ਵਿਸ਼ਵ ਟੈਸਟ ਚੈਂਪੀਅਨਸ਼ਿਪ: ਭਾਰਤ ਸਿਖਰ ’ਤੇ ਪੁੱਜਿਆ
ਦੁਬਈ, 3 ਮਾਰਚ
ਭਾਰਤ ਅੱਜ ਜਾਰੀ ਨਵੀਂ ਦਰਜਾਬੰਦੀ ਵਿੱਚ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਦੀ ਸੂਚੀ ਵਿੱਚ ਨਿਊਜ਼ੀਲੈਂਡ ਨੂੰ ਪਛਾੜ ਕੇ ਸਿਖਰਲੇ ਸਥਾਨ ’ਤੇ ਕਾਬਜ਼ ਹੋ ਗਿਆ ਹੈ। ਰਾਂਚੀ ਵਿੱਚ ਚੌਥੇ ਟੈਸਟ ਮੈਚ ਵਿੱਚ ਇੰਗਲੈਂਡ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 3-1 ਦੀ ਲੀਡ ਹਾਸਲ ਕਰਨ ਵਾਲੇ ਭਾਰਤ ਦੇ 64.58 ਫੀਸਦ ਅੰਕ ਹੋ ਗਏ ਹਨ। ਭਾਰਤ ਦੇ ਅੱਠ ਮੈਚਾਂ ਵਿੱਚ ਪੰਜ ਜਿੱਤਾਂ, ਦੋ ਹਾਰਾਂ ਅਤੇ ਇੱਕ ਡਰਾਅ ਨਾਲ ਹੁਣ ਤੱਕ 62 ਅੰਕ ਹਨ ਜਦਕਿ ਨਿਊਜ਼ੀਲੈਂਡ (ਪੰਜ ਮੈਚਾਂ ਵਿੱਚ ਤਿੰਨ ਜਿੱਤਾਂ ਅਤੇ ਦੋ ਹਾਰਾਂ ਨਾਲ) ਦੇ 36 ਅੰਕ ਹਨ। ਉਸ ਦੀ ਅੰਕ ਫੀਸਦ 60.00 ਹੈ।
ਆਸਟਰੇਲੀਆ ਖ਼ਿਲਾਫ਼ ਵੈਲਿੰਗਟਨ ਵਿੱਚ ਖੇਡੇ ਗਏ ਪਹਿਲੇ ਟੈਸਟ ਮੈਚ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਟੀਮ 36 ਅੰਕਾਂ ਅਤੇ 75 ਅੰਕ ਫੀਸਦ ਨਾਲ ਸਿਖਰਲੇ ਸਥਾਨ ’ਤੇ ਕਾਬਜ਼ ਸੀ। ਡਬਲਿਊਟੀਸੀ-2021 ਦੀ ਜੇਤੂ ਨਿਊਜ਼ੀਲੈਂਡ ਦੀ ਟੀਮ ਨੂੰ ਇਸ ਮੈਚ ਵਿੱਚ 172 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਨਾਲ ਉਸ ਦਾ ਅੰਕ ਫੀਸਦ 60 ਹੋ ਗਿਆ ਅਤੇ ਉਹ ਸੂਚੀ ਵਿੱਚ ਦੂਸਰੇ ਸਥਾਨ ’ਤੇ ਖਿਸਕ ਗਈ। ਆਸਟਰੇਲੀਆ ਦੀ ਟੀਮ ਤੀਸਰੇ ਸਥਾਨ ’ਤੇ ਹੈ। ਉਸ ਨੂੰ ਵੇਲਿੰਗਟਨ ਟੈਸਟ ਮੈਚ ਵਿੱਚ ਜਿੱਤ ਨਾਲ 12 ਅਹਿਮ ਅੰਕ ਮਿਲੇ। ਇਸ ਤਰ੍ਹਾਂ ਉਸ ਦੇ 11 ਮੈਚਾਂ ਵਿੱਚ ਸੱਤ ਜਿੱਤਾਂ, ਤਿੰਨ ਹਾਰਾਂ ਅਤੇ ਇੱਕ ਡਰਾਅ ਨਾਲ 78 ਅੰਕ ਹੋ ਗਏ ਹਨ। ਉਸ ਦਾ ਅੰਕ ਫੀਸਦ 55 ਤੋਂ ਵਧ ਕੇ 59.09 ਹੋ ਗਿਆ ਹੈ। ਮੌਜੂਦਾ ਚੈਂਪੀਅਨ ਆਸਟਰੇਲੀਆ ਜੇਕਰ ਕ੍ਰਾਈਸਟਚਰਚ ਵਿੱਚ 8 ਮਾਰਚ ਤੋਂ ਸ਼ੁਰੂ ਹੋਣ ਵਾਲਾ ਦੂਸਰਾ ਤੇ ਅੰਤਿਮ ਟੈਸਟ ਮੈਚ ਜਿੱਤ ਜਾਂਦਾ ਹੈ ਤਾਂ ਉਹ ਨਿਊਜ਼ੀਲੈਂਡ ਦੀ ਥਾਂ ਦੂਸਰੇ ਸਥਾਨ ’ਤੇ ਕਾਬਜ਼ ਹੋ ਜਾਵੇਗਾ। ਭਾਰਤ ਇਸ ਦੌਰਾਨ 7 ਮਾਰਚ ਤੋਂ ਇੰਗਲੈਂਡ ਖ਼ਿਲਾਫ ਧਰਮਸ਼ਾਲਾ ਵਿੱਚ ਪੰਜਵਾਂ ਅਤੇ ਆਖ਼ਰੀ ਟੈਸਟ ਮੈਚ ਖੇਡੇਗਾ। ਜੇਕਰ ਇਸ ਮੈਚ ਵਿੱਚ ਇੰਗਲੈਂਡ ਦੀ ਟੀਮ ਮੇਜ਼ਬਾਨ ਨੂੰ ਹਰਾ ਦਿੰਦੀ ਹੈ ਤਾਂ ਆਸਟਰੇਲੀਆ ਸਿਖਰਲੇ ਸਥਾਨ ’ਤੇ ਪਹੁੰਚ ਸਕਦਾ ਹੈ। -ਪੀਟੀਆਈ