੇ ਤਾਂ ਇਹ ਤੁਹਾਡੀ ਤਲੀ ’ਤੇ ਭਰਪੂਰ ਜੀਵਨ ਦਾ ਸ਼ਗੂਫ਼ਾ ਧਰੇਗੀ। ਤੁਹਾਨੂੰ ਕੋਈ ਹੇਰਵਾ ਨਹੀਂ ਹੋਵੇਗਾ। ਹਨੇਰੇ ਪੱਖ ਰਾਹੀਂ ਜ਼ਿੰਦਗੀ ਨੂੰ ਪਰਿਭਾਸ਼ਤ ਕਰਨ ਵਾਲੇ ਲੋਕ ਸਿਰਫ਼ ਨਿਰਾਸ਼ਾ ਦਾ ਆਲਮ ਅਤੇ ਉਦਾਸੀਨਤਾ ਦਾ ਧੁਖਦਾ ਜੰਗਲ ਹੁੰਦੇ ਹਨ ਜਿਹੜੇ ਆਪ ਵੀ ਸੜਦੇ ਹਨ ਅਤੇ ਆਲੇ-ਦੁਆਲੇ ਨੂੰ ਵੀ ਸਵਾਹ ਕਰਦੇ ਹਨ।
ਜ਼ਿੰਦਗੀ ਦੀ ਸੁੱਚਮ ਅਤੇ ਉੱਤਮ ਨੂੰ ਦੇਖਣਾ ਹੋਵੇ ਤਾਂ ਕਦੇ ਆਪਣੇ ਪੁਰਖਿਆਂ ਦੀ ਜੀਵਨ-ਜਾਚ ਨੂੰ ਆਪਣੇ ਚੇਤਿਆਂ ਵਿੱਚ ਨਵਿਆਉਣਾ। ਤੁਹਾਨੂੰ ਪਤਾ ਲੱਗੇਗਾ ਕਿ ਕੁਦਰਤੀ ਅਲਾਮਤਾਂ ਨਾਲ ਜੂਝਦੇ, ਬਿਮਾਰੀਆਂ ਵਿੱਚ ਘਿਰੇ ਅਤੇ ਸਹੂਲਤ ਵਿਹੂਣੇ ਵੀ ਜ਼ਿੰਦਗੀ ਨੂੰ ਜਸ਼ਨ ਵਾਂਗ ਮਨਾਉਂਦੇ ਸਨ। ਸਾਡੀਆਂ ਮਾਵਾਂ ਰਾਤ ਨੂੰ ਸੌਣ ਤੋਂ ਪਹਿਲਾਂ ਰੱਬ ਦਾ ਸ਼ੁਕਰਗੁਜ਼ਾਰ ਹੁੰਦਿਆਂ ਅਕਸਰ ਹੀ ਕਹਿੰਦੀਆਂ ਹੁੰਦੀਆਂ ਸਨ ਕਿ ਦਿਨ ਵਧੀਆ ਲੰਘਿਆ ਹੈ। ਰੱਬਾ! ਰਾਤ ਵੀ ਸੁੱਖਾਂ ਦੀ ਲੰਘਾਈ ਅਤੇ ਸਾਰੇ ਜੀਅ-ਜੰਤ ਵਿੱਚ ਸ਼ਾਂਤੀ ਵਰਤਾਈਂ।
ਜ਼ਿੰਦਗੀ ਦੇ ਸਰੋਕਾਰਾਂ ਸੰਗ ਸੰਵਾਦ ਰਚਾਉਣਾ, ਚਿੰਤਾ ਵਿੱਚੋਂ ਚੇਤਨਾ ਪੈਦਾ ਕਰਨਾ, ਫ਼ਿਕਰ ਦੀ ਬਜਾਏ ਫ਼ੱਕਰਤਾ ਉਪਜਾਉਣਾ, ਝੂਰਨ ਦੀ ਥਾਂ ਸ਼ੁਕਰਗੁਜ਼ਾਰੀ ਅਤੇ ਕਿਸੇ ਘਾਟ ਦੀ ਬਜਾਏ ਮਿਲੀਆਂ ਦਾਤਾਂ ਦਾ ਸ਼ੁਕਰਾਨਾ ਹੀ ਜ਼ਿੰਦਗੀ ਦਾ ਮੂਲ-ਮੰਤਰ ਹੈ। ਜ਼ਿੰਦਗੀ ਤਾਂ ਜਿਊਣ ਦੀ ਕਲਾ ਹੈ। ਬੰਦੇ ਨੇ ਇੱਕ ਦਿਨ ਤਾਂ ਮਰਨਾ ਹੀ ਹੁੰਦਾ ਹੈ। ਇਸ ਦੀ ਚਿੰਤਾ ਕਿਉਂ ਕਰਨੀ। ਰੋਜ਼ ਰੋਜ਼ ਮਰਨ ਨਾਲੋਂ ਬਿਹਤਰ ਹੁੰਦਾ ਹੈ ਜ਼ਿੰਦਗੀ ਵਿੱਚ ਮਿਲੇ ਪਲਾਂ ਨੂੰ ਪੂਰੇ ਜੋਸ਼ ਅਤੇ ਜਨੂੰਨ ਨਾਲ ਜਿਊਂਦਿਆਂ, ਇਸ ਦੇ ਹਰ ਰੰਗ ਵਿੱਚ ਜ਼ਿੰਦਗੀ ਨੂੰ ਹੋਰ ਲਬਰੇਜ਼ ਅਤੇ ਰੰਗ-ਰੱਤਾ ਕੀਤਾ ਜਾਵੇ।
ਜ਼ਿੰਦਗੀ ਤਾਂ ਜੋਸ਼ ਹੈ ਆਪਣੇ ਪੈਰਾਂ ਵਿੱਚ ਉੱਗੇ ਸਫ਼ਰ ਵਿੱਚ ਉੱਦਮ ਅਤੇ ਉਤਸ਼ਾਹ ਭਰਨ ਦਾ। ਮਿੱਥੀਆਂ ਮੰਜ਼ਲਾਂ ’ਤੇ ਪਹੁੰਚਣ ਅਤੇ ਉਨ੍ਹਾਂ ਦੇ ਮੱਥਿਆਂ ’ਤੇ ਸਫਲਤਾਵਾਂ ਦੇ ਸਿਰਲੇਖ ਖੁਣਨ ਦਾ। ਪਰ ਇਸ ਤੋਂ ਵੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਆਪਣੀਆਂ ਪ੍ਰਾਪਤੀਆਂ ਨੂੰ ਆਪਣਿਆਂ ਨਾਲ ਸਾਝਾਂ ਕਰਨਾ। ਇਸ ਨੂੰ ਮਾਣੋ ਤਾਂ ਕਿ ਸਮਾਂ ਬੀਤਣ ਤੋਂ ਬਾਅਦ ਤੁਹਾਡੇ ਮਨ ਵਿੱਚ ਕੋਈ ਹਿਰਖ਼ ਨਾ ਰਹਿ ਜਾਵੇ ਕਿ ਜ਼ਿੰਦਗੀ ਤਾਂ ਵਿਅਰਥ ਹੀ ਗਵਾਚ ਗਈ।
ਕਦੇ ਕਦਾਈਂ ਸਮਾਂ ਮਿਲੇ ਤਾਂ ਜ਼ਿੰਦਗੀ ਨੂੰ ਜ਼ਰੂਰ ਮੁਖ਼ਾਤਬ ਹੋਣਾ। ਪਤਾ ਕਰਨਾ ਕਿ ਜ਼ਿੰਦਗੀ ਕੀ ਹੈ? ਜ਼ਿੰਦਗੀ ਤੁਹਾਥੋਂ ਕੀ ਮੰਗਦੀ ਹੈ? ਤੁਸੀਂ ਜ਼ਿੰਦਗੀ ਨੂੰ ਕੀ ਦੇ ਰਹੇ ਹੋ? ਜ਼ਿੰਦਗੀ ਨੂੰ ਕੀ ਦੇਣਾ ਚਾਹੀਦਾ ਹੈ ਕਿ ਜ਼ਿੰਦਗੀ ਹੋਰ ਹੁਸੀਨ ਅਤੇ ਖ਼ੂਬਸੂਰਤ ਹੋ ਜਾਵੇ ਅਤੇ ਤੁਹਾਡਾ ਜਿਊਣਾ ਸਾਰਥਿਕ ਹੋ ਜਾਵੇ? ਜ਼ਿੰਦਗੀ ਵਿੱਚੋਂ ਜ਼ਿੰਦਗੀ ਦੀ ਨਿਸ਼ਾਨਦੇਹੀ ਅਤੇ ਸ਼ਬਦਕਾਰੀ ਹੀ ਜ਼ਿੰਦਗੀ ਨੂੰ ਸਮਝਣ ਅਤੇ ਇਸ ਨੂੰ ਸਦੀਵਤਾ ਬਖ਼ਸ਼ਣ ਲਈ ਅਹਿਮ ਹੈ।
ਜ਼ਿੰਦਗੀ ਸਾਨੂੰ ਰੋਜ਼ ਮਿਲਦੀ ਹੈ, ਪਰ ਸੋਚਿਓ! ਤੁਸੀਂ ਜ਼ਿੰਦਗੀ ਨੂੰ ਕਦੋਂ ਅਤੇ ਕਿਵੇਂ ਮਿਲੇ ਸੀ? ਕੀ ਤੁਹਾਡੇ ਮਨ ਵਿੱਚ ਕਦੇ ਜ਼ਿੰਦਗੀ ਨੂੰ ਮਿਲਣ ਦਾ ਖ਼ਿਆਲ ਵੀ ਆਇਆ ਕਿ ਨਹੀਂ? ਸੋਚਣਾ ਜ਼ਰੂਰ। ਫਿਰ ਜ਼ਿੰਦਗੀ ਨੂੰ ਮਿਲਣ ਦੀ ਜਾਚ ਆ ਜਾਵੇਗੀ। ਕਈ ਵਾਰ ਜ਼ਿੰਦਗੀ ਉਸ ਵੇਲੇ ਵੀ ਰੋਣ ਲੱਗ ਪੈਂਦੀ ਹੈ ਜਦੋਂ ਹੱਸਣ ਦਾ ਵੇਲਾ ਹੁੰਦਾ ਹੈ। ਉਸ ਵਕਤ ਰੁੱਸ ਜਾਂਦੀ ਹੈ, ਜਦੋਂ ਮਿਲ ਬੈਠਣ ਦਾ ਮੌਕਾ ਹੁੰਦਾ ਹੈ। ਉਸ ਵਕਤ ਵੀ ਬੇਪਛਾਣ ਹੋ ਜਾਂਦੀ ਹੈ, ਜਦੋਂ ਪਛਾਣ ਵਿੱਚੋਂ ਪ੍ਰਮਾਣ ਬਣਨ ਦੀ ਲੋਚਾ ਹੁੰਦੀ ਹੈ। ਜ਼ਿੰਦਗੀ ਸਿਰਫ਼ ਸੁਪਨੇ ਦੇਖਣ ਲਈ ਨਹੀਂ ਹੁੰਦੀ, ਜ਼ਿੰਦਗੀ ਤਾਂ ਸੁਪਨਿਆਂ ਨੂੰ ਸੱਚ ਕਰਨ ਲਈ ਹੁੰਦੀ ਹੈ ਜੋ ਜ਼ਿੰਦਗੀ ਖ਼ੁਦ ਵੀ ਦੇਖਦੀ ਅਤੇ ਜਹਾਨ ਵੀ ਦੇਖਦਾ ਹੈ। ਜ਼ਿੰਦਗੀ ਤਲਖ਼ੀਆਂ ਤੋਂ ਤਜਰਬਿਆਂ ਦੀ ਦਾਸਤਾਨ, ਔਕੜਾਂ ਤੋਂ ਅਸਲੀਅਤ ਦੀ ਕਹਾਣੀ, ਹੱਠ ਤੋਂ ਹੰਭਲਿਆਂ ਦਾ ਸਫ਼ਰ, ਸਿਰੜ ਤੋਂ ਸਾਧਨਾ ਦਾ ਦਸਤਾਵੇਜ਼ ਅਤੇ ਮਿਹਨਤ ਤੋਂ ਮਾਣ ਤੀਕ ਦਾ ਬਿਰਤਾਂਤ ਹੈ। ਜ਼ਿੰਦਗੀ ਜੁਸਤਜ਼ੂ ਵੀ ਹੁੰਦੀ ਹੈ, ਕੁਝ ਅਦਿੱਖ ਦਿਸਹੱਦਿਆਂ ’ਤੇ ਪਹੁੰਚਣ ਦੀ, ਕੁਝ ਮਨਚਾਹਿਆ ਪ੍ਰਾਪਤ ਕਰਨ ਦੀ, ਰੂਹ ਦੇ ਹਾਣੀ ਨਾਲ ਰੂਹਦਾਰੀ ਨਾਲ ਭਰੇ ਪਲ ਬਿਤਾਉਣ ਦੀ, ਮੋਹ ਵਿੱਚ ਪਿਘਲ ਜਾਣ ਦੀ, ਬਨੇਰੇ ਤੋਂ ਉਤਰ ਰਹੇ ਚੰਨ ਨਾਲ ਗੁਫ਼ਤਗੂ ਕਰਨ ਦੀ ਅਤੇ ਚਾਨਣੀ ਵਿੱਚ ਨਹਾਉਣ ਦੀ।
ਜ਼ਿੰਦਗੀ ਇੱਕ ਖੇਡ ਹੈ। ਇਸ ਨੂੰ ਖੇਡਣ ਅਤੇ ਜਿੱਤਣ ਲਈ ਜਾਨ ਦੀ ਬਾਜ਼ੀ ਲਾਉਣ ਵਾਲਿਆਂ ਲਈ ਜ਼ਿੰਦਗੀ ਤਲੀਆਂ ਵਿਛਾਉਂਦੀ ਅਤੇ ਨਿਆਮਤਾਂ ਦੇ ਢੇਰ ਲਾਉਂਦੀ ਹੈ। ਜ਼ਿੰਦਗੀ ਇੱਕ ਰੰਗਮੰਚ ਹੈ। ਅਸੀਂ ਸਾਰੇ ਆਪੋ ਆਪਣੇ ਰੋਲ ਕਰਦੇ ਅਤੇ ਰੰਗਮੰਚ ਤੋਂ ਲੋਪ ਹੋ ਜਾਂਦੇ ਹਾਂ। ਸਿਰਫ਼ ਕੁਝ ਹੀ ਲੋਕ ਚੇਤਿਆਂ ਵਿੱਚ ਸਦਾ ਲਈ ਸਮਾਏ ਰਹਿੰਦੇ ਹਨ ਜਿਨ੍ਹਾਂ ਲਈ ਲੋਕ ਖੂ਼ਬ ਤਾੜੀਆਂ ਮਾਰਦੇ ਹਨ ਕਿਉਂਕਿ ਉਹ ਜ਼ਿਕਰਯੋਗ ਅਦਾਵਾਂ ਨਾਲ ਜੀਵਨ ਦੇ ਸੁੱਚਮ ਨੂੰ ਰੂਪਮਾਨ ਕਰਦੇ ਹਨ।
ਜ਼ਿੰਦਗੀ ਇੱਕ ਜੰਗ ਵੀ ਹੁੰਦੀ ਹੈ। ਇਸ ਨੂੰ ਜਿੱਤਣ ਲਈ ਬੰਦੇ ਨੂੰ ਹਰ ਦਾਅ ਵਰਤਦਿਆਂ, ਸਿਰੜ, ਹਿੰਮਤ ਅਤੇ ਦਲੇਰੀ ਨਾਲ ਜੰਗ ਨੂੰ ਜਿੱਤਣਾ ਹੁੰਦਾ ਹੈ ਅਤੇ ਵੈਰੀਆਂ ਨੂੰ ਚਿੱਤ ਕਰਨਾ ਹੁੰਦਾ ਹੈ। ਜ਼ਿੰਦਗੀ ਵਿੱਚ ਉਸ ਸਮੇਂ ਦੀ ਉਡੀਕ ਨਾ ਕਰੋ ਕਿ ਫਿਰ ਜਸ਼ਨ ਮਨਾਵਾਂਗੇ। ਪਤਾ ਨਹੀਂ ਕਦੋਂ ਸਾਹ ਖ਼ਤਾ ਖਾ ਜਾਣ। ਜੀਵਨ ਵਿੱਚ ਹਰ ਪਲ ਨੂੰ ਆਖ਼ਰੀ ਪਲ ਸਮਝੋ ਅਤੇ ਇਸ ਦਾ ਜਸ਼ਨ ਮਨਾਓ। ਕਦੇ ਸੋਚਿਆ ਜੇ ਕਿ ਜ਼ਿੰਦਗੀ ਕੀ ਏ? ਜ਼ਿੰਦਗੀ ਤਾਂ ਕੁਝ ਵੀ ਨਹੀਂ। ਦਰਅਸਲ, ਜ਼ਿੰਦਗੀ ਤਾਂ ਤੁਹਾਨੂੰ ਮਿਲਿਆ ਇੱਕ ਅਜਿਹਾ ਮੌਕਾ ਹੈ ਜਦੋਂ ਤੁਸੀਂ ਸੂਹੇ ਸ਼ਬਦਾਂ ਦੀ ਅਰਥਕਾਰੀ ਦਾ ਨਾਮ ਹੋ ਜਾਂਦੇ ਹੋ।
ਕਦੇ ਕਦੇ ਜ਼ਿੰਦਗੀ ਸਮਝਾਉਂਦੀ ਹੈ ਕਿ ਆਪਣਿਆਂ ਦੀ ਬੇਭਰੋਸਗੀ, ਨੇੜਲਿਆਂ ਦੀ ਬੇਵਫ਼ਾਈ, ਰਿਸ਼ਤਿਆਂ ਵਿਚਲੀ ਖੋਟ ਅਤੇ ਸਬੰਧਾਂ ਵਿਚਲਾ ਫਰੇਬ। ਇਹ ਨਕਾਬ ਹੇਠ ਛੁਪੇ ਹੋਏ ਚਿਹਰਿਆਂ ਦੀ ਪਛਾਣ ਕਰਾਉਂਦੀ ਹੈ। ਜ਼ਿੰਦਗੀ ਤਾਂ ਬਹੁਤ ਲੰਮੇਰੀ ਹੁੰਦੀ ਹੈ, ਪਰ ਅਸੀਂ ਖ਼ੁਦ ਹੀ ਇਸ ਨੂੰ ਛੋਟੀ ਕਰ ਦਿੰਦੇ ਹਾਂ ਕਿਉਂਕਿ ਅਸੀਂ ਤਾਂ ਜਿਊਣਾ ਹੀ ਉਦੋਂ ਸ਼ੁਰੂ ਕਰਦੇ ਹਾਂ ਜਦੋਂ ਆਖਰੀ ਸਫ਼ਰ ’ਤੇ ਤੁਰਨ ਦੀ ਵੀ ਤਿਆਰੀ ਹੋ ਜਾਂਦੀ ਹੈ।
ਜ਼ਿੰਦਗੀ ਨੂੰ ਪੂਰਨ ਰੂਪ ਵਿੱਚ ਸਮਝਣ ਲਈ ਇਸ ਦੀ ਸਮੁੰਦਰੀ ਗਹਿਰਾਈ ਨੂੰ ਮਿਣਨ ਦੀ ਦਿਲ ਵਿੱਚ ਧਾਰੋ। ਕੰਢੇ ’ਤੇ ਬਹਿ ਕੇ ਸਿਰਫ਼ ਲਹਿਰਾਂ ਹੀ ਗਿਣੀਆਂ ਜਾ ਸਕਦੀਆਂ ਹਨ। ਇਸ ਦੀ ਡੂੰਘਾਈ ਦਾ ਅੰਦਾਜ਼ਾ ਕਿੰਝ ਲਗਾਓਗੇ? ਇਸ ਲਈ ਇਸ ਵਿੱਚ ਉਤਰਨਾ ਜ਼ਰੂਰੀ ਹੈ। ਜ਼ਿੰਦਗੀ ਦੇ ਬਹੁਤ ਰੂਪ ਹਨ। ਇਹ ਕਦੇ ਧੁੱਪ ਹੁੰਦੀ ਹੈ ਅਤੇ ਕਦੇ ਛਾਂ ਹੁੰਦੀ ਹੈ। ਕਦੇ ਬੋਲ-ਬੁਲਾਰਾ ਤੇ ਕਦੇ ਚੁੱਪ-ਚਾਂ ਹੁੰਦੀ ਹੈ। ਕਦੇ ਇਹ ਮਤਰੇਈਆਂ ਵਰਗੀ ਅਤੇ ਕਦੇ ਸਕੀ ਮਾਂ ਹੁੰਦੀ ਹੈ। ਕਦੇ ਗਹਿਮਾ-ਗਹਿਮੀ ਤੇ ਕਦੇ ਉੱਜੜਿਆ ਗਰਾਂ ਹੁੰਦੀ ਹੈ। ਕਦੇ ਆਪਣਾ ਵਿਹੜਾ ਅਤੇ ਕਦੇ ਬੇਗਾਨੀ ਥਾਂ ਹੁੰਦੀ ਹੈ।
ਖੂ਼ਬਸੂਰਤ ਜ਼ਿੰਦਗੀ ਲਈ ਜ਼ਰੂਰੀ ਹੁੰਦੀ ਹੈ ਰੂਹ ਦੀ ਪਾਕੀਜ਼ਗੀ, ਆਪਣੇ ਹਿੱਸੇ ਦੀ ਜ਼ਿੰਦਗੀ ਨੂੰ ਆਪਣੇ ਅੰਦਾਜ਼ ਵਿੱਚ ਜਿਊਣਾ। ਮਨ ਦੀ ਮੌਜ ਤੇ ਮੁਹੱਬਤ ਦਾ ਰੱਜ। ਸਮਾਜ ਵਿੱਚ ਵਿਚਰਦਿਆਂ ਕਿਸੇ ਦੇ ਅੱਥਰੂ ਪੂੰਝਣ ਦੀ ਜਾਚ, ਭੁੱਖੇ ਪੇਟ ਦੀ ਫ਼ਿਕਰਮੰਦੀ ਅਤੇ ਕੁਝ ਚੰਗੇਰਾ ਕਰਨ ਦੀ ਚਾਹਤ ਦਾ ਜਿਊਂਦੇ ਰਹਿਣਾ ਹੀ ਇਸ ਨੂੰ ਖ਼ੂਬਸੂਰਤ ਬਣਾ ਦਿੰਦਾ ਹੈ। ਇਸ ਲਈ ਅਹਿਮ ਹੁੰਦਾ ਹੈ ਕਿ ਅਸੀਂ ਕਦੇ ਤਾਂ ਕਹੀਏ, ਵਾਹ! ਜ਼ਿੰਦਗੀ! ਤੇਰਾ ਕਿਆ ਕਹਿਣਾ! ਤੂੰ ਇਸ ਤਰ੍ਹਾਂ ਹੀ ਸਾਨੂੰ ਖ਼ੁਸ਼ੀਆਂ, ਖੇੜਿਆਂ ਅਤੇ ਰਾਂਗਲੇ ਸਮਿਆਂ ਨਾਲ ਨਿਵਾਜਦੀ ਰਹੀਂ।
ਸੰਪਰਕ: 216-556-2080

Advertisement
Advertisement