ਬਾਨੀ ਨੂੰ ਸਿਜਦਾ
ਦਿ ਟ੍ਰਿਬਿਊਨ ਦੀ ਸਥਾਪਨਾ ਅੱਜ ਤੋਂ 144 ਸਾਲ ਪਹਿਲਾਂ ਲਾਹੌਰ (ਹੁਣ ਪੱਛਮੀ ਪਾਕਿਸਤਾਨ ਵਿੱਚ) ਵਿੱਚ ਪੰਜਾਬ ਦੇ ਪ੍ਰਤਿਭਾਸ਼ਾਲੀ ਪੁੱਤਰ ਸਰਦਾਰ ਦਿਆਲ ਸਿੰਘ ਮਜੀਠੀਆ ਵੱਲੋਂ ਕੀਤੀ ਗਈ ਸੀ। ਸਾਡੇ ਸੰਸਥਾਪਕ ਸੱਚਮੁੱਚ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ। ਉਹ ਸਫ਼ਲ ਕਾਰੋਬਾਰੀ ਅਤੇ ਮੋਹਰੀ ਬੈਂਕਰ ਹੋਣ ਦੇ ਨਾਲ-ਨਾਲ ਦਾਰਸ਼ਨਿਕ ਤੌਰ ’ਤੇ ਅਧਿਆਤਮਵਾਦ ਵੱਲ ਝੁਕਾਅ ਰੱਖਣ ਵਾਲੇ ਦੂਰਦਰਸ਼ੀ ਰਾਸ਼ਟਰਵਾਦੀ ਵੀ ਸਨ, ਜਿਨ੍ਹਾਂ ਆਪਣੀ ਸਾਰੀ ਦੌਲਤ ਦੇਸ਼ ਦੇ ਆਜ਼ਾਦੀ ਸੰਘਰਸ਼ ਦੀ ਹਮਾਇਤ, ਲੋਕਾਂ ’ਚ ਜਾਗਰੂਕਤਾ ਫੈਲਾਉਣ ਅਤੇ ਪੰਜਾਬੀ ਨੌਜਵਾਨਾਂ ਦੀ ਸਿੱਖਿਆ ਲਈ ਵਧੇਰੇ ਮੌਕੇ ਪ੍ਰਦਾਨ ਕਰਨ ਦੇ ਲੇਖੇ ਲਗਾ ਦਿੱਤੀ।
ਸਰਦਾਰ ਮਜੀਠੀਆ ਸਮਝੌਤਾ ਨਾ ਕਰਨ ਵਾਲੇ ਉਦਾਰਵਾਦੀ ਜਮਹੂਰੀਅਤ ਪਸੰਦ, ਆਜ਼ਾਦ, ਨਿਰਪੱਖ ਅਤੇ ਪੂਰੀ ਤਰ੍ਹਾਂ ਨਿਡਰ ਪ੍ਰੈੱਸ ਦੇ ਕੰਮਕਾਜ ਨੂੰ ਯਕੀਨੀ ਬਣਾਉਣ ਨੂੰ ਸਭ ਤੋਂ ਵੱਧ ਮਹੱਤਵ ਦੇਣ ਵਿੱਚ ਵਿਸ਼ਵਾਸ ਰੱਖਦੇ ਸਨ। ਉਨ੍ਹਾਂ ਦੇ ਦਲੇਰ ਅਤੇ ਨੈਤਿਕ ਸਿਧਾਂਤ, ਜੋ ਸਾਡੀਆਂ ਬੁਨਿਆਦੀ ਕਦਰਾਂ-ਕੀਮਤਾਂ ਵਜੋਂ ਅੱਜ ਵੀ ਮਾਰਗ ਦਰਸ਼ਨ ਕਰਦੇ ਹਨ, ਦਿ ਟ੍ਰਿਬਿਊਨ ਦੇ 2 ਫਰਵਰੀ, 1881 ਨੂੰ ਪ੍ਰਕਾਸ਼ਿਤ ਹੋਏ ਪਹਿਲੇ ਸੰਪਾਦਕੀ ਵਿੱਚ ਝਲਕਦੇ ਹਨ। ਪਿਛਲੀ ਸਦੀ ਅਤੇ ਉਸ ਤੋਂ ਬਾਅਦ ਵੀ ਅਸੀਂ ਵੱਖ-ਵੱਖ ਚੁਣੌਤੀਆਂ, ਧਮਕੀਆਂ ਅਤੇ ਦਬਾਅ ਵਾਲੇ ਮਾਹੌਲ ਵਿੱਚੋਂ ਗੁਜ਼ਰੇ ਹਾਂ ਅਤੇ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕੀਤਾ ਹੈ। ਸਾਨੂੰ ਮਾਣ ਹੈ ਕਿ ਸਾਡੇ ਸਾਹਮਣੇ ਆਈਆਂ ਬਹੁਤ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਦਿ ਟ੍ਰਿਬਿਊਨ ਅਤੇ ਬਾਅਦ ਵਿੱਚ ਦੈਨਿਕ ਟ੍ਰਿਬਿਊਨ ਅਤੇ ਪੰਜਾਬੀ ਟ੍ਰਿਬਿਊਨ ਨਿਡਰਤਾ ਨਾਲ ਸਹੀ ਉਦੇਸ਼ਾਂ ਦੀ ਵਕਾਲਤ ਕਰਦਿਆਂ ਖੇਤਰ ਦੇ ਅੱਠ ਕਰੋੜ ਤੋਂ ਵੱਧ ਲੋਕਾਂ, ਜਿਥੇ ਸਾਡੇ ਅਖ਼ਬਾਰ ਬੜੇ ਉਤਸ਼ਾਹ ਨਾਲ ਪੜ੍ਹੇ ਜਾਂਦੇ ਹਨ, ਦੀ ਆਵਾਜ਼ ਬੁਲੰਦ ਕਰ ਰਹੇ ਹਨ। ਇਸ ਮੁਬਾਰਕ ਦਿਹਾੜੇ ’ਤੇ ਟਰੱਸਟੀ, ਸੰਪਾਦਕ, ਜਨਰਲ ਮੈਨੇਜਰ, ਸਾਡੇ ਤਿੰਨੋਂ ਅਖ਼ਬਾਰਾਂ ਦੇ ਅਧਿਕਾਰੀ ਅਤੇ ਦਿ ਟ੍ਰਿਬਿਊਨ ਸਕੂਲ ਦੇ ਪ੍ਰਿੰਸੀਪਲ, ਅਧਿਆਪਕ, ਵਿਦਿਆਰਥੀ ਤੇ ਸਟਾਫ, ਸਾਡੇ ਸੰਸਥਾਪਕ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦੇ ਹਨ ਅਤੇ ਅਸੀਂ ਆਪਣੀ ਸ਼ਾਨਾਮੱਤੀ ਵਿਰਾਸਤ ਨੂੰ ਬਰਕਰਾਰ ਰੱਖਣ ਤੇ ਹੋਰ ਮਜ਼ਬੂਤ ਬਣਾਉਣ ਲਈ ਆਪਣੇ ਯਤਨ ਜਾਰੀ ਰੱਖਣ ਦਾ ਅਹਿਦ ਲੈਂਦੇ ਹਾਂ।
ਐੱਨਐੱਨ ਵੋਹਰਾ,
ਪ੍ਰਧਾਨ, ਦਿ ਟ੍ਰਿਬਿਊਨ ਟਰੱਸਟ, ਚੰਡੀਗੜ੍ਹ