ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ: ਸੈਮੀਫਾਈਨਲ ’ਚ ਬੇਲਾਰੂਸ ਦੀ ਪਹਿਲਵਾਨ ਨੇ ਅੰਤਿਮ ਪੰਘਾਲ ਨੂੰ ਹਰਾਇਆ
ਬੈਲਗ੍ਰੇਡ (ਸਰਬੀਆ), 20 ਸਤੰਬਰ
ਭਾਰਤ ਦੀ ਪਹਿਲਵਾਨ ਅੰਤਿਮ ਪੰਘਾਲ ਨੂੰ ਅੱਜ ਇੱਥੇ ਸੈਮੀਫਾਈਨਲ ਵਿੱਚ ਬੇਲਾਰੂਸ ਦੀ ਵਨੇਸਾ ਕਲਾਦਜ਼ਿੰਸਕਾਇਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ 53 ਕਿਲੋ ਵਰਗ ਵਿੱਚ ਰੂਸ ਦੀ ਨਤਾਲੀਆ ਮਾਲਿਸ਼ੇਵਾ ਨੂੰ 9-6 ਨਾਲ ਹਰਾ ਕੇ ਉਸ ਨੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ਸੀ। ਉਸ ਨੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਪੋਲੈਂਡ ਦੀ ਰੋਕਸਾਨਾ ਮਾਰਟਾ ਜ਼ਾਸੀਨਾ ਨੂੰ ਇੱਕ ਮਿੰਟ 38 ਸੈਕਿੰਡ ਵਿੱਚ ਤਕਨੀਕੀ ਆਧਾਰ ’ਤੇ ਅਤੇ ਕੁਆਲੀਫਿਕੇਸ਼ਨ ਗੇੜ ਵਿੱਚ ਅਮਰੀਕਾ ਦੀ ਮੌਜੂਦਾ ਵਿਸ਼ਵ ਚੈਂਪੀਅਨ ਓਲੀਵੀਆ ਡੋਮੀਨਿਕ ਪੈਰਿਸ਼ ਨੂੰ ਹਰਾਇਆ ਸੀ। ਪੰਘਾਲ ਪੈਰਿਸ਼ ਨਾਲ ਆਪਣੇ ਪਹਿਲੇ ਗੇੜ ਦੇ ਇਸ ਮੁਕਾਬਲੇ ਵਿੱਚ ਇੱਕ ਸਮੇਂ 0-2 ਨਾਲ ਪਿੱਛੇ ਸੀ ਪਰ ਇਸ ਤੋਂ ਬਾਅਦ ਉਸ ਨੇ ਜ਼ਬਰਦਸਤ ਵਾਪਸੀ ਕਰ ਕੇ 3-2 ਨਾਲ ਜਿੱਤ ਦਰਜ ਕੀਤੀ। ਅਮਰੀਕੀ ਪਹਿਲਵਾਨ ਸ਼ੁਰੂ ਵਿੱਚ ਹੀ ਹਾਵੀ ਹੋ ਗਈ ਸੀ। ਉਸ ਨੇ ਪੰਘਾਲ ਨੂੰ ਸੱਜੀ ਲੱਤ ਤੋਂ ਫੜ ਕੇ ਹੇਠਾਂ ਸੁੱਟ ਕੇ ਦੋ ਅੰਕ ਹਾਸਲ ਕੀਤੇ। ਭਾਰਤ ਦੀ 19 ਸਾਲਾ ਪਹਿਲਵਾਨ ਦਾ ਡਿਫੈਂਸ ਕਾਫੀ ਮਜ਼ਬੂਤ ਸੀ। ਉਸ ਨੇ ਇਸ ਤਰ੍ਹਾਂ ਦੀਆਂ ਦੋ ਹੋਰ ਕੋਸ਼ਿਸ਼ਾਂ ਨਾਕਾਮ ਕਰ ਦਿੱਤੀਆਂ ਅਤੇ ਪਹਿਲੇ ਗੇੜ ਵਿੱਚ ਕੋਈ ਹੋਰ ਅੰਕ ਨਹੀਂ ਗੁਆਇਆ। ਇਸ ਤੋਂ ਬਾਅਦ ਵੀ ਪੰਘਾਲ ਨੇ ਆਪਣਾ ਮਜ਼ਬੂਤ ਡਿਫੈਂਸ ਕਾਇਮ ਰੱਖਿਆ ਅਤੇ ਪੈਰਿਸ਼ ਨੂੰ ਕਿਸੇ ਵੀ ਤਰ੍ਹਾਂ ਹਮਲਾ ਨਹੀਂ ਕਰਨ ਦਿੱਤਾ। ਇਸ ਮਗਰੋਂ ਭਾਰਤੀ ਪਹਿਲਵਾਨ ਨੇ ਅਮਰੀਕੀ ਖਿਡਾਰਨ ਨੂੰ ਖੱਬੀ ਲੱਤ ਤੋਂ ਫੜ ਕੇ ਹੇਠਾਂ ਸੁੱਟ ਦਿੱਤਾ ਅਤੇ ਦੋ ਅੰਕ ਬਣਾ ਕੇ ਮੈਚ ਬਰਾਬਰ ਕਰ ਦਿੱਤਾ। ਮਗਰੋਂ ਪੈਰਿਸ਼ ਨੇ ਇੱਕ ਹੋਰ ਅੰਕ ਗੁਆ ਦਿੱਤਾ। ਪੰਘਾਲ ਨੇ ਆਪਣੀ ਇਹ ਮਾਮੂਲੀ ਲੀਡ ਅਖੀਰ ਤੱਕ ਬਰਕਰਾਰ ਰੱਖੀ ਅਤੇ ਜਿੱਤ ਹਾਸਲ ਕੀਤੀ। -ਪੀਟੀਆਈ