For the best experience, open
https://m.punjabitribuneonline.com
on your mobile browser.
Advertisement

ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਸ਼ਹਾਦਤ ਨੂੰ ਸਿਜਦਾ

08:34 AM Mar 24, 2024 IST
ਸ਼ਹੀਦ ਭਗਤ ਸਿੰਘ  ਰਾਜਗੁਰੂ  ਸੁਖਦੇਵ ਦੀ ਸ਼ਹਾਦਤ ਨੂੰ ਸਿਜਦਾ
ਦੂਧਨਸਾਧਾਂ ਦੀ ਅਨਾਜ ਮੰਡੀ ਵਿੱਚ ਸ਼ਹੀਦੀ ਦਿਹਾੜਾ ਮਨਾਉਣ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ। -ਫੋਟੋ:ਨੌਗਾਵਾਂ
Advertisement

ਪੱਤਰ ਪ੍ਰੇਰਕ
ਦੇਵੀਗੜ੍ਹ, 23 ਮਾਰਚ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਮਿਲ ਕੇ ਤਹਿਸੀਲ ਪੱਧਰ ’ਤੇ ਅਨਾਜ ਮੰਡੀ ਦੁੂਧਨਸਾਧਾਂ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ।
ਇਸ ਮੌਕੇ ਸ਼ਹੀਦ ਭਗਤ ਸਿੰਘ ਦੀ ਤਸਵੀਰ ’ਤੇ ਫੁੱਲਮਾਲਾਵਾਂ ਚੜ੍ਹਾਈਆਂ ਗਈਆਂ ਅਤੇ ਆਗੂਆਂ ਨੇ ਸ਼ਹੀਦ ਭਗਤ ਸਿੰਘ ਦੀ ਜੀਵਨੀ, ਉਸ ਦੇ ਵਿਚਾਰਾਂ ਤੇ ਫਲਸਫੇ ਬਾਰੇ ਜਾਣਕਾਰੀ ਦਿੱਤੀ। ਨਰਿੰਦਰ ਸਿੰਘ ਲੇਹਲਾਂ ਜ਼ਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ ਰਾਜੇਵਾਲ਼, ਜਸਵੀਰ ਸਿੰਘ ਖੇੜੀ ਰਾਜੂ ਜ਼ਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ ਲੱਖੋਵਾਲ਼ ਅਤੇ ਸੁਖਵਿੰਦਰ ਸਿੰਘ ਲਾਲੀ ਬਲਾਕ ਪ੍ਰਧਾਨ ਕਰਾਂਤੀਕਾਰੀ ਕਿਸਾਨ ਯੂਨੀਅਨ ਨੇ ਕਿਹਾ ਕਿ ਸਾਨੂੰ ਮਨੁੱਖੀ ਅਜ਼ਾਦੀ ਤਾਂ ਮਿਲ ਗਈ ਹੈ ਪਰ ਅਜੇ ਤੱਕ ਆਰਥਿਕ ਅਜ਼ਾਦੀ ਨਹੀਂ ਮਿਲੀ। ਇਸ ਕਰਕੇ ਸਾਨੂੰ ਕਿਸਾਨ ਵਿਰੋਧੀ ਤਾਕਤਾਂ ਨਾਲ ਇਕੱਠੇ ਹੋ ਕੇ ਲੜਨਾ ਪਵੇਗਾ।
ਭਵਾਨੀਗੜ੍ਹ (ਪੱਤਰ ਪ੍ਰੇਰਕ): ਇੱਥੋਂ ਨੇੜਲੇ ਪਿੰਡ ਘਰਾਚੋਂ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਯੂਥ ਪ੍ਰਧਾਨ ਜਗਦੇਵ ਸਿੰਘ ਘਰਾਚੋਂ, ਬਲਜਿੰਦਰ ਸਿੰਘ ਸੰਘਰੇੜੀ, ਰੋਹੀ ਸਿੰਘ ਸੰਘਰੇੜੀ ਅਤੇ ਬਲਾਕ ਪ੍ਰੈਸ ਸਕੱਤਰ ਜਸਪਾਲ ਸਿੰਘ ਘਰਾਚੋਂ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ।
ਪਟਿਆਲਾ (ਪੱਤਰ ਪ੍ਰੇਰਕ): ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਵੱਲੋਂ ਸ਼ਹਿਰੀ ਪ੍ਰਧਾਨ ਨਰੇਸ਼ ਕੁਮਾਰ ਦੁੱਗਲ ਦੀ ਅਗਵਾਈ ਹੇਠ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇੰਜ ਹੀ ਸੁਤੰਤਰਤਾ ਸੰਗਰਾਮੀ ਉੱਤਰਾਧਿਕਾਰੀ ਐਸੋਸੀਏਸ਼ਨ ਪੰਜਾਬ ਦੀ ਜ਼ਿਲ੍ਹਾ ਇਕਾਈ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਸੂਬਾ ਜਰਨਲ ਸਕੱਤਰ ਇੰਦਰਪਾਲ ਸਿੰਘ ਧਾਲੀਵਾਲ ਸੋਨੀ ਨੇ ਕਿਹਾ ਕਿ ਭਗਤ ਸਿੰਘ ਇਕੱਲੇ ਇਕ ਸ਼ਖ਼ਸੀਅਤ ਹੀ ਨਹੀਂ ਬਲਕਿ ਇੱਕ ਵਿਚਾਰਧਾਰਾ ਸਨ, ਸਾਨੂੰ ਸਭ ਨੂੰ ਉਨ੍ਹਾਂ ਦੇ ਦਰਸਾਏ ਮਾਰਗ ਨੂੰ ਅਪਣਾਉਣਾ ਚਾਹੀਦਾ ਹੈ।
ਸੰਗਰੂਰ (ਖੇਤਰੀ ਪ੍ਰਤੀਨਿਧ): ਸਥਾਨਕ ਬੱਸ ਸਟੈਂਡ ’ਤੇ ਸਥਿਤ ਰਿਕਸ਼ਾ ਚਾਲਕ-ਮਾਲਕ ਯੂਨੀਅਨ ਵੱਲੋਂ ਇਨਕਲਾਬੀ ਸਾਮਗਮ ਦੌਰਾਨ 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਿੰਘ ਦੀ ਸ਼ਹਾਦਤ ਨੂੰ ਸਿਜਦਾ ਕੀਤਾ ਗਿਆ। ਇਸ ਮੌਕੇ ਗਾਇਕ ਕਲਾਕਾਰਾਂ ਵੱਲੋਂ ਸ਼ਹੀਦਾਂ ਨੂੰ ਸਮਰਪਿਤ ਗੀਤਾਂ ਰਾਹੀ ਮਾਹੌਲ ਵਿਚ ਇਨਕਲਾਬੀ ਰੰਗ ਭਰਿਆ। ਇਸੇ ਦੌਰਾਨ ਸਹਾਰਾ ਫਾਊਂਡੇਸ਼ਨ ਵੱਲੋਂ ਸਰਬਜੀਤ ਸਿੰਘ ਰੇਖੀ ਚੇਅਰਮੈਨ, ਅਸ਼ੋਕ ਕੁਮਾਰ ਜਨਰਲ ਸਕੱਤਰ ਅਤੇ ਸੁਰਿੰਦਰ ਪਾਲ ਸਿੰਘ ਸਿਦਕੀ ਕੋਆਰਡੀਨੇਟਰ ਵੱਲੋਂ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ ਕੀਤੀ ਗਈ।
ਸੰਦੌੜ (ਪੱਤਰ ਪ੍ਰੇਰਕ): ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ ਦੇ ਕੈਂਪਸ ਵਿੱਚ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸਮਾਗਮ ਕਰਵਾਇਆ।
ਕਾਲਜ ਵਿਦਿਆਰਥੀਆਂ ਦੇ ਭਾਸ਼ਣ, ਗਜ਼ਲ-ਗੀਤ ਤੇ ਕਵਿਤਾ ਦੇ ਮੁਕਾਬਲੇ ਕਰਵਾਏ ਗਏ। ਭਾਸ਼ਣ ਮੁਕਾਬਲਿਆਂ ਵਿੱਚ ਜਿੱਥੇ ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਜੀਵਨ ਬਾਰੇ ਦੱਸਿਆ ਉੱਥੇ ਹੀ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕੀਤਾ। ਮੁਕਾਬਲੇ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।
ਕਾਲਜ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਤਵੰਤ ਸਿੰਘ ਤੇ ਕਾਲਜ ਦੇ ਡਾਇਰੈਕਟਰ ਪ੍ਰੋ. ਰਾਜਿੰਦਰ ਕੁਮਾਰ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਕਾਲਜ ਡਾਇਰੈਕਟਰ ਪ੍ਰੋ. ਰਜਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਸ਼ਹੀਦਾਂ ਦੀ ਸੋਚ ਨੂੰ ਅਪਣਾਉਣ ਦਾ ਸੱਦਾ ਦਿੱਤਾ। ਪ੍ਰਿੰਸੀਪਲ ਡਾ. ਕਰਮਜੀਤ ਸਿੰਘ ਨੇ ਭਗਤ ਸਿੰਘ ਸਬੰਧੀ ਇਤਿਹਾਸਿਕ ਪੱਖਾਂ ਤੋਂ ਜਾਣੂ ਕਰਵਾਇਆ।

Advertisement

Advertisement
Author Image

sanam grng

View all posts

Advertisement
Advertisement
×