ਹਤਿੰਦਰ ਮਹਿਤਾਜਲੰਧਰ, 27 ਮਾਰਚਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਵਿਸ਼ਵ ਰੰਗਮੰਚ ਦਿਹਾੜੇ ਮੌਕੇ ਤਿੰਨ ਨਾਟਕ ਖੇਡੇ ਗਏ। ਇਨ੍ਹਾਂ ਨਾਟਕਾਂ ਰਾਹੀਂ ਸਾਮਰਾਜੀ ਅਤੇ ਦੇਸੀ ਕਾਰਪੋਰੇਟ ਘਰਾਣਿਆਂ ਵੱਲੋਂ ਲੋਕਾਂ ਖਿਲਾਫ਼ ਬੋਲਿਆ ਆਰਥਿਕ ਤੇ ਫਾਸ਼ੀ ਹੱਲੇ ਖ਼ਿਲਾਫ਼ ਲੋਕਾਂ ਨੂੰ ਡਟਣ ਦਾ ਸੁਨੇਹਾ ਦਿੱਤਾ ਗਿਆ।ਦੇਸ਼ ਭਗਤ ਯਾਦਗਾਰ ਹਾਲ ’ਚ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਵਿੱਚ ਅੱਜ ਸ਼ਮ੍ਹਾਂ ਰੌਸ਼ਨ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਸੀਤਲ ਸਿੰਘ ਸੰਘਾ ਵਿੱਤ ਸਕੱਤਰ, ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ, ਗੁਰਮੀਤ ਸਿੰਘ, ਹਾਜ਼ਰ ਕਮੇਟੀ ਮੈਂਬਰ ਤਿੰਨਾਂ ਨਾਟਕ ਟੀਮਾਂ ਦੇ ਨਿਰਦੇਸ਼ਕ ਹਰਜੀਤ ਸਿੰਘ,ਨੀਰਜ ਕੌਸ਼ਿਕ ਅਤੇ ਅਸ਼ੋਕ ਕਲਿਆਣ ਨੇ ਰੰਗਮੰਚ, ਜ਼ਿੰਦਗੀ ਅਤੇ ਸੰਗਰਾਮ ਦੀ ਜੋਟੀ ਮਜ਼ਬੂਤ ਕਰਨ ਨੂੰ ਸਮੇਂ ਦੀ ਲੋੜ ਦੱਸਿਆ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਦੇਸ਼ ਭਗਤ ਯਾਦਗਾਰ ਹਾਲ ਦੇ ਦਰਵਾਜ਼ੇ ਲੋਕ ਪੱਖੀ ਰੰਗ ਮੰਚ ਲਈ ਸਦਾ ਹੀ ਖੁੱਲ੍ਹੇ ਹਨ। ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਜ਼ਿੰਦਗੀ ਦੇ ਰੰਗ ਮੰਚ ਦਾ ਇਕ ਹੀ ਦਿਹਾੜਾ ਨਹੀਂ ਹੁੰਦਾ। ਰੰਗ ਮੰਚ ਹਰ ਰੋਜ਼ ਦਰਿਆਵਾਂ ਵਾਂਗ ਵਗਦਾ ਹੈ ਅਤੇ ਸਮਾਜ ਅੰਦਰ ਨਵੀਂ ਖੁਸ਼ਹਾਲ ਅਤੇ ਸਾਂਝੀਵਾਲਤਾ ਭਰੀ ਜ਼ਿੰਦਗੀ ਦੇ ਰੰਗ ਭਰਦਾ ਹੈ।ਇਸ ਮੌਕੇ ਦਵਿੰਦਰ ਗਿੱਲ ਦਾ ਲਿਖਿਆ ਹਰਜੀਤ ਵੱਲੋੋਂ ਨਿਰਦੇਸ਼ਤ ’ਇੱਕ ਬਟਾ ਜ਼ੀਰੋ’ ਨਾਟਕ ਚਿਹਰੇ ਰੰਗ ਮੰਚ ਟੀਮ ਵੱਲੋਂ ਖੇਡਿਆ ਗਿਆ। ਇਹ ਨਾਟਕ ਨਵੇਂ ਵਰਕੇ ਖੋਲ੍ਹ ਗਿਆ ਕਿ ਕਿਵੇਂ ਅਮਰੀਕੀ ਸਾਮਰਾਜਵਾਦ ਅਤੇ ਵਿਸ਼ਵ ਵਪਾਰ ਸੰਗਠਨ ਵਰਗੀਆਂ ਸੰਸਥਾਵਾਂ ਆਪ ਹੀ ਖੇਤੀ ਨੂੰ ਤਬਾਹ ਕਰਨ ਲਈ ਨਵੀਆਂ ਨੀਤੀਆਂ ਕਾਲ਼ੇ ਕਾਨੂੰਨ ਲਾਗੂ ਕਰ ਰਹੀਆਂ ਹਨ। ਇਸ ਮੌਕੇ ਅਦਾਕਾਰਾਂ ਦੀ ਜਾਣ ਪਹਿਚਾਣ ਬਲਜੀਤ ਬੱਲ ਨੇ ਕਰਵਾਈ। ਨੀਰਜ ਕੌਸ਼ਿਕ ਦੁਆਰਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ ’ਜ਼ੰਜੀਰੇਂ’ ਸਟਾਈਲ ਆਰਟਸ ਐਸੋਸੀਏਸ਼ਨ ਇਹ ਸੁਨੇਹਾ ਦੇ ਗਿਆ ਕਿ ਸਾਡਾ ਇਤਿਹਾਸਕ ਵਿਰਸਾ ਤਾਂ ਆਪਣੇ ਮੁਲਕ ਦੀ ਆਜ਼ਾਦੀ ਲਈ ਲਈ ਪ੍ਰਦੇਸ਼ ਤੋਂ ਵੀ ਵਹੀਰਾਂ ਘੱਤ ਕੇ ਆਉਣ ਦਾ ਹੈ ਅੱਜ ਸਾਡੀ ਦੁਰਦਸ਼ਾ ਅਜੇਹੀ ਬਣਾ ਧਰੀ ਹੈ ਕਿ ਸਾਡੀ ਜੁਆਨੀ ਨੂੰ ਹੱਥਕੜੀਆਂ ਅਤੇ ਬੇੜੀਆਂ ਲਗਾ ਕੇ ਜ਼ਲੀਲ ਕਰਦੇ ਹੋਏ ਵਾਪਸ ਭੇਜਿਆ ਜਾ ਰਿਹਾ ਹੈ। ਨਾਟਕ ਆਪਣੇ ਗੌਰਵਸ਼ਾਲੀ ਇਤਿਹਾਸ ਦੀ ਮਸ਼ਾਲ ਜਗਦੀ ਰੱਖਣ ਦਾ ਪੈਗ਼ਾਮ ਸਫ਼ਲਤਾ ਨਾਲ਼ ਦੇ ਗਿਆ। ਗੁਰਸ਼ਰਨ ਭਾਅ ਜੀ ਦਾ ਲਿਖਿਆ ਅਤੇ ਅਸ਼ੋਕ ਕਲਿਆਣ ਦਾ ਨਿਰਦੇਸ਼ਤ ਨਾਟਕ ’ਇਨਕਲਾਬ ਜ਼ਿੰਦਾਬਾਦ’ ਫਰੈਂਡਜ਼ ਥੀਏਟਰ ਗਰੁੱਪ ਵੱਲੋਂ ਖੇਡਿਆ ਗਿਆ। ਇਸ ਨਾਟਕ ਨੇ ਦਰਸਾਇਆ ਕਿ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੇ ਸੁਪਨਿਆਂ ਦਾ ਨਿਜ਼ਾਮ ਸਿਰਜਣ ਲਈ ਅਜੇ ਲੰਮੀਆਂ ਵਾਟਾਂ ਤੈਅ ਕਰਨਾ ਜ਼ਰੂਰੀ ਹੈ।